– ਸੰਨੀ ਸਿੰਘ

(ਪਹਿਲੀ ਕਿਸ਼ਤ)
ਮਨੁੱਖ ਧਰਤੀ ਉੱਤੇ ਜਨਮਿਆਂ ਅਤੇ ਉਸਨੇ ਕੁਦਰਤੀ ਸ਼ਕਤੀਆਂ ਨੂੰ ਕਾਬੂ ਕੀਤਾ। ਸਾਡੀ ਧਰਤੀ ਅਤੇ ਤਾਰੇ, ਸੂਰਜ ਦਾ ਹੀ ਇੱਕ ਟੁਕੜਾ ਹਨ ਅਤੇ ਕਾਰਲ ਸੈਗਨ ਦੇ ਸ਼ਬਦਾਂ ਵਿੱਚ, ਧਰਤੀ ਉੱਤੇ ਪੈਦਾ ਹੋਇਆ ਮਨੁੱਖ ਤਾਰਿਆਂ ਦੀ ਧੂੜ ਹੀ ਹੈ । ਉਹੀ ਤਾਰੇ ਜਿਨ੍ਹਾਂ ਦਾ ਟਿਮਟਿਮਾਉਂਣਾਂ ਦਿਲਾਂ ਨੂੰ ਸਕੂਨ ਦਿੰਦਾ ਹੈ। ਭਾਵੇਂ ਉਹ ਰੌਸ਼ਨੀ ਕਿਸੇ ਟੁੱਟਦੇ ਹੋਏ ਤਾਰੇ ਦੀ ਹੋਵੇ, ਕਿਉਂਕਿ ਅਸਮਾਨ ਵਿੱਚ ਅਸੀਂ ਰਾਤ ਨੂੰ ਜੋ ਦੇਖਦੇ ਹਾਂ, ਉਹ ਹੋਰ ਕੁੱਝ ਨਹੀਂ ਬਲਕਿ ਉਹਨਾਂ ਤਾਰਿਆਂ ਦੀ ਰੌਸ਼ਨੀ ਦਾ ਸਾਡੇ ਤੱਕ ਪਹੁੰਚਣ ਵਿੱਚ ਹੋਈ ਦੇਰੀ ਦਾ ਹੀ ਉੱਭਰਦਾ ਚਿੱਤਰ ਹੁੰਦਾ ਹੈ। ਇਨ੍ਹਾਂ ਟੁੱਟਦੇ ਅਤੇ ਨਿਰੰਤਰ ਬਲ਼ਦੇ ਤਾਰਿਆਂ ਦਾ ਜੀਵਨ ਨਾਲ਼ ਕੀ ਸਬੰਧ ਹੈ?
ਮਸ਼ਹੂਰ ਸੋਵੀਅਤ ਕਵੀ ਮਯਾਕੋਵਸਕੀ ਨੇ ਇਕ ਥਾਂ ਕਿਹਾ ਹੈ ਕਿ ਕੋਈ ਤਾਂ ਅਰਥ ਹੁੰਦਾ ਹੋਵੇਗਾ ਤਾਰਿਆਂ ਦੇ ਜਲਣ ਦਾ ਅਤੇ ਕਿਸੇ ਨੂੰ ਤਾਂ ਹੁੰਦੀ ਹੋਵੇਗੀ ਇਨ੍ਹਾਂ ਦੀ ਜਰੂਰਤ। ਇਹ ਸਵਾਲ ਆਦਿ ਕਾਲ ਤੋਂ ਹੀ ਮਨੁੱਖਤਾ ਦੇ ਸਾਹਮਣੇ ਮੌਜੂਦ ਹੈ ਕਿ ਤਾਰਿਆਂ ਦੀ ਦੁਨੀਆਂ ਅਤੇ ਸਾਡੀ ਦੁਨੀਆਂ ਦਾ ਆਪਸ ਵਿੱਚ ਕੀ ਸਬੰਧ ਹੈ? ਧਰਤੀ ਤੇ ਮੌਜੂਦ ਰੁੱਖਾਂ ਤੋਂ ਲੈ ਕੇ ਦਰਿਆ, ਪਹਾੜ, ਜੰਗਲ, ਜ਼ਮੀਨ ਦਾ ਮਨੁੱਖ ਨਾਲ਼ ਕੀ ਸਬੰਧ ਹੈ? ਮਨੁੱਖ ਆਦਿ ਕਾਲ ਤੋਂ ਹੀ ਆਪਣੇ ਮੂਲ ਬਾਰੇ ਚਿੰਤਨ ਕਰਦਾ ਆ ਰਿਹਾ ਹੈ। ਅਜੋਕੇ ਸਮੇਂ ਵਿੱਚ, ਕੁਦਰਤੀ ਵਿਗਿਆਨ ਨੇ ਆਪਣੇ ਵਿਕਾਸ ਦੋਰਾਨ ਤਰ੍ਹਾਂ-ਤਰ੍ਹਾਂ ਦੇ ਧਾਰਮਿਕ ਮੱਕੜਜਾਲ਼ ਨੂੰ ਹਟਾ ਕੇ ਇਸ ਸਵਾਲ ਨੂੰ ਸਾਫ਼ ਕਰ ਦਿੱਤਾ ਹੈ। ਇਤਿਹਾਸ ਵਿੱਚ ਪਹਿਲਾਂ ਤਾਰਿਆਂ ਅਤੇ ਧਰਤੀ ‘ਤੇ ਭੌਤਿਕ ਵਸਤੂਆਂ ਦੀ ਗਤੀਸ਼ੀਲਤਾ ਦੇ ਅਧਿਐਨ ਨੂੰ ਸਪੱਸ਼ਟ ਤੌਰ ‘ਤੇ ਦੇਖਣ ਤੋਂ ਬਾਅਦ, ਮਨੁੱਖ ਨੇ ਜੀਵ-ਜਗਤ ਅਤੇ ਆਪਣੀ ਉੱਤਪਤੀ ਦਾ ਵਿਗਿਆਨਕ ਵਿਸ਼ਲੇਸ਼ਣ ਕੀਤਾ। ਜੀਵਨ ਦੇ ਰੂਪਾਂ ਦੇ ਬਦਲਾਅ ਨੂੰ ਵਿਗਾਸ ਕਿਹਾ ਜਾਂਦਾ ਹੈ ਅਤੇ ਇਹ ਸਵਾਲ ਜੀਵਨ ਦੀ ਉਤਪਤੀ ਨਾਲ਼ ਸੰਬੰਧਤ ਹੈ। ਪਥਰਾਟ, ਡੀਐਨਏ ਅਤੇ ਕਲੈਡਿਟਕਸ ਦੇ ਅਧਿਐਨ ਨੇ ਜੀਵਨ ਰੂਪਾਂ ਅਤੇ ਉਨ੍ਹਾਂ ਦੇ ਵਿਕਾਸ ਦੇ ਨਿਯਮਾਂ ਦਾ ਖ਼ੁਲਾਸਾ ਕੀਤਾ ਹੈ। 19ਵੀਂ ਸਦੀ ਵਿੱਚ ਜਾ ਕਿ ਹੀ ਵਿਗਿਆਨ ਜੀਵਨ ਦੇ ਵਿਕਾਸ ਅਤੇ ਉੱਤਪਤੀ ਬਾਰੇ ਨਿਰਣਾਇਕ ਕਦਮ ਚੁੱਕ ਸਕਿਆ। ਕੋਪਰਨਿਕਸ ਨੇ ਸੂਰਜੀ ਮੰਡਲ ਨੂੰ ਧਰਮ ਦੇ ਬੰਧਨਾਂ ਤੋਂ ਕੱਟ ਕੇ ਤਰਕ ਦੇ ਖੇਤਰ ਵਿੱਚ ਦਾਖਲ ਹੋਣ ਦਾ ਰਾਹ ਖੋਲ੍ਹਿਆ। ਜੀਵ ਜਗਤ ਵਿੱਚ, ਇਹ ਕਦਮ 19ਵੀਂ ਸਦੀ ਵਿੱਚ ਉਠਾਇਆ ਜਾਂ ਕਹਿ ਸਕਦੇ ਹੋ ਕਿ ਉਦੋਂ ਹੀ ਉੱਠਾਇਆ ਜਾ ਸਕਦਾ ਸੀ। ਡਾਰਵਿਨ ਦੇ ਸਿਧਾਂਤ ਲਈ ਲੋੜੀਂਦੇ ਨਿਰੀਖਣਾਂ ਦਾ ਭੌਤਿਕ ਅਤੇ ਵਿਚਾਰਕ ਆਧਾਰ, ਨਿਊਟਨ, ਗੈਲੀਲੀਓ ਤੋਂ ਬਾਅਦ ਲਾਇਲ ਦੁਆਰਾ ਗ੍ਰਹਿਆਂ, ਤਾਰਿਆਂ ਅਤੇ ਧਰਤੀ ਦੀ ਗਤੀ ਦੇ ਨਿਯਮਾਂ ਦੀ ਜਾਂਚ ਰਾਹੀਂ ਹੋਇਆ । 19ਵੀਂ ਸਦੀ ਵਿੱਚ, ਊਰਜਾ ਦੇ ਪਰਿਵਰਤਨ ਦੇ ਸਿਧਾਂਤ ਅਤੇ ਸੈੱਲ ਦੀ ਖੋਜ ਹੋ ਚੁੱਕੀ ਸੀ। ਲਾਇਲ ਨੇ ਭੂ-ਵਿਗਆਨ ਦੇ ਰੂਪ ਵਿੱਚ ਧਰਤੀ ਦੀਆਂ ਪਰਤਾਂ ਅਤੇ ਉਹਨਾਂ ਦੇ ਕੰਪਨਾਂ ਅਤੇ ਉਹਨਾਂ ਦੀਆਂ ਭਿੰਨਤਾਵਾਂ ਅਤੇ ਉਹਨਾਂ ਦੇ ਵਿਕਾਸ ਦੇ ਵਿਗਿਆਨ ਦੀ ਸਥਾਪਨਾ ਕੀਤੀ। ਇਹਨਾਂ ਸਾਰੀਆਂ ਖੋਜਾਂ ਨੇ ਪੁਰਾਣੇ ਫ਼ਲਸਫ਼ੇ ਦੇ ਸੰਸਾਰ ਦੀਆਂ ਬੇੜੀਆਂ ਨੂੰ ਕੱਟ ਦਿੱਤਾ ਅਤੇ ਵਿਗਿਆਨ ਲਈ ਇਹ ਦ੍ਰਿਸ਼ਟੀਕੋਣ ਸਪੱਸ਼ਟ ਕੀਤਾ ਕਿ ਮਨੁੱਖ ਤੋਂ ਲੈਕੇ ਬ੍ਰਹਿਮੰਡ ਤੱਕ ਸਾਰੇ ਮੌਜੂਦਾ ਅਤੇ ਅਲੋਪ ਹੋ ਚੁੱਕੇ ਜੀਵ ਪਦਾਰਥਕ ਸੰਸਾਰ ਦਾ ਹਿੱਸਾ ਹਨ ਅਤੇ ਉਹ ਨਿਰੰਤਰ ਤਬਦੀਲੀ ਵਿੱਚ ਹਨ। ਇਹਨਾਂ ਤਬਦੀਲੀਆਂ ਦਾ ਅਧਿਐਨ ਕੁਦਰਤੀ ਵਿਗਿਆਨ ਵਿੱਚ ਯੰਤਰਿਕ ਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਹੋਰ ਵਿਸ਼ੇਸ਼ ਵਿਸ਼ਿਆਂ ਨੂੰ ਜਨਮ ਦਿੰਦਾ ਹੈ।
ਖ਼ੈਰ, ਸੈੱਲ ਅਤੇ ਵਿਗਾਸ ਦੀ ਖੋਜ ਨੇ ਪਦਾਰਥਕ ਜਗਤ ਤੋਂ ਜੀਵਨ ਦੀ ਹੋਂਦ ‘ਤੇ ਮੋਹਰ ਲਗਾ ਦਿੱਤੀ। ਚੇਤਨਾ ਪਦਾਰਥ ਜਗਤ ਦਾ ਹੀ ਇੱਕ ਗੁਣ ਹੈ, 19ਵੀਂ ਸਦੀ ਦੇ ਜੀਵ ਵਿਗਆਨੀਆਂ ਨੇ ਇਸਦੀ ਪੁਸ਼ਟੀ ਕੀਤੀ। ਯਕੀਨੀ ਤੌਰ ‘ਤੇ ਵਿਗਾਸ ਦੇ ਸਿਧਾਂਤ ਅਤੇ ਜੀਵਨ ਦੀ ਉਤਪੱਤੀ ਬਾਰੇ ਸਮਝ ਅਜੇ ਹੋਰ ਡੂੰਘੀ ਹੋਣੀ ਬਾਕੀ ਸੀ। ਅੱਜ 21ਵੀਂ ਸਦੀ ਵਿੱਚ ਅਸੀਂ ਡਾਰਵਿਨ ਤੋਂ ਵੀ ਅੱਗੇ ਵਧ ਚੁੱਕੇ ਹਾਂ, ਪਰ ਵਿਗਿਆਨੀਆਂ ਦਾ ਇੱਕ ਵਰਗ ਵਿਗਆਨ ਜਗਤ ਦੀਆਂ ਨਵੀਆਂ ਖੋਜਾਂ ਦੀ ਗਲਤ ਵਿਆਖਿਆ ਕਰਕੇ ਜੀਵਨ ਦੀ ਉਤਪਤੀ ਅਤੇ ਪਦਾਰਥਕ ਜਗਤ ਦੇ ਸਵਾਲ ਨੂੰ ਰਹੱਸਮਈ ਬਣਾ ਰਿਹਾ ਹੈ। ਜ਼ਵਿੰਗਲਿੰਗਰ ਵਰਗੇ ਵਿਗਆਨੀ, ਕੁਆਂਟਮ ਇੰਨਟੇਸਲਮੈਂਟ ‘ਤੇ ਪ੍ਰਯੋਗਾਂ ਦੀ ਖੋਜ ਦਾ ਮੁਲਾਂਕਣ ਕਰਦੇ ਹੋਏ, ਇਹ ਦਰਸਾ ਰਹੇ ਹਨ ਕਿ ‘ਜਾਣਕਾਰੀ’ ਆਦਿ ਕਾਲ ਤੋਂ ਮੌਜੂਦ ਹੈ, ਜਿਸ ਦੁਆਰਾ ਪਦਾਰਥ ਹੋਂਦ ਵਿੱਚ ਆਉਂਦਾ ਹੈ ਅਤੇ ਇਸ ਤਰ੍ਹਾਂ ਉਹ ਕਹਿੰਦੇ ਹਨ ਕਿ ਚੇਤਨਾ ਪਦਾਰਥ ਤੋਂ ਪਹਿਲਾਂ ਮੌਜੂਦ ਸੀ। ਪੈਨਰੋਜ਼ ਵੀ ਸ਼ਿਦਤ ਨਾਲ਼ ਅਜਿਹੇ ਭਰਮ ਫੈਲਾ ਰਿਹਾ ਹੈ। ਹਾਕਿੰਗ ਨੂੰ ਅਗਾਂਹਵਧੂ ਕਿਹਾ ਜਾਵੇਗਾ ਅਤੇ ਉਸ ਨੇ ਕਈ ਥਾਵਾਂ ‘ਤੇ ਰੱਬ ਦੀ ਹੋਂਦ ‘ਤੇ ਹਮਲਾ ਕੀਤਾ ਹੈ, ਪਰ ਇਸ ਦੇ ਬਾਵਜੂਦ ਉਸ ਦੀ ਸੋਚ ਵਿਚ ਮੌਜੂਦ ਸੰਦੇਹਵਾਦੀ ਭਾਵਨਾਵਾਦੀ ਫ਼ਲਸਫ਼ੇ ਨੂੰ ਬਹੁਤ ਥਾਂ ਮਿਲ ਜਾਂਦੀ ਹੈ। ਦੂਜੇ ਪਾਸੇ, ਵਿਗਿਆਨੀਆਂ ਦਾ ਇੱਕ ਵੱਡਾ ਵਰਗ ਅਜਿਹਾ ਵੀ ਹੈ ਜੋ ਗੂੜ ਪਦਾਰਥਵਾਦੀ ਦ੍ਰਿਸ਼ਟੀਕੋਣ ਨੂੰ ਛੱਡ ਕੇ ਮਕਾਨਕੀ ਅਤੇ ਨਿਘਾਰਵਾਦੀ ਨਜ਼ਰੀਏ ਨਾਲ਼ ਭੌਤਿਕਵਾਦੀ ਸੰਸਾਰ ਨੂੰ ਗਤੀਹੀਣ ਬਣਾ ਦਿੰਦਾ ਹੈ ਅਤੇ ਭਾਵੇਂ ਇਹ ਗਤੀ ਨੂੰ ਸਵੀਕਾਰ ਵੀ ਕਰ ਲੈਣ, ਤਾਂ ਵੀ ਤਬਦੀਲੀ ਉਸ ਲਈ ਰੇਖਿਕ ਅਤੇ ਕ੍ਰਮਿਕ ਹੁੰਦੀ ਹੈ। ਡਾਕਿੰਸ ਨਾਸਤਿਕ ਹਨ ਅਤੇ ਨਾਸਤਿਕਤਾ ਦਾ ਪ੍ਰਚਾਰ ਕਰਦੇ ਹਨ, ਪਰ ਉਸਦਾ ਫ਼ਲਸਫ਼ਾ ਮਕੈਨੀਕਲ ਪਦਾਰਥਵਾਦੀ ਫ਼ਲਸਫ਼ਾ ਹੈ। ਜੀਨ ਰਾਹੀਂ ਇਨਸਾਨ ਦੇ ਗੁਣਾਂ ਦਾ ਤਹਿ ਹੋਣਾ ਕਹਿ ਕਿ ਅਸਲ ਵਿੱਚ ਉਹ ਨਿਘਾਰਵਾਦ ਦਾ ਸਹਾਰਾ ਲੈਂਦੇ ਹਨ ਅਤੇ ਸਮਾਜ ਦੀਆਂ ਬੁਰਾਈਆਂ ਅਤੇ ਚੰਗਿਆਈਆਂ ਨੂੰ ਜੀਨਾਂ ਰਾਹੀਂ ਦਰਸਾਂਉਂਦੇ ਹਨ। ਮਤਲਬ (ਸੁਆਰਥੀ) ਜੀਨਾਂ ਰਾਹੀਂ ਉਹ ਸੋਸ਼ਲ ਡਾਰਵਿਨਵਾਦ ਦੇ ਨਵੇਂ ਸੰਸਕਰਣ ਪੇਸ਼ ਕਰਦੇ ਹਨ, ਮੌਜੂਦਾ ਪ੍ਰਣਾਲੀ ਵਿੱਚ ਅਸਮਾਨਤਾ ਨੂੰ ਜਾਇਜ਼ ਠਹਿਰਾਉਂਦੇ ਹਨ। ਇਸ ਦੇ ਨਾਲ਼ ਹੀ, ਡਾਰਵਿਨ ਦੀ ਜੋ ਵਿਆਖਿਆ ਉਹ ਪੇਸ਼ ਕਰਦੇ ਹਨ, ਛਲਾਂਗ ਰਾਹੀਂ ਵਿਕਾਸ ਦੀ ਬਜਾਏ ਕ੍ਰਮ ਵਿਕਾਸ (ਭਾਵ ਧੀਮੀਂ ਗਤੀ ਨਾਲ਼) ਨੂੰ ਮੰਨਦੇ ਹਨ। ਆਪਣੇ ਆਪ ਨੂੰ ਕੁਦਰਤੀ ਦਾਰਸ਼ਨਿਕ ਅਖਵਾਉਣ ਵਾਲੇ ਡਾਕਿਨਜ਼ ਵਰਗੇ ਕਈ ਮੂਰਖ਼ ਪਦਾਰਥਵਾਦੀ ਹਨ, ਜੋ ਵਿਗਆਨ ਦੀ ਦੁਨੀਆਂ ਵਿੱਚ ਲਗਾਤਾਰ ਧੁੰਦ ਫੈਲਾ ਰਹੇ ਹਨ। ਇਹ ਇੱਕ ਆਮ ਵਰਤਾਰਾ ਹੈ।
ਅੱਜ ਫਿਰ ਵਿਗਿਆਨ ਵਿੱਚ ਰਹੱਸਵਾਦੀ ਅਗਿਆਤ, ਦੇਵ ਸ਼ਕਤੀਆਂ ਦੀ ਵਾੜਨ ਨਾਲ਼ ਵਿਗਿਆਨੀ ਅੰਨ੍ਹੇ ਰਾਹਾਂ ਵਿੱਚ ਭਟਕ ਰਹੇ ਹਨ। ਉਥੇ ਸਮਾਜਿਕ ਅਸਮਾਨਤਾ ਨੂੰ ਵਿਗਿਆਨਕ ਸਿਧਾਂਤਾਂ ਨਾਲ ਢੱਕਣ ਦੇ ਵੀ ਯਤਨ ਕੀਤੇ ਜਾ ਰਹੇ ਹਨ। ਇਹ ਬੁਰਜੂਆ ਵਿਚਾਰਧਾਰਾ ਦਾ ਵੀ ਸੰਕਟ ਹੈ, ਜਿਸ ਨੂੰ ਡਾਕਿੰਸ ਅਤੇ ਜ਼ਵਿੰਗਰ ਵਰਗੇ ਲੋਕ ਪ੍ਰਗਟ ਕਰਦੇ ਹਨ। ਮਾਨਸਿਕ ਕਿਰਤ ਅਤੇ ਸਰੀਰਕ ਕਿਰਤ ਦੇ ਵਿਚਕਾਰ ਵੀ ਇਤਿਹਾਸਕ ਪਾੜਾ, ਗਿਆਨ ਅਤੇ ਅਭਿਆਸ ਵਿੱਚ ਪਾੜਾ ਵਿਗਿਆਨਕ ਜਗਤ ਵਿੱਚ ਭਰਮ ਭਰੇ ਫ਼ਲਸਫ਼ਿਆਂ ਦਾ ਪ੍ਰਗਟਾਅ ਹਾਕਮ ਜਮਾਤ ਦੀ ਚੇਤੰਨ ਕੋਸ਼ਿਸ਼ ਦਾ ਨਤੀਜਾ ਹਨ। ਨਜ਼ਰੀਏ ਦਾ ਇਹ ਅੰਨ੍ਹਾਪਣ ਵਿਗਿਆਨੀਆਂ ਨੂੰ ਬੰਦ ਦਰਵਾਜ਼ਿਆਂ ‘ਤੇ ਆਪਣਾ ਸਿਰ ਮਾਰਨ ਲਈ ਮਜਬੂਰ ਕਰਦਾ ਹੈ। ਦੂਜੇ ਪਾਸੇ, ਵਿਗਿਆਨ ਢਾਂਚਾਗਤ ਡੈੱਡਲਾਕ ਦਾ ਸ਼ਿਕਾਰ ਹੈ। ਇਸ ਪਿੱਛੇ ਮੂਲ ਕਾਰਨ ਵਿਚਾਰਧਾਰਕ ਅੰਨ੍ਹਾਪਣ ਨਹੀਂ ਸਗੋਂ ਢਾਂਚਾਗਤ ਸੰਕਟ ਹੈ। ਵੱਡੀਆਂ ਖੋਜ ਸੰਸਥਾਵਾਂ ਤੋਂ ਲੈ ਕੇ ਕਾਲਜਾਂ ਤੱਕ, ਵਿਗਿਆਨ ਵਿੱਚ ਨਿਵੇਸ਼ ਕਰਨਾ ਮੁਨਾਫ਼ੇ ‘ਤੇ ਅਧਾਰਤ ਹੈ। ਖੋਜ ਵੀ ਮੁਨਾਫ਼ੇ ਦੀ ਸ਼ਰਤ ‘ਤੇ ਕੀਤੀ ਜਾਂਦੀ ਹੈ। ਵਿਗਿਆਨ ਪੂੰਜੀ ਦੀ ਪੂਛ ਫੜ ਕੇ ਚੱਲਣ ਲਈ ਮਜਬੂਰ ਹੈ। ਦੂਜੇ ਪਾਸੇ, ਮੁਨਾਫ਼ਾ ਅਧਾਰਤ ਪ੍ਰਣਾਲੀ ਯੁੱਧਾਂ ਨੂੰ ਜਨਮ ਦਿੰਦੀ ਹੈ, ਜਿਸ ਵਿੱਚ ਵਿਗਿਆਨ, ਆਪਣੇ-ਆਪ ਵਿੱਚ ਇੱਕ ਉਤਪਾਦਕ ਸ਼ਕਤੀ, ਸੰਸਾਰ ਦੇ ਹਰ ਕੋਨੇ ਵਿੱਚ ਪੈਦਾਵਾਰੀ ਸ਼ਕਤੀਆਂ ਨੂੰ ਤਬਾਹ ਕਰਦੀ ਹੈ। ਇਨ੍ਹਾਂ ਦੋਵਾਂ ਕਾਰਨਾਂ ਕਰਕੇ ਵਿਗਿਆਨ ਜਗਤ ਸੰਕਟ ਦਾ ਸ਼ਿਕਾਰ ਹੈ।
ਵਿਗਿਆਨੀਆਂ ਦਾ ਭੁਲੇਖਾ ਮੀਡੀਆ ਚੈਨਲਾਂ ਅਤੇ ਪ੍ਰਸਿੱਧ ਪਲਪ ਫਿਕਸ਼ਨ ਦੇ ਰੂਪ ਵਿੱਚ ਆਮ ਲੋਕਾਂ ਦੀ ਮਾਨਸਿਕਤਾ ‘ਤੇ ਇੱਕ (ਟਰਿਕਲ ਡਾਊਨ) ਪ੍ਰਭਾਵ ਛੱਡਦੇ ਹਨ। ਭਾਰਤ ਵਰਗੇ ਉੱਤਰ-ਬਸਤੀਵਾਦੀ ਪੱਛੜੇ ਪੂੰਜੀਵਾਦੀ ਦੇਸ਼ ਵਿੱਚ ਇਹ ਵਰਤਾਰਾ ਵਧੇਰੇ ਸਪੱਸ਼ਟ ਰੂਪ ਵਿੱਚ ਵੇਖਣ ਨੂੰ ਮਿਲਦਾ ਹੈ। ਭਾਰਤ ਵਰਗੇ ਸਮਾਜਾਂ ਵਿੱਚ, ਜਗੀਰੂ ਕਦਰਾਂ-ਕੀਮਤਾਂ ਦੇ ਅਵਸ਼ੇਸ਼ ਅਜੇ ਵੀ ਬਰਕਰਾਰ ਹਨ ਅਤੇ ਉਹਨਾਂ ਦਾ ਪੂੰਜੀਵਾਦੀ ਪ੍ਰਣਾਲੀ ਨੇ ਆਰਟੀਕਿਉਲੈਸ਼ਨ ਕੀਤਾ ਹੈ। ਪਖੰਡ ਅਤੇ ਅੰਧਵਿਸ਼ਵਾਸ ਸਾਡੇ ਸਮਾਜ ਦੇ ਕੋਨੇ-ਕੋਨੇ ਵਿੱਚ ਫੈਲਿਆ ਹੋਇਆ ਹੈ। ਇਸਰੋ ਤੋਂ ਲੈ ਕੇ ਵੱਡੀਆਂ ਖੋਜ ਸੰਸਥਾਵਾਂ ਤੱਕ, ਵਿਗਿਆਨੀ ਅੰਧਵਿਸ਼ਵਾਸੀ ਹਨ। ਅੱਜ ਭਾਰਤ ਦੀ ਸੱਤਾ ‘ਤੇ ਬੈਠੇ ਸੰਘੀ ਸੋਸ਼ਲ ਮੀਡੀਆ, ਗੋਦੀ ਮੀਡੀਆ, ਬਸਤੀਆਂ ਤੋਂ ਲੈ ਕੇ ਵਿਗਿਆਨਕ ਮੰਚਾਂ ਤੱਕ ਅੰਧਵਿਸ਼ਵਾਸ ਫੈਲਾ ਰਹੇ ਹਨ ਅਤੇ ਭਾਰਤ ਦੇ ਰੀੜ੍ਹਹੀਣ ਵਿਗਿਆਨੀਆਂ ਦੀ ਜਮਾਤ ਸਿਰਫ਼ ਕਾਗਜ਼ੀ ਵਿਰੋਧ ‘ਤੇ ਚੁੱਪ ਧਾਰੀ ਬੈਠੇ ਹਨ।
ਇਸ ਲੇਖ ਨੂੰ ਲਿਖਣ ਦਾ ਮਕਸਦ ਇਹ ਪ੍ਰਗਟ ਕਰਨਾ ਹੈ ਕਿ ਵਿਗਿਆਨਕ ਸੰਸਾਰ ਜਗਤ ਵਿੱਚ ਇੱਕ ਵਿਚਾਰਧਾਰਕ ਧੁੰਦ ਮੌਜੂਦ ਹੈ ਜਿਸ ਨੂੰ ਦੂਰ ਕਰਨ ਦੀ ਲੋੜ ਹੈ। ਇਸ ਲੇਖ ਰਾਹੀਂ ਅਸੀਂ ਧਰਤੀ ਉੱਤੇ ਜੀਵਨ ਦੀ ਉਤਪਤੀ ਅਤੇ ਵਿਕਾਸ ਬਾਰੇ ਦਵੰਦਵਾਦੀ ਪਦਾਰਥਵਾਦੀ ਸਥਿਤੀ ਪੇਸ਼ ਕਰਾਂਗੇ। ਇਹ ਸਵਾਲ ਕਿ ਧਰਤੀ ਉੱਤੇ ਜੀਵਨ ਦੀ ਉਤਪੱਤੀ ਕਿਵੇਂ ਹੋਈ, ਇਹ ਨਾ ਸਿਰਫ਼ ਵਿਗਿਆਨ ਦਾ ਸਵਾਲ ਹੈ, ਸਗੋਂ ਇਹ ਫ਼ਲਸਫ਼ੇ ਦੀ ਦੁਨੀਆਂ ਵਿੱਚ ਹੋਂਦ ਦੇ ਮੀਮਾਂਸਾ ਦੇ ਸਵਾਲ ‘ਤੇ ਵੀ ਸਹੀ ਪਹੁੰਚ ਬਣਾਉਂਦਾ ਹੈ। ਧਰਤੀ ਉੱਤੇ ਜੀਵਨ ਦੀ ਉਤਪੱਤੀ ਦਾ ਜਵਾਬ ਕੇਵਲ ਪਦਾਰਥਵਾਦੀ ਫ਼ਲਸਫ਼ੇ ਦੁਆਰਾ ਹੀ ਦਿੱਤਾ ਜਾ ਸਕਦਾ ਹੈ। ਵਿਗਾਸ ਅਤੇ ਮਨੁੱਖ ਦੀ ਉਤਪਤੀ ਦੇ ਕੁੱਝ ਸਵਾਲ ਤੇ ਅੱਜ ਵੀ ਬਹਿਸਾਂ ਚੱਲ ਰਹੀਆਂ ਹਨ। ਇਹ ਕੁਦਰਤੀ ਹੀ ਹੈ, ਵਿਗਿਆਨ ਦੇ ਸਾਹਮਣੇ ਹਮੇਸ਼ਾਂ ਇੱਕ ਹੋਰੀਜਨ ਹੁੰਦੀ ਹੈ ਜਿਸ ਵਿੱਚ ਇਹ ਪ੍ਰਵੇਸ਼ ਕਰਦਾ ਹੈ ਅਤੇ ਨਵੇਂ ਸਵਾਲਾਂ ਅਤੇ ਸ਼ੰਕਿਆਂ ਦਾ ਹੋਰੀਜਨ ਵਿਗਿਆਨ ਦੀ ਤਰੱਕੀ ਦੇ ਨਾਲ਼ ਅੱਗੇ ਵੱਧ ਜਾਂਦਾ ਹੈ। ਇਹੀ ਉਸਦਾ ਦਵੰਦਵਾਦ ਹੈ। ਪਰ ਅੱਜ ਵਿਗਿਆਨ ਦੀਆਂ ਹਾਸਲ ਪ੍ਰਾਪਤੀਆਂ ‘ਤੇ ਵੀ ਧੂੜ ਦੀ ਪਰਤ ਚੜ੍ਹਾਈ ਜਾ ਰਹੀ ਹੈ ਅਤੇ ਅਜਿਹੀ ਸਥਿਤੀ ਵਿੱਚ ਇਹ ਇੱਕ ਮਹੱਤਵਪੂਰਨ ਕੰਮ ਬਣ ਜਾਂਦਾ ਹੈ ਕਿ ਇਸਨੂੰ ਗੁਆਇਆ ਨਹੀਂ ਜਾਣਾ ਚਾਹੀਦਾ। 19ਵੀਂ ਸਦੀ ਵਿੱਚ ਹੱਲ ਹੋ ਚੁੱਕੇ ਸਵਾਲਾਂ ਉੱਤੇ ਦਾਰਸ਼ਨਿਕ ਚਾਸ਼ਨੀ ਲਪੇਟ ਕੇ ਨਵੀਆਂ ਰਹੱਸਵਾਦੀ ਚਰਚਾਵਾਂ ਹੋ ਰਹੀਆਂ ਹਨ। 19ਵੀਂ ਸਦੀ ਵਿੱਚ ਲਾਇਲ ਦੀ ਭੂ-ਵਿਿਗਆਨ ਦੀ ਖੋਜ, ਡਾਰਵਿਨ ਦੀ ਬੀਗਲ ਜਹਾਜ਼ ਦੀ ਯਾਤਰਾ ਅਤੇ ਹੇਗੇਲ ਦੁਆਰਾ ਧਾਰਮਿਕ ਕਰਮ-ਕਾਂਡਾ ਦੀ ਬਕਵਾਸ ਦਾ ਵਿਰੋਧ – ਇਹ ਉਹ ਸਮਾਂ ਹੈ ਜਦੋਂ ਆਧੁਨਿਕ ਜੀਵ ਵਿਗਿਆਨ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਪਹਿਲੀਆਂ ਸਦੀਆਂ ਵਿੱਚ ਕੋਪਰਨਿਕਸ, ਗੈਲੀਲੀਓ, ਨਿਊਟਨ ਅਤੇ ਹੋਰਾਂ ਨੇ ਬ੍ਰਹਿਮੰਡ ਵਿੱਚ ਤਾਰਿਆਂ, ਗਲੈਕਸੀਆਂ ਬਾਰੇ ਸਮਝਦਾਰੀ ਸਾਫ਼ ਕੀਤੀ ਸੀ। ਸਾਰੇ ਭੌਤਿਕ ਸੰਸਾਰ ਦੇ ਹੋਂਦ ਵਿੱਚ ਆਉਣ ਅਤੇ ਲਗਾਤਾਰ ਲੰਘਣ ਦੀ ਇੱਕ ਪ੍ਰਕਿਰਆ ਵਜੋਂ ਦਰਸਾਇਆ ਜਾ ਰਿਹਾ ਸੀ। ਵਿਗਿਆਨ ਨੇ ਸੈੱਲ ਦੀ ਖੋਜ, ਊਰਜਾ ਦੇ ਪਰਿਵਰਤਨ ਤੋਂ ਵਿਕਾਸ ਦੀ ਖੋਜ ਰਾਹੀਂ ਕੁਦਰਤ ਦੀ ਦਵੰਦਵਾਦ ਨੂੰ ਪ੍ਰਮਾਣਿਤ ਕੀਤਾ। ਪਥਰਾਟ ਦਾ ਅਧਿਐਨ ਅਤੇ ਜੀਵਨ ਰੂਪਾਂ ਦਾ ਅਧਿਐਨ 19ਵੀਂ ਸਦੀ ਵਿੱਚ ਵਿਕਸਤ ਹੁੰਦਾ ਹੈ ਅਤੇ ਮਨੁੱਖਾਂ ਨੇ ਆਪਣੇ ਮੂਲ ਬਾਰੇ ਪਹਿਲੀ ਵਾਰ ਵਿਗਿਆਨਕ ਦ੍ਰਿਸ਼ਟੀਕੋਣ ਪ੍ਰਾਪਤ ਕਰਦਾ ਹੈ।

ਵਿਕਾਸ ਅਤੇ ਜੀਵਨ ਦਾ ਮੂਲ
ਮਨੁੱਖੀ ਪ੍ਰਜਾਤੀ ਹੋਮੋ-ਸੇਪੀਅਨਸ ਸਮੇਤ ਸਾਰੀਆਂ ਪ੍ਰਜਾਤੀਆਂ ਵਿਕਸਿਤ ਹੋ ਰਹੀਆਂ ਹਨ। ਮਨੁੱਖ ਜਿਸ ਪ੍ਰਜਾਤੀ ਤੋਂ ਪੈਦਾ ਹੋਇਆ ਉਹ ਹੁਣ ਅਲੋਪ ਹੋ ਚੁੱਕੀ ਹੈ। ਜੀਵ-ਵਿਗਆਨ ਵਿੱਚ ਪਹਿਲੀਆਂ ਸਾਰੀਆਂ ਜਾਤੀਆਂ ਅਲੋਪ ਹੋ ਗਈਆਂ ਹਨ ਅਤੇ ਅੱਜ ਦਾ ਜੀਵ ਜਗਤ ਪਹਿਲਾਂ ਵਰਗਾ ਨਹੀਂ ਹੈ। ਵਾਇਰਸਾਂ, ਬੈਕਟੀਰੀਆ, ਲੰਗੂਰਾਂ ਤੋਂ ਲੈ ਕੇ ਕੇਕੜਿਆਂ ਤੱਕ, ਸਾਰੀਆਂ ਪ੍ਰਜਾਤੀਆਂ ਪਹਿਲਾਂ ਦੀਆਂ ਪ੍ਰਜਾਤੀਆਂ ਤੋਂ ਵਿਕਸਿਤ ਹੋ ਕੇ ਹੋਂਦ ਵਿੱਚ ਆਈਆਂ ਹਨ, ਕਈ ਪ੍ਰਜਾਤੀਆਂ ਇੱਕ ਹੀ ਪ੍ਰਜਾਤੀ ਤੋਂ ਪੈਦਾ ਹੋਈਆਂ ਹਨ, ਜਿਵੇਂ ਇੱਕ ਰੁੱਖ ਦੇ ਤਣੇ ਵਿੱਚੋਂ ਕਈ ਸ਼ਾਖਾਵਾਂ ਨਿਕਲਦੀਆਂ ਹਨ। ਸਮੁੰਦਰ ਦੀ ਡੂੰਘਾਈ ਤੋਂ ਲੈ ਕੇ ਮਾਰੂਥਲ ਦੀ ਤਪਸ਼ ਤੱਕ ਜੀਵਨ ਆਪਣੀ ਵਿਭੰਨਤਾ ਨਾਲ਼ ਮੌਜੂਦ ਹੈ। ਜੀਵਨ ਦੀ ਇਸ ਵਿਭੰਨਤਾ ਦੀ ਇਕਾਈ ਪ੍ਰਜਾਤੀਆਂ ਹਨ। ਇੱਕੋ ਪ੍ਰਜਾਤੀ ਦੇ ਜੀਵਾਂ ਵਿੱਚ ਅੰਤਰ ਵੀ ਮੌਜੂਦ ਹਨ, ਜਦੋਂ ਕਿ ਸਮਾਨਤਾ ਅਨੂੰਵਸ਼ਿਕਤਾ ਦੇ ਕਾਰਨ ਦਿਖਦੀ ਹੈ। ਸਮਾਨਤਾ ਅਤੇ ਅੰਤਰ ਦਾ ਟਕਰਾਅ ਅਨੁਵੰਸ਼ਿਕਤਾ ਅਤੇ ਅਨੁਕੂਲਤਾ ਦੇ ਦਵੰਧ ਵਜੋਂ ਉਭਰਦਾ ਹੈ। ਅੱਜ ਨਵੀਆਂ ਪ੍ਰਜਾਤੀਆਂ ਦੇ ਨਾਲ਼-ਨਾਲ਼ ਧਰਤੀ ‘ਤੇ ਬਹੁਤ ਸਾਰੀਆਂ ਅਜਿਹੀਆਂ ਪ੍ਰਜਾਤੀਆਂ ਹਨ ਜੋ ਬਹੁਤ ਪੁਰਾਣੀਆਂ ਹਨ ਅਤੇ ਕਈ ਪ੍ਰਜਾਤੀਆਂ ਦੀਆਂ ਕਿਸਮਾਂ ਅਲੋਪ ਹੋ ਚੁੱਕੀਆਂ ਹਨ। ਲਹਿਰਾਂ ਵਿੱਚ ਵਹਿਣ ਵਾਲ਼ੇ ਸਮੁੰਦਰੀ ਸ਼ੈੱਲਾਂ ਤੋਂ ਲੈ ਕੇ, ਜੈਲੀਫਿਸ਼ ਦੀਆਂ ਵੱਖ-ਵੱਖ ਕਿਸਮਾਂ ਤੋਂ ਲੈ ਕੇ ਚਿੜੀਆਂ, ਗਿਰਗਿਟ ਅਤੇ ਮਾਰੂਥਲ ਦੇ ਕੈਕਟਸ ਵੱਖ-ਵੱਖ ਕੁਦਰਤੀ ਸਥਿਤੀਆਂ ਵਿੱਚ ਰਹਿੰਦੇ ਹਨ ਅਤੇ ਇਹ ਆਪਣੀ ਪ੍ਰਸਥਿਤੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਹਨ। ਜੀਵਨ ਦੇ ਵਿਕਾਸ ਦੌਰਾਨ ਹੀ ਮਨੁੱਖ ਦਾ ਉਭਾਰ ਹੋਇਆ, ਜਿਸਦਾ ਦਿਮਾਗ਼ ਉਸਨੂੰ ਦੂਜੀਆਂ ਪ੍ਰਜਾਤੀਆਂ ਨਾਲੋਂ ਵੱਖਰਾ ਕਰਦਾ ਹੈ। ਕਿਰਤ ਦੀ ਪ੍ਰਕਿਰਿਆ ਰਾਹੀਂ ਮਨੁੱਖ ਨੇ ਵਾਤਾਵਰਣ ਅਤੇ ਆਪਣੇ ਭੌਤਿਕ ਪ੍ਰਭਾਵ ਨੂੰ ਸਮਝਿਆ ਅਤੇ ਚੇਤੰਨ ਰੂਪ ਵਿੱਚ ਇਸ ਨੂੰ ਵਰਤਿਆ ਹੈ। ਜੀਵਨ ਦੀ ਅੰਦਰੂਨੀ ਗਤੀ ਨੂੰ ਉਸਦਾ ਵਾਤਾਵਰਨ (ਜੋ ਕਿ ਬਹੁਤ ਗੁੰਝਲਦਾਰ ਅਤੇ ਨਿਰੰਤਰ ਪਰਿਵਰਤਨਸ਼ੀਲ ਹੈ) ਪ੍ਰਭਾਵਿਤ ਕਰਦਾ ਹੈ ਅਤੇ ਬਦਲੇ ਵਿੱਚ ਜੀਵਨ ਇਸ ਬਾਹਰੀ ਸੰਸਾਰ ਨੂੰ ਪ੍ਰਭਾਵਿਤ ਕਰਦਾ ਹੈ। ਜੀਵ ਜਗਤ ਦੀਆਂ ਸਾਰੀਆਂ ਪ੍ਰਜਾਤੀਆਂ ਵਿੱਚੋਂ ਮਨੁੱਖ ਨਾਂ ਸਿਰਫ਼ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਜਿਸ ਤਰ੍ਹਾਂ ਉਹ ਕੁਦਰਤ ਨੂੰ ਬਦਲਦਾ ਅਤੇ ਪ੍ਰਭਾਵਿਤ ਕਰਦਾ ਹੈ, ਕੋਈ ਹੋਰ ਜੀਵ ਅਜਿਹਾ ਨਹੀਂ ਕਰ ਸਕਦਾ। ਇਸ ਦਾ ਅਰਥ ਹੈ ਕਿ ਸਿਰਫ਼ ਮਨੁੱਖ ਹੀ ਹੈ ਜੋ ਅਸਲ ਵਿੱਚ ਵਾਤਾਵਰਣ ਨੂੰ ਉਲਟਾ ਪ੍ਰਭਾਵਿਤ ਕਰਦਾ ਹੈ ਜਦੋਂ ਕਿ ਹੋਰ ਜੀਵ ਆਪਣੇ ਆਪ ਨੂੰ ਵਾਤਾਵਰਣ ਅਨੁਸਾਰ ਢਾਲ਼ਦੇ ਹਨ। ਉਂਝ ਵੇਖਿਆ ਜਾਵੇ ਤਾਂ ਬਹੁਤ ਹੀ ਸੂਖ਼ਮ ਪੱਧਰ ‘ਤੇ ਹਰ ਜੀਵ ਆਪਣੇ ਵਾਤਾਵਰਣ ਨੂੰ ਜੈਵਿਕ ਤੌਰ ‘ਤੇ ਪ੍ਰਭਾਵਿਤ ਕਰਦਾ ਹੈ, ਉਦਾਹਰਣ ਵਜੋਂ, ਮੱਕੜੀਆਂ ਜਾਲ਼ ਬਣਾਉਂਦੀਆਂ ਹਨ, ਪੰਛੀ ਆਲ੍ਹਣੇ ਬਣਾਉਂਦੇ ਹਨ ਅਤੇ ਊਦਬਿਲਾਉ ਬੰਨ ਬਣਾਉਂਦੇ ਹਨ। ਪਰ ਇਹ ਉਨ੍ਹਾਂ ਦੀਆਂ ਕੁਦਰਤੀ ਜੈਵਿਕ ਕਿਰਿਆਵਾਂ ਹਨ ਅਤੇ ਉਹ ਇਸ ਲਈ ਸਚੇਤਨ ਯੋਜਨਾਵਾਂ ਨਹੀਂ ਬਣਾਉਂਦੇ। ਪਰ ਮਨੁੱਖ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਮਨ ਵਿੱਚ ਉਸ ਕੰਮ ਦੀ ਕਲਪਨਾ ਕਰਦਾ ਹੈ ਅਤੇ ਫਿਰ ਉਸ ਨੂੰ ਪੂਰਾ ਕਰਦਾ ਹੈ। ਇਹਨਾਂ ਅਰਥਾਂ ਵਿੱਚ ਮਨੁੱਖ ਜੀਵ ਜਗਤ ਦੀ ਇੱਕ ਖ਼ਾਸ ਪ੍ਰਜਾਤੀ ਬਣ ਜਾਂਦਾ ਹੈ। ਪਰ ਮਨੁੱਖ ਅਤੇ ਉਸਦਾ ਸਮਾਜ ਕੁਦਰਤ ਦਾ ਵਿਸਤਾਰ ਹੈ। ਡਾਰਵਿਨ ਨੇ ਮਨੁੱਖਾਂ ਅਤੇ ਹੋਰ ਜੀਵਾਂ ਦੇ ਉਹਨਾਂ ਦੇ ਵਾਤਾਵਰਣ ਨਾਲ ਸਬੰਧਾਂ ਨੂੰ ਮਸ਼ੀਨੀ ਢੰਗ ਨਾਲ਼ ਦੱਸਿਆ। ਉਸ ਅਨੁਸਾਰ, ਕੁਦਰਤ ਜੀਵ ਦੀ ਕੁਦਰਤੀ ਚੋਣ ਕਰਦੀ ਹੈ, ਪਰ ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਜੀਵ ਵੀ, ਵਾਤਾਵਰਣ ਨੂੰ ਪ੍ਰਭਾਵਿਤ ਕਰਕੇ ਉਸ ਦੀ ਇੱਕ ਤਰ੍ਹਾਂ ਨਾਲ਼ ਚੋਣ ਕਰਦਾ ਹੈ ਡਾਰਵਿਨ ਤੋਂ ਪਹਿਲਾਂ, ਜੀਵ-ਵਿਗਆਨ ਨੂੰ ਕੇਵਲ ਧਰਮ ਸ਼ਾਸਤਰ ਦੇ ਨਿਰੀਖਣ ਅਧੀਨ ਹੀ ਸਮਝਿਆ ਜਾਂਦਾ ਸੀ।
ਸਾਰੇ ਧਰਮਾਂ ਦੇ ਧਰਮ-ਗ੍ਰੰਥਾਂ ਵਿਚ ਜੀਵਨ ਦੀ ਉਤਪੱਤੀ ਨੂੰ ਰੱਬੀ ਕਾਰਨਾਮਾ ਕਿਹਾ ਗਿਆ ਹੈ। ਪਰ ਇਹ ਸਮਝ 19ਵੀਂ ਸਦੀ ਦੇ ਅੰਤ ਤੱਕ ਬਦਲ ਗਈ। ਵਿਗਿਆਨੀ ਇਸ ਗੱਲ ‘ਤੇ ਸਹਿਮਤ ਸਨ ਕਿ ਜੀਵਨ ਦੀ ਹੋਂਦ ਤੋਂ ਪਹਿਲਾਂ ਕੁਦਰਤ ਦੀ ਹੋਂਦ ਸੀ। ਪਾਸਚਰ ਤੋਂ ਲੈ ਕੇ ਹਕਸਲੇ ਅਤੇ ਹੇਗੇਲ ਦੁਆਰਾ ਜੀਵ ਵਿਗਿਆਨ ਦੀ ਸਥਾਪਨਾ ਕੀਤੀ ਜਾ ਰਹੀ ਸੀ। ਲਾਇਲ ਨੇ ਭੂ-ਵਿਗਆਨ ਦੀ ਨੀਂਹ ਰੱਖੀ, ਜਿਸ ਨੇ ਜੀਵ ਵਿਗਿਆਨ ਲਈ ਰਾਹ ਖੋਲ੍ਹਣ ਦਾ ਕੰਮ ਕੀਤਾ। ਧਰਤੀ ਦੀਆਂ ਸਤਹਾਂ ਅਤੇ ਪਰਤਾਂ ਦੇ ਗਠਨ ਅਤੇ ਖ਼ਤਮ ਹੋਣ ਦੀ ਵਿਗਿਆਨਕ ਪ੍ਰਕਿਰਆ ਨੇ ਜੀਵਨ ਦੀ ਉਤਪੱਤੀ ਦੇ ਸਿਧਾਂਤਾਂ ਦੀ ਬੁਨਿਆਦ ਵਜੋਂ ਕੰਮ ਕੀਤਾ। ਪਹਿਲਾਂ ਜੀਵਨ ਰੂਪਾਂ ਨੂੰ ਸਥਿਰ ਮੰਨਿਆ ਜਾਂਦਾ ਸੀ। ਇਸ ਨੂੰ ਲੈਮਾਰਕ ਅਤੇ ਡਾਰਵਿਨ ਸਮੇਤ 19ਵੀਂ ਸਦੀ ਦੇ ਕਈ ਵਿਗਿਆਨੀਆਂ ਨੇ ਚੁਣੌਤੀ ਦਿੱਤੀ । ਸਭ ਤੋਂ ਮਹੱਤਵਪੂਰਨ ਕਦਮ ਡਾਰਵਿਨ ਨੇ ਚੁੱਕਿਆ ਅਤੇ ਉਸਨੇ ਦਿਖਾਇਆ ਸੀ ਕਿ ਜੀਵਨ ਦੇ ਰੂਪ ਬਦਲਦੇ ਹਨ ਅਤੇ ਇਹ ਤਬਦੀਲੀ ਨਿਯਮਾਂ ਅਧੀਨ ਬੱਝੀ ਹੋਈ ਹੈ। ਡਾਰਵਿਨ ਨੇ ਹਰੇਕ ਪ੍ਰਜਾਤੀ ਵਿੱਚ ਅੰਤਰ ਦੇ ਨਾਲ਼-ਨਾਲ਼ ਇੱਕ ਪ੍ਰਜਾਤੀ ਦੇ ਜੀਵਾਂ ਵਿੱਚ ਅੰਤਰ ਦੀ ਰੂਪਰੇਖਾ ਦਿੱਤੀ। ਉਸ ਨੇ ਇਸ ਅੰਤਰ ਨੂੰ ਵਿੰਭਿਨਤਾ ਕਿਹਾ। ਜੀਵ ਅਤੇ ਉਸ ਦੇ ਬੱਚੇ ਵਿੱਚ ਇਹ ਘੱਟ ਹੁੰਦੀ ਹੈ, ਹਾਲਾਂਕਿ ਬੱਚਿਆਂ ਵਿੱਚ ਵੀ ਭਿੰਨਤਾਵਾਂ ਮੌਜੂਦ ਹੁੰਦੀਆਂ ਹਨ। ਇਸ ਨੂੰ ਅਨੁੰਵੰਸ਼ਿਕਤਾ ਕਿਹਾ ਜਾਂਦਾ ਹੈ ਜਿਸ ਰਾਹੀਂ ਜੀਵ ਆਪਣੇ ਗੁਣਾਂ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਂਦੇ ਹਨ। ਇਹ ਪ੍ਰਕਿਰਆ ਇੱਕ ਸੈਲੀ ਜੀਵਾਂ ਅਤੇ ਮਨੁੱਖਾਂ ਵਰਗੇ ਬਹੁ-ਸੈਲੀ ਜੀਵਾਂ ਵਿੱਚ ਵੀ ਵੱਖਰੀ ਤਰ੍ਹਾਂ ਵਾਪਰਦੀ ਹੈ। ਇਹ ਅਨੁੰਵੰਸ਼ਿਕਤਾ ਅਤੇ ਵਿੰਭਿਨਤਾ ਦਾ ਟਕਰਾਅ ਹੈ ਜੋ ਸਪੀਸੀਜ਼ ਦੇ ਵਿਸ਼ਾਲ ਗੁੰਝਲਦਾਰ ਝੁੰਡ ਦੇ ਵਿਕਾਸ ਨੂੰ ਨਿਯਮਾਂ ਵਿੱਚ ਬੰਨਦਾ ਹੈ।
ਡਾਰਵਿਨ ਨੇ ਵਾਤਾਵਰਨੀ, ਅੰਤਰਜਾਤੀ ਅਤੇ ਸਜਾਤੀ ਮੁਕਾਬਲੇ ਰਾਹੀਂ ਕੁਦਰਤੀ ਚੋਣ ਨੂੰ ਵਿਗਾਸ ਦਾ ਆਧਾਰ ਦੱਸਿਆ, ਜਿਸ ਦੇ ਅਨੁਸਾਰ ਪ੍ਰਜਾਤੀਆਂ ਵਿੱਚ ਹੌਲ਼ੀ-ਹੌਲ਼ੀ ਤਬਦੀਲੀਆਂ ਹੁੰਦੀਆਂ ਹਨ। ਹਾਲਾਂਕਿ ਅੱਜ ਇਹ ਸਿੱਧ ਹੋ ਗਿਆ ਹੈ ਕਿ ਤਬਦੀਲੀਆਂ ਸਿਰਫ਼ ਹੌਲ਼ੀ-ਹੌਲ਼ੀ ਨਹੀਂ ਹੁੰਦੀਆਂ, ਸਗੋਂ ਛਲਾਂਗ ਦੇ ਰੂਪ ਵਿੱਚ ਵੀ ਹੁੰਦੀਆਂ ਹਨ। ਇਸ ਦੇ ਨਾਲ਼ ਹੀ ਜੀਵਾਂ ਵਿਚਕਾਰ ਮੁਕਾਬਲਾ ਹੀ ਨਹੀਂ ਸਗੋਂ ਸਹਿਯੋਗ ਵੀ ਹੈ। ਡਾਰਵਿਨ ਦੀ ਵਿਆਖਿਆ ਦੇ ਅਨੁਸਾਰ, ਜੀਵ ਕੱਲੇ-ਕਹਿਰੇ ਨਹੀਂ ਹਨ ਪਰ ਸਮੂਹ ਅਤੇ ਹਰ ਕਿਸਮ ਦੇ ਆਪਸੀ ਸਬੰਧਾਂ ਦਾ ਇੱਕ ਵਿਸ਼ਾਲ ਤਾਣਾ-ਬਾਣਾ ਬਣਾਉਂਦੇ ਹਨ। ਹਾਂ, ਬੇਸ਼ੱਕ ਜੋ ਇਨ੍ਹਾਂ ਸਾਰੀਆਂ ਪ੍ਰਕਿਰਆਵਾਂ ਵਿਚ ਜ਼ਿਆਦਾ ‘ਫਿੱਟ’ ਹੁੰਦਾ ਹੈ, ਉਹ ਜਿਉਂਦਾ ਰਹਿੰਦਾ ਹੈ। ਅਸੀਂ ਡਾਰਵਿਨ ਦੀਆਂ ਕਮਜ਼ੋਰੀਆਂ ਦੀ ਚਰਚਾ ਅੱਗੇ ਕਰਾਂਗੇ । ਡਾਰਵਿਨ ਨੇ ਵਿਗਾਸ ਦੇ ਪਿੱਛੇ ਜੀਵਨ ਦੇ ਅੰਦਰੂਨੀ ਕਾਰਨ ਦਾ ਖੁਲਾਸਾ ਕੀਤਾ। ਉਸਦੇ ਅਨੁਸਾਰ, ਇੱਕ ਜੀਵ ਆਪਣੇ ਗੁਣਾਂ ਨੂੰ ਆਪਣੇ ਬੱਚਿਆਂ ਵਿੱਚ ਕੁੱਝ ਤਬਦੀਲੀਆਂ ਦੇ ਨਾਲ਼ ਦਿੰਦਾ ਹੈ। ਇਨ੍ਹਾਂ ਗੁਣਾਂ ਵਿੱਚ ਤਬਦੀਲੀ ਦੇ ਪਿੱਛੇ ਡਾਰਵਿਨ ਨੇ ਅਨੁੰਵੰਸ਼ਿਕੀ ਤੱਤ ਦੱਸੇ, ਜਿਨ੍ਹਾਂ ਦਾ ਆਪਸੀ ਮੇਲ-ਜੋਲ ਬੱਚਿਆਂ ਦੀਆਂ ਵਿਸ਼ੇਸ਼ਤਾਵਾਂ ਵਿੱਚ ਮਾਮੂਲੀ ਤਬਦੀਲੀਆਂ ਦਾ ਕਾਰਨ ਬਣਦਾ ਹੈ। ਅੱਜ ਜੀਵ ਵਿਗਿਆਨ ਇਸ ਬੁਨਿਆਦੀ ਸਮਝ ਤੋਂ ਅੱਗੇ ਵਿਕਸਤ ਹੋ ਚੁੱਕਾ ਹੈ। ਡਾਰਵਿਨ ਦੀਆਂ ਕਈ ਦਲੀਲਾਂ ਗਲਤ ਸਾਬਤ ਹੋਈਆਂ ਹਨ। ਡਾਰਵਿਨ ਵਿਗਾਸ ਦੇ ਪਿੱਛੇ ਚੱਲਣ ਵਾਲੀਆਂ ਸ਼ਕਤੀਆਂ ਨੂੰ ਸਮਝਣ, ਕਾਰਨ-ਸਬੰਧਾਂ ਨੂੰ ਸਮਝਣ ਅਤੇ ਕਾਰਜਪ੍ਰਣਾਲੀ ਵਿੱਚ ਸਮੁੱਚੇ ਤੌਰ ‘ਤੇ ਮਕੈਨਿਕੀ ਬਣੇ ਹੋਏ ਹਨ। ਪਰ ਡਾਰਵਿਨ ਦਾ ਯੋਗਦਾਨ ਇਹ ਸੀ ਕਿ ਉਸ ਨੇ ਜੀਵਨ ਦੇ ਵਿਕਾਸ ਵਿੱਚ ਕਿਸੇ ਦੈਵੀ ਸ਼ਕਤੀ ਲਈ ਦਰਵਾਜ਼ਾ ਹਮੇਸ਼ਾਂ ਲਈ ਬੰਦ ਕਰ ਦਿੱਤਾ।
ਮੈਂਡਲ ਨੇ ਡਾਰਵਿਨ ਤੋਂ ਅਗਲਾ ਕਦਮ ਚੁੱਕਿਆ। ਮੈਂਡਲ ਦੇ ਸਿਧਾਂਤ ਦੇ ਅਨੁਸਾਰ, ਕੋਈ ਜੀਵ ਆਪਣੀ ਔਲਾਦ ਨੂੰ ਜੋ ਸਰੀਰਕ ਗੁਣ (ਫਿਨੋਟਾਈਪ ਕਰੈਕਟਰਸਟਿੰਕ) ਦਿੰਦਾ ਹੈ ਉਹ ਜੀਨਾਂ ‘ਤੇ ਨਿਰਭਰ ਕਰਦਾ ਹੈ। ਮੈਂਡਲ ਨੇ ਡਾਰਵਿਨ ਦੀ ਇਸ ਧਾਰਨਾ ਨੂੰ ਗਲਤ ਸਾਬਤ ਕੀਤਾ ਕਿ ਜੈਨੇਟਿਕ ਗੁਣ ਪੈਨਗੇਨੇਸਿਸ ਦੁਆਰਾ ਬੱਚੇ ਵਿੱਚ ਜਾਂਦੇ ਹਨ। ਮੈਂਡਲ ਦੇ ਅਨੁਸਾਰ, ਇੱਕ ਜੀਨ ਦੀ ਪ੍ਰਕਿਰਤੀ ਕਣ ਵਰਗੀ ਹੁੰਦੀ ਹੈ ਅਤੇ ਹਰੇਕ ਵਿਅਕਤੀਗਤ ਜੀਨ ਇੱਕ ਵੱਖਰੇ ਗੁਣ ਦੀ ਵਿਆਖਿਆ ਕਰਦੀ ਹੈ। ਹਾਲਾਂਕਿ ਅੱਜ ਇਹ ਸੰਕਲਪ ਵਿਕਸਿਤ ਹੋ ਚੁੱਕਿਆ ਹੈ ਜਿਸ ‘ਤੇ ਅਸੀਂ ਅੱਗੇ ਆਵਾਂਗੇ। ਮੈਂਡਲ ਨੇ ਇਸ ਧਾਰਨਾ ਨੂੰ ਸਾਬਤ ਕਰਨ ਲਈ 8000 ਤੋਂ ਵੱਧ ਮਟਰ ਦੇ ਪੌਦਿਆਂ ’ਤੇ ਖੋਜ ਕੀਤੀ। 20ਵੀਂ ਸਦੀ ਵਿੱਚ ਜੀਨਾਂ ਦੀ ਪਛਾਣ ਨੇ ਵਿੰਭਿਨਤਾ ਅਤੇ ਕੁਦਰਤੀ ਚੋਣ ਨੂੰ ਸਮਝਣ ਦਾ ਆਧਾਰ ਪ੍ਰਦਾਨ ਕੀਤਾ। ਜੈਨੇਟਿਕ ਸਿਧਾਂਤ ਜੋ ਮੁੱਖ ਤੌਰ ‘ਤੇ ਡਾਰਵਿਨ ਦੇ ਫਰੇਸਵਰਕ ਨੂੰ ਸ਼ਾਮਲ ਕਰਦਾ ਹੈ, ਨੂੰ ਆਧੁਨਿਕ ਸੰਸਲੇਸ਼ਣ ਕਿਹਾ ਜਾਂਦਾ ਹੈ। ਇਸ ਦੇ ਉਲਟ, ਆਧੁਨਿਕ ਵਿਸਤ੍ਰਿਤ ਈਵੇਲੂਸ਼ਨਰੀ ਸਿੰਥੇਸਿਸ ਦਾ ਸਿਧਾਂਤਕ ਢਾਂਚਾ ਵਿਗਾਸ ਦੀ ਵਧੇਰੇ ਸੰਤੁਲਿਤ ਵਿਆਖਿਆ ਪ੍ਰਦਾਨ ਕਰਦਾ ਹੈ। ਇਸ ਢਾਂਚੇ ਵਿੱਚ ਇੱਕ ਦਵੰਦਵਾਦੀ ਪ੍ਰਕਿਿਰਆ ਹੈ ਜਿੱਥੇ ਪ੍ਰਜਾਤੀਆਂ ਵਿੱਚ ਨਾਂ ਸਿਰਫ਼ ਹੌਲ਼ੀ-ਹੌਲ਼ੀ ਪ੍ਰਕਿਰਆ ਦੁਆਰਾ ਸਗੋਂ ਛਲਾਂਗ ਦੁਆਰਾ ਵੀ ਬਦਲਾਅ ਹੁੰਦੇ ਹਨ। ਅਸੀਂ ਲੇਖ ਦੇ ਤੀਜੇ ਭਾਗ ਵਿੱਚ ਡਾਰਵਿਨ, ਮੈਂਡੇਲ ਅਤੇ ਲੈਮਾਰਕ ਦੇ ਸੰਕਲਪਾਂ ਬਾਰੇ ਵਿਸਥਾਰ ਵਿੱਚ ਚਰਚਾ ਕਰਾਂਗੇ।
ਡਾਰਵਿਨ ਤੋਂ ਪਹਿਲਾਂ ਵੀ, ਲੈਮਾਰਕ ਨੇ ਕਿਹਾ ਕਿ ਪ੍ਰਜਾਤੀਆਂ ਦਾ ਵਿਗਾਸ ਹੁੰਦਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇੱਕ ਜੀਵ ਆਪਣੇ ਵਾਤਾਵਰਣ ਦੇ ਅਨੁਕੂਲ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਤਰ੍ਹਾਂ ਇੱਕ ਪ੍ਰਜਾਤੀ ਦੂਜੀ ਪ੍ਰਜਾਤੀ ਵਿੱਚ ਬਦਲ ਜਾਂਦੀ ਹੈ। ਜਿਵੇਂ ਜਿਰਾਫ਼ ਉੱਚੇ ਦਰੱਖਤ ਦੇ ਪੱਤੇ ਖਾਣ ਦੀ ਕੋਸ਼ਿਸ਼ ਕਰਦਾ ਹੈ, ਉਸਦੀ ਗਰਦਨ ਲੰਮੀ ਹੋ ਜਾਂਦੀ ਹੈ। ਇਹ ਤਬਦੀਲੀਆਂ ਜੋ ਕਿਸੇ ਜੀਵ ਨੇ ਗ੍ਰਹਿਣ ਕੀਤੀਆਂ ਹਨ ਸੰਤਾਨ ਵਿੱਚ ਚਲੀਆਂ ਜਾਂਦੀਆਂ ਹਨ। ਪਰ ਇੱਥੇ ਇੰਝ ਜਾਪਦਾ ਹੈ ਕਿ ਜਿਰਾਫ਼ ਦੀਆਂ ਆਪਣੀਆਂ ਕੋਸ਼ਿਸ਼ਾਂ ਅਤੇ ਹਾਲਾਤਾਂ ਨੇ ਉਸ ਨੂੰ ਢਾਲਿਆ ਹੈ। ਇਸ ਦੇ ਨਾਲ ਹੀ, ਉਹ ਜੀਵ ਜੋ ਕੋਸ਼ਿਸ਼ ਕਰ ਰਹੇ ਸਨ, ਉਨ੍ਹਾਂ ਦੀ ਔਲਾਦ ਵੀ ਵਾਤਾਵਰਣ ਵਿੱਚ ਵਧੇਰੇ ਫਿੱਟ ਹੋਣਗੀਆਂ। ਪਰ ਡਾਰਵਿਨ ਨੇ ਇਹ ਗਲਤ ਸਾਬਿਤ ਕੀਤਾ ਅਤੇ ਕਿਹਾ ਕਿ ਲੰਬੇ ਅਤੇ ਛੋਟੇ ਜਿਰਾਫ਼ ਵਿਭਿੰਨਤਾ ਦੇ ਕਾਰਨ ਹੁੰਦੇ ਹਨ ਅਤੇ ਕਿਉਂਕਿ ਸਿਰਫ਼ ਲੰਬੇ ਜਿਰਾਫ਼ ਹੀ ਪੱਤੇ ਤੱਕ ਪਹੁੰਚ ਸਕਦੇ ਸਨ, ਉਹ ਬਚ ਗਏ। ਡਾਰਵਿਨ ਇਸ ਬਹਿਸ ਵਿਚ ਮੁੱਖ ਤੌਰ ‘ਤੇ ਸਹੀ ਸਾਬਤ ਹੋਇਆ। ਡਾਰਵਿਨ ਦੇ ਸਿਧਾਂਤ ਅਨੁਸਾਰ, ਕਿਸੇ ਜੀਵ ਦੁਆਰਾ ਆਪਣੇ ਜੀਵਨ ਕਾਲ ਦੌਰਾਨ ਵਾਤਾਵਰਣ ਦੇ ਅਨੁਸਾਰ ਕੀਤੀਆਂ ਤਬਦੀਲੀਆਂ ਅਤੇ ਉਹ ਜੋ ਗੁਣ ਗ੍ਰਹਿਣ ਕਰਦਾ ਹੈ, ਉਸਦੀ ਸੰਤਾਨ ਨੂੰ ਨਹੀਂ ਜਾਂਦੇ। ਜੀਵਾਂ ਵਿੱਚ ਵਿਭੰਨਤਾ ਦਾ ਕਾਰਨ ਵੈਰੀਏਸ਼ਨ ਹੈ ਜੋ ਜੀਵ ਦੀਆਂ ਸਾਰੀਆਂ ਸੰਤਾਨਾ ਵਿੱਚ ਹੁੰਦਾ ਹੈ। ਅਸੀਂ ਇਹਨਾਂ ਦੇ ਕਾਰਨਾਂ ਬਾਰੇ ਬਾਅਦ ਵਿੱਚ ਵਿਸਥਾਰ ਵਿੱਚ ਚਰਚਾ ਕਰਾਂਗੇ। 1930 ਦੇ ਦਹਾਕੇ ਵਿੱਚ ਇਹ ਵਿਆਖਿਆ ਕੀਤੀ ਗਈ ਸੀ ਕਿ ਅਨੂੰਵਿਸ਼ਕਤਾਂ ਦੇ ਮੂਲ ਤੱਤ ਜੀਨ ਹਨ। ਜੀਵਨ ਦੀਆਂ ਹਰ ਪ੍ਰਜਾਤੀਆਂ ਦਾ ਹਰ ਜੀਵ ਇੱਕ ਦੂਜੇ ਨਾਲ ਵਧੇਰੇ ਸਮਾਨ ਹੈ ਅਤੇ ਕਿਸੇ ਹੋਰ ਪ੍ਰਜਾਤੀ ਦੇ ਜੀਵ ਨਾਲੋਂ ਵਧੇਰੇ ਵੱਖਰਾ ਹੈ। ਇਸ ਸਮਾਨਤਾ ਅਤੇ ਅੰਤਰ ਦਾ ਮਾਪਕ ਜੀਨ ਹੀ ਹੈ। ਇਨ੍ਹਾਂ ਸਮਾਨਤਾਵਾਂ ਅਤੇ ਅੰਤਰਾਂ ਦੀ ਏਕਤਾ ਜੀਵਨ ਦੀ ਵਿਆਖਿਆ ਕਰਦੀ ਹੈ। ਇਹ ਅੰਤਰ ਬਦਲਦੀਆਂ ਵਾਤਾਵਰਣਕ ਸਥਿਤੀਆਂ ਦੇ ਅਧੀਨ ਬਦਲਦੇ ਹੋਏ ਫਿਨੋਟਾਈਪ (ਭੌਤਿਕ ਵਿਸ਼ੇਸ਼ਤਾਵਾਂ ਦਾ ਕੁੱਲ ਸਮੂਹ) ‘ਤੇ ਨਿਰਭਰ ਕਰਦਾ ਹੈ, ਜੋ ਕਿ ਜੀਨੋਟਾਈਪ (ਜੈਨੇਟਿਕ ਜੀਨਾਂ ਦਾ ਕੁੱਲ ਸਮੂਹ) ਅਤੇ ਵਾਤਾਵਰਣ ਦੇ ਆਪਸੀ ਸਬੰਧਾਂ ‘ਤੇ ਨਿਰਭਰ ਕਰਦਾ ਹੈ। ਅਸੀਂ ਹੋਰ ਵਿਸਥਾਰ ਵਿੱਚ ਜੀਨੋਟਾਈਪ, ਫੀਨੋਟਾਈਪ ਦੇ ਅਰਥਾਂ ਦੀ ਵਿਆਖਿਆ ਕਰਾਂਗੇ। ਜੀਵਨ ਅਤੇ ਇਸਦੇ ਵਿਕਾਸ ਨੂੰ ਸਿਰਫ਼ ਡਾਰਵਿਨ ਅਤੇ ਮੈਂਡੇਲ ਦੇ ਸੰਕਲਪਾਂ ਦੇ ਫਰੇਮਵਰਕ ਅੰਦਰ ਸਮਝਿਆ ਨਹੀਂ ਜਾ ਸਕਦਾ ਹੈ।
ਜੇਕਰ ਵਰਤਮਾਨ ਸਮੇਂ ਵਿੱਚ ਕੁੱਝ ਚੀਜ਼ਾਂ ਨੂੰ ਸੰਖੇਪ ਵਿੱਚ ਦੱਸਿਆ ਜਾਵੇ, ਤਾਂ ਕਿਸੇ ਜੀਵ ਦੀਆਂ ਸਰੀਰਕ ਵਿਸ਼ੇਸ਼ਤਾਵਾਂ (ਫੀਨੋਟਾਈਪ) ਸਿਰਫ਼ ਜੀਨਾਂ ਦੁਆਰਾ ਨਿਰਧਾਰਤ ਨਹੀਂ ਕੀਤੀਆਂ ਜਾ ਸਕਦੀਆਂ । ਇਹ ਵਾਤਾਵਰਣ ਨਾਲ਼ ਪਰਸਪਰ ਪ੍ਰਭਾਵ ਵਿੱਚ ਵੀ ਆਪਣੇ ਗੁਣ ਪ੍ਰਾਪਤ ਕਰਦਾ ਹੈ, ਪਰ ਇਹ ਗੁਣ ਜੀਨੋਟਾਈਪ ਦੁਆਰਾ ਸੀਮਤ ਹਨ। ਇੱਕ ਗੁਣ ਦਾ ਪ੍ਰਗਟਾਵਾ ਗੁਣਾਤਮਕ ਤੌਰ ‘ਤੇ ਜੀਨ ਵਿੱਚ ਪ੍ਰਗਟ ਹੁੰਦਾ ਹੈ। ਗੁਣ ਨੂੰ ਮਾਤਰਾ ਵਿੱਚ ਦਰਸਾਇਆ ਜਾਂਦਾ ਹੈ ਅਤੇ ਮਾਤਰਾ ਗੁਣ ਵਿੱਚ ਬਦਲ ਜਾਂਦੀ ਹੈ। ਇੱਥੇ ਦਵੰਦਵਾਦ ਦਾ ਨਿਯਮ ਆਪਣੇ ਆਪ ਨੂੰ ਬਹੁਤ ਸਰਲ ਤਰੀਕੇ ਨਾਲ ਪ੍ਰਗਟ ਕਰਦਾ ਹੈ। ਇਹ ਵਾਪਰੇਗਾ ਹੀ। ਇਸ ਅੰਤਰਵਿਰੋਧ ਦੇ ਵਿਕਸਤ ਹੋਣ, ਉਸਦੇ ਤੀਬਰ ਹੋਣ ਅਤੇ ਇੱਕ ਨਵੇਂ ਵਿੱਚ ਪਰਿਵਰਤਨ ਦੀ ਪ੍ਰਕਿਰਿਆ ਨੂੰ ਸਮਝਣ ਲਈ, ਸਾਨੂੰ ਇਸ ਵਿਰੋਧਤਾਈ ਦੇ ਮੂਲ ਨੂੰ ਸਮਝਣਾ ਹੋਵੇਗਾ। ਕਿਸੇ ਵੀ ਜੀਵ ਦਾ ਅੰਦਰੂਨੀ ਵਿਕਾਸ ਵਾਤਾਵਰਣ ਤੋਂ ਜੀਵਨ ਲਈ ਜ਼ਰੂਰੀ ਤੱਤਾਂ ਨੂੰ ਗ੍ਰਹਿਣ ਕਰਕੇ ਮੈਟਾਬੋਲਿਜ਼ਮ ਰਾਹੀਂ ਹੁੰਦਾ ਹੈ। ਇਹ ਮੈਟਾਬੋਲਿਜ਼ਮ ਹੈ ਜੋ ਜੀਵ ਦਾ ਵਿਕਾਸ ਕਰਦਾ ਹੈ ਅਤੇ ਇਹ ਇਸਨੂੰ ਮੌਤ ਵੱਲ ਲੈ ਜਾਂਦਾ ਹੈ। ਇਹ ਜੀਵਨ ਦੇ ਸਾਰੇ ਰਸਾਇਣਕ ਤੱਤਾਂ ਦੀ ਕਿਰਿਆ ਹੈ ਜਿਸ ਵਿੱਚ ਵੱਡੇ ਤੱਤਾਂ ਦਾ ਟੁੱਟਣਾ ਅਤੇ ਛੋਟੇ ਰਸਾਇਣਕ ਤੱਤਾਂ ਤੋਂ ਵੱਡੇ ਰਸਾਇਣਕ ਤੱਤਾਂ ਦਾ ਨਿਰਮਾਣ ਜਾਰੀ ਰਹਿੰਦਾ ਹੈ। ਜੀਵਨ ਦੀ ਪਰਿਭਾਸ਼ਾ ਵਿੱਚ ਮੈਟਾਬੋਲਿਜ਼ਮ ਮਹੱਤਵਪੂਰਨ ਹੈ। ਇਹ ਇੱਕ ਜੀਵ ਦੇ ਅੰਦਰ ਜੀਵਨ ਅਤੇ ਮੌਤ ਦੇ ਅੰਤਰਵਿਰੋਧ ਦਾ ਵਿਕਾਸ ਹੀ ਹੈ। ਜੀਵਨ ਦੀ ਪ੍ਰਕਿਰਿਆ ਦਾ ਅੰਤਰਵਿਰੋਧ ਇਹ ਹੈ ਕਿ ਜੀਵਨ ਅਜੈਵਿਕ ਤੱਤਾਂ ਨੂੰ ਜੀਵਨ ਦੇ ਤੱਤਾਂ ਵਿੱਚ ਬਦਲਦਾ ਹੈ। ਇਸ ਵਿਰੋਧਤਾਈ ਦਾ ਉਭਾਰ ਜੀਵਨ ਦੀ ਉਤਪਤੀ ਦੇ ਸਮੇਂ ਹੁੰਦਾ ਹੈ। ਇਸ ਲਈ ਜੀਵਨ ਦੇ ਮੂਲ ਨੂੰ ਸਮਝਣਾ ਇੱਕ ਮਹੱਤਵਪੂਰਨ ਕਾਰਜ ਬਣ ਜਾਂਦਾ ਹੈ। ਮੌਜੂਦਾ ਪ੍ਰਜਾਤੀਆਂ ਪੁਰਾਣੀਆਂ ਪ੍ਰਜਾਤੀਆਂ ਦੇ ਜੀਵਤ ਪਥਰਾਟ ਹਨ, ਜਿੱਥੋਂ ਅੱਜ ਦੀਆਂ ਪ੍ਰਜਾਤੀਆਂ ਵਿਕਸਿਤ ਹੋਈਆਂ ਹਨ। ਜੀਵਨ ਦੇ ਸਾਰੇ ਰੂਪਾਂ ਵਿੱਚ ਬੁਨਿਆਦੀ ਰਸਾਇਣਕ ਮਿਸ਼ਰਣ ਅਤੇ ਉਹਨਾਂ ਦੀ ਬਣਤਰ ਵਿੱਚ ਸਮਾਨਤਾਵਾਂ ਹੁੰਦੀਆਂ ਹਨ। ਇਸ ਲਈ ਅਸੀਂ ਸਭ ਤੋਂ ਪਹਿਲਾਂ ਜੀਵਨ ਦੀ ਉਤਪਤੀ ਬਾਰੇ ਸਹੀ ਸਮਝ ਬਣਾਵਾਂਗੇ ਤਾਂ ਜੋ ਵਿਗਾਸ ਨੂੰ ਸਹੀ ਢੰਗ ਨਾਲ਼ ਸਮਝਿਆ ਜਾ ਸਕੇ। ਲੇਖ ਦੇ ਅਗਲੇ ਭਾਗ ਵਿੱਚ, ਅਸੀਂ ਇਸ ਸਵਾਲ ਬਾਰੇ ਵਿਸਥਾਰ ਵਿੱਚ ਗੱਲ ਕਰਾਂਗੇ ਕਿ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ। (ਚਲਦਾ…) l