ਪੰਜਾਬ ਦੇ ਫ਼ਿਰਕੂ ਲੀਡਰ ਭਗਤ ਸਿੰਘ ਤੋਂ ਕਿਉਂ ਡਰੇ ਹੋਏ ਹਨ?

– ਅਰਵਿੰਦ

ਅਕਾਲੀ ਦਲ (ਅੰਮ੍ਰਿਤਸਰ) ਦੇ ਇਕਲੌਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇਕ ਵਾਰ ਫਿਰ ਭਗਤ ਸਿੰਘ ਵਿਰੁੱਧ ਜ਼ਹਿਰੀਲਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਮਾਨ ਦਾ ਕਹਿਣਾ ਹੈ ਕਿ ਭਗਤ ਸਿੰਘ ਬੇਗੁਨਾਹਾਂ ਦਾ ਕਾਤਲ ਅਤੇ ਅੱਤਵਾਦੀ ਸੀ ਅਤੇ ਉਸ ਨੇ ਭਗਤ ਸਿੰਘ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਬੋਲਦੇ ਹੋਏ ਭਿੰਡਰਾਂਵਾਲੇ ਨੂੰ ਕੌਮ ਦਾ ਸ਼ਹੀਦ ਦੱਸਿਆ। ਸਿਮਰਨਜੀਤ ਮਾਨ ਦੀ ਸਿਆਸਤ ਦਾ ਮੂਲ ਏਜੰਡਾ ਫ਼ਿਰਕਾਪ੍ਰਸਤੀ ਹੈ। ਉਹ ਮੁੱਖ ਤੌਰ ‘ਤੇ ਸਿੱਖ ਧਰਮ ਦੀ ਪਛਾਣ ਦੀ ਰਾਜਨੀਤੀ ਦੇ ਝੰਡਾਬਰਦਾਰ ਹਨ ਅਤੇ ਖਾਲਿਸਤਾਨ ਦੇ ਸਮਰਥਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖਾਲਿਸਤਾਨ ਨੂੰ “ਕਾਨੂੰਨੀ” ਤਰੀਕੇ ਨਾਲ ਬਣਾਇਆ ਜਾਣਾ ਚਾਹੀਦਾ ਹੈ। ਭਗਤ ਸਿੰਘ ਬਾਰੇ ਸਿਮਰਨਜੀਤ ਮਾਨ ਦਾ ਮੂੰਹ ਖੋਲ੍ਹਣਾ ਹੀ ਸੀ ਕਿ ਹਰਿਆਣਾ ਵਿੱਚ ਪਛਾਣ ਦੀ ਰਾਜਨੀਤੀ ਕਰਨ ਵਾਲੇ ਪੁਰਾਣੇ ਮੂਰਖ ਅਤੇ ਹੁਣੇ ਹੁਣੇ ਭਰਤੀ ਹੋਏ ਰੰਗਰੂਟ ਮਨੋਜ ਦੁਹਾਨ ਵਰਗੇ ਲੋਕ ਛਾਲਾਂ ਮਾਰਦੇ ਹਨ। ਇਸ ਤੋਂ ਬਾਅਦ ਉਸ ਨੇ ਵੀ ਉਲਟਾ ਝੂਠਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਪਾਗਲਾਂ ਨੂੰ ਕਦੇ-ਕਦਾਈਂ ਪਾਗਲਪਨ ਦੇ ਦੌਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸੇ ਤਰ੍ਹਾਂ ਕੱਟੜਤਾ ਵਿਚ ਡੁੱਬੇ ਹੋਏ ਦਿਮਾਗ ਵੀ ਆਪਣੇ ਏਜੰਡੇ ਦੇ ਹਿੱਸੇ ਵਜੋਂ ਸਮੇਂ-ਸਮੇਂ ‘ਤੇ ਅਜਿਹੀਆਂ ਕੋਝੀਆਂ ਹਰਕਤਾਂ ਕਰਦੇ ਹਨ ਤਾਂ ਜੋ ਉਹ ਆਪਣੇ ਚੇਲਿਆਂ ਵਿਚ ਸਸਤੀ ਪ੍ਰਸਿੱਧੀ ਹਾਸਲ ਕਰ ਸਕਣ। ਅਸਲ ਵਿੱਚ ਭਗਤ ਸਿੰਘ ਦੇ ਜੋਸ਼ੀਲੇ ਅਧਿਐਨ, ਅਨਿਆਂ ਵਿਰੁੱਧ ਸੰਘਰਸ਼ ਦਾ ਬੇਲਗਾਮ ਜਜ਼ਬਾ ਅਤੇ ਮਨੁੱਖਤਾ ਦੇ ਉੱਜਵਲ ਭਵਿੱਖ ਲਈ ਬੁਲੰਦ ਆਸ਼ਾਵਾਦ ਵਰਗੇ ਗੁਣਾਂ ਨੂੰ ਫਿਰਕੂ ਕੱਟੜਪੰਥੀਆਂ ਦੇ ਕੁਪੋਸ਼ਿਤ ਦਿਮਾਗਾਂ ਦੁਆਰਾ ਸਮਝਿਆ ਨਹੀਂ ਜਾ ਸਕਦਾ ਅਤੇ ਨਾ ਹੀ ਭਗਤ ਸਿੰਘ ਦੇ ਵਿਚਾਰ ਇਨ੍ਹਾਂ ਫ਼ਿਰਕੂ ਅਤੇ ਸੱਤਾ ਦੇ ਇਨਾਂ ਚਾਕਰਾਂ ਨੂੰ ਹਜਮ ਹੁੰਦੇ ਹਨ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਅੱਜ 91 ਸਾਲ ਹੋ ਗਏ ਹਨ। ਭਗਤ ਸਿੰਘ ਕੋਈ ਨਾਂ ਨਹੀਂ ਸਗੋਂ ਅਨਿਆਂ, ਜ਼ੁਲਮ ਅਤੇ ਸ਼ੋਸ਼ਣ ‘ਤੇ ਅਧਾਰਿਤ ਢਾਂਚੇ ਵਿਰੁੱਧ ਬਹਾਦਰੀ ਅਤੇ ਇਨਕਲਾਬ ਦਾ ਪ੍ਰਤੀਕ ਹੈ। ਭਗਤ ਸਿੰਘ ਲੋਕਾਂ ਨੂੰ ਜਾਤ-ਧਰਮ-ਭਾਸ਼ਾ-ਰੰਗ-ਨਸਲ ਤੋਂ ਉੱਪਰ ਉੱਠ ਕੇ ਜਮਾਤੀ ਏਕਤਾ ਕਾਇਮ ਕਰਨ ਅਤੇ ਲੁੱਟ-ਖਸੁੱਟ ਵਿਰੁੱਧ ਇਨਕਲਾਬ ਦਾ ਬਿਗੁਲ ਵਜਾਉਣ ਦਾ ਸੱਦਾ ਦਿੰਦਾ ਹੈ। ਉਸ ਨੇ ਅਤੇ ਉਸ ਦੀ ਪਾਰਟੀ ਨੇ ਨਾ ਸਿਰਫ਼ ਬਸਤੀਵਾਦੀ ਲੁਟੇਰਿਆਂ ਵਿਰੁੱਧ ਜੰਗ ਛੇੜੀ, ਸਗੋਂ ਲੋਕਾਂ ਨੂੰ ਜਾਗੀਰਦਾਰਾਂ, ਅਤੇ ਦੇਸੀ ਸਰਮਾਏਦਾਰਾਂ ਦੀ ਅਸਲੀਅਤ ਬਾਰੇ ਜਾਗਰੂਕ ਅਤੇ ਸੁਚੇਤ ਵੀ ਕੀਤਾ। ਭਗਤ ਸਿੰਘ ਅਤੇ ਸਾਥੀਆਂ ਦਾ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ, ਜਾਤ-ਪਾਤ ਅਤੇ ਮੰਦਹਾਲੀ ਵਿਰੁੱਧ ਰਵੱਈਆ ਸ਼ਲਾਘਾਯੋਗ ਸੀ। ਉਹ ਹਿੰਦੂ-ਮੁਸਲਿਮ-ਸਿੱਖ ਜਾਂ ਕਿਸੇ ਵੀ ਤਰ੍ਹਾਂ ਦੀ ਫਿਰਕਾਪ੍ਰਸਤੀ ਦੇ ਸਖ਼ਤ ਖ਼ਿਲਾਫ਼ ਸੀ। ਭਗਤ ਸਿੰਘ ਆਮ ਲੋਕਾਂ ਦੇ ਸ਼ਹੀਦ ਹਨ ਅਤੇ ਇਹੀ ਕਾਰਨ ਹੈ ਕਿ ਸਮੁੱਚੇ ਭਾਰਤੀ ਉਪ ਮਹਾਂਦੀਪ ਦੇ ਕਰੋੜਾਂ ਲੋਕ ਅੱਜ ਵੀ ਭਗਤ ਸਿੰਘ ਨੂੰ ਦਿਲੋਂ ਪਿਆਰ ਕਰਦੇ ਹਨ। ਇੰਨਾ ਹੀ ਨਹੀਂ ਭਗਤ ਸਿੰਘ ਦਾ ਛੋਟਾ ਜੀਵਨ ਉਸ ਦੇ ਵਿਚਾਰਧਾਰਕ ਵਿਕਾਸ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ। ਵੋਟ ਵਟੋਰੂ ਪਾਰਟੀਆਂ ਦੇ ਆਗੂ ਮਜ਼ਬੂਰੀ ਵੱਸ ਭਗਤ ਸਿੰਘ ਦੇ ਬੁੱਤਾਂ ‘ਤੇ ਹਾਰ ਪਾ ਸਕਦੇ ਹਨ, ਆਪਣੀ ਲੋਕ ਵਿਰੋਧੀ ਸਸਤੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਭਗਤ ਸਿੰਘ ਦਾ ਨਾਂ ਅਤੇ ਫੋਟੋ ਵੀ ਵਰਤ ਸਕਦੇ ਹਨ, ਪਰ ਇਹ ਸਰਮਾਏਦਾਰਾ ਭਾਰਤੀ ਰਾਜ ਭਗਤ ਸਿੰਘ ਨੂੰ ਅੱਤਵਾਦੀ ਮੰਨਦਾ ਹੈ, ਇਸੇ ਲਈ ਇਹ ਫਿਰਕੂ ਕੱਟੜਪੰਥੀ ਕੋਈ ਨਵੀਂ ਗੱਲ ਨਹੀਂ ਕਰ ਰਹੇ ਹਨ। ਪਰ ਆਮ ਮਿਹਨਤਕਸ਼ ਲੋਕਾਂ ਲਈ ਭਗਤ ਸਿੰਘ ਕੱਲ ਵੀ ਹੀਰੋ ਸੀ, ਅੱਜ ਵੀ ਹੀਰੋ ਹੈ ਅਤੇ ਭਵਿੱਖ ਵਿੱਚ ਵੀ ਹੀਰੋ ਰਹੇਗਾ।
ਇਸ ਸਮੇਂ ਪੂਰਾ ਦੇਸ਼ ਵਿੱਚ ਰੁਜ਼ਗਾਰ ਅਤੇ ਆਰਥਿਕਤਾ ਦਾ ਬੇੜਾ ਗਰਕਿਆ ਪਿਆ ਹੈ। ਪੰਜਾਬ ਦੀ ਸਥਿਤੀ ਵੀ ਕੋਈ ਵੱਖਰੀ ਨਹੀਂ ਹੈ। ਪੰਜਾਬ ਵਿੱਚ ਵੀ ਵਿਚਾਰਹੀਣ ਤੇ ਆਵਾਰਾ ਭੀੜ ਵਾਂਗ ਲੋਕ ਵਾਰ ਵਾਰ ਕਦੇ ਕਿਸੇ ਤੇ ਕਦੇ ਕਿਸੇ ਫਰਜ਼ੀ ਵਿਕਲਪ ਵੱਲ ਭੱਜਦੇ ਨਜ਼ਰ ਆਉਂਦੇ ਹਨ। ਫਿਰਕਾਪ੍ਰਸਤੀ, ਜਾਤੀਵਾਦ, ਬੰਦੂਕ ਕਲਚਰ, ਜੁਰਮ, ਬੌਣੇ ਨਾਇਕਵਾਦ , ਅਸ਼ਲੀਲਤਾ ਵਿੱਚ ਲਿੱਬੜੇ ਲੋਕਾਂ ਨੂੰ ਮੁਕਤੀਦਾਤਾ ਦੱਸਿਆ ਜਾ ਰਿਹਾ ਹੈ। ਲੁੱਟ-ਖਸੁੱਟ ਵਾਲਾ ਨਿਜ਼ਾਮ ਵੀ ਇਹੀ ਚਾਹੁੰਦਾ ਹੈ ਕਿ ਲੋਕ ਸਦਾ ਹੀ ਭੇਦ-ਭਾਵ ਅਤੇ ਭਰਮ-ਭੁਲੇਖੇ ਦਾ ਸ਼ਿਕਾਰ ਬਣੇ ਰਹਿਣ ਅਤੇ ਲੋਕ ਨਿਜ਼ਾਮ ਦੀ ਅਸਲੀਅਤ ਨੂੰ ਸਮਝਦੇ ਹੋਏ, ਇਸ ਦੇ ਬਦਲ ਤੱਕ ਪਹੁੰਚ ਕਰਕੇ ਬਾਗੀ ਨਾ ਹੋ ਜਾਣ। ਅਜਿਹੀ ਸਥਿਤੀ ਵਿਚ ਜਾਤ-ਬਰਾਦਰੀ ਅਤੇ ਭਾਸ਼ਾ-ਖੇਤਰ ਦੇ ਨਾਂ ‘ਤੇ ਲੋਕਾਂ ਵਿਚ ਵੰਡੀਆਂ ਪਾਉਣ ਵਾਲੇ ਲੋਕ ਇਸ ਲੁਟੇਰੀ ਵਿਵਸਥਾ ਲਈ ਹੀ ਰਾਮ ਬਾਣ ਸਾਬਤ ਹੁੰਦੇ ਹਨ। ਫਿਰਕੂ ਕੱਟੜਤਾ ਭਾਵੇਂ ਕਿਸੇ ਵੀ ਧਰਮ ਦੀ ਹੋਵੇ ਇਹ ਦੂਜੇ ਧਰਮ ਦੀ ਫਿਰਕੂ ਕੱਟੜਤਾ ਨੂੰ ਵਧਾਵਾ ਦਿੰਦੀ ਹੈ। ਇੰਨਾ ਹੀ ਨਹੀਂ ਇਹ ਫਿਰਕਾਪ੍ਰਸਤ ਅਤੇ ਕੱਟੜਪੰਥੀ ਪਾਰਟੀਆਂ ਧਰਮ ਦੇ ਨਾਮ ਤੇ ਲੋਕਾਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੰਦੀਆਂ ਹਨ। ਸਿਮਰਨਜੀਤ ਦੇ ਸਿਆਸੀ ਚਚੇਰੇ ਭਰਾ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਅਤੇ ਫਾਸ਼ੀਵਾਦੀ ਭਾਜਪਾ ਅਤੇ ਸ਼ਿਵ ਸੈਨਾ-ਭਾਜਪਾ ਗਠਜੋੜ ਦਾ ਸਮਰਥਨ ਕਿਸੇ ਤੋਂ ਲੁਕਿਆ ਹੋਇਆ ਹੈ!? 1984 ਵਿੱਚ ਭਾਰਤੀ ਰਾਜ ਵੱਲੋਂ ਸਿੱਖਾਂ ਦਾ ਕਤਲੇਆਮ ਅਤੇ ਨਸਲਕੁਸ਼ੀ ਬਿਨਾਂ ਸ਼ੱਕ ਭਾਰਤੀ ਇਤਿਹਾਸ ’ਤੇ ਇੱਕ ਕਲੰਕ ਹੈ ਅਤੇ ਇਸ ਦਾ ਜਿੰਨਾਂ ਵਿਰੋਧ ਕੀਤਾ ਜਾਵੇ ਉਹਨਾਂ ਹੀ ਘੱਟ ਹੈ, ਫਿਰਕਾਪ੍ਰਸਤੀ ਕਿਸੇ ਦਾ ਭਲਾ ਨਹੀਂ ਕਰਦੀ ਸਿਵਾਏ ਰਾਜ ਸੱਤਾ ਦੇ। ਕਿਸੇ ਵੀ ਧਾਰਮਿਕ ਰਾਜ ਵਿੱਚ ਦੂਜੇ ਧਰਮ ਦੇ ਲੋਕ ਦੂਜੇ ਦਰਜੇ ਦੇ ਵਾਸੀ ਹੀ ਹੁੰਦੇ ਹਨ। ਹਰ ਮਨੁੱਖ ਨੂੰ ਰਾਜ ਦੁਆਰਾ ਧਰਮ ਨੂੰ ਰਾਜਨੀਤੀ ਵਿੱਚ ਘੁਸੇੜਨ ਦੇ ਹਰ ਯਤਨ ਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ ਅਤੇ ਮਨੁੱਖੀ ਕਦਰਾਂ-ਕੀਮਤਾਂ ‘ਤੇ ਆਧਾਰਿਤ ਸਮਾਜ ਤੇ ਜਨਵਾਦ ਦਾ ਹਾਮੀ ਹੋਣਾ ਚਾਹੀਦਾ ਹੈ।
ਭਗਤ ਸਿੰਘ ਦੇ ਵਿਚਾਰ ਲੋਕਾਂ ਵਿੱਚ ਜਮਾਤੀ ਚੇਤਨਾ ਭਰ ਸਕਦੇ ਹਨ, ਇਸੇ ਲਈ ਸ਼ਹੀਦੀ ਦੇ ਇੰਨੇ ਸਾਲ ਬਾਅਦ ਵੀ ਇਹਨਾਂ ਲੁਟੇਰੀਆਂ ਜਮਾਤਾਂ ਅਤੇ ਉਹਨਾਂ ਦੇ ਕੌਲੀ ਚੱਟਾਂ ਵੱਲੋਂ ਉਸ ਵਿਰੁੱਧ ਭੱਦਾ ਪ੍ਰਚਾਰ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਬਸਤੀਵਾਦੀ ਲੁਟੇਰਿਆਂ, ਦੇਸੀ ਸਰਮਾਏਦਾਰਾਂ ਦੇ ਨੁਮਾਇੰਦਿਆਂ, ਫਿਰਕੂ ਕੱਟੜਪੰਥੀਆਂ ਅਤੇ ਸਰ ਸੁਰ ਦੀ ਉਪਾਧੀ ਹਾਸਲ ਕਰਨ ਵਾਲੇ ਲੋਕ ਨੂੰ ਭਗਤ ਸਿੰਘ ਨੂੰ ਉੱਕਾ ਹੀ ਨਾਪਸੰਦ ਕਰਦੇ ਸਨ, ਉਸੇ ਤਰ੍ਹਾਂ ਆਜ਼ਾਦ ਭਾਰਤ ਵਿੱਚ ਵੀ ਦੇਸ਼ ਦੇ ਲੁਟੇਰੇ ਅਤੇ ਉਨ੍ਹਾਂ ਦੇ ਚਮਚੇ ਭਗਤ ਸਿੰਘ ਦੇ ਨਾਮ ਤੋਂ ਹੀ ਦਹਿਲ ਜਾਂਦੇ ਹਨ। ਭਗਤ ਸਿੰਘ ਨੂੰ ਪੜ੍ਹ ਕੇ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਦੇ ਅਸਲ ਕਾਰਨ ਪਤਾ ਲੱਗ ਜਾਵੇਗਾ, ਫਿਰ ਇਨ੍ਹਾਂ ਲੁਟੇਰਿਆਂ ਦਾ ਕਾਰੋਬਾਰ ਕਿਵੇਂ ਚੱਲੇਗਾ?
ਅਜਿਹੀ ਸਥਿਤੀ ਵਿੱਚ ਭਗਤ ਸਿੰਘ ਦੇ ਚਾਹੁਣ ਵਾਲਿਆਂ ਦਾ ਫਰਜ਼ ਬਣਦਾ ਹੈ ਕਿ ਉਹ ਸਾਡੇ ਮਹਾਨ ਸ਼ਹੀਦ ਦੀ ਵਿਰਾਸਤ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਦੁੱਗਣੀ ਤਾਕਤ ਨਾਲ ਲੋਕਾਂ ਤੱਕ ਪਹੁੰਚਾਉਣ। ਭਗਤ ਸਿੰਘ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਲੋਕ ਜਨਤਾ ਦੇ ਦੁਸ਼ਮਣ ਹਨ। ਉਹ ਨਹੀਂ ਚਾਹੁੰਦੇ ਕਿ ਜਨਤਾ ਜਮਾਤੀ ਚੇਤਨਾ ਨਾਲ ਲੈਸ ਹੋ ਕੇ ਆਪਣੇ ਹੱਕ ਲੈਣ ਲਈ ਪੂਰਨ ਸੰਘਰਸ਼ ਸ਼ੁਰੂ ਕਰੇ। ਫਿਰਕੂ ਲੋਕ ‘ਪਾੜੋ ਤੇ ਰਾਜ ਕਰੋ’ ਦੀ ਬਸਤੀਵਾਦੀ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਮੌਜੂਦਾ ਰਾਜ ਦੇ ਅਤਿਅੰਤ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਬਾਕੀ ਇਹਨਾਂ ਦੀ ਬਕਵਾਸ ਨਾਲ਼ ਭਗਤ ਸਿੰਘ ਵਾਰੇ ਆਮ ਲੋਕਾਂ ਦੇ ਦਿਲਾਂ ਵਿੱਚ ਵਲ ਜਿੰਨਾ ਵੀ ਫਰਕ ਨਹੀਂ ਪੈਣ ਵਾਲਾ। ਚੰਦਰਮਾ ‘ਤੇ ਉਨ੍ਹਾਂ ਦਾ ਥੁੱਕ ਉਨ੍ਹਾਂ ਦੇ ਆਪਣੇ ਮੂੰਹ ‘ਤੇ ਹੀ ਡਿੱਗੇਗਾ।