– ਅਭਿਨਵ
(ਪਹਿਲੀ ਕਿਸ਼ਤ)
ਮਾਰਕਸਵਾਦ ਦੀ ਹਰ ਤਰ੍ਹਾਂ ਦੇ ਸੋਧਵਾਦੀ ਹਮਲਿਆਂ ਤੋਂ ਰੱਖਿਆ ਕਰਨਾ ਹਰ ਇੱਕ ਪ੍ਰਤਿਬੱਧ ਕਮਿਊਨਿਸਟ ਦਾ ਫ਼ਰਜ਼ ਹੁੰਦਾ ਹੈ। ਬਰਨਸਟੀਨ ਦੇ ਸਮੇਂ ਤੋਂ ਲੈ ਕੇ ਦੇਗ ਸਿਆਓ ਪਿੰਗ ਦੇ ਸਮੇਂ ਤੱਕ ਇਨਕਲਾਬੀ ਕਮਿਊਨਿਸਟਾਂ ਨੇ ਸੋਧਵਾਦੀਆਂ ਦੁਆਰਾ ਮਾਰਕਸਵਾਦ ਦੇ ਇਨਕਲਾਬੀ ਵਿਗਿਆਨ ਦੇ ਵਿਗਾੜ ਦਾ ਖੰਡਨ ਕੀਤਾ ਹੈ। ਇਹ ਵਿਚਾਰਧਾਰਕ ਸੰਘਰਸ਼ ਮਾਰਕਸਵਾਦ ਦੇ ਵਿਗਿਆਨ ਦੀ ਸ਼ੁੱਧਤਾ ਤੇ ਉਸ ਦੀ ਸਥਾਪਤੀ ਨੂੰ ਸੁਨਿਸ਼ਚਿਤ ਕਰਨ ਲਈ ਲਾਜ਼ਮੀ ਹੈ।
ਪਰ ਇਸ ਸੰਜੀਦਾ ਕੰਮ ਨੂੰ ਹੱਥ ਵਿਚ ਲੈਣ ਵਾਲ਼ੇ ਇਨਕਲਾਬੀ ਕਮਿਊਨਿਸਟ ਨੂੰ ਪਹਿਲਾਂ ਆਪਣੇ ਆਪ ਨੂੰ ਵੀ ਤੋਲ ਲੈਣਾ ਚਾਹੀਦਾ ਹੈ। ਉਸ ਨੂੰ ਆਪਣੇ ਅੰਦਰ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਕੀ ਉਹ ਮਾਰਕਸਵਾਦ ਦੀ ਸੋਧਵਾਦ ਤੋਂ ਰੱਖਿਆ ਕਰਨ ਦੀ ਜ਼ਰੂਰੀ ਬੁਨਿਆਦੀ ਸਮਝ ਰੱਖਦਾ ਹੈ ਜਾਂ ਨਹੀਂ । ਨਹੀਂ ਤਾਂ ਕਈ ਵਾਰੀ ਹੁੰਦਾ ਇਹ ਹੈ ਕਿ ਅਸੀਂ ਨੇਕ ਇਰਾਦਿਆਂ ਨਾਲ ਨੱਕੋ ਨੱਕ ਭਰਕੇ ਮਾਰਕਸਵਾਦ ਦੀ ਰੱਖਿਆ ਕਰਨ ਜਾਂਦੇ ਹਾਂ। ਪਰ ਹੁੰਦਾ ਉਲਟ ਹੈ ਅਸੀਂ ਖੁਦ ਮਾਰਕਸਵਾਦ ਦਾ ਕਬਾੜਾ ਕਰ ਕੇ ਰੱਖ ਦਿੰਦੇ ਹਾਂ। ਅਜਿਹਾ ਹੀ ਕੁੱਝ ਪੰਜਾਬੀ ਪ੍ਰਤਿਕਾ ‘ਪ੍ਰਤੀਬੱਧ’ ਦੇ ਸੰਪਾਦਕ ਸੁਖਵਿੰਦਰ ਨੇ ਕੀਤਾ ਹੈ।
ਅਸੀ ਵਾਅਦਾ ਕੀਤਾ ਸੀ ਕਿ ਅਸੀਂ ਜਲਦ ਹੀ ਸੁਖਵਿੰਦਰ ਅਤੇ ਉਹਨਾਂ ਦੀ ਰਾਜਨੀਤਿਕ ਪ੍ਰਵਿਤੀ ਦੀ ਬੌਧਿਕ ਕੰਗਾਲੀ ਦੀ ਵਿਸਥਾਰ ਵਿੱਚ ਆਲੋਚਨਾ ਰੱਖਾਂਗੇ। ਹੁਣ ਤੱਕ ਅਸੀਂ ਕੁੱਝ ਜ਼ਰੂਰੀ ਪ੍ਰਸ਼ਨਾ ਉੱਤੇ ਇਸ ਰਾਜਨੀਤਿਕ ਪ੍ਰਵਿਤੀ ਦੀ ਆਲੋਚਨਾ ਰੱਖੀ ਹੈ,ਜਿਵੇਂ ਕਿ ਕੌਮੀ ਸਵਾਲ ਅਤੇ ਕਰੋਨਾ ਸੰਕਟ ‘ਤੇ ਇਸ ਰੁਝਾਨ ਦੁਆਰਾ ਅਪਣਾਈ ਗਈ ਸਾਜ਼ਿਸ਼ੀ ਸਿਧਾਂਤ ਦੀ ਪੁਜੀਸ਼ਨ, ਕੋਰੋਨਾ ਸੰਕਟ ਅਤੇ ਪੂੰਜੀਵਾਦ ਨਾਲ ਇਸ ਦਾ ਸਬੰਧ ਆਦਿ। ਪਰ ਇਹ ਸਭ ਬੇਹੱਦ ਗ਼ਲਤ ਅਤੇ ਬੇਗਾਨੀਆਂ ਪ੍ਸਥਿਤੀਆਂ ਆਪ-ਮੁਹਾਰੇ ਪੈਦਾ ਨਹੀਂ ਹੋ ਰਹੀਆਂ ਸਨ। ਇਸ ਦੇ ਮੂਲ ਰੂਪ ਵਿੱਚ ਆਮ ਤੌਰ ਤੇ ਸੁਖਵਿੰਦਰ ਦੀ ਮਾਰਕਸਵਾਦੀ ਸਿਧਾਂਤ ਬਾਰੇ ਭਿਅੰਕਰ ਰੂਪ ਵਿੱਚ ਗ਼ਲਤ ਸਮਝ ਹੈ। ਇਹ ਬੌਧਿਕ ਕੰਗਾਲੀ ਹੀ ਹੈ ਜੋ ਇਹਨਾਂ ਬੇਹੱਦ ਜ਼ਰੂਰੀ ਮੁੱਦਿਆਂ ‘ਤੇ ਉਹਨਾਂ ਦੁਆਰਾ ਅਪਣਾਈ ਗਈ ਗਲਤ ਪੁਜੀਸ਼ਨ ਦੀ ਜੜ੍ਹ ਹੈ। ਸੁਖਵਿੰਦਰ ਨੇ 2018 ਵਿੱਚ ਹੀ ਆਪਣੇ ਇੱਕ ਲੈਕਚਰ ਵਿੱਚ ਇਸ ਬੌਧਿਕ ਗਰੀਬੀ ਨੂੰ ਪੂਰੀ ਤਰ੍ਹਾਂ ਉਜਾਗਰ ਕੀਤਾ ਸੀ।
ਇਸ ਲੈਕਚਰ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਸੀ.ਪੀ.ਆਈ. ਦੇ ਇੱਕ ਬੁੱਧੀਜੀਵੀ ਜਗਰੂਪ ਵੱਲੋਂ ਫੈਲਾਈ ਜਾ ਰਹੀ ਸੋਧਵਾਦੀ ਗੰਦਗੀ ਨੂੰ ਸਾਫ਼ ਕਰਨ ਦਾ ਬੀੜਾ ਚੁੱਕਿਆ। ਪਰ ਅਫ਼ਸੋਸ ਉਹਨਾਂ ਨੇ ਹੋਰ ਗੰਦਗੀ ਫੈਲਾ ਦਿੱਤੀ ! ਸੁਖਵਿੰਦਰ ਨੇ ਜਗਰੂਪ ਦੁਆਰਾ ਮਾਰਕਸਵਾਦੀ ਫਲਸਫੇ, ਰਾਜਨੀਤਿਕ ਅਰਥ ਸ਼ਾਸਤਰ, ਜਮਾਤੀ ਸੰਘਰਸ਼ ਅਤੇ ਸਮਾਜਵਾਦ ਦੇ ਸਿਧਾਂਤਾਂ ਬਾਰੇ ਜਗਰੂਪ ਦੁਬਾਰਾ ਕੀਤੇ ਜਾ ਰਹੇ ਵਿਗਾੜਾਂ ਦਾ ਖੰਡਨ ਕਰਨ ਦੀ ਕੋਸ਼ਿਸ਼ ਵਿੱਚ, ਉਹਨਾਂ ਨੇ ਮਾਰਕਸਵਾਦ ਦੇ ਮੂਲ ਸਿਧਾਂਤਾਂ ਪ੍ਰਤੀ ਆਪਣੀ ਅਗਿਆਨਤਾ ਅਤੇ ਅਗਿਆਨਤਾ ਦੇ ਨਾਲ਼-ਨਾਲ਼ ਕਈ ਮਾਮਲਿਆਂ ਬਾਰੇ ਅੱਧ-ਕਚਰੀ , ਗ਼ਲਤ ਅਤੇ ਅਸਪਸ਼ੱਟ ਸਮਝ ਨੂੰ ਪੂਰੀ ਤਰ੍ਹਾਂ ਨੰਗਾ ਕੀਤਾ। ਇਸ ਤੋਂ ਇਲਾਵਾ, ਉਹਨਾਂ ਨੇ ਇਹ ਵੀ ਦਿਖਾਇਆ ਕਿ ਉਹਨਾਂ ਦੀ ਆਮ ਰਾਜਨੀਤਿਕ ਅਤੇ ਇਤਿਹਾਸ ਦੀ ਜਾਣਕਾਰੀ ਦੀ ਘਾਟ ਚਿੰਤਾਜਨਕ ਹੈ।
ਜਦੋਂ ਅਸੀਂ ਇੱਕ ਰਾਹ ਦੇ ਰਾਹੀ ਸੀ ਤਾਂ ਉਸ ਸਮੇਂ ਵੀ ਅਸੀਂ ਜਗਰੂਪ ਬਾਰੇ ਦਿੱਤੇ ਗਏ ਸੁਖਵਿੰਦਰ ਦੇ ਲੈਕਚਰ ਵਿੱਚ ਮੌਜੂਦ ਮਾਰਕਸਵਾਦ -ਲੈਨਿਨਵਾਦ ਦੇ ਮੂਲ ਸਿਧਾਂਤਾਂ ਨੂੰ ਸਮਝਣ ਦੀ ਪ੍ਰਤੱਖ ਘਾਟ ‘ਤੇ ਸੁਖਵਿੰਦਰ ਦੀ ਆਲੋਚਨਾ ਰੱਖ ਚੁੱਕੇ ਹਾਂ। ਹੁਣ ਜਦੋਂ ਸਾਡੇ ਰਸਤੇ ਅਲੱਗ ਹੋ ਗਏ ਹਨ, ਤਾਂ ਉਸ ਲੈਕਚਰ ਵਿੱਚ ਮੌਜੂਦ ਅਗਿਆਨਤਾ, ਗ਼ਲਤ ਅਤੇ ਅੱਧ-ਕਚਰੀ ਸਮਝ ਤੋਂ ਆਪਣੀ ਨਿਰਣਾਇਕ ਅਸਹਿਮਤੀ ਅਤੇ ਵਿਚਾਰਾਂ ਦੇ ਮਤਭੇਦ ਨੂੰ ਜਨਤਕ ਤੌਰ ‘ਤੇ ਪ੍ਰਗਟ ਕਰਨਾ ਜ਼ਰੂਰੀ ਹੈ, ਤਾਂ ਜੋ ਇਹ ਯਾਦ ਰਹੇ ਕਿ ਕੋਈ ਵੀ ਸਾਨੂੰ ਇਸ ਸਮਝ ਨਾਲ ਜੋੜ ਕੇ ਨਾ ਦੇਖੇ।
ਸਾਡੇ ਰਸਤੇ ‘ਪ੍ਰਤੀਬੱਧ-ਲਲਕਾਰ ਗਰੁੱਪ’ ਦੇ ਕੌਮਵਾਦੀ ਅਤੇ ਭਾਸ਼ਾਈ ਪਛਾਣਵਾਦੀ ਭਟਕਾਅ ਕਾਰਨ ਅਲੱਗ ਹੋ ਗਏ। ਪਰ ਇਹ ਵਖਰੇਵਾਂ ਅਚਾਨਕ ਪੈਦਾ ਨਹੀਂ ਹੋਇਆ। ਜੇਕਰ ਕੋਈ ਭਟਕਾਅ ਪੈਦਾ ਹੁੰਦਾ ਹੈ ਤਾਂ ਉਸ ਦੇ ਪਿੱਛੇ ਨਿਸ਼ਚਿਤ ਵਿਚਾਰਧਾਰਕ ਅਤੇ ਬੌਧਿਕ ਕਮਜ਼ੋਰੀਆਂ ਹੁੰਦੀਆਂ ਹਨ। ਅਸੀਂ ਇੱਥੇ ਜਗਰੂਪ ਬਾਰੇ ਸੁਖਵਿੰਦਰ ਦੇ ਲੈਕਚਰ ਦੀ ਆਲੋਚਨਾ ਪੇਸ਼ ਕਰ ਰਹੇ ਹਾਂ, ਕਿਉਂਕਿ ਅਸੀਂ ਸਮਝ ਸਕਾਂਗੇ ਕਿ ਕੌਮਵਾਦੀ ਅਤੇ ਭਾਸ਼ਾਈ ਪਛਾਣਵਾਦੀ ਭਟਕਾਅ ਅਚਾਨਕ ਪੈਦਾ ਨਹੀਂ ਹੋਇਆ, ਸਗੋਂ ਇਸ ਦੀਆਂ ਜੜ੍ਹਾਂ ਸੁਖਵਿੰਦਰ ਦੀ ਮਾਰਕਸਵਾਦ ਦੀ ਬਹੁਤ ਹੀ ਘੱਟ ਅਤੇ ਤਰਸਯੋਗ ਸਮਝ ਵਿਚ ਪਈਆਂ ਹਨ। ਅੱਗੇ ਤੁਸੀਂ ਦੇਖੋਗੇ ਕਿ ਸੁਖਵਿੰਦਰ ਦੀ ਮਾਰਕਸਵਾਦੀ ਫ਼ਲਸਫ਼ਾ, ਰਾਜਨੀਤਿਕ ਅਰਥਸ਼ਾਸਤਰ ਅਤੇ ਇਤਿਹਾਸਕ ਪਦਾਰਥਵਾਦ ਦੇ ਮੂਲ ਸਿਧਾਂਤਾਂ ਬਾਰੇ ਕਿੰਨੀ ਸਤਹੀ ਸਮਝ ਹੈ। ਕੌਮੀ ਪ੍ਰਸ਼ਨ ‘ਤੇ ਸੁਖਵਿੰਦਰ ਦੀ ਬੁੰਦਵਾਦੀ ਅਤੇ ਤ੍ਰਾਤਸਕੀ ਪੁਜੀਸ਼ਨ ਦੀ ਆਲੋਚਨਾ ਅਸੀਂ ਇੱਥੇ ਪੇਸ਼ ਕੀਤੀ ਹੈ, ਪਾਠਕ ਇੱਥੋਂ ਪੜ੍ਹ ਸਕਦੇ ਹਨ।
http://ahwanmag.com/archives/7567
ਜਗਰੂਪ ਦੇ ਸੋਧਵਾਦ ਦੇ ਖੰਡਨ ਦੀ ਪ੍ਰਕ੍ਰਿਆ ਵਿੱਚ ਸੁਖਵਿੰਦਰ ਨੇ ਮਾਰਕਸਵਾਦੀ ਦਰਸ਼ਨ, ਰਾਜਨੀਤਕ ਅਰਥਸ਼ਾਸਤਰ ਅਤੇ ਇਤਿਹਾਸਕ ਪਦਾਰਥਵਾਦ ਦੇ ਬੁਨਿਆਦੀ ਸਿਧਾਂਤਾਂ ਅਤੇ ਆਮ ਰਾਜਨੀਤਕ ਅਤੇ ਇਤਿਹਾਸਕ ਜਾਣਕਾਰੀ ਬਾਰੇ ਆਪਣੇ ਅਧਕਚਰੇਪਣ ਦਾ ਉੱਤਮ ਨਮੂਨਾ ਹੀ ਪੇਸ਼ ਕੀਤਾ ਗਿਆ ਹੈ। ਉਹਨਾਂ ਦੇ ਇਸ ਲੈਕਚਰ ਦੀ ਨੇੜਿਓਂ ਪੜਤਾਲ ਕਰਨ ਦੀ ਪ੍ਰਕ੍ਰਿਆ ਵਿੱਚ ਅਸੀਂ ਦਿਖਾਵਾਂਗੇ ਕਿ ਉਹਨਾਂ ਨੇ ਦੋ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਹਨ। ਵਿਚਾਰਧਾਰਕ ਰਾਜਨੀਤਕ ਤੇ ਸਿਧਾਂਤਕ ਗ਼ਲਤੀਆਂ ਅਤੇ ਗੰਭੀਰ ਤੱਥਾਤਮਕ ਭੁੱਲਾਂ। ਵਿਚਾਰਧਾਰਕ ਰਾਜਨੀਤਕ ਗ਼ਲਤੀਆਂ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਰਹੇ ਹਾਂ : ਦਰਸ਼ਨ ਦਾ ਖੇਤਰ ਅਰਥਾਤ ਦਵੰਦਾਤਮਕ ਪਦਾਰਥਵਾਦ ਅਤੇ ਇਤਿਹਾਸਕ ਪਦਾਰਥਦ ਦੇ ਖੇਤਰ ਵਿੱਚ ਕੀਤੀਆ ਗਈਆਂ ਗ਼ਲਤੀਆਂ ਅਤੇ ਦੂਸਰਾ ਰਾਜਨੀਤਿਕ ਅਰਥਸ਼ਾਸਤਰ ਦੇ ਖੇਤਰ ਵਿੱਚ ਕੀਤੀਆਂ ਭਿਅੰਕਰ ਮੁਰਖਤਾਪੂਰਨ ਗ਼ਲਤੀਆਂ। ਇਸਦੇ ਇਲਾਵਾ, ਅੰਤ ਵਿਚ ਅਸੀਂ ਉਹਨਾਂ ਤੱਥਾਤਮਕ ਭੁੱਲਾਂ ਦੀ ਵੀ ਚਰਚਾ ਕਰਾਂਗੇ ਜੋ ਕਿ ਮਾਰਕਸਵਾਦ – ਲੈਨਿਨਵਾਦ ਦੀ ਸਿੱਖਿਆ ਦੇਣ ਦਾ ਕੰਮ ਹੱਥ ਵਿਚ ਲੈਣ ਵਾਲੇ ਕਿਸੇ ਵੀ ਵਿਅਕਤੀ ਤੋਂ ਹੋਣਾ ਸ਼ਰਮਨਾਕ ਗੱਲ ਹੈ। ਇਸ ਪਹਿਲੇ ਹਿੱਸੇ ਵਿੱਚ ਅਸੀ ਦਰਸ਼ਨ ਦੀਆਂ ਗ਼ਲਤੀਆਂ ਤੇ ਹੀ ਕੇਂਦਰਤ ਰਹਾਂਗੇ ਪਰ ਸ਼ੁਰੂਆਤ ਬਹਿਸ ਦੀ ਭਾਸ਼ਾ ਅਤੇ ਬਹਿਸ ਦੀ ਪਰੰਪਰਾ ‘ਤੇ ਸੁਖਵਿੰਦਰ ਦੇ ਪੁਰਾਣੇ ਵਿਚਾਰਾਂ ਤੋਂ ਕਰਾਂਗੇ। ਜਿਸ ਤੋਂ ਹੁਣ ਉਹ ਬੜੇ ਹੀ ਚਮਤਕਾਰੀ ਢੰਗ ਨਾਲ਼ ਯੂ-ਟਰਨ ਲੈ ਚੁੱਕੇ ਹਨ।
ਸੁਖਵਿੰਦਰ ਨੇ ਆਪਣੇ ਇਸ ਲੈਕਚਰ ਵਿਚ ਕਿਹਾ ਹੈ ਕਿ ਜਗਰੂਪ ਦੀਆਂ ਕਿਤਾਬਾਂ ਚੁੱਕ ਕੇ ਝਾੜੀਏ ਤਾਂ ਉਸ ਵਿੱਚੋਂ ਗ਼ਲਤੀਆਂ ਕਿਰਦੀਆ ਹੀ ਜਾਂਦੀਆਂ ਹਨ ਅਤੇ ਉਹ ਇਹਨਾਂ ਵਿੱਚੋਂ ਸਿਰਫ਼ ਕੁਝ ਗ਼ਲਤੀਆਂ ‘ਤੇ ਹੀ ਗੱਲ ਕਰਨਗੇ ਜੋ ਇਹਨਾਂ ਵਿੱਚੋਂ ਪ੍ਰਮੁੱਖ ਹਨ। ਦੁੱਖ ਦੀ ਗੱਲ ਇਹ ਹੈ ਕਿ ਜੇਕਰ ਖ਼ੁਦ ਸੁਖਵਿੰਦਰ ਦੇ ਲੈਕਚਰ ਨੂੰ ਝਾੜਿਆ ਜਾਵੇ ਤਾਂ ਉਸ ਵਿੱਚ ਮੂਰਖਤਾਪੂਰਨ ਗ਼ਲਤੀਆਂ ਦਾ ਮੀਂਹ ਪੈਣ ਲੱਗ ਜਾਂਦਾ ਹੈ। ਜਿਹਨਾਂ ਵਿੱਚੋਂ ਅਸੀਂ ਵੀ ਸਿਰਫ਼ ਕੁੱਝ ਪ੍ਰਮੁੱਖ ਗ਼ਲਤੀਆਂ ਦੀ ਹੀ ਗੱਲ ਕਰਾਂਗੇ, ਨਹੀਂ ਤਾਂ ਪੂਰੀ ਕਿਤਾਬ ਹੀ ਲਿਖਣੀ ਪੈ ਜਾਵੇਗੀ। ਅਸੀਂ ਅੱਗੇ ਚੱਲ ਕੇ ਦੋਵੇਂ ਪ੍ਰਕਾਰ ਦੀਆਂ ਗ਼ਲਤੀਆਂ ਦੀ ਅਲੱਗ-ਅਲੱਗ ਸਿਰਲੇਖਾਂ ਅਤੇ ਉੱਪ ਸਿਰਲੇਖਾਂ ਵਿੱਚ ਚੀਰਫਾੜ ਕਰਾਂਗੇ ਅਤੇ ਦੇਖਾਂਗੇ ਕਿ ਜੋ ਸੁਖਵਿੰਦਰ ਕਹਿ ਰਹੇ ਹਨ ਅਤੇ ਜੋ ਮਾਰਕਸਵਾਦ ਕਹਿੰਦਾ ਹੈ ਉਸ ਵਿੱਚ ਦੂਰ – ਦੂਰ ਤੱਕ ਦਾ ਵੀ ਕੋਈ ਸੰਬੰਧ ਨਹੀਂ ਹੈ।
ਪਰ ਉਸ ਤੋਂ ਪਹਿਲਾਂ ਅਸੀਂ ਪਾਠਕਾਂ ਨਾਲ਼ ਬਹਿਸ ਦੀ ਪ੍ਰੰਪਰਾ ਅਤੇ ਸੰਸਕ੍ਰਿਤੀ ਦੇ ਬਾਰੇ ਇਸ ਲੈਕਚਰ ਵਿੱਚ ਸੁਖਵਿੰਦਰ ਦੁਆਰਾ ਪੇਸ਼ ਕੀਤੇ ਗਏ ਵਿਚਾਰਾਂ ਬਾਰੇ ਚਰਚਾ ਕਰਾਂਗੇ, ਜਿਹਨਾਂ ਤੋਂ ਉਹ ਪੂਰੀ ਤਰ੍ਹਾਂ ਮੁੱਕਰ ਚੁੱਕੇ ਹਨ। ਜਦੋਂ ਅਸੀਂ ਰਾਸ਼ਟਰੀ ਪ੍ਰਸ਼ਨ ਅਤੇ ਭਾਸ਼ਾ ਦੇ ਪ੍ਰਸ਼ਨ ਉੱਤੇ ਉਨ੍ਹਾਂ ਦੀ ਆਲੋਚਨਾ ਪੇਸ਼ ਕੀਤੀ ਤਾਂ ਬਹਿਸ ਤੋਂ ਭੱਜਣ ਲਈ ਬਾਹਨੇ ਦੇ ਤੌਰ ‘ਤੇ ਉਹਨਾਂ ਦਾ “ਤਰਕ” ਸੀ ਕਿ ਅਸੀਂ ਉਸਨੂੰ ‘ਮੂਰਖ’ ‘ਕੌਮਵਾਦੀ’ ਅਤੇ ਪਛਾਣਵਾਦੀ ਕਹਿ ਦਿੱਤਾ ਹੈ। ਹੁਣ ਬਹਿਸ ਕਰਨ ਦਾ ਕੀ ਮਤਲਬ ਰਹਿ ਗਿਆ! ਜਦਕਿ ਸਾਡਾ ਕਹਿਣਾ ਹੈ ਕਿ ਅਸੀਂ ਤੁਹਾਨੂੰ ਇਹ ਸਭ ਕਿਹਾ, ਇਸ ਲਈ ਹੀ ਤਾਂ ਤੁਹਾਨੂੰ ਬਹਿਸ ਕਰਨੀ ਚਾਹੀਦੀ ਹੈ ਜਨਾਬ! ਫਿਰ ਉਹਨਾਂ ਨੇ ਕਿਹਾ ਸਹੀ ਗ਼ਲਤ ਦਾ ਫ਼ੈਸਲਾ ਸਿੱਧਾ ਅਮਲ ਵਿੱਚ ਹੋਵੇਗਾ, ਮੈਂ ਹੁਣ ਬਹਿਸ ਨਹੀਂ ਕਰਨੀ! ਫਿਰ ਉਹਨਾਂ ਨੇ ਕਿਹਾ, ਤੁਹਾਡਾ ਅਮਲ (ਪ੍ਰੈਕਟਿਸ) ਅਤੇ ਤੁਹਾਡੀ ਔਕਾਤ ਹੀ ਕੀ ਹੈ ਜੋ ਉਹ ਤੁਹਾਡੇ ਨਾਲ ਬਹਿਸ ਕਰੇ !! ਉਸਨੇ ਕਿਹਾ ਤੁਸੀਂ ਤਾਂ ਕੇਵਲ ਬੁੱਧੀਜੀਵੀ ਹੋ, ਇਸ ਲਈ ਉਹ ਤੁਹਾਡੇ ਨਾਲ ਬਹਿਸ ਨਹੀਂ ਕਰੇਗਾ ਵਗੈਰਾ ਵਗੈਰਾ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਜਗਰੂਪ ਉੱਤੇ ਦਿੱਤੇ ਗਏ ਲੈਕਚਰ ਵਿੱਚ ਲਗਭਗ ਦੋ ਤਿੰਨ ਸਾਲ ਪਹਿਲਾਂ ਹੀ ਉਹਨਾਂ ਨੇ ਬਹਿਸ ਦੀ ਸੰਸਕ੍ਰਿਤੀ, ਪ੍ਰੰਪਰਾ ਅਤੇ ਸ਼ੈਲੀ ਦੇ ਵਿਸ਼ੇ ਵਿੱਚ ਉਨ੍ਹਾਂ ਕਿਹੜੇ ਵਿਚਾਰ ਪ੍ਰਗਟ ਕੀਤੇ ਸਨ, ਤੁਸੀਂ ਖ਼ੁਦ ਦੇਖ਼ ਤੇ ਸੋਚ ਸਕਦੇ ਹੋ ਕਿ ਸੁਖਵਿੰਦਰ ਨੇ ਯੂ-ਟਰਨ ਲਿਆ ਹੈ ਜਾਂ ਨਹੀਂ। ਯਾਦ ਰਹੇ ਕਿ , ਜਗਰੂਪ ਉੱਤੇ ਦਿੱਤਾ ਗਿਆ ਲੈਕਚਰ, ਫੇਸਬੁੱਕ ਉੱਪਰ ਬਹਿਸ ਕਰਨ ਦੇ ਬਾਰੇ ਵਿੱਚ ‘ਪ੍ਰਤੀਬੱਧ-ਲਲਕਾਰ’ ਗਰੁੱਪ ਦੁਆਰਾ ਪੁਜੀਸ਼ਨ ਬਦਲਣ ਦੇ ਬਾਅਦ, ਦਿੱਤਾ ਗਿਆ ਲੈਕਚਰ ਹੈ, ਇਸ ਲਈ ‘ਪ੍ਰਤੀਬੱਧ ਲਲਕਾਰ’ ਗਰੁੱਪ ਇਹ ਵੀ ਨਹੀਂ ਕਹਿ ਸਕਦਾ ਹੈ ਕਿ ਸੁਖਵਿੰਦਰ ਨੇ 2018 ਵਿੱਚ ਹੀ ਜਗਰੂਪ ਉੱਪਰ ਦਿੱਤੇ ਲੈਕਚਰ ਵਿੱਚ ਬਹਿਸ ਕਰਨ ਦੀ ਸ਼ੈਲੀ, ਪੱਧਤੀ, ਭਾਸ਼ਾ ਆਦਿ ਦੇ ਬਾਰੇ ਵਿੱਚ ਜੋ ਵਿਚਾਰ ਪੇਸ਼ ਕੀਤੇ ਸਨ, ਹੁਣ ਉਹ ਬਦਲ ਗਏ ਹਨ!
- ਰਾਜਨੀਤੀਕ ਬਹਿਸ ਦੀ ਭਾਸ਼ਾ, ਸੰਸਕ੍ਰਿਤੀ ਅਤੇ ਪ੍ਰੰਪਰਾ ਦੇ ਬਾਰੇ ਵਿੱਚ ਸੁਖਵਿੰਦਰ ਦਾ ਚਮਤਕਾਰੀ ਯੂ ਟਰਨ..
ਜਦੋ ਅਸੀਂ ਰਾਸ਼ਟਰਵਾਦੀ ਭਟਕਾਅ ਅਤੇ ਭਾਸ਼ਾਈ ਪਛਾਣਵਾਦੀ ਦੀ ਆਲੋਚਨਾ ਕਰਦੇ ਹੋਏ ਉਹਨਾਂ ਨੂੰ ਅਜਿਹੇ ਰਾਜਨੀਤੀਕ ਵਿਸ਼ੇਸ਼ਣਾਂ ਨਾਲ਼ ਨਿਵਾਜਿਆ ਜਿੰਨਾਂ ਨਾਲ਼ ਰਾਜਨੀਤਕ ਬਹਿਸਾਂ ਵਿੱਚ ਇੱਕ ਦੂਸਰੇ ਨੂੰ ਨਿਵਾਜਣ ਦੀ ਪੁਰਾਣੀ ਪ੍ਰੰਪਰਾ ਰਹੀ ਹੈ, ਤਾਂ ਸੁਖਵਿੰਦਰ ਨੇ ਕਿਹਾ ਉਹ ਤੁਹਾਡਾ ਜਵਾਬ ਨਹੀਂ ਦੇਣਗੇ ਕਿਉਂਕਿ ਅਸੀ ਉਸਨੂੰ “ਕੌਮਵਾਦੀ” “ਪਛਾਣਵਾਦੀ” “ਮੂਰਖ਼” ਆਦਿ ਕਹਿ ਦਿੱਤਾ। ਅਸੀਂ ਇਸਦੇ ਜਵਾਬ ਵਿੱਚ ਇੱਕ ਪੂਰਾ ਲੇਖ ਲਿਖਿਆ, ਇਸ ਵਿੱਚ ਅਸੀਂ ਦੱਸਿਆ ਕਿ ਦਿੱਤੇ ਗਏ ਵਿਸ਼ੇਸ਼ਣਾਂ ਦੀ ਮਾਰਕਸਵਾਦੀ ਲੈਨਿਨਵਾਦੀ ਅੰਦਲੋਨ ਵਿੱਚ ਚੱਲਣ ਵਾਲੀਆਂ ਬਹਿਸਾਂ ਵਿੱਚ ਡੇਢ ਸੌ ਸਾਲ ਤੋ ਵੀ ਵੱਧ ਦੀ ਪ੍ਰੰਪਰਾ ਰਹੀ ਹੈ। ਪਰ ਫਿਰ ਵੀ ਉਹ ਇਹ ਹੀ ਕਹਿੰਦੇ ਰਹੇ ਕਿ ਤੁਸੀਂ ਇਹਨਾਂ ਵਿਸ਼ੇਸ਼ਣਾਂ ਦਾ ਪ੍ਰਯੋਗ ਕੀਤਾ । ਇਸ ਲਈ ਉਹ ਜਵਾਬ ਨਹੀਂ ਦੇਣਗੇ। ਅਸੀਂ ਕਿਹਾ ਕਿ ਇਹ ਬਹਿਸ ਤੋਂ ਭੱਜਣ ਦਾ ਸੁਖਵਿੰਦਰ ਦਾ ਇੱਕ ਬਹਾਨਾ ਹੈ ਕਿਉਂਕਿ ਬਹਿਸ ਦਾ ਜਵਾਬ ਨਾ ਦੇਣ ਦਾ ਇਹ ਕੋਈ ਕਾਰਨ ਨਹੀਂ ਹੈ। ਫ਼ਿਰ ਉਹਨਾਂ ਨੇ ਸਾਡੇ ਬਾਰੇ ਕਿਹਾ ਕਿ ਉਹਨਾਂ ਦਾ ਜ਼ਮੀਨੀ ਪੱਧਰ ‘ਤੇ ਕੋਈ ਕੰਮ ਨਹੀਂ ਹੈ ਇਸ ਲਈ ਉਹ ਉਹਨਾਂ ਦਾ ਜਵਾਬ ਨਹੀਂ ਦੇਵੇਗਾ!
1 ਮਈ ਆਉਂਦੇ-ਆਉਂਦੇ ਉਹਨਾਂ ਦੇ ਇਸ ਦਾਆਵੇ ਦੀ ਵੀ ਹਵਾ ਨਿਕਲ ਗਈ ਸੀ, ਪਰ ਫ਼ਿਰ ਵੀ ਅਸੀਂ ਕਿਹਾ ਕਿ ਇਹ ਵੀ ਬਹਿਸ ਦਾ ਜਵਾਬ ਨਾ ਦੇਣ ਦਾ ਕੋਈ ਕਾਰਨ ਨਹੀਂ ਹੈ। ਜੇਕਰ ਕੋਈ ਗ਼ਲਤ ਗੱਲ ਜਾਂ ਪੁਜੀਸ਼ਨ, ਕੋਈ ਸਿਰਫ਼ ਇੱਕ ਵਿਆਕਤੀ ਵੀ ਪੇਸ਼ ਕਰ ਰਿਹਾ ਹੋਵੇ ਤਾਂ ਕਮਿਊਨਿਸਟ ਉਸਦਾ ਜਵਾਬ ਦਿੰਦੇ ਹਨ। ਖ਼ਾਸ ਤੌਰ ‘ਤੇ ਉਸ ਵੇਲ਼ੇ ਜਦੋਂ ਤੁਹਾਡੀ ਅਲੋਚਨਾ ਕੀਤੀ ਜਾ ਰਹੀ ਹੋਵੇ, ਉਸ ਵਕਤ ਤਾਂ ਜਵਾਬ ਦੇਣਾ ਹੀ ਚਾਹੀਦਾ ਹੈ। ਪਰ ਸੁਖਵਿੰਦਰ ਨੇ ਤਾਂ ਜਿੱਦ ਹੀ ਕਰ ਲਈ ਕਿ ਬੱਸ ਉਹ ਜਵਾਬ ਨਹੀਂ ਦੇਣਗੇ। ਅਸੀਂ ਉਹਨਾਂ ਨੂੰ ਆਹਮੋ-ਸਾਹਮਣੇ ਜਨਤਕ ਬਹਿਸ ਦੇ ਲਈ ਵੀ ਸੱਦਾ ਦਿੱਤਾ ਪਰ ਨੇਤਾ ਜੀ ਨੇ ‘ਕਭੀ ਨਾਂ ਮਾਨੂੰ ਦੀ ਜ਼ਿੱਦ ਹੀ ਫੜ ਲਈ!’
ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸੁਖਵਿੰਦਰ ਨੇ ਅਜੇ ਦੋ ਸਾਲ ਪਹਿਲਾਂ ਹੀ ਆਪਣੇ ਦੁਆਰਾ ਹੁਣ ਕਹੀਆ ਜਾ ਰਹੀਆਂ ਗੱਲਾਂ ਦਾ ਖ਼ੁਦ ਹੀ ਜਵਾਬ ਦਿੱਤਾ ਸੀ। ਕਿਉਂਕਿ ਪੰਜਾਬ ਵਿੱਚ ਜਗਰੂਪ ਸਮੇਤ ਬਹੁਤ ਸਾਰੇ ਲੋਕ ਉਹਨਾਂ ਨੂੰ ਵੀ ਇਹ ਤਰਕ ਦੇ ਰਹੇ ਸਨ। ਜੋ ਹੁਣ ਸੁਖਵਿੰਦਰ ਜੀ ਸਾਨੂੰ ਦੇ ਰਹੇ ਹਨ । ਆਓ ਦੇਖਦੇ ਹਾਂ ਕਿ ਸੁਖਵਿੰਦਰ ਨੇ ਇਹਨਾਂ ਸਾਡੇ ਸਵਾਲਾਂ ਉੱਤੇ ਹੁਣੇ ਹੀ ਕੀ ਪੁਜੀਸ਼ਨ ਲਈ ਸੀ। ਅਸੀਂ ਸੁਖਵਿੰਦਰ ਨੂੰ ਹੀ ਕੋਟ ਕਰਦੇ ਹੋਏ ਹੀ ਆਪਣੀ ਗੱਲ ਕਹਾਂਗੇ ਤਾਂ ਕਿ ਭਰਮ ਦੀ ਰੱਤੀ ਭਰ ਵੀ ਕੋਈ ਗੁੰਜਾਇਸ਼ ਨਾ ਰਹੇ।
ਸੁਖਵਿੰਦਰ ਕਹਿੰਦੇ ਹਨ, “ਇਨਕਲਾਬੀ ਦੇ ਲਈ ਸਭ ਤੋ ਵੱਡੀ ਗੱਲ ਇਨਕਲਾਬੀ ਹੋਣਾ ਹੀ ਹੁੰਦਾ ਹੈ, ਇਹ ਸੱਚ ਹੈ । ਪਰ ਇਨਕਲਾਬੀ ਲੀਡਰਸ਼ਿਪ ਕੋਲ਼ ਵਿਗਿਆਨ ਦੀ ਸਹੀ ਸਮਝਦਾਰੀ ਹੋਣਾ ਜ਼ਰੂਰੀ ਹੈ।”
ਇਸ ਤੋ ਬਾਆਦ ਉਂਹ ਏਂਗਲਜ਼ ਦਾ ਉਹ ਕਥਨ ਦੀ ਯਾਦ ਕਰਵਾਉਂਦੇ ਹਨ ਕਿ ‘ਮਾਰਕਸਵਾਦ ਇੱਕ ਵਿਗਿਆਨ ਹੈ, ਉਸਦਾ ਵਿਗਿਆਨ ਦੇ ਤੌਰ ‘ਤੇ ਹੀ ਅਧਿਐਨ ਕੀਤਾ ਜਾਣਾ ਚਾਹੀਦਾ ਹੈ।’ ਪਰ ਇਸਦੇ ਬਾਆਦ ਉਹ ਇਸ ਲੈਕਚਰ ਵਿੱਚ ਮਾਰਕਸਵਾਦੀ ਵਿਗਿਆਨ ਦੇ ਬਾਰੇ ਵਿੱਚ ਜੋ ਗੱਲਾਂ ਕਹਿ ਰਹੇ ਹਨ ਉਸ ਤੋਂ ਪਤਾ ਚਲਦਾ ਹੈ ਕਿ ਉਹਨਾਂ ਨੂੰ ਹੀ ਬਿਲਕੁੱਲ ਸ਼ੁਰੂਆਤ ਤੋਂ ਇਸ ਵਿਗਿਆਨ ਦੇ ਬੁਨਿਆਦੀ ਸਿਧਾਂਤਾ ਦੇ ਬਾਰੇ ਵਿੱਚ ਗੰਭੀਰਤਾ ਨਾਲ਼ ਅਧਿਐਨ ਕਰਨ ਦੀ ਜ਼ਰੂਰਤ ਹੈ ।
ਦੂਸਰੀ ਗੱਲ ਅੱਜ ਜਦੋਂ ਉਹਨਾਂ ਦੇ ਸਾਹਮਣੇ ਵਿਗਿਆਨ ਅਤੇ ਸਿਧਾਂਤ ਦੇ ਪ੍ਰਸ਼ਨ ਪੇਸ਼ ਕੀਤੇ ਜਾ ਰਹੇ ਹਨ, ਤਾਂ ਉਹ ਪੁੱਛ ਰਹੇ ਹਨ ਕਿ ” ਤੁਹਾਡਾ ਅਮਲੀ ਕੰਮ ਕੀ ਹੈ, ਜੋ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂ? ਤੁਹਾਡੀ ਔਕਾਤ ਹੀ ਕੀ ਹੈ ਜੋ ਮੈ ਤੁਹਾਡਾ ਜਵਾਬ ਦੇਵਾਂ?” ਅੱਗੇ ਦੇਖਦੇ ਹਾਂ ਕਿ ਬਹਿਸਾਂ ਦੀ ਪ੍ਰੰਪਰਾ, ਸ਼ੈਲੀ ਅਤੇ ਸੰਸਕ੍ਰਿਤੀ ਦੇ ਬਾਰੇ ਵਿੱਚ ਉਹਨਾਂ ਦੇ ਕੀ ਵਿਚਾਰ ਹਨ।
ਸੁਖਵਿੰਦਰ ਕਹਿੰਦੇ ਹਨ, “ਫ਼ੇਸਬੁੱਕ ਸਹੀ ਮੰਚ ਨਹੀਂ। ਪਹਿਲਾ ਸਹੀ ਮੰਚ ਹੈ ਰਸਾਲੇ ਅਤੇ ਦੂਸਰਾ ਸੈਮੀਨਾਰ । ਉੱਥੇ ਲਿਖੀ ਜਾਂ ਬੋਲੀ ਗੱਲ ਤੋੰ ਕੋਈ ਮੁੱਕਰ ਨਹੀਂ ਸਕਦਾ।”
ਅੱਗੇ ਉਹ ਕਹਿੰਦੇ ਹਨ, “ਸਭ ਤੋ ਵਧੀਆ ਗੱਲ ਹੁੰਦੀ ਹੈ ਕਿ ਆਹਮੋ-ਸਾਹਮਣੇ ਆ ਕੇ ਬਹਿਸ ਕਰਨੀ। ਜੋ ਸਾਹਮਣੇ ਆ ਕੇ ਬਹਿਸ ਨਹੀਂ ਕਰਦਾ, ਉਸਦੇ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਝੂਠਾ ਹੈ।”
ਹੁਣ ਸੁਖਵਿੰਦਰ ਦੀਆਂ ਇਹਨਾਂ ਸਭ ਗੱਲਾਂ ਦੇ ਅਧਾਰ ‘ਤੇ ਉਹਨਾਂ ਦੇ ਅੱਜ ਦੇ ਵਰਤਾਵ ਅਤੇ ਉਹਨਾਂ ਦੀਆਂ ਅੱਜ ਦੀਆਂ ਗੱਲਾਂ ਦਾ ਵਿਸ਼ਲੇਸ਼ਣ ਕਰੋ। ਉਹਨਾਂ ਦੇ ਕਾਫ਼ੀ ਲੰਬੇ ਸਮੇ ਤੱਕ ਸਾਡੇ ਨਾਲ ਫ਼ੇਸਬੁੱਕ ‘ਤੇ ਬਹਿਸ ਚਲਾਉਣ ਤੋਂ ਬਾਆਦ ਕਿਹਾ ਕਿ ਫ਼ੇਸਬੁੱਕ ‘ਤੇ ਬਹਿਸ ਨਹੀਂ ਕਰਾਂਗੇ। ਅਸੀਂ ਕਿਹਾ ਕਿ ਚੱਲੋ ਰਸਾਲੇ ਵਿੱਚ ਲਿਖਤੀ ਰੂਪ ਵਿੱਚ ਕਰ ਲੈਂਦੇ ਹਾਂ। ਨਤੀਜੇ ਦੇ ਤੌਰ ‘ਤੇ ਅਸੀਂ ਲਿਖਤ ਵਿੱਚ ਉਹਨਾਂ ਦੀ ਪੁਜ਼ੀਸ਼ਨ ਦੀ ਪੂਰੀ ਅਲੋਚਨਾ ਰੱਖੀ ਜਿਸ ਨੂੰ ਪਾਠਕ ਸਾਹਮਣੇ ਇੱਥੇ ਪੜ੍ਹ ਸਕਦੇ ਹਨ।
http://ahwanmag.com/archives/7557
ਉਹਨਾਂ ਨੇ ਕਿਹਾ ਕਿ ਅਸੀਂ ਰਸਾਲਿਆਂ ਵਿੱਚ ਵੀ ਬਹਿਸ ਨਹੀਂ ਕਰਾਂਗੇ। ਅਸੀਂ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਆਹਮੋ-ਸਾਹਮਣੇ ਆ ਕੇ ਬਹਿਸ ਕਰ ਲਵੋ ਸਾਰਾ ਖ਼ਰਚਾ ਅਸੀਂ ਝੱਲ ਲਵਾਂਗੇ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਬਹਿਸ ਹੀ ਨਹੀਂ ਕਰਨੀ ! ਪਰ ਉਸਦੇ ਬਾਅਦ ‘ਪ੍ਰਤੀਬੱਧ’ ਵਿੱਚ ਉਹਨਾਂ ਨੇ ਕੌਮੀ ਸਵਾਲ ਉੱਤੇ ਇੱਕ ਭਿਅੰਕਰ ਮੂਰਖ਼ਤਾ ਪੂਰਨ ਲੇਖ ਲਿਖਿਆ ਜਿਸ ਵਿੱਚ ਸਾਡਾ ਨਾਮ ਲਏ ਬਗ਼ੈਰ ਸਾਨੂੰ ਕਾਫ਼ੀ ਬੁਰਾ ਭਲਾ ਕਿਹਾ ਗਿਆ । ਖ਼ੈਰ, ਇਸਦੀ ਵਿਸਥਾਰਪੂਰਕ ਆਲੋਚਨਾ ਅਸੀਂ ਪੇਸ਼ ਕਰ ਚੁੱਕੇ ਹਾਂ, ਜਿਸ ਦਾ ਲਿੰਕ ਅਸੀਂ ਉੱਪਰ ਦਿੱਤਾ ਹੈ। ਪਰ ਇੰਨਾਂ ਤੁਸੀਂ ਸਪੱਸ਼ਟ ਰੂਪ ‘ਚ ਦੇਖ਼ ਸਕਦੇ ਹੋ ਕਿ ਸੁਖਵਿੰਦਰ ਖ਼ੁਦ ਆਲੋਚਨਾ ਦੇ ਨਿਸ਼ਾਨੇ ‘ਤੇ ਨਾਂ ਆਵੇ ਤਾਂ ਉਹਨਾਂ ਨੇ ਬਹਿਸ ਦੇ ਢਕਵੇਂ। ਮੰਚਾਂ ਦੇ ਬਾਰੇ ਵਿੱਚ ਆਪਣੀਆਂ ਸਾਰੀਆਂ ਗੱਲਾਂ ਹੀ ਬਦਲ ਦਿੱਤੀਆਂ। ਇਸ ਨੂੰ ਹੀ ਅਸੀਂ ਪਲਾਇਨ ਕਿਹਾ ਸੀ। ਤੁਸੀਂ ਕਹਿ ਰਹੇ ਹੋ ਕਿ ਜੋ ਆਹਮੋ-ਸਾਹਮਣੇ ਬਹਿਸ ਨਹੀਂ ਕਰ ਸਕਦਾ, ਉਸਨੂੰ ਝੂਠਾ ਕਿਹਾ ਜਾਂਦਾ ਹੈ! ਤਾਂ ਫਿਰ ਤੁਹਾਨੂੰ ਅਜਿਹਾ ਨਾਂਵ ਕਿਉਂ ਨਾ ਦਿੱਤਾ ਜਾਵੇ!?
ਅੱਗੇ ਵਧਦੇ ਹਾਂ। ਸੁਖਵਿੰਦਰ ਕਹਿੰਦੇ ਹਨ, “ਜਿਹੜਾ ਵਿਚਾਰ ਸਹੀ ਹੈ ਉਸਦਾ ਫੈਸਲਾ ਅੰਤ ਵਿੱਚ ਅਮਲ ਵਿੱਚ ਹੀ ਹੁੰਦਾ ਹੈ। ਪਰ ਜਨਾਬ ਉਹ ਬਾਆਦ ਵਿੱਚ ਹੁੰਦਾ ਹੈ। ਪਹਿਲਾਂ ਤਾਂ ਸਿਧਾਂਤਕ ਬਹਿਸ ਤੋ ਹੀ ਫ਼ੈਸਲਾ ਹੁੰਦਾ ਹੈ । ਸੁਣਨ ਵਾਲ਼ੇ ਨੂੰ ਪਤਾ ਚੱਲ ਜਾਂਦਾ ਹੈ ਕਿ ਕਿਹੜੀ ਗੱਲ ਸਹੀ ਹੈ, ਚਾਹੇ ਉਸਦੀ ਚੇਤਨਾ ਦਾ ਪੱਧਰ ਨੀਵਾਂ ਵੀ ਕਿਉਂ ਨਾਂ ਹੋਵੇ!”
ਹੁਣ ਜਰਾ ਸੁਖਵਿੰਦਰ ਦੇ ਅੱਜ ਦੇ ਵਿਚਾਰਾਂ ਨਾਲ਼ ਉਹਨਾਂ ਦੁਆਰਾ ਹਾਲ ਹੀ ਵਿੱਚ ਕਹੇ ਗਏ ਇਹਨਾਂ ਸ਼ਬਦਾਂ ਦੀ ਤੁਲਨਾ ਕਰੀਏ ! ਅੱਜ ਬਹਿਸ ਵਿਚ ਸਾਡੇ ਤੋਂ ਭੱਜਣ ਲਈ ਉਸ ਨੇ ਇਹ ਦਲੀਲ ਪੇਸ਼ ਕੀਤੀ ਹੈ ਕਿ ਅਮਲ ਵਿੱਚ ਇਹ ਸਾਬਤ ਹੋ ਜਾਵੇਗਾ ਕਿ ਕੌਣ ਸਹੀ ਹੈ, ਅਸੀਂ ਬਹਿਸ ਨਹੀਂ ਕਰਨੀ ! ਪਰ ਅਜੇ ਦੋ ਸਾਲ ਪਹਿਲਾਂ ਹੀ ਤਾਂ ਤੁਸੀਂ ਕਹਿ ਰਹੇ ਸੀ ਕਿ ਸਭ ਪਹਿਲਾਂ ਸਿਧਾਂਤਕ ਬਹਿਸ ਹੋਣੀ ਚਾਹੀਦੀ ਹੈ ਅਤੇ ਉਸ ਵਿੱਚ ਹੀ ਸਹੀ ਅਤੇ ਗ਼ਲਤ ਦਾ ਪਹਿਲਾ ਫੈਸਲਾ ਤਾਂ ਹੋ ਹੀ ਜਾਂਦਾ ਹੈ। ਤੁਹਾਡੇ ਅਨੁਸਾਰ ਸੁਣਨ ਵਾਲ਼ੇ ਨੂੰ ਪਤਾ ਲੱਗ ਜਾਂਦਾ ਹੈ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ! ਤਾਂ ਹੁਣ ਕੀ ਹੋਇਆ ਫੇਰ? ਤੁਸੀਂ ਤਾਂ ਵਾਰ-ਵਾਰ ਆਹਮੋ-ਸਾਹਮਣੇ ਬਹਿਸ ਦੀਆਂ ਤਜਵੀਜ਼ਾਂ ਦੇਣ ਦੇ ਬਾਵਜੂਦ ਵੀ ਬਹਿਸ ਵਿਚ ਨਹੀਂ ਆਏ ਅਤੇ ਇਹ ਕਹਿ ਕੇ ਭੱਜਦੇ ਰਹੇ ਕਿ “ਸਾਨੂੰ ਇਹ ਕਹਿ ਦਿੱਤਾ ਆਹ ਕਹਿ ਦਿੱਤਾ, ਇਹਨਾਂ ਦਾ ਵਰਤਾਅ ਸਹੀ ਨਹੀਂ ਹੈ, ਵਿਹਾਰ ਵਿਚ ਸਾਬਤ ਹੋ ਜਾਵੇਗਾ, ਵਗੈਰਾ।“ ਸਪੱਸ਼ਟ ਹੈ ਕਿ ਤੁਸੀਂ ਬਚਣ ਲਈ ਇੱਕ ਤੰਗ ਗਲੀ ਦੀ ਤਲਾਸ਼ ਵਿੱਚ ਸੀ!
ਹੋਰ ਵੇਖੋ।
ਇਸ ਤੋਂ ਬਾਅਦ ਸੁਖਵਿੰਦਰ ਦੱਸਦੇ ਹਨ ਕਿ ਜੇਕਰ ਸਮਾਜ ਵਿੱਚ ਕੋਈ ਗਲਤ ਵਿਚਾਰ ਆਵੇ ਤਾਂ ਉਸ ਦੀ ਆਲੋਚਨਾ ਤਾਂ ਕਰਨੀ ਹੀ ਪੈਂਦੀ ਹੈ, ਭਾਵੇਂ ਉਹ ਕਿਸੇ ਵੀ ਧਾਰਮਿਕ ਬਾਬੇ ਦਾ ਕਿਉਂ ਨਾਂ ਹੋਵੇ, ਕਮਿਊਨਿਸਟ ਅੰਦੋਲਨ ਦੀ ਤਾਂ ਗੱਲ ਹੀ ਵੱਖਰੀ ਹੈ। ਉਹ ਕਹਿੰਦੇ ਹਨ, “ਜਦੋਂ ਕੋਈ ਗ਼ਲਤ ਵਿਚਾਰ ਵੀ ਸਮਾਜ ਵਿੱਚ ਆਉਂਦਾ ਹੈ, ਮੂਰਖ਼ਤਾ ਭਰਿਆ ਵਿਚਾਰ ਵੀ ਹੁੰਦਾ ਹੈ, ਤਾਂ ਉਹ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਉਸਦੀ ਆਲੋਚਨਾ ਕਰਨੀ ਪੈਂਦੀ ਹੈ। (ਸੁਖਵਿੰਦਰ ਇਸ ਤੋਂ ਬਾਅਦ ਲੈਨਿਨ ਦੇ ‘ਲੋਕਾਂ ਦੇ ਮਿੱਤਰ ਕੌਣ’ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਲੋਕਾਂ ਨੂੰ ਲੱਗ ਸਕਦਾ ਹੈ ਕਿ ਸਾਡੇ ਵਿਰੋਧੀ ਦੇ ਵਿਚਾਰ ਮੂਰਖ਼ਤਾ ਪੂਰਨ ਹਨ, ਫਿਰ ਵੀ ਉਹਨਾਂ ਦੀ ਆਲੋਚਨਾ ਕਰਨੀ ਪਵੇਗੀ- ਲੇਖਕ) ਜਿਵੇਂ ਸਿਰਸੇ ਵਾਲ਼ੇ ਬਾਬੇ ਦੇ ਵਿਚਾਰਾਂ ਦੀ ਵੀ ਆਲੋਚਨਾ ਕਰਨੀ ਪੈਂਦੀ ਹੈ ਕਿਉਂਕਿ ਉਹ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਜਗਰੂਪ ਦੇ ਵਿਚਾਰ ਸਮਾਜ ਦੇ ਲਈ ਖ਼ਤਰਨਾਕ ਹਨ ਇਸ ਲਈ ਉਸ ਦੀਆਂ ਉਦਾਹਰਣਾਂ ਨੂੰ ਪੜ੍ਹ ਕੇ ਉਸ ਦੀ ਆਲੋਚਨਾ ਕਰਨੀ ਪਵੇਗੀ। ਇਸ ਨਾਲ਼ ਨਿਰੰਤਰਤਾ ਟੁੱਟੇਗੀ, ਹਾਸੇ ਦਾ ਮੌਕਾ ਵੀ ਘੱਟ ਮਿਲੇਗਾ, ਬੋਰੀਅਤ ਹੋ ਸਕਦੀ ਹੈ, ਪਰ ਇਸ ਵਿੱਚ ਮੇਰੀ ਨਹੀਂ ਲਿਖਣ ਵਾਲੇ ਦੀ ਗਲਤੀ ਹੈ।”
ਭਾਵ ਜਗਰੂਪ ਵਰਗੇ ਇੱਕ ਬੁੱਧੀਜੀਵੀ ਦੀ ਵੀ ਆਲੋਚਨਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਦੇ ਵਿਚਾਰ ਸਮਾਜ ਲਈ ਖ਼ਤਰਨਾਕ ਹਨ! ਪਰ ਜਦੋਂ ਸੁਖਵਿੰਦਰ ਦੀ ਉਸ ਦੇ ਕੌਮਵਾਦੀ ਅਤੇ ਭਾਸ਼ਾਈ ਪਛਾਣਵਾਦ ਦੇ ਭਟਕਾਅ ਲਈ ਵਿਸਤ੍ਰਿਤ ਲਿਖ਼ਤੀ ਆਲੋਚਨਾ ਪੇਸ਼ ਕੀਤੀ ਗਈ, ਤਾਂ ਉਸ ‘ਤੇ ਉਹ ਆਹਮੋ-ਸਾਹਮਣੇ ਬਹਿਸ ਕਰਕੇ ਸਾਡੇ “ਗਲਤ ਵਿਚਾਰਾਂ” ਦੀ ਆਲੋਚਨਾ ਕਰਨ ਤੋਂ ਕਿਨਾਰਾ ਕਰਕੇ ਨਿਕਲ ਗਏ। ਸੁਖਵਿੰਦਰ ਦਾ ਕਹਿਣਾ ਹੈ ਕਿ ਉਹਨਾਂ ਦੇ ਇਸ ਲੈਕਚਰ ਵਿਚ ਹਾਸੇ-ਮਜ਼ਾਕ ਦਾ ਮੌਕਾ ਘੱਟ ਮਿਲੇਗਾ (ਵੈਸੇ, ਮਾਰਕਸਵਾਦ ਦੀ ਅਧਿਆਪਨ-ਸਿਖਲਾਈ ਵਿਚ ਮਸਖਰੀ ਘੱਟ ਕੀਤੀ ਜਾਵੇ ਅਤੇ ਗੰਭੀਰਤਾ ਨਾਲ਼ ਅਧਿਐਨ ਕਰਕੇ ਗੱਲ ਰੱਖੀ ਜਾਵੇ ਤਾਂ ਬਿਹਤਰ ਹੁੰਦਾ ਹੈ, ਹਾਲਾਂਕਿ ਵਧੀਆ ਪੱਧਰ ਦੇ ਹਾਸੇ ਦਾ ਜਿੱਥੇ ਵੀ ਸੰਦਰਭ ਨਾਲ਼ ਅਨੁਕੂਲਣ ਬਣੇ , ਉੱਥੇ ਵਰਤਿਆ ਜਾ ਸਕਦਾ ਹੈ)। ਪਰ ਸੁਖਵਿੰਦਰ ਇੱਥੇ ਗ਼ਲਤ ਹਨ, ਕਿਉਂਕਿ ਉਹ ਖ਼ੁਦ ਅਜਿਹੀਆਂ ਹਾਸੋਹੀਣੀਆਂ ਗ਼ਲਤੀਆਂ ਕਰਦੇ ਹਨ ਕਿ ਹੱਸਣ ਦਾ ਕਾਫ਼ੀ ਮੌਕਾ ਮਿਲਦਾ ਹੈ, ਜਿਵੇਂ ਕਿ ਤੁਸੀਂ ਅੱਗੇ ਦੇਖੋਗੇ। ਖ਼ੈਰ, ਇੱਥੇ ਵੀ ਤੁਸੀਂ ਦੇਖ਼ ਸਕਦੇ ਹੋ ਕਿ ਸੁਖਵਿੰਦਰ ਦਾ ਕਿਵੇਂ ਆਪਣੀਆਂ ਹੀ ਪੁਰਾਣੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ??(ਪਲਟ) ਗਿਆ।
ਇਸ ਤੋਂ ਬਾਅਦ ਸੁਖਵਿੰਦਰ ਕੁੱਝ ਅਜਿਹਾ ਕਹਿੰਦੇ ਹਨ ਜੋ ਕਿ ਹੂ-ਬ-ਹੂ ਉਹਨਾਂ ‘ਤੇ ਲਾਗੂ ਹੁੰਦਾ ਹੈ। ਜਿਨ੍ਹਾਂ ਨੇ ਕੌਮ ਅਤੇ ਭਾਸ਼ਾ ਦੇ ਸਵਾਲ ‘ਤੇ ਸਾਡੇ ਦੁਆਰਾ ਕੀਤੀ ਉਹਨਾਂ ਦੀ ਆਲੋਚਨਾ ਨੂੰ ਪੜ੍ਹਿਆ ਹੈ, ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਸੁਖਵਿੰਦਰ ਨੇ ਕਿਹਾ, “ਜਗਰੂਪ ਦੀ ਕਿਤਾਬ ਨੂੰ ਜਿੰਨਾ ਝਾੜੋ ਗ਼ਲਤ ਗੱਲਾਂ ਅਤੇ ਮੂਰਖਤਾਵਾਂ ਡਿੱਗਦੀਆਂ ਹਨ। ਦੂਜਾ, ਉਹ ਮਾਰਕਸ ਦਾ ਗ਼ਲਤ ਹਵਾਲਾ ਦਿੰਦਾ ਹੈ। ਇੰਟਰਨੈਟ ਨੇ ਚੋਰੀ ਨਾਲ਼ ਲਿਖਣਾ, ਝੂਠ ਬੋਲਣਾ ਅਤੇ ਗ਼ਲਤ ਹਵਾਲੇ ਦੇਣਾ ਬਹੁਤ ਆਸਾਨ ਕਰ ਦਿੱਤਾ ਹੈ। ਲੋਕ ਮਾਰਕਸ, ਏਂਗਲਜ਼, ਲੈਨਿਨ ਆਦਿ ਨੂੰ ਗਲਤ ਕੋਟ ਕਰਦੇ ਹਨ। ਜਦੋਂ ਤੁਸੀਂ ਚੈੱਕ ਕਰਦੇ ਹੋ, ਤਾਂ ਇਹ ਪਤਾ ਲਗਦਾ ਹੈ ਕਿ ਉਹਨਾਂ ਨੇ ਅਜਿਹਾ ਤਾਂ ਕਿਹਾ ਹੀ ਨਹੀਂ ਹੈ।”
ਅੱਗੇ ਅਸੀਂ ਦਿਖਾਵਾਂਗੇ ਕਿ ਇਸ ਲੈਕਚਰ ਵਿੱਚ ਸੁਖਵਿੰਦਰ ਨੇ ਖ਼ੁਦ ਅਜਿਹੇ ਹਵਾਲੇ ਦਿੱਤੇ ਹਨ ਜੋ ਮਿਸਕੋਟ ਜਾਂ ਗ਼ਲਤ ਵਿਆਖਿਆਵਾਂ ਦਿੱਤੀਆਂ ਹਨ। ਨਾਲ਼ ਹੀ, ਉਪਰੋਕਤ ਬਿਆਨ ਵਿੱਚ ਜਗਰੂਪ ਉੱਤੇ ਲਗਾਇਆ ਗਿਆ ਹਰ ਇੱਕ ਇਲਜ਼ਾਮ ਖ਼ੁਦ ਸੁਖਵਿੰਦਰ ਉੱਤੇ ਹੂ-ਬ-ਹੂ ਲਾਗੂ ਹੁੰਦਾ ਹੈ। ਜਿਨ੍ਹਾਂ ਨੇ ਭਾਸ਼ਾ ਅਤੇ ਕੌਮ ਦੇ ਸਵਾਲ ਬਾਰੇ ਸੁਖਵਿੰਦਰ ਦੇ ਲੇਖ ਦੀ ਸਾਡੀ ਆਲੋਚਨਾ ਨੂੰ ਪੜ੍ਹਿਆ ਹੈ, ਉਹ ਜਾਣਦੇ ਹਨ ਕਿ ਇੰਟਰਨੈਟ ਤੋਂ ਚੋਰੀ ਲੇਖਣੀ ਲਿਖਣਾ, ਝੂਠ ਬੋਲਣਾ, ਗ਼ਲਤ ਬਿਆਨ ਕਰਨਾ ਅਤੇ ਗ਼ਲਤ ਵਿਆਖਿਆ ਕਰਨਾ ਖ਼ੁਦ ਸੁਖਵਿੰਦਰ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹੈ।
ਹੁਣ ਆਲੋਚਨਾ ਦੀ ਭਾਸ਼ਾ ਦੇ ਸਵਾਲ ‘ਤੇ ਵੀ ਸੁਖਵਿੰਦਰ ਦਾ ਯੂ-ਟਰਨ ਦੇਖ ਲੈਂਦੇ ਹਾਂ ਕਿਉਂਕਿ ਜਦੋਂ ਅਸੀਂ ਸਾਰੇ ਸਵਾਲਾਂ ‘ਤੇ ਉਹਨਾਂ ਦੀ ਆਲੋਚਨਾ ਪੇਸ਼ ਕੀਤੀ ਤਾਂ ਉਹਨਾਂ ਨੇ ਬਹੁਤ ਰੌਲ਼ਾ-ਰੱਪਾ ਪਾਇਆ ਕਿ ਅਸੀਂ ਉਹਨਾਂ ਨੂੰ “ਮੂਰਖ” ਕਿਉਂ ਕਹਿ ਦਿੱਤਾ, ਅਸੀਂ ਉਹਨਾਂ ਨੂੰ “ਰਾਸ਼ਟਰਵਾਦੀ” ਕਿਉਂ ਕਹਿ ਦਿੱਤਾ ਵਗੈਰਾ। ਦੇਖੋ ਕਿ ਅਜੇ ਕੁੱਝ ਹੀ ਸਮਾਂ ਪਹਿਲਾਂ ਉਸ ਨੇ ਇਸ ਬਾਰੇ ਕੀ ਕਿਹਾ ਸੀ ਅਤੇ ਹੁਣ ਉਹ ਕਿਵੇਂ ਪਲਟ ਗਏ ਕਿਉਂਕਿ ਇਸ ਵਾਰ ਉਹ ਖ਼ੁਦ ਆਲੋਚਨਾ ਦੇ ਏਜੰਡੇ ‘ਤੇ ਹੈ।
ਜਦੋਂ ਅਸੀਂ ਸੁਖਵਿੰਦਰ ਨੂੰ ਕੌਮਵਾਦੀ ਭਟਕਣ ਦਾ ਸ਼ਿਕਾਰ, ਭਾਸ਼ਾਈ ਪਛਾਣਵਾਦੀ ਕਿਹਾ ਤਾਂ ਉਹ ਇਸ ‘ਤੇ ਬਹਾਨਾ ਬਣਾਉਣ ਲੱਗੇ ਕਿ ਅਸੀਂ ਉਸ ਨੂੰ ਅਜਿਹਾ ਕਿਹਾ ਹੈ, ਹੁਣ ਉਹ ਗੱਲ ਨਹੀਂ ਕਰਨਗੇ। ਦੇਖੋ ਉਹਨਾ ਨੇ ਜਗਰੂਪ ‘ਤੇ ਦਿੱਤੇ ਆਪਣੇ ਅਗਿਆਨਤਾਪੂਰਨ ਲੈਕਚਰ ‘ਚ ਕੀ ਕਿਹਾ, “ਹੁਣ ਕਈ ਲੋਕ ਦੁਖੀ ਹੁੰਦੇ ਹਨ ਕਿ ਤੁਸੀਂ ਅਜਿਹੀ ਭਾਸ਼ਾ ਵਰਤਦੇ ਹੋ। ਮਜ਼ਾਕ ਉਡਾਉਂਦੇ ਹੋ। ਮਜ਼ਾਕ ਉਡਾਉਣਾ ਤਾਂ ਕੋਈ ਮਾੜੀ ਗੱਲ ਨਹੀਂ ਹੈ, ਇਹ ਤਾਂ ਜਿੰਦਾਦਿਲੀ ਦਾ ਸਬੂਤ ਹੈ। ਕਿ ਅਸੀਂ ਜਿੰਦਾਦਿਲ ਹਾਂ, ਆਓ ਥੋੜਾ ਹੱਸ-ਖੇਡ ਲੈਂਦੇ ਹਾਂ । ਜੇਕਰ ਅਸੀਂ ਕਿਸੇ ਦਾ ਮਜ਼ਾਕ ਉਡਾਉਂਦੇ ਹਾਂ ਤਾਂ ਅਸੀਂ ਆਪਣਾ ਮਜਾਕ ਸੁਣਦੇ ਵੀ ਹਾਂ। ਅਸੀਂ ਅਜਿਹਾ ਨਹੀਂ ਕਹਿੰਦੇ ਕਿ ਮੈਂ ਤਾਂ ਮਜ਼ਾਕ ਕਰ ਲਿਆ ਪਰ ਮੇਰੇ ਨਾਲ਼ ਮਜ਼ਾਕ ਨਾ ਕਰਿਓ। ਅਸੀਂ ਨਿੱਜੀ ਹਮਲਾ ਨਹੀਂ ਕਰਦੇ। ਅਸੀਂ ਕਿਸੇ ਨੂੰ ਮਾਂ-ਭੈਣ ਦੀਆਂ ਗਾਲ੍ਹਾਂ ਨਹੀਂ ਕੱਢਦੇ। ਅਸੀਂ ਇਹ ਕਹਿੰਦੇ ਹਾਂ ਕਿ ਤੁਹਾਡੀ ਇਹ ਗੱਲ ਮੂਰਖ਼ਤਾ-ਪੂਰਨ ਹੈ। ਇਹ ਗੱਲ ਤਾਂ ਕਹੀ ਹੀ ਜਾ ਸਕਦੀ ਹੈ। ਰੋਜ਼ਾ ਲਕਜ਼ਮਬਰਗ ਨੇ ਕਾਉਟਸਕੀ ਬਾਰੇ ਲਿਖਿਆ ਸੀ ਕਿ ਇਹ ਵੇਸ਼ਵਾ ਹੈ। ਲੈਨਿਨ ਨੇ ਕਿਹਾ ਕਿ ਰੋਜ਼ਾ ਨੇ ਵਧੀਆ ਕਿਹਾ । ਭਾਵ, ਉਹ ਲੋਕ ਤਾਂ ਇੱਕ ਦੂਜੇ ਲਈ ਬਹੁਤ ਤਿੱਖੇ ਸ਼ਬਦਾਂ ਦੀ ਵਰਤੋਂ ਕਰਦੇ ਸਨ। ਆਪਣੇ ਲੋਕ ਤਾਂ ਥੋੜ੍ਹਾ ਡਰ ਜਾਂਦੇ ਹਨ। ਅੱਜ ਤਾਂ ਅਸੀਂ ਬਹੁਤ ਨਰਮ ਭਾਸ਼ਾ ਦੀ ਵਰਤੋਂ ਕਰ ਰਹੇ ਹਾਂ, ਹਾਲਾਂਕਿ ਇਸ ਤੋਂ ਸਖ਼ਤ ਭਾਸ਼ਾ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।”
ਹੁਣ ਕੌਮ ਅਤੇ ਭਾਸ਼ਾ ਤੇ ਬਹਿਸ ਕਰਦੇ ਹੋਏ ਸੁਖਵਿੰਦਰ ਜੋ ਕਹਿ ਰਹੇ ਹਨ ਅਤੇ ਉਦੋਂ ਜਗਰੂਪ ‘ਤੇ ਆਪਣੇ ਭਾਸ਼ਣ ਵਿਚ ਉਹਨਾਂ ਨੇ ਜੋ ਕਿਹਾ ਉਸ ਵਿੱਚ ਫ਼ਰਕ ਖੁਦ ਦੇਖੋ:
“ਇੱਕ ਆਦਮੀ ਨੇ ਮੈਨੂੰ ਕਿਹਾ ਕਿ ਤੁਸੀਂ ਮੂਰਖ਼ ਹੋ, ਮੈਨੂੰ ਕੋਈ ਗੁੱਸਾ ਨਹੀਂ ਆਇਆ। ਮੈਂ ਕਿਹਾ ਇਹ ਤੁਹਾਡਾ ਸਟੈਂਡ ਹੈ ਕਿ ਮੈਂ ਮੂਰਖ਼ ਹਾਂ, ਮੇਰਾ ਸਟੈਂਡ ਹੈ ਕਿ ਮੈਂ ਨਹੀਂ ਹਾਂ। ਇਹ ਤੁਹਾਡੀ ਡੈਮੋਕਰੇਸੀ ਹੈ ਕਿ ਮੈਂ ਤੁਹਾਨੂੰ ਮੂਰਖ਼ ਲੱਗਿਆ, ਤੁਸੀਂ ਮੈਨੂੰ ਕਹੋ ਮੈਨੂੰ ਕੋਈ ਤਕਲੀਫ ਨਹੀਂ ਹੈ। ਪਰ ਮੈਂ ਥੋੜ੍ਹਾ ਮੰਨਦਾ ਹਾਂ। ਮੈਨੂੰ ਲੱਗਦਾ ਹੈ ਕਿ ਤੁਸੀਂ ਮੂਰਖ਼ ਹੋ। ਪਲੈਖਾਨੋਵ ਨੇ ਲੈਨਿਨ ਨੂੰ ਕਿਹਾ ਕਿ He is weak in philosophy, ਲੈਨਿਨ ਦਰਸ਼ਨ ਵਿੱਚ ਕਮਜ਼ੋਰ ਹਨ। ਲੈਨਿਨ ਨੇ ਕਿਹਾ ਕਿ He is pauper ਤੁਸੀਂ ਕੰਗਾਲ ਹੋ। ਕਮਿਊਨਿਸਟਾਂ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਹਨ ਕਮਿਊਨਿਸਟ ਗੁੱਸਾ ਨਹੀਂ ਕਰਦਾ। ਇੱਥੇ ਲੋਕ ਗ਼ੁੱਸੇ ਹੋ ਜਾਂਦੇ ਹਨ। ਗ਼ੁੱਸਾ ਨਹੀਂ ਕਰਨਾ ਚਾਹੀਦਾ, ਇਹ ਤਾਂ ਵਿਚਾਰਾਂ ਦੀ ਲੜਾਈ ਹੈ। ਇਸ ਵਿੱਚ ਕਿਸ ਗੱਲ ਦਾ ਗੁੱਸਾ, ਕਿ ਮੈਂ ਰੁੱਸ ਗਿਆ ਅਤੇ ਫਿਰ ਮਨਾਓ ਕਿ ਭਰਾਵਾ ਇੰਝ ਨਾ ਕਰੋ, ਇੰਝ ਨਾ ਕਰੋ, ਗਲ਼ੇ ਲਾਉਂਦੇ ਰਹੀਏ। ਰੁੱਸਣਾ ਨਹੀਂ ਨਾ ਚਾਹੀਦਾ? ਸੰਗਠਨ ਵਿਚ ਰਹਿੰਦਿਆਂ ਵੀ ਕਿਸੇ ਵਿਅਕਤੀ ਨਾਲ਼ ਰੁੱਸਣਾ ਨਹੀਂ ਚਾਹੀਦਾ ਕਿਉਂਕਿ ਸੰਗਠਨ ਵਿੱਚ ਕੁੱਝ ਵੀ ਨਿੱਜੀ ਨਹੀਂ ਹੁੰਦਾ, ਉਹ ਰਾਜਨੀਤਿਕ ਹੁੰਦਾ ਹੈ। ਹੁਣ ਕਹਿੰਦੇ ਹਨ ਕਿ ਵਿਅਕਤੀਗਤ ਕਾਰਨਾਂ ਕਰਕੇ ਫੁੱਟ ਪੈ ਗਈ। ਇੱਕ ਸਿਆਸੀ ਸੰਗਠਨ ਵਿੱਚ ਗ਼ੈਰ-ਸਿਆਸੀ ਕਾਰਨਾਂ ਕਰਕੇ ਫੁੱਟ ਕਿਵੇਂ ਪੈ ਸਕਦੀ ਹੈ। ਸਿਆਸੀ ਕਾਰਨ ਕਈ ਵਾਰ ਨਿੱਜੀ ਕਾਰਨਾਂ ਵਿੱਚ ਪ੍ਰਗਟ ਹੁੰਦੇ ਹਨ, ਪਰ ਹੁੰਦੇ ਉਹ ਸਿਆਸੀ ਹੀ ਹਨ। ਸਮੱਸਿਆ ਰਾਜਨੀਤੀ ਦੀ ਹੀ ਹੁੰਦੀ ਹੈ।”
ਇਹ ਗੱਲਾਂ ਸੁਖਵਿੰਦਰ ਨੇ ਜ਼ਿਆਦਾ ਪਹਿਲਾਂ ਨਹੀਂ ਸਗੋਂ 2018 ਵਿੱਚ ਹੀ ਕਹੀਆਂ ਹਨ ਅਤੇ ਇਹ ਬਿਲਕੁਲ ਸਹੀ ਗੱਲ ਹੈ। ਹੁਣ ਇਹੀ ਅਸੀਂ ਕਹਿ ਰਹੇ ਹਾਂ, ਤਾਂ ਉਹਨਾਂ ਨੂੰ ਦਿਕੱਤ ਹੋ ਰਹੀ ਹੈ। ਉਹ ਹੁਣ ਇਸ ਗੱਲ ‘ਤੇ ਅੜ ਗਏ ਹਨ ਕਿ ਉਹ ਗੱਲ ਨਹੀਂ ਕਰਨਗੇ ਕਿਉਂਕਿ ਅਸੀਂ ਉਹਨਾਂ ਨੂੰ ਮੂਰਖ਼ ਕਹਿ ਦਿੱਤਾ! ‘ਕਿਆ ਗੱਲ ਕਰਤੀ ਯਾਰ ਅਸੀਂ ਤੇਰੇ ਕੋਈ ਡਾਂਗ-ਸੋਟੀ ਥੋੜੇ ਮਾਰਤੀ!’, ਕੀ ਇਸ ਤੋਂ ਵੱਧ ਬੇਸ਼ਰਮੀ ਨਾਲ਼ ਸਥਿਤੀ ਬਦਲੀ ਜਾ ਸਕਦੀ ਹੈ? ਜਦੋਂ ਬਹਿਸ ‘ਚੋਂ ਪੂਛ ਚੱਕ ਕੇ ਭੱਜਣ ਦੀ ਨੌਬਤ ਆ ਜਾਵੇ ਤਾਂ ਫਿਰ ਅਜਿਹੀਆਂ ਚਾਲਾਂ ਵੀ ਚੱਲਣੀਆਂ ਪੈ ਸਕਦੀਆਂ ਹਨ!
ਇੱਥੇ ਇੱਕ ਹੋਰ ਗੱਲ ਵੀ ਧਿਆਨ ਦੇਣ ਯੋਗ ਹੈ। ਜਦੋਂ ਭਾਸ਼ਾ ਅਤੇ ਕੌਮ ‘ਤੇ ਚੱਲ ਰਹੀ ਬਹਿਸ ਬਾਰੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਅਤੇ ਉੱਥੇ ਉਹ ਜਵਾਬਹੀਣ ਹੋ ਜਾਂਦੇ ਹਨ ਤਾਂ ਉਹ ਕਹਿਣ ਲੱਗ ਜਾਂਦੇ ਹਨ ਕਿ ਭਾਸ਼ਾ ਅਤੇ ਕੌਮ ਦੇ ਸਵਾਲ ਤਾਂ ਮੁੱਖ ਸਵਾਲ ਹੈ ਹੀ ਨਹੀਂ, ਸਾਡੇ ਤਾਂ ਵਿਅਕਤੀਆਂ ਦੀ ਜੀਵਨ ਸ਼ੈਲੀ ਅਤੇ ਕਾਰਜਸ਼ੈਲੀ ਨਾਲ ਸਬੰਧਤ ਸਵਾਲ ਹਨ! ਪਰ ਉਹ ਆਪ ਹੀ ਕਹਿ ਰਹੇ ਸਨ ਕਿ ਫੁੱਟ ਤਾਂ ਸਿਰਫ ਸਿਆਸੀ ਕਾਰਨਾਂ ਕਰਕੇ ਹੁੰਦੀ ਹੈ, ਨਿੱਜੀ ਕਾਰਨਾਂ ਕਰਕੇ ਨਹੀਂ! ਕਈ ਵਾਰ ਨਿੱਜੀ ਕਾਰਨ ਦਿੱਖਦੇ ਹਨ, ਪਰ ਅਸਲ ਵਿੱਚ ਸਿਆਸੀ ਕਾਰਨ ਹੀ ਫੁੱਟ ਦਾ ਮੁੱਖ ਕਾਰਨ ਹੁੰਦੇ ਹਨ।
ਇਹ ਬਿਲਕੁਲ ਸਹੀ ਗੱਲ ਹੈ। ਪਰ ਅੱਜ ਇਹੀ ਗੱਲ ਤਾਂ ਅਸੀਂ ਕਹਿ ਰਹੇ ਹਾਂ। ਸਾਡੇ ਰਾਹ ਅਲੱਗ ਹੋਣ ਦੇ ਕਾਰਨ ਸਿਆਸੀ-ਵਿਚਾਰਧਾਰਕ ਹਨ: ਸੁਖਵਿੰਦਰ ਦੀ ਕੌਮ ਅਤੇ ਭਾਸ਼ਾ ਬਾਰੇ ਰਾਸ਼ਟਰਵਾਦੀ ਅਤੇ ਪਛਾਣਵਾਦੀ ਲਾਈਨ ਹੈ। ਜਦੋਂ ਅਸੀਂ ਉਸ ਦੀ ਇਸ ਗੱਲ ‘ਤੇ ਪੂਰਨ ਆਲੋਚਨਾ ਕਰਦੇ ਹਾਂ ਤਾਂ ਉਹ ਇਹ ਕਹਿ ਕੇ ਜਵਾਬ ਦੇਣ ਤੋਂ ਭੱਜ ਜਾਂਦੇ ਹਨ ਕਿ ਇਹ ਸਵਾਲ ਮਹੱਤਵਪੂਰਨ ਨਹੀਂ ਹਨ, ਸਗੋਂ ਵਿਅਕਤੀਆਂ ਦੀ ਜੀਵਨ ਸ਼ੈਲੀ-ਕਾਰਜਸ਼ੈਲੀ ਦੇ ਸਵਾਲ ਮੁੱਖ ਹਨ! ਪਰ ਇਹ ਸਵਾਲ ਆਪਣੇ ਆਪ ਵਿਚ ਵੱਖ ਹੋਣ ਦਾ ਕਾਰਨ ਨਹੀਂ ਬਣ ਸਕਦੇ, ਜਿਵੇਂ ਕਿ ਤੁਸੀਂ ਦੋ ਸਾਲ ਪਹਿਲਾਂ ਕਿਹਾ ਸੀ ਅਤੇ ਸਹੀ ਕਿਹਾ ਸੀ! ਹੁਣ ਇਹ ਬਦਲਾਅ ਕਿਉਂ? ਹੁਣ ਜਦੋਂ ਕੌਮ ਅਤੇ ਭਾਸ਼ਾ ਦੇ ਸਵਾਲ ‘ਤੇ ਤੁਹਾਡੀ ਆਲੋਚਨਾ ਹੋ ਰਹੀ ਹੈ, ਤਾਂ ਤੁਹਾਨੂੰ ਇਹ ਨਿੱਜੀ ਸਵਾਲ ਕਿਵੇਂ ਯਾਦ ਆਉਣ ਲੱਗੇ? ਕਿਉਂਕਿ ਤੁਸੀਂ ਉੱਤਰਹੀਣ ਹੋ ਅਤੇ ਤੁਹਾਨੂੰ ਬਹਿਸ ਤੋਂ ਕਿਨਾਰਾ ਕਰਨਾ ਪੈ ਰਿਹਾ ਹੈ। ਹਰ ਕੋਈ ਇਸ ਨੂੰ ਜਾਣਦਾ ਅਤੇ ਸਮਝਦਾ ਹੈ। ਮਜ਼ਾਕੀਆ ਗੱਲਾਂ ਦੇਖੋ, ਸੁਖਵਿੰਦਰ ਕਹਿੰਦੇ ਹਨ:
“ਵਿਗਿਆਨ ਸ਼ੁੱਧਤਾ ਦੀ ਮੰਗ ਕਰਦਾ ਹੈ। ਅਸੀਂ ਅਜਿਹਾ ਕੁੱਝ ਨਹੀਂ ਕਹਿ ਸਕਦੇ। ਮੂੰਹ ਚੱਕ ਕੇ ਕੁੱਝ ਵੀ ਲਿਖ ਦੇਣਾ, ਸਵੇਰੇ ਬੁਰਸ਼ ਕੀਤਾ ਨਹੀਂ ਅਤੇ ਕਿਸੇ ਨੇ ਲੇਖ ਲਿਖ ਦਿੱਤਾ… ਵਿਗਿਆਨ ਵਿੱਚ ਸ਼ੁੱਧਤਾ ਬਹੁਤ ਮਹੱਤਵਪੂਰਨ ਹੈ।”
ਪਰ ਤੁਸੀਂ ਦੇਖੋਗੇ ਕਿ ਉਨ੍ਹਾਂ ਨੇ ਖ਼ੁਦ ਵਿਗਿਆਨ ਦੇ ਬਹੁਤੇ ਵਿਸ਼ਿਆਂ ਦਾ ਕੋਈ ਗੰਭੀਰ ਅਧਿਐਨ ਨਹੀਂ ਕੀਤਾ ਹੈ, ਜਿਸ ‘ਤੇ ਉਹ ਬੋਲ ਰਹੇ ਹਨ। ਨਾ ਤਾਂ ਮਾਰਕਸਵਾਦੀ ਫ਼ਲਸਫ਼ੇ ਦਾ, ਨਾ ਸਿਆਸੀ ਅਰਥ-ਸ਼ਾਸਤਰ ਦਾ ਅਤੇ ਨਾ ਜਮਾਤੀ ਸੰਘਰਸ਼ ਅਤੇ ਸਮਾਜਵਾਦ ਦੇ ਸਿਧਾਂਤਾਂ ਦਾ। ਇਹ ਉਹ ਬੌਧਿਕ ਅਤੇ ਵਿਚਾਰਧਾਰਕ ਕਮਜ਼ੋਰੀ ਸੀ, ਜਿਸ ਬਾਰੇ ਅਸੀਂ ਉਦੋਂ ਵੀ ਸਪੱਸ਼ਟ ਤੌਰ ‘ਤੇ ਇਸ਼ਾਰਾ ਕੀਤਾ ਜਦੋਂ ਸਾਡੇ ਰਾਹ ਇੱਕ ਸਨ, ਜੋ ਬਾਅਦ ਉਨ੍ਹਾਂ ਨੂੰ ਰਾਸ਼ਟਰਵਾਦੀ ਅਤੇ ਭਾਸ਼ਾਈ ਪਛਾਣਵਾਦੀ ਅਤੇ ਕੱਟੜਪੰਥੀ ਭਟਕਣਾਂ ਵੱਲ ਲੈ ਗਈ। ਸਾਨੂੰ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਲੋਕਾਂ ਵਿੱਚ, ਉਨ੍ਹਾਂ ਦੀ ਹਉਮੈ, ਉਨ੍ਹਾਂ ਦੇ ਨੀਵੇਂ ਪੱਧਰ ਦੇ ਪ੍ਰਚਾਰ ਵਿੱਚ ਨਹੀਂ ਲੱਭਣਾ ਚਾਹੀਦਾ, ਸਗੋਂ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਸਬੰਧਿਤ ਵਿਅਕਤੀ ਦੀ ਰਾਜਨੀਤੀ ਅਤੇ ਵਿਚਾਰਧਾਰਾ ਵਿੱਚ ਲੱਭਣਾ ਚਾਹੀਦਾ । ਜਦੋਂ ਤੁਹਾਡੀ ਵਿਚਾਰਧਾਰਾ ਅਤੇ ਰਾਜਨੀਤੀ ਇੰਨੀ ਮਾੜੀ ਹੈ, ਤਾਂ ਭਟਕਣ ਪੈਦਾ ਹੋਣਾ ਲਾਜ਼ਮੀ ਸੀ।
ਹੁਣ ਦੇਖਦੇ ਹਾਂ ਕਿ ਸੁਖਵਿੰਦਰ, ਜਗਰੂਪ ਦੇ ਆਪਣੇ ਉਪਰੋਕਤ ਲੈਕਚਰ ਵਿੱਚ ਇਹਨਾਂ ਬੌਧਿਕ, ਸਿਆਸੀ ਵਿਚਾਰਧਾਰਕ ਕਮਜ਼ੋਰੀਆਂ ਕਾਰਨ ਕਿਹੜੀਆਂ ਗਲਤੀਆਂ ਕਰਦੇ ਹਨ। ਅਸੀਂ ਸੁਣਿਆ ਹੈ ਕਿ ਇਨ੍ਹਾਂ ਭਿਆਨਕ ਮੂਰਖਤਾਵਾਂ ਦੀ ਸਾਡੀ ਆਲੋਚਨਾ ‘ਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਸਿਰਫ਼ ਕੁੱਝ ਤਕਨੀਕੀ ਗ਼ਲਤੀਆਂ ਕੀਤੀਆਂ ਹਨ, ਕੋਈ ਸਿਆਸੀ-ਵਿਚਾਰਧਾਰਕ ਗ਼ਲਤੀਆਂ ਨਹੀਂ ਹੋਈਆਂ ਹਨ। ਇਸ ਲਈ ਅਸੀਂ ਤੁਹਾਨੂੰ ਪਹਿਲਾਂ ਦਿਖਾਵਾਂਗੇ ਕਿ ਸੁਖਵਿੰਦਰ ਨੇ ਇਸ ਲੈਕਚਰ ਵਿੱਚ ਗੰਭੀਰ ਅਤੇ ਮੂਰਖ਼ਤਾ-ਪੂਰਨ ਗਲਤੀਆਂ ਕੀਤੀਆਂ ਹਨ: ਮਾਰਕਸਵਾਦੀ ਫ਼ਲਸਫ਼ੇ ਦੇ ਖੇਤਰ ਵਿੱਚ ਅਤੇ ਮਾਰਕਸਵਾਦੀ ਰਾਜਨੀਤਕ ਅਰਥਸ਼ਾਸਤਰ ਦੇ ਖੇਤਰ ਵਿੱਚ ਵੀ। (ਚਲਦਾ…) l