– ਕਾਤਿਆਨੀ
ਜ਼ਕੀਆ ਜਾਫਰੀ ਦੇ ਮਾਮਲੇ ‘ਚ ਕੀ ਹੋਇਆ? ਅਤੇ ਅਜਿਹੇ ਹੋਰ ਸਾਰੇ ਮਾਮਲਿਆਂ ਵਿੱਚ ਕੀ ਹੋਇਆ?
ਜਦੋਂ ਗੁਜਰਾਤ-2002 ਦੇ ਕਤਲੇਆਮ ਦੇ ਦੋਸ਼ੀਆਂ ਦਾ ਵਾਲ ਵੀ ਵਿੰਗਾ ਨਾ ਹੋਇਆ, ਫਿਰ “ਇਨ੍ਹਾਂ ਛੋਟੇ-ਛੋਟੇ ਕੇਸਾਂ” ਦਾ ਕੀ ਐ? ਬਾਬਰੀ ਮਸਜਿਦ ਢਾਹੁਣ ਦੇ ਦੋਸ਼ੀਆਂ ਦਾ ਕੀ ਹੋਇਆ? 1992 ਤੋਂ ਲੈ ਕੇ ਮੁਜ਼ੱਫਰਨਗਰ ਤੱਕ ਦੇ ਸਾਰੇ ਦੰਗਿਆਂ ਦੇ ਮੁੱਖ ਦੋਸ਼ੀਆਂ ਦਾ ਕੁੱਝ ਵਿਗੜਿਆ? ਕੀ ਮੌਬਲਿੰਚਿੰਗ ਕਰਨ ਵਾਲਿਆਂ ਨੂੰ ਕੋਈ ਸਜ਼ਾ ਮਿਲੀ? ਜੋ ਕੇਸ ਅਜੇ ਅਦਾਲਤਾਂ ਵਿੱਚ ਚੱਲ ਰਹੇ ਹਨ, ਉਨ੍ਹਾਂ ਨੂੰ ਜਲਦੀ ਨਿਪਟਾਇਆ ਜਾਵੇਗਾ। ਬਸ ਇੰਤਜ਼ਾਰ ਕਰੋ!
ਸਾਰੇ ਫਸਾਦਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਕਿਉਂਕਿ “ਅਸਲ ਦੋਸ਼ੀ” ਤਾਂ ਗੌਤਮ ਨਵਲੱਖਾ, ਸੁਧਾ ਭਾਰਦਵਾਜ, ਆਨੰਦ ਤੇਲਤੁੰਬੜੇ, ਰੋਨਾ ਵਿਲਸਨ, ਸ਼ੋਮਾ ਸੇਨ, ਸਿੱਦੀਕ ਕਪਨ, ਤੀਸਤਾ ਸੇਤਲਵਾੜ, ਵਰਾਵਰਾ ਰਾਓ, ਹਿਮਾਂਸ਼ੂ ਕੁਮਾਰ, ਮੇਧਾ ਪਾਟਕਰ, ਸੰਜੀਵ ਭੱਟ ਆਦਿ ਲੋਕ ਹਨ। ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਜੋ ਬਾਹਰ ਹਨ ਉਹ ਨੂੰ ਅੰਦਰ ਕੀਤਾ ਜਾਵੇਗਾ। ਇਨਸਾਫ਼ ਹੋਵੇਗਾ। ਨਿਰਪੱਖ “ਇਨਸਾਫ਼” ਹੋਵੇਗਾ। ਬਹੁਤ ਸਾਰੇ ਲੋਕਾਂ ਨਾਲ ਕੁਦਰਤੀ ਨਿਆਂ ਕੀਤਾ ਜਾਵੇਗਾ, ਜਿਵੇਂ “ਸਟੈਨ ਸਵਾਮੀ ਨਾਲ ਹੋਇਆ ਸੀ”।
ਤੁਸੀਂ ਅਜੇ ਵੀ ਨਿਆਂ ਦੀ ਪੁਰਾਣੀ ਪਰਿਭਾਸ਼ਾ ਨੂੰ ਚਿੰਬੜੇ ਹੋਏ ਹੋ! ਬਹੁਤ ਮਾਸੂਮ ਹੋ ਜਨਾਬ ਤੁਸੀਂ! ਤੁਹਾਨੂੰ ਕਿਸੇ ਦਿਨ ਬਘਿਆੜ ਖਾ ਜਾਵੇਗਾ! ‘ਪੈਗਾਸਸ’ ਵਰਗੇ ਜਾਂ ਉਨ੍ਹਾਂ ਦੇ ਚਚੇਰੇ-ਭਰਾ, ਮਮੇਰੇ-ਭਰਾ, ਮਸੇਰੇ-ਭਰਾ, ਫਫੇਰੇ-ਭਰਾ ਪਲਾਂ ਵਿੱਚ ਤੁਹਾਡੇ ਅਪਰਾਧਾਂ ਦੇ ਸਬੂਤ ਇਕੱਠੇ ਕਰ ਲੈਣਗੇ। ‘ਮੋਟਾ ਭਾਈ’ ਹਜ਼ਾਰ ਅੱਖਾਂ ਨਾਲ ਸਾਰਿਆਂ ਨੂੰ ਦੇਖ ਰਿਹਾ ਹੈ। ਸਭ ਕੁਝ ਦੇਖਿਆ ਜਾ ਰਿਹਾ ਹੈ।
ਬਚਣ ਦਾ ਰਾਹ ਵੀ ਹੈ। ਤੁਸੀਂ ਸਿਰਫ਼ ਸਰਜਰੀ ਕਰਵਾ ਕੇ ਆਪਣੀ ਰੀੜ੍ਹ ਦੀ ਹੱਡੀ ਨੂੰ ਕੱਢਵਾਉਣੀ ਹੈ। ਅਜਿਹੇ ਬਹੁਤ ਸਾਰੇ ਸਰਜਨ ਰਾਜਧਾਨੀ ਦੇ ਅਕਾਦਮਿਕ-ਸੱਭਿਆਚਾਰਕ ਅਦਾਰਿਆਂ ਵਿੱਚ, ਯੂਨੀਵਰਸਿਟੀਆਂ ਵਿੱਚ, ਮੀਡੀਆ ਅਦਾਰਿਆਂ ਵਿੱਚ ਮੌਜੂਦ ਹਨ। ਅਪਰੇਸ਼ਨ ਬਿਲਕੁਲ ਸੁਰੱਖਿਅਤ ਹੈ। ਕੋਈ ਖਤਰਾ ਨਹੀਂ। ਉਸ ਤੋਂ ਬਾਅਦ ਵੀ, ਪਰ ਸਮਝਦਾਰੀ ਨਾਲ ਸੜਕਾਂ ‘ਤੇ ਨਿਕਲਣਾਂ ਪਵੇਗਾ, ਅੱਖਾਂ ਨੀਵੀਆਂ ਰੱਖਣੀਆਂ ਪੈਣਗੀਆਂ। ਜੋ ਦਿਖਾਈ ਦੇਵੇਗਾ; ਉਹ ਨਹੀਂ ਦੇਖਣਾ, ਜੋ ਦਿਖਾਇਆ ਜਾਵੇ ਜਾਂ ਦੇਖਣ ਲਈ ਕਿਹਾ ਗਿਆ ਜਾਵੇ, “ਉਹੀ ਦੇਖਣਾ” ਹੈ। ਗਲਤੀ ਨਾਲ ਵੀ ਕੋਈ ਪੁੱਠੀ-ਸਿੱਧੀ ਗੱਲ ਨਾ ਕਹੋ। ਨਾਜ਼ੁਕ ਮਾਮਲਿਆਂ ‘ਤੇ ਚੁੱਪ ਰਹੋ।
ਜੇ ਤੁਸੀਂ ਕੋਈ ਕਵੀ-ਕੁਵੀ, ਲੇਖਕ-ਲੂਖਕ ਹੋਂ ਤਾਂ ਪਿਆਰ, ਮਨੁੱਖਤਾ, ਵਿਸ਼ਵ ਸ਼ਾਂਤੀ, ਸਮੁੰਦਰ-ਪਹਾੜ, ਮੌਸਮ, ਸਰੀਰ ਦੀ ਅੱਗ ਆਦਿ ‘ਤੇ ਅਲੌਕਿਕ ਕਲਾਤਮਕ ਲਿਖੋ, ਕਲਮ ਦੇ ਕੁਝ ਜਾਦੂਈ-ਜਾਦੂਈ ਅਜੂਬੇ ਦਿਖਾਉ। ਜੁਗਾੜੀ ਜੀ, ਵਿਸ਼ਵਨਾਥ ਪ੍ਰਸਾਦ ਤਿਵਾੜੀ, ਰਵੀਭੂਸ਼ਣ, ਆਲੋਕ ਧਨਵਾ, ਬਦਰੀਨਾਰਾਇਣ ਆਦਿ ਦਰਜਨਾਂ ਮਾਰਗਦਰਸ਼ਕ ਹਨ। ਕੁਝ ਲਾਹੇਵੰਦ ਅਧਿਆਪਕ ਅਜਿਹੇ ਵੀ ਹਨ ਜੋ ਆਪਣੀ ਪਛਾਣ ਛੁਪਾ ਕੇ ਰਾਤ ਦੇ ਹਨੇਰੇ ਵਿੱਚ ਆ ਕੇ ਤੁਹਾਨੂੰ ਲੋੜੀਂਦਾ ਗਿਆਨ ਦੇਣਗੇ।
ਸਰਕਾਰਾਂ ਅਤੇ ਦਿਆਲੂ ਸੇਠਾਂ ਦੇ ਸੱਭਿਆਚਾਰਕ ਅਦਾਰਿਆਂ ਦੇ ਨਿਯਮਤ ਦੌਰੇ ਕਰੋ। ਮੇਲ-ਜੋਲ ਵਧਾਓ। ਦਰਿਆਗੰਜ ਦੀਆਂ ਗਲੀਆਂ ਵਿੱਚ ਸੈਰ ਕਰੋ। ਦਿੱਲੀ ਤੋਂ ਭੋਪਾਲ, ਭੋਪਾਲ ਤੋਂ ਰਾਏਪੁਰ, ਰਾਏਪੁਰ ਤੋਂ ਵਾਰਾਣਸੀ-ਲਖਨਊ ਅਤੇ ਉੱਥੋਂ ਵਰਧਾ ਦੀ ਮੋਕਸ਼ਦਾਯਿਨੀ ਤੀਰਥ ਯਾਤਰਾ ਕਰੋ, ਗੰਗਾ-ਨਰਮਦਾ-ਸਾਬਰਮਤੀ ਵਿੱਚ ਇਸ਼ਨਾਨ ਕਰੋ, ਵਰ੍ਹੇਗੰਢ ਮਨਾਓ, ਔਨਲਾਈਨ ਭਾਸ਼ਣ ਦਿਓ, ਕਵਿਤਾ ਉਚਾਰਨ ਕਰੋ। ਝੂਠੀ-ਹਕੀਕਤ ਦੇ ਸਮੇਂ ਵਿੱਚ, ਸੱਚ ਅਤੇ ਨਿਆਂ ਦੇ ਆਉਟਡੇਟਡ ਰਾਮ-ਰੌਲੇ ਵਿੱਚ ਪਏ ਹੋ ਮਹਾਰਾਜ ! ਜਾਨ ਹੈ ਤਾਂ ਜਹਾਨ ਹੈ। ਬਾਲ-ਬੱਚਿਆਂ ਦੀ ਚਿੰਤਾ ਕਰੋ।
ਕੁਝ ਕਲਮ-ਤੋੜ ਲਿਖੋ। ਅਮਰੀਕਾ-ਯੂਰਪ ਦਾ ਕੋਈ ਅਨੁਵਾਦਕ ਮਿਲ ਜਾਵੇ ਤਾਂ ਬੁੱਕਰ-ਸ਼ੂਕਰ ਦਾ ਜੁਗਾੜ ਵੀ ਲੱਗ ਸਕਦਾ ਹੈ। ਉਦੋਂ ਤੱਕ, ਸਿਰਫ਼ ਤੁਹਾਡੇ ‘ਤੇ ਕੇਂਦਰਿਤ ਕੁੱਝ ਰਸਾਲਿਆਂ ਦਾ ਵਿਸ਼ੇਸ਼ ਅੰਕ ਕੱਢਵਾ ਲਓ। ਆਪਣੀ ਅੱਧੀ-ਸਦੀ, ਸੱਠ-ਸਾਲਾ ਜਾਂ ਅੰਮ੍ਰਿਤ ਮਹਾਂਉਤਸਵ ਦਾ ਆਯੋਜਨ ਹੀ ਕਰਵਾ ਲਓ। ਆਪਣੇ ਵਿਆਹ ਦੀ ਸਿਲਵਰ ਜੁਬਲੀ ਹੀ ਮਨਾ ਲਓ
ਅਤੇ ਹਾਂ, ਉਨ੍ਹਾਂ ਲੋਕਾਂ ਤੋਂ ਹਮੇਸ਼ਾ ਦੂਰ ਹੀ ਰਿਹੋ ਜੀ, ਉਨ੍ਹਾਂ ਨੂੰ ਦੇਖ ਕੇ ਤੁਸੀਂ ਰਸਤਾ ਬਦਲ ਲਿਉ ਜੀ, ਕਿਸੇ ਭੀੜੀ ਗਲੀ ਵਿਚ ਵੜ ਕੇ ਨਿਕਲ ਜਾਣਾ ਜੀ, ਜਿਹੜੇ ਤੁਹਾਨੂੰ ਦੇਖ ਕੇ ਜ਼ਮੀਨ ‘ਤੇ ਥੁੱਕ ਦਿੰਦੇ ਹਨ ਫਿਰ ਸਾਫੇ ਨਾਲ ਆਪਣਾ ਮੂੰਹ ਪੂੰਝ ਕੇ, ਹੱਸਦੇ ਹੋਏ ਕਹਿੰਦੇ ਹਨ, “ਇਹ ਵੀ ਜਿਉਂਣਾ ਕੋਈ ਜਿਉਂਣਾ ਹੈ ਲੱਲੂ!” l