ਅੰਮ੍ਰਿਤਪਾਲ ਸਿੰਘ : ਫ਼ਿਰਕੂ ਤਾਕਤਾਂ ਦਾ ਨਵਾਂ ਹੱਥਠੋਕਾ

– ਸੁਖਜਿੰਦਰ

ਅੱਜ-ਕੱਲ੍ਹ ਕੁੱਝ ਫ਼ਿਰਕੂ ਤਾਕਤਾਂ ਲੋਕਾਂ ਨੂੰ ਧਰਮ ਦੇ ਨਾਂ ‘ਤੇ ਵੰਡ ਕੇ ਪੰਜਾਬ ਦੀ ਆਬੋ ਹਵਾ ‘ਚ ਜ਼ਹਿਰ ਘੋਲ਼ਣ ਲਈ ਤਾਹੂ ਹਨ। ਜਿਸ ਦੀ ਮੁੱਖ ਮੰਗ ਉਭਾਰੀ ਜਾ ਰਹੀ ਹੈ ‘ਧਰਮ ਅਧਾਰਿਤ ਰਾਜ’ ਦੀ ਸਥਾਪਨਾ ਕਰਨਾ। ਪੰਜਾਬ ਦੀਆਂ ਕੱਟੜਪੰਥੀ ਤਾਕਤਾਂ ਪਹਿਲਾਂ ਵੀ ਅਜਿਹੇ ਉਪਰਾਲੇ ਕਰਦੀਆਂ ਰਹੀਆਂ ਹਨ। ਭਾਵੇਂ ਉਹਨਾਂ ਦੇ ਅਜਿਹੇ ਉਪਰਾਲਿਆਂ ਨੂੰ ਕਦੇ ਬਹੁਤਾ ਬੂਰ ਨਹੀਂ ਪਿਆ ਪਰ ਪੰਜਾਬ ਨੇ ਅਜਿਹੇ ਮਨਸੂਬਿਆਂ ਦਾ ਸੰਤਾਪ ਲੰਮਾਂ ਆਪਣੇ ਪਿੰਡੇ ‘ਤੇ ਹੰਢਾਇਆ ਹੈ। ਪੰਜਾਬ ਦੀਆਂ ਮਾਂਵਾਂ ਅੱਜ ਵੀ ਉਸ ਦੌਰ ਨੂੰ ਯਾਦ ਕਰਕੇ ਇਸਦੀ ਭੇਂਟ ਚੜ੍ਹੇ ਆਪਣੇ ਜਵਾਨ ਪੁੱਤਾਂ ਦੀ ਉਡੀਕ ਵਿੱਚ ਸਿਸਕੀਆਂ ਭਰਨ ਲੱਗ ਜਾਂਦੀਆਂ ਹਨ। ਉਸ ਵੇਲ਼ੇ ਦੇ ਗਵਾਹ ਲੋਕ ਪੰਜਾਬ ਵਿਚ ਇਹੋ ਜਿਹੇ ਕਾਲ਼ੇ ਦੌਰ ਦੀ ਵਾਪਸੀ ਦੇ ਨਾਮ ਤੋਂ ਹੀ ਤ੍ਰਭਕ ਜਾਂਦੇ ਹਨ। ਕਿਉਂਕਿ ਉਹ ਜਾਣਦੇ ਹਨ ਕਿ ਅਜਿਹੇ ਦੌਰ ਵਿਚ ਲੋਕਾਂ ਦੀ ਜ਼ਿੰਦਗੀ ਕਿੰਨੀ ਦੁਸ਼ਵਾਰ ਹੋ ਜਾਂਦੀ ਹੈ।
ਧਰਮ ਹਰ ਵਿਅਕਤੀ ਦਾ ਵਿਅਕਤੀਗਤ ਮਸਲਾ ਹੈ। ਕੋਈ ਵਿਅਕਤੀ ਕਿਸੇ ਵੀ ਧਰਮ ਨੂੰ ਮੰਨੇ ਜਾਂ ਨਾਂ ਮੰਨੇ। ਇਹ ਉਸ ਦੀ ਵਿਅਕਤੀਗਤ ਆਜ਼ਾਦੀ ਹੈ। ਕਿਸੇ ਹੋਰ ਵਿਅਕਤੀ ਨੂੰ ਕੀ ਹੱਕ ਹੈ ਕਿ ਉਹ ਤਹਿ ਕਰੇ ਕਿ ਲੋਕ ਕਿਸ ਧਰਮ ਨੂੰ ਮੰਨਣ, ਕਿਸ ਤਰ੍ਹਾਂ ਦਾ ਪਹਿਰਾਵਾ ਪਹਿਨਣ ਅਤੇ ਕੀ ਖਾਣ ਤੇ ਕੀ ਨਾ ਖਾਣ। ਫਿਰਕੂ ਤਾਕਤਾਂ ਵਿਅਕਤੀ ਦੀ ਵਿਅਕਤੀਗਤ ਆਜ਼ਾਦੀ ਖੋਹਣਾ ਚਾਹੁੰਦੀਆਂ ਹਨ ਅਤੇ ਭਾਈਆਂ ਵਾਂਗੂੰ ਰਹਿ ਰਹੇ ਹਿੰਦੂ ਸਿੱਖ ਮੁਸਲਿਮ ਇਸਾਈ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣਾਉਣਾ ਚਾਹੁੰਦੀਆਂ ਹਨ। ਜੇਕਰ ਕੋਈ ਅਜਿਹਾ ਧਰਮ ਆਧਾਰਿਤ ਰਾਜ ਬਣਾਉਣ ਦੀ ਗੱਲ ਕਰਦਾ ਹੈ ਤਾਂ ਇਹ ਯਕੀਨਨ ਕਿਰਤੀ ਲੋਕਾਂ ਨੂੰ ਗੁੰਮਰਾਹ ਕਰਕੇ ਘੋਰ ਹਨੇਰੇ ਵਿੱਚ ਸੁੱਟਣ ਦੀ ਤਿਆਰੀ ਹੋ ਰਹੀ ਹੈ ਅਤੇ ਅਜਿਹੀਆਂ ਕਾਰਵਾਈਆਂ ਦਾ ਇਨਸਾਫ਼ ਪਸੰਦ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ।
ਅਸਲ ਵਿੱਚ ਅੱਜ ਸੰਸਾਰ ਅਰਥਚਾਰਾ ਭਿਆਨਕ ਮੰਦੀ ਦਾ ਸ਼ਿਕਾਰ ਹੈ। ਸੰਸਾਰ ਭਰ ਦੇ ਦੇਸ਼ਾਂ ਵਿੱਚ ਪਿਛਾਖੜੀ ਤਾਕਤਾਂ ਸੱਤਾ ਵਿੱਚ ਆ ਰਹੀਆਂ ਹਨ ਤੇ ਆਪਣੇ-ਆਪਣੇ ਦੇਸ਼ਾਂ ਵਿੱਚ ਜਨਤਾ ਦੇ ਗ਼ੁੱਸੇ ਨੂੰ ਕਰਾਹੇ ਪਾਉਂਣ ਅਤੇ ਕੁਚਲ਼ਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ।
ਸੰਸਾਰ ਅਰਥਚਾਰੇ ਦੇ ਨਾਲ਼-ਨਾਲ਼ ਭਾਰਤੀ ਅਰਥਚਾਰਾ ਵੀ ਸੰਕਟ ਦੀ ਡੂੰਘੀ ਲਪੇਟ ਵਿੱਚ ਹੈ। ਸੱਤਾ ਵਿਚ ਆਈ ਫਾਸਿਸਟ ਮੋਦੀ ਸਰਕਾਰ ਦੇਸ਼ ਦੀ ਕੌਡੀ-ਕੌਡੀ ਵੇਚ ਕੇ ਵੀ ਸਰਮਾਏਦਾਰਾਂ ਦਾ ਢਿੱਡ ਭਰ ਰਹੀ ਹੈ ਜਨਤਾ ਨੂੰ ਮਿਲਣ ਵਾਲ਼ੀ ਹਰ ਸਹੂਲਤ ‘ਤੇ ਕੱਟ ਲਗਾਇਆ ਜਾ ਰਿਹਾ ਹੈ। ਲੋਕਾਂ ਨੂੰ ਧਰਮ-ਜਾਤ ਦੇ ਨਾਂ ‘ਤੇ ਵੰਡਿਆ ਜਾ ਰਿਹਾ ਹੈ। ਤਾਂ ਜੋ ਉਹ ਭਰਾ ਮਾਰੂ ਜੰਗ ਵਿੱਚ ਉਲ਼ਝ ਜਾਣ ਤੇ ਦੂਜੇ ਧਰਮ ਜਾਂ ਜਾਤ ਦੇ ਲੋਕਾਂ ਨੂੰ ਹੀ ਆਪਣੀਆਂ ਮੁਸ਼ਕਲਾਂ ਦਾ ਜ਼ਿੰਮੇਵਾਰ ਸਮਝਣ ਲੱਗ ਪੈਣ। ਜਿਸ ਕੰਮ ਲਈ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ। ਉਹ ਉਸ ਕੰਮ ਨੂੰ ਉਹ ਬਖ਼ੂਬੀ ਅੰਜ਼ਾਮ ਦੇ ਰਹੀ ਹੈ। ਆਪਣੇ ਮਾਲਕਾਂ ਪ੍ਰਤੀ ਵਫ਼ਾਦਾਰੀ ਦਿਖਾਉਣ ਵਿੱਚ ਮੋਦੀ ਸਰਕਾਰ ਨੇ ਬੇਸ਼ਰਮੀ ਦੀ ਹਰ ਹੱਦ ਪਾਰ ਕਰ ਦਿੱਤੀ ਹੈ। ਭਾਰਤ ਦੇ ਲੋਕਾਂ ਉੱਪਰ ਨਵੇਂ-ਨਵੇਂ ਜਾਬਰ ਕਾਨੂੰਨ ਲੱਦ ਕੇ ਅਤੇ ਲੱਕ-ਤੋੜੂ ਟੈਕਸ ਲਗਾਕੇ ਉਨ੍ਹਾਂ ਦੀ ਜੇਬ ਦੀ ਹਰ ਕੌਡੀ ਤੇ ਉਹਨਾਂ ਦੇ ਖ਼ੂਨ ਦਾ ਹਰ ਕਤਰਾ ਨਿਚੋੜ ਕੇ ਅਡਾਨੀ ਅਤੇ ਅੰਬਾਨੀ ਵਰਗੇ ਸਰਮਾਏਦਾਰਾਂ ਨੂੰ ਵਿਸ਼ਵ ਦੇ ਸਿਖ਼ਰਲੇ ਦਸ ਸਰਮਾਏਦਾਰਾਂ ਵਿੱਚ ਪਹੁੰਚਾਉਣ ਲਈ ਪੂਰਾ ਟਿੱਲ ਲਾਇਆ ਹੈ। ਦੂਜੇ ਪਾਸੇ ਭੁੱਖਮਰੀ, ਬੇਰੁਜ਼ਗਾਰੀ ਵਿੱਚ ਵੀ ਵਿਸ਼ਵ ਵਿੱਚੋਂ ਨੰਬਰ ਇੱਕ ਦਾ ਖ਼ਿਤਾਬ ਭਾਰਤ ਦੀ ਝੋਲ਼ੀ ਪੈਣ ਵਾਲ਼ਾ ਹੀ ਹੈ।
ਫਾਸੀਵਾਦੀ ਮੋਦੀ ਸਰਕਾਰ ਦੇ ਕਾਲ਼ੇ ਕਾਰਨਾਮਿਆਂ ਪ੍ਰਤੀ ਪੂਰੇ ਦੇਸ਼ ਵਿੱਚ ਗ਼ੁੱਸੇ ਦਾ ਮਾਹੌਲ ਹੈ। ਲੋਕਾਂ ਸਾਹਮਣੇ ਮੋਦੀ ਸਰਕਾਰ ਦੇ ਫਾਸੀਵਾਦੀ ਚਿਹਰੇ ਨੂੰ ਨੰਗਾ ਕਰਨ ਵਾਲ਼ੇ ਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲ਼ੇ ਹਰ ਵਿਅਕਤੀ ਨੂੰ ਕਿਸੇ ਵਿਸ਼ੇਸ ਧਰਮ ਜਾਂ ਖੱਬੇ ਪੱਖੀ ਵਿਚਾਰਧਾਰਾ ਦਾ ਠੱਪਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ।
ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਲੋਕ ਮੋਦੀ ਸਰਕਾਰ ਤੋਂ ਖ਼ਫਾ ਹਨ। ਪੰਜਾਬ ਵਿੱਚ ਲੋਕ ਪੱਖੀ ਤਾਕਤਾਂ ਦਾ ਪ੍ਰਭਾਵ ਵਧੀਆ ਹੋਣ ਕਰਕੇ ਲੋਕ ਸੜਕਾਂ ਤੇ ਜਲਦੀ ਉੱਤਰ ਆਉਂਦੇ ਹਨ। ਬੇਚੈਨ ਲੋਕ ਸੜਕਾਂ ‘ਤੇ ਸਰਕਾਰਾਂ ਦਾ ਪਿੱਟ ਸਿਆਪਾ ਕਰ ਰਹੇ ਹਨ। ਪਿਛਲੀਆਂ ਸਰਕਾਰਾਂ ਪ੍ਰਤੀ ਇਸ ਗ਼ੁੱਸੇ ਨੂੰ ਆਮ ਆਦਮੀ ਪਾਰਟੀ ਨੇ ਵੀ ਵਰਤਿਆ ਜੋ ਅੱਜ ਸੱਤਾ ਦਾ ਸੁੱਖ ਭੋਗ ਰਹੀ ਹੈ। ਪੰਜਾਬ ਵਿਚ ਫ਼ਿਰਕੂ ਤਾਕਤਾਂ ਸਮੇਂ-ਸਮੇਂ ‘ਤੇ ਸਿਰ ਚੁੱਕਦੀਆਂ ਰਹਿੰਦੀਆਂ ਹਨ ਜੋ ਅੱਜ ਫਿਰ ਪੂਰੀ ਤਰ੍ਹਾਂ ਸਰਗਰਮ ਹਨ। ਲੋਕਾਂ ਅੰਦਰ ਮੋਦੀ ਸਰਕਾਰ ਦੇ ਪ੍ਰਤੀ ਇਸ ਗ਼ੁੱਸੇ ਨੂੰ ਫ਼ਿਰਕੂ ਰੰਗਤ ਦੇ ਕੇ ਅਪਣੇ ਮਨਸੂਬੇ ਕਾਮਯਾਬ ਕਰਨ ਵਿਚ ਰੁੱਝੀਆਂ ਹੋਈਆਂ ਹਨ। ਭਾਵੇਂ ਉਹ ਆਰਐੱਸਐੱਸ ਵਾਂਗ ਫਾਸਿਸਟ ਤਾਕਤ ਨਹੀਂ ਪਰ ਇਹ ਕੱਟੜ ਫ਼ਿਰਕੂ ਟੋਲੇ ਫਾਸਿਸਟ ਤਾਕਤਾਂ ਨੂੰ ਖਾਦ-ਪਾਣੀ ਦੇਣ ਦਾ ਕੰਮ ਜ਼ਰੂਰ ਕਰਦੇ ਹਨ। ਲੋਕਾਂ ਦਾ ਰੋਹ ਸਹੀ ਦਿਸ਼ਾ ਵਿੱਚ ਅੱਗੇ ਨਾ ਵਧੇ ਉਸ ਗ਼ੁੱਸੇ ਨੂੰ ਕਿਸੇ ਖੂਹ-ਖਾਤੇ ਵਿੱਚ ਸੁੱਟਣ ਲਈ ਇਸਨੂੰ ਫ਼ਿਰਕੂ ਰੰਗਤ ਦਿੰਦੇ ਹਨ। ਦੂਜੀ ਗੱਲ ਇੱਥੇ ਕੁੱਝ ਖ਼ਾਸ ਕਾਰਨਾਂ ਪੰਜਾਬ ਦੀ ਵੋਟ ਰਾਜਨੀਤੀ ਵਿੱਚ ਬੀਜੇਪੀ ਦੇ ਪੈਰ ਲੱਗਣ ਦੀ ਸੰਭਾਵਨਾ ਘੱਟ ਹੋਣ ਕਰਕੇ, ਆਰਐੱਸਐੱਸ ਪੰਜਾਬ ਦੇ ਲੋਕਾਂ ਨੂੰ ਫ਼ਿਰਕੂ ਆਧਾਰ ‘ਤੇ ਵੰਡ ਕੇ ਆਪਣੀ ਸਿਆਸੀ ਗਰਜ਼ ਪੂਰੀ ਕਰਨ ਲਈ ਹਿੰਦੂ ਭਾਈਚਾਰੇ ਨੂੰ ਸਹਿਮ ਦੇ ਮਾਹੌਲ ਵਿੱਚ ਪਾਕੇ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਲਈ ਬੇਹੱਦ ਕਾਹਲ਼ੀ ਹੈ। ਅਜਿਹੇ ਸਮੇਂ ਵਿੱਚ ਇੱਕ ਧਰਮ ਪ੍ਰਚਾਰਕ ਦੇ ਤੌਰ ‘ਤੇ ਤਿੱਖੀਆਂ-ਤਿੱਖੀਆਂ ਫ਼ਿਰਕੂ ਤੇ ਜ਼ਹਿਰੀਲੀਆਂ ਗੱਲਾਂ ਕਰਨ ਵਾਲ਼ੇ ਅਮ੍ਰਿਤਪਾਲ ਸਿੰਘ ਵਰਗੇ ਬੰਦੇ ਦਾ ਪ੍ਰਗਟ ਹੋਣਾ ਕੋਈ ਅਚੰਭੇ ਵਾਲ਼ੀ ਗੱਲ ਨਹੀਂ। ਬੇਸ਼ੱਕ ਇਸ ਫਿਰਕੂ ਜ਼ਹਿਰ ਦਾ ਸੰਤਾਪ ਲੋਕ ਪਹਿਲਾਂ ਵੀ ਅੱਤਵਾਦ ਦੇ ਦੌਰ ਵਿੱਚ ਹੰਢਾ ਚੁੱਕੇ ਹਨ ਜਿਸ ਦੀ ਆਡ ਵਿੱਚ ਜਿੱਥੇ ਪੁਲਿਸ ਨੇ ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ ਉੱਥੇ ਹੀ ਫ਼ਿਰਕੂ ਲੋਕਾਂ ਨੇ ਅਨੇਕਾਂ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਅਸਲ ਵਿੱਚ ਪੰਜਾਬ ਦੇ ਨੌਜਵਾਨ ਰੁਜ਼ਗਾਰ ਦੀ ਮੰਗ ਕਰ ਰਹੇ ਹਨ ਬੇਰੁਜ਼ਗਾਰੀ ਸਾਰੀਆਂ ਹੱਦਾਂ ਬੰਨ੍ਹੇ ਟੱਪ ਚੁੱਕੀ ਹੈ ਉਨ੍ਹਾਂ ਨੂੰ ਰੁਜ਼ਗਾਰ ਚਾਹੀਦਾ ਹੈ। ਉਨ੍ਹਾਂ ਨੇ ਕਿਸੇ ਧਰਮ ਅਧਾਰਿਤ ਰਾਜ ਦੀ ਸਥਾਪਨਾ ਤੋਂ ਕੀ ਲੈਣਾ ਹੈ। ਹਾਕਮ ਜਮਾਤਾਂ ਅਤੇ ਫ਼ਿਰਕੂ ਤਾਕਤਾਂ ਨਹੀਂ ਚਾਹੁੰਦੀਆਂ ਕਿ ਨੌਜਵਾਨ ਸੰਘਰਸ਼ ਦੇ ਸਹੀ ਰਸਤੇ ‘ਤੇ ਅੱਗੇ ਵਧਕੇ ਸ਼ਹੀਦ ਭਗਤ ਸਿੰਘ ਹੁਰਾਂ ਦੇ ਚਿਤਵੇ ਸਮਾਜ ਦੀ ਉਸਾਰੀ ਵੱਲ ਵਧਣ। ਇਸ ਕਰਕੇ ਹਾਕਮ ਜਮਾਤਾਂ ਅਤੇ ਫ਼ਿਰਕੂ ਟੋਲੇ, ਸ਼ਹੀਦ ਭਗਤ ਸਿੰਘ ਹੁਰਾਂ ਦੀ ਵਿਚਾਰਧਾਰਾ ‘ਤੇ ਵਾਰ-ਵਾਰ ਹਮਲੇ ਕਰਦੇ ਹਨ। ਕਿਉਂਕਿ ਨੌਜਵਾਨਾਂ ਨੂੰ ਭਗਤ ਸਿੰਘ ਦੇ ਵਿਚਾਰ ਅੱਜ ਵੀ ਖਿੱਚ ਰਹੇ ਹਨ। ਇਸ ਕਰਕੇ ਇਹ ਪਿਛਾਂਹਖਿੱਚੂ ਤਾਕਤਾਂ, ਅਗਾਂਹਵਧੂ ਤਾਕਤਾਂ ਅਤੇ ਖ਼ਾਸਕਰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਵਾਰ ਵਾਰ ਨਿਸ਼ਾਨਾ ਬਣਾ ਰਹੇ ਹਨ। ਪਰ ਇੰਨ੍ਹਾਂ ਦੀ ਅੱਜ ਇੰਨੀ ਹਿੰਮਤ ਨਹੀਂ ਕਿ ਇਹ ਭਗਤ ਸਿੰਘ ਨੂੰ ਲੋਕ ਮਨਾਂ ‘ਚੋਂ ਕੱਢ ਸਕਣ ਕਿਉਂਕਿ ਸ਼ਹੀਦ ਭਗਤ ਸਿੰਘ ਅੱਜ ਪੂਰੇ ਦੇਸ਼ ਦੇ ਲੋਕਾਂ ਦੇ ਇੱਕ ਸੱਚੇ ਨਾਇਕ ਦੇ ਰੂਪ ਵਿੱਚ ਉਭਰ ਚੁੱਕਿਆ ਹੈ। ਉਹ ਸਾਨੂੰ ਅਨਿਆਂ ਖਿਲਾਫ਼ ਸੰਘਰਸ਼ ਕਰਨ ਲਈ ਪ੍ਰੇਰਤ ਕਰਦਾ ਹੈ। ਭਗਤ ਸਿੰਘ ਦੱਸਦੇ ਹਨ ਕਿ ਸਰਮਾਏਦਾਰੀ ਪ੍ਰਬੰਧ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਇਸ ਲਈ ਉਹ ਇਸ ਪ੍ਰਬੰਧ ਨੂੰ ਉਖਾੜ ਕੇ ਕਿਰਤੀਆਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਦੀ ਗੱਲ ਕਰਦੇ ਹਨ। ਜਿਸ ਵਿੱਚ ਧਰਮ ਇੱਕ ਨਿੱਜੀ ਮਸਲਾ ਹੋਵੇਗਾ। ਧਰਮ ਨੂੰ ਰਾਜਨੀਤੀ ਤੋਂ ਅਲੱਗ ਕਰ ਦਿੱਤਾ ਜਾਣਾ ਚਾਹੀਦਾ ਹੈ। ਧਰਮ ਦੇ ਅਧਾਰ ‘ਤੇ ਕਿਸੇ ਨੂੰ ਵਿਸ਼ੇਸ਼ ਅਧਿਕਾਰ ਜਾਂ ਵਿਤਕਰਾ ਨਹੀਂ ਹੋਵੇਗਾ। ਅਸਲ ਵਿੱਚ ਭਗਤ ਸਿੰਘ ਅਜਿਹੇ ਸਮਾਜ ਨੂੰ ਸਿਰਜਣ ਲਈ ਸਾਰੇ ਕਿਰਤੀਆਂ ਨੂੰ ਧਰਮ ਜਾਤ ਤੋਂ ਉੱਪਰ ਉੱਠ ਕੇ ਇੱਕ ਮੁੱਠ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੰਦਾ ਹੈ। ਇਹ ਗੱਲ ਹੀ ਇਨ੍ਹਾਂ ਨੂੰ ਫ਼ਿਰਕੂ ਤਾਕਤਾਂ ਨੂੰ ਚੁਭਦੀ ਹੈ। ਇਸੇ ਲਈ ਉਹ ਭਗਤ ਸਿੰਘ ਦੇ ਨਾਮ ਤੋਂ ਖ਼ੌਫ਼ ਖਾਂਦੇ ਹਨ ਕਿਉਂਕਿ ਭਗਤ ਸਿੰਘ ਉਨ੍ਹਾਂ ਦੀਆਂ ਚਾਲਾਂ ਪ੍ਰਤੀ ਲੋਕਾਂ ਨੂੰ ਖ਼ਬਰਦਾਰ ਕਰਦਾ ਹੈ ਅਤੇ ਲੋਕ ਉਸ ਦੀ ਗੱਲ ਕੰਨ ਲਾ ਕੇ ਸੁਣਦੇ ਹਨ।
ਭਗਤ ਸਿੰਘ ਦੀਆਂ ਲਿਖਤਾਂ ਅੱਜ ਵੀ ਪ੍ਰਸੰਗਕ ਹਨ। ਜਿਸ ਨੂੰ ਪੜ੍ਹ ਕੇ ਨੌਜਵਾਨਾਂ ਸਰਮਾਏਦਾਰੀ ਦੇ ਅਸਲ ਕਿਰਦਾਰ ਨੂੰ ਪਛਾਣਦੇ ਹਨ। ਇਸ ਕਰਕੇ ਹੀ ਇਹ ਫਿਰਕੂ ਟੋਲਾ ਭਗਤ ਸਿੰਘ ਤੇ ਚਿੱਕੜ ਉਛਾਲ ਰਿਹਾ ਹੈ। ਪਰ ਇਹ ਨਹੀਂ ਜਾਣਦੇ ਭਗਤ ਸਿੰਘ ਤੇ ਉਸਦੇ ਵਿਚਾਰ ਪੱਥਰ ਤੇ ਖਿੱਚੀ ਲਕੀਰ ਵਾਂਗ ਹਨ। ਇਨ੍ਹਾਂ ਨੂੰ ਮਿਟਾਉਣ ਦੀ ਕੋਸ਼ਿਸ਼ ਨਾਲ ਉਹ ਹੋਰ ਡੁੰਘੇਰੇ ਹੋ ਰਹੇ ਹਨ
ਅੱਜ ਜਦ ਇਹ ਫ਼ਿਰਕੂ ਤਾਕਤਾਂ ਪੂਰੇ ਜ਼ੋਰ ਨਾਲ਼ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਮੌਜੂਦਾ ਆਪ ਸਰਕਾਰ ਵੀ ਇਸ ਮਸਲੇ ‘ਤੇ ਪੂਰੀ ਤਰ੍ਹਾਂ ਬੇਸ਼ਰਮੀ ਭਰੀ ਚੁੱਪ ਧਾਰੀ ਬੈਠੀ ਹੈ। ਕਿਉਂਕਿ ਉਸ ਨੂੰ ਲੋਕਾਂ ਦੇ ਮਸਲਿਆਂ ਨਾਲ਼ ਕੋਈ ਮਤਲਬ ਨਹੀਂ ਹੈ। ਬਲਕਿ ਉਸ ਨੂੰ ਲੋਕਾਂ ਦਾ ਧਿਆਨ ਸਹੀ ਪਾਸਿਓਂ ਭਟਕਾਉਣ ਲਈ ਇਹ ਸਭ ਕੁੱਝ ਬਾਰਾ ਖਾਂਦਾ ਹੈ। ਦੂਜਾ ਉਸ ਨੂੰ ਲੋਕ ਸਿਰਫ਼ ਵੋਟ ਪਰਚੀ ਹੀ ਦਿਖਦੇ ਹਨ। ਇਸ ਕਰਕੇ ਉਹ ਇਨ੍ਹਾਂ ਫਿਰਕੂ ਨਾਗਾਂ ਪ੍ਰਤੀ ਜਾਣ-ਬੁੱਝ ਕੇ ਮੂੰਹ ਨਹੀਂ ਖੋਲ ਰਹੀ ਕਿਉਂਕਿ ਉਸ ਨੂੰ ਸਿੱਖ ਵੋਟ ਖ਼ਰਾਬ ਹੋਣ ਦਾ ਖਦਸ਼ਾ ਹੈ। ਕੇਜਰੀਵਾਲ ਖ਼ੁਦ ਵੋਟਾਂ ਦੇ ਲਾਹੇ ਲਈ ਹਿੰਦੂਤਵ ਦਾ ਲਗਾਤਾਰ ਪੱਤਾ ਖੇਡਦਾ ਹੈ। ਪਿਛਲੇ ਦਿਨੀਂ ਭਾਰਤ ਦੀ ਕਰੰਸੀ ‘ਤੇ ਹਿੰਦੂ ਦੇਵੀ ਦੇਵਤਿਆਂ ਦੀ ਫੋਟੋ ਲਾਉਣ ਦੀ ਮੰਗ ਕਰਨਾ ਉਸ ਦੀ ਬੇਸ਼ਰਮੀ ਭਰੀ ਸਿਆਸਤ ਦੀ ਸਿਖ਼ਰ ਹੈ। ਇਸ ਲਈ ਉਸ ਦੀ ਪਾਰਟੀ ਦੀ ਪੰਜਾਬ ਸਰਕਾਰ ਤੋਂ ਵੀ ਇਹ ਉਮੀਦ ਕਰਨੀ ਫਜੂਲ ਹੈ ਕਿ ਉਹ ਇਸ ਵਰਤਾਰੇ ਉੱਪਰ ਖੁੱਲ੍ਹ ਕੇ ਫਿਰਕਾਪ੍ਰਸਤੀ ਦਾ ਵਿਰੋਧ ਕਰੇਗੀ, ਕਿਉਂਕਿ ਇਹ ਉਸਦੇ ਹੀ ਹਿੱਤ ‘ਚ ਨਹੀਂ ਹੈ।
ਪਰ ਇਸ ਤੋਂ ਅਗਾਂਹ ਜਾ ਕੇ ਜੇ ਅਸੀਂ ਪੰਜਾਬ ਦੇ ਕਾਮਰੇਡਾਂ ਨੂੰ ਦੇਖੀਏ ਤੇ ਜਿਨ੍ਹਾਂ ਤੋਂ ਸਾਨੂੰ ਉਮੀਦ ਸੀ ਕਿ ਉਹ ਧਰਮ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਲੈ ਕੇ ਆਉਣਗੇ ਕਿ ਧਰਮ ਕਿਵੇਂ ਲੋਕਾਂ ਦੀ ਚੇਤਨਾ ਦਾ ਨਾਸ ਕਰਦਾ ਹੈ। ਧਰਮ ਦਾ ਜ਼ਹਿਰ ਜਦੋਂ ਸਿਰ ਚੜ੍ਹ ਜਾਂਦਾ ਹੈ ਤਾਂ ਤੁਸੀਂ ਕਿਵੇਂ ਖੁੰਖਾਰ ਹੋ ਜਾਂਦੇ ਹੋ। ਉਹ ਲੋਕਾਂ ਅੰਦਰ ਜਮਹੂਰੀਅਤ ਦਾ ਪ੍ਰਚਾਰ ਕਰਨਗੇ, ਉਹ ਲੋਕਾਂ ਨੂੰ ਦੱਸਣਗੇ ਕਿ ਧਰਮ ਤੁਹਾਡੀ ਨਿੱਜੀ ਆਸਥਾ ਦਾ ਮਸਲਾ ਹੈ। ਇਸ ਨੂੰ ਕਿਸੇ ਹੋਰ ਉਪਰ ਥੋਪਣਾ ਸਰਾਸਰ ਗਲਤ ਹੈ। ਇਹ ਗੱਲ ਦੁਨੀਆਂ ਦੇ ਹਰ ਧਰਮ ਤੇ ਲਾਗੂ ਹੁੰਦੀ ਹੈ। ਉਨ੍ਹਾਂ ਨੂੰ ਧਰਮ ਆਧਾਰਿਤ ਮੁਲਕਾਂ ਦੀ ਉਦਾਹਰਨ ਲੋਕਾਂ ਸਾਹਮਣੇ ਲੈ ਕੇ ਆਉਣੀ ਚਾਹੀਦੀ ਸੀ ਕਿ ਕਿਵੇਂ ਧਰਮ ਤੁਹਾਡੀ ਜਮਹੂਰੀਅਤ ਦਾ ਘਾਣ ਕਰਦਾ ਹੈ। ਇਸ ਸਬੰਧੀ ਭਾਵੇਂ ਕਾਮਰੇਡਾਂ ਨੇ ਕਾਫ਼ੀ ਕੁੱਝ ਕੀਤਾ ਹੈ। ਪਰ ਸੰਤੋਖਜਨਕ ਸਥਿਤੀ ਬਿਲਕੁਲ ਵੀ ਨਹੀਂ ਪੰਜਾਬ ਦੇ ਕਾਮਰੇਡ ਨੂੰ ਜ਼ਰਾ ਕੁ ਖੁਰਚੋ ਤਾਂ ਉਸ ਅੰਦਰੋਂ (ਇੱਕ ਖ਼ਾਸ ਧਰਮ ਦਾ) ਧਾਰਮਿਕ ਬੰਦਾ ਨਿਕਲ ਆਉਂਦਾ ਹੈ। ਅੱਜ ਵੀ ਕਾਮਰੇਡਾਂ ‘ਚ ਹੋੜ ਜਿਹੀ ਲੱਗੀ ਹੋਈ ਹੈ ਕਿ ਉਹ ਆਪਣੇ ਆਪ ਨੂੰ ਵੱਧ ਤੋਂ ਵੱਧ ਇੱਕ ਵਿਸ਼ੇਸ਼ ਧਰਮ ਦੇ ਨੇੜੇ ਦਿਖਾ ਸਕਣ ਤਾਂ ਜੋ ਲੋਕ ਉਨ੍ਹਾਂ ਨਾਲ਼ ਜੁੜੇ ਰਹਿਣ ਭਾਵ ਇਸ ਸਬੰਧੀ ਉਨ੍ਹਾਂ ਦੀ ਸਮਝ ਇਹ ਹੈ ਕਿ ਇਸ ਨਾਲ਼ ਲੋਕ ਸਿੱਖ/ਕਾਮਰੇਡ ਦੇ ਅਧਾਰ ‘ਤੇ ਵੰਡੇ ਨਾ ਜਾਣ ਭਾਵੇਂ ਉਨ੍ਹਾਂ ਦੀ ਮਨਸ਼ਾ ਮਾੜੀ ਨਹੀਂ ਹੈ ਪਰ ਉਹ ਭੁੱਲ ਜਾਂਦੇ ਹਨ। ਸੰਘਰਸ਼ਾਂ ਦੇ ਮੈਦਾਨ ਵਿਚ ਜੋ ਲੋਕ ਉਨ੍ਹਾਂ ਨਾਲ਼ ਡਟੇ ਹੋਏ ਹਨ ਉਹ ਤੁਹਾਡੇ ਨਾਲ਼ ਕਿਸੇ ਧਰਮ ਕਾਰਨ ਨਹੀਂ ਜੁੜੇ ਬਲਕਿ ਲੋਕਾਂ ਦੇ ਮੰਗਾਂ-ਮਸਲਿਆਂ ਪ੍ਰਤੀ ਤੁਹਾਡੀ ਸਮਝ ਦੇ ਅਮਲ ਵਿੱਚ ਸੰਘਰਸ਼ ਦੇ ਮੈਦਾਨ ਵਿੱਚ ਉਤਰਨ ਕਾਰਨ ਜੁੜੇ ਹਨ। ਇਸ ਲਈ ਜੇਕਰ ਅਸੀਂ ਸਮਝਦੇ ਹਾਂ ਕਿ ਉਹ ਨਰਾਜ਼ ਹੋ ਜਾਣਗੇ ਤਾਂ ਇਸ ਦਾ ਇਹ ਸਿੱਧਾ ਕਾਰਨ ਹੈ ਕਿ ਅਸੀਂ ਸੰਘਰਸ਼ਾਂ ਦੇ ਜ਼ਰੀਏ ਜਾਂ ਹੋਰ ਸਾਧਨਾਂ ਨਾਲ਼ ਉਹਨਾਂ ਅੰਦਰ ਜਮਹੂਰੀਅਤ ਦਾ ਪ੍ਰਚਾਰ ਨਹੀਂ ਕੀਤਾ, ਜਾਂ ਇਸ ਮਸਲੇ ਨੂੰ ਕਦੇ ਮਸਲਾ ਸਮਝਿਆ ਹੀ ਨਹੀਂ। ਬਿਨਾਂ ਸ਼ੱਕ ਅਸੀਂ ਆਮ ਧਾਰਮਿਕ ਲੋਕਾਂ ਦੇ ਮੁੱਦੇ ਚੁੱਕਦੇ ਹਾਂ ਜਾਂ ਚੁੱਕਣੇ ਚਾਹੀਦੇ ਹਨ ਜੇਕਰ ਸਰਕਾਰ ਉਸ ਦੀ ਕਿਸੇ ਵੀ ਹੱਕੀ ਮੰਗ ਦਾ ਘਾਣ ਕਰਦੀ ਹੈ ਤਾਂ ਉਸਦੀ ਉਸ ਹੱਕੀ ਮੰਗ ਦੀ ਬਹਾਲੀ ਲਈ ਯਤਨ ਕਰਨੇ ਚਾਹੀਦੇ ਹੈ ਬਸ ਉਸ ਦੀ ਮੰਗ ਫ਼ਿਰਕੂ
ਨਾ ਹੋਵੇ ਪਰ ਇਸ ਸਭ ਦਾ ਇਹ ਮਤਲਬ ਨਹੀਂ ਕਿ ਅਸੀਂ ਉਸ ਦੇ ਧਾਰਮਿਕ ਏਜੰਡੇ ‘ਤੇ ਚਲੇ ਜਾਈਏ ਪਰ ਪੰਜਾਬ ਦੇ ਕਾਮਰੇਡ ਅੱਜ ਧਾਰਮਿਕ ਏਜੰਡੇ ‘ਤੇ ਅਪਣੀ ਸਹਿਮਤੀ ਪਾਉਂਦੇ ਨਜ਼ਰ ਆ ਰਹੇ ਹਨ। ਜੋ ਕਿ ਜਨਤਾ ਅੰਦਰ ਧਾਰਮਿਕ ਕੱਟੜਤਾ ਨੂੰ ਹੋਰ ਵਧੇਰੇ ਜਨਮ ਦੇਵੇਗਾ ਤੇ ਉਨ੍ਹਾਂ ਅੰਦਰ ਆਪਣੇ ਧਰਮ ਪ੍ਰਤੀ ਹੋਰ ਕੱਟੜਤਾ ਵਧਦੀ ਹੈ। ਉਨ੍ਹਾਂ ਅੰਦਰ ਜਮਹੂਰੀਅਤ ਦਾ ਘੇਰਾ ਹੋਰ ਸੁੰਗੜ ਜਾਵੇਗਾ। ਜੋ ਅਖੀਰ ਵਿੱਚ ਫ਼ਿਰਕੂ ਟੋਲੇ ਦੀ ਹੀ ਭੀੜ ਵਧਾਉਣਗੇ। ਇਸ ਲਈ ਸਾਨੂੰ ਭਗਤ ਸਿੰਘ ਦੀ ਲੋਕਪ੍ਰਿਅਤਾ ਨੂੰ ਦੇਖਣਾ ਚਾਹੀਦਾ ਹੈ ਸਭ ਜਾਣਦੇ ਹਨ ਕਿ ਭਗਤ ਸਿੰਘ ਇੱਕ ਨਾਸਤਿਕ ਵਿਅਕਤੀ ਸੀ ਜੋ ਕਿਸੇ ਧਰਮ ਜਾਂ ਰੱਬ ਨੂੰ ਨਹੀਂ ਮੰਨਦਾ ਸੀ ਪਰ ਫਿਰ ਵੀ ਸਾਰੇ ਧਰਮਾਂ ਦੇ ਲੋਕ ਭਾਰਤ ਤੇ ਇਥੋਂ ਤੱਕ ਕਿ ਪਾਕਿਸਤਾਨ ਵਿੱਚ ਵੀ ਉਸਦੀ ਕਦਰ ਕਰਦੇ ਹਨ। ਇਸ ਲਈ ਲੋਕਾਂ ਸਾਹਮਣੇ ਜੋ ਤੁਸੀਂ ਹੋ ਉਹੀ ਪੇਸ਼ ਕਰਨਾ ਚਾਹੀਦਾ ਹੈ ਇਸ ਨਾਲ਼ ਹੀ ਲੋਕ ਵੱਧ ਜਮਹੂਰੀ ਹੁੰਦੇ ਹਨ। ਪਰ ਇੱਕ ਆਗੂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਮੈਂ ਫਲਾਣੇ ਧਰਮ ਨਾਲ਼ ਸਬੰਧ ਰੱਖਦਾ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਧਰਮ ਸਭ ਤੋਂ ਵਧੀਆ ਧਰਮ ਹੈ। ਇਸ ਰਾਹੀਂ ਤੁਸੀਂ ਜੋ ਵੀ ਸਾਬਤ ਕਰਨਾ ਚਾਹੋਂ ਪਰ ਦੇਰ ਸਵੇਰ ਜਨਤਾ ਦੀ ਜਮਹੂਰੀ ਚੇਤਨਾ ਨੂੰ ਇਸ ਦਾ ਨੁਕਸਾਨ ਹੀ ਹੋਵੇਗਾ। ਜਨਤਾ ਨੂੰ ਜਿੱਤਣ ਲਈ ਇਹ ਜ਼ਰੂਰੀ ਨਹੀਂ ਕਿ ਤੁਸੀਂ ਉਨ੍ਹਾਂ ਦੇ ਧਾਰਮਿਕ ਏਜੰਡੇ ‘ਤੇ ਹੀ ਪਹੁੰਚ ਜਾਵੋਂ ਬਲਕਿ ਸੰਘਰਸ਼ ਜਾਂ ਕਿਸੇ ਹੋਰ ਤਰੀਕੇ ਉਨ੍ਹਾਂ ਦੀ ਚੇਤਨਾ ਵਿੱਚ ਇਹ ਗੱਲ ਘਰ ਕਰ ਦੇਣੀ ਚਾਹੀਦੀ ਹੈ ਕਿ ਬੇਸ਼ੱਕ ਅਸੀਂ ਕਿਸੇ ਵੀ ਧਰਮ ਜਾਂ ਧਰਮ ਦਾ ਅਧਾਰਿਤ ਰਾਜ ਦੀ ਹਮਾਇਤ ਨਹੀਂ ਕਰਦੇ ਪਰ ਅਸੀਂ ਧਰਮ ਦੇ ਅਧਾਰ ‘ਤੇ ਕਿਸੇ ਨਾਲ਼ ਧੱਕਾ ਜਾਂ ਕਿਸੇ ਵੀ ਪ੍ਰਕਾਰ ਦਾ ਵਿਤਕਰੇਬਾਜ਼ੀ ਵੀ ਬਰਦਾਸ਼ਤ ਨਹੀਂ ਕਰਦੇ।
ਅਸਲ ਵਿੱਚ ਕਿਸੇ ਵੀ ਧਰਮ ਅਧਾਰਤ ਰਾਜ ਬਣਾਉਣ ਵਾਲ਼ੇ ਲੋਕਾਂ ਦਾ ਮਕਸਦ ਕਿਸੇ ਵਿਸ਼ੇਸ਼ ਧਰਮ ਦੇ ਲੋਕਾਂ ਦਾ ਭਲਾ ਕਰਨਾ ਨਹੀਂ ਹੁੰਦਾ ਬਲਕਿ ਭੋਲ਼ੇ-ਭਾਲ਼ੇ ਲੋਕਾਂ ਨੂੰ ਤੱਤੀਆਂ-ਤੱਤੀਆਂ ਗੱਲਾਂ ਸੁਣਾ ਕੇ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਹੈ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਇਸ ਨਾਲ਼ ਲੋਕਾਂ ਦਾ ਭਲਾ ਹੋ ਜਾਵੇਗਾ ਤਾਂ ਇਰਾਕ, ਅਫ਼ਗਾਨਿਸਤਾਨ, ਪਾਕਿਸਤਾਨ ਆਦਿ ਅਨੇਕਾਂ ਮੁਲਕਾਂ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ ਜਿਨ੍ਹਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਜਿਨ੍ਹਾਂ ਦੇਸ਼ਾਂ ਦੇ ਲੋਕਾਂ ‘ਤੇ ਆਪਣੀ ਮਰਜ਼ੀ ਅਨੁਸਾਰ ਖਾਣ-ਪੀਣ ਅਤੇ ਪਹਿਨਣ ‘ਤੇ ਵੀ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਇਸ ਦੀ ਸਭ ਤੋਂ ਵੱਧ ਮਾਰ ਔਰਤਾਂ ਤੇ ਪੈਂਦੀ ਹੈ ਉਹ ਉਸ ਤੋਂ ਹਰ ਤਰ੍ਹਾਂ ਦੀ ਅਜ਼ਾਦੀ ਖੋਹ ਲੈਂਦੇ ਹਨ ਤੇ ਉਸ ਨੂੰ ਦੂਜੇ ਦਰਜੇ ਦਾ ਸ਼ਹਿਰੀ ਬਣਾ ਦਿੱਤਾ ਜਾਂਦਾ ਹੈ।
ਸੋ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਫ਼ਿਰਕੂ ਤਾਕਤਾਂ ਜੋ ਆਰਐਸਐਸ ਵਰਗੀ ਫਾਸੀਵਾਦੀ ਜਥੇਬੰਦੀ ਦੇ ਮਨਸੂਬਿਆਂ ਨੂੰ ਕਾਮਯਾਬ ਕਰਨ ਦਾ ਹੀ ਰਾਹ ਖੋਲ੍ਹਦੀਆਂ ਹਨ, ਨੂੰ ਮੂੰਹ ਨਾ ਲਾਉਣ, ਨਹੀਂ ਤਾਂ ਬਹੁਤ ਕੁਵੇਲਾ ਹੋ ਜਾਵੇਗਾ। ਅੱਜ ਜਿਸ ਤੋਂ ਇਹ ਹਾਕਮ ਖ਼ੌਫ਼ ਖਾਂਦੇ ਹਨ ਉਹ ਹੈ ਆਮ ਕਿਰਤੀ ਲੋਕਾਂ ਦੀ ਜੋਟੀ ਤੇ ਉਨ੍ਹਾਂ ਦੇ ਹਰ ਤਰ੍ਹਾਂ ਦੇ ਜ਼ੁਲਮ ਵਿਰੁੱਧ ਬਗ਼ਾਵਤੀ ਸੁਰ। ਹਾਕਮ ਇਸੇ ਨੂੰ ਜੋਟੀ ਨੂੰ ਤੋੜ ਕੇ ਇਸ ਬਗਾਵਤੀ ਸੁਰ ਨੂੰ ਹੀ ਚੁੱਪ ਕਰਾਉਣਾ ਚਾਹੁੰਦੇ ਹਨ ਇਸ ਲਈ ਉਹ ਤੁਹਾਡੇ ਸਾਹਮਣੇ ਇਹ ਏਜੰਡਾ ਲੈਕੇ ਆਏ ਹਨ। ਉਹ ਹੈ ਧਰਮ ਅਧਾਰਿਤ ਰਾਜ ਜਿਸ ਦੇ ਸਿੱਟੇ ਅਸੀਂ ਪਹਿਲਾਂ ਹੀ ਭੁਗਤ ਚੁੱਕੇ ਹਾਂ ਜਿਸ ਵਿੱਚ ਪੰਜਾਬ ਦੇ ਲੋਕਾਂ ਨੂੰ ਲੱਭਿਆ ਕੁੱਝ ਵੀ ਨਹੀਂ ਗੁਆ ਬਹੁਤ ਕੁੱਝ ਲਿਆ।