ਫ਼ਾਸੀਵਾਦੀ ਉਭਾਰ ਦੇ ਦੌਰਾਨ ਪੈਦਾ ਹੋ ਰਹੇ ਫ਼ਰਜ਼ੀ ਵਿਕਲਪਾਂ ਦੀ ਅਸਲੀਅਤ ਨੂੰ ਪਛਾਣੋ

ਅੱਜ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦਾ ਹਿੰਦੂਤਵੀ ਫ਼ਾਸੀਵਾਦੀ ਰਥ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ। ਮੋਦੀ ਸਰਕਾਰ ਲਗਾਤਾਰ ਆਪਣੇ ਫ਼ਾਸੀਵਾਦੀ ਏਜੰਡੇ ਨੂੰ ਅੱਗੇ ਵਧਾ ਰਹੀ ਹੈ। ਉਹ ਦੇਸ਼ ਦੇ ਹਰ ਨਾਗਰਿਕ ਦੇ ਦਿਮਾਗ਼ ਨੂੰ ਫ਼ਾਸੀਵਾਦੀ ਕੂੜੇ ਨਾਲ਼ ਦੂਸ਼ਿਤ ਕਰਨਾ ਚਾਹੁੰਦੀ ਹੈ ਤਾਂ ਕਿ ਲੋਕ ਇਹਨਾਂ ਦੇ ਲੋਕ ਵਿਰੋਧੀ ਏਜੰਡੇ ਦੇ ਵਿਰੁੱਧ ਕੋਈ ਤਰਕ ਨਾਂ ਕਰ ਸਕਣ।
ਪਿਛਲੇ ਕਾਫ਼ੀ ਸਮੇਂ ਤੋਂ ਪੂਰਾ ਸੰਸਾਰ ਅਤੇ ਸਾਡਾ ਦੇਸ਼ ਡੂੰਘੇ ਆਰਥਿਕ ਮੰਦਵਾੜੇ ਵਿੱਚ ਫਸਿਆ ਹੋਇਆ ਹੈ। ਇਸ ਕਰਕੇ ਸਰਮਾਏਦਾਰ ਜਮਾਤ ਦਾ ਮੁਨਾਫ਼ਾ ਲਗਤਾਰ ਸੁੰਗੜ ਰਿਹਾ ਹੈ। ਪੂਰੇ ਦੇਸ਼ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਹੈ। ਭਾਰਤ ਦੀ ਸਰਮਾਏਦਾਰੀ ਇਸੇ ਕਰਕੇ ਮੌਜੂਦਾ ਸੰਕਟ ਨਾਲ਼ ਨਜਿੱਠਣ ਲਈ ਫ਼ਾਸੀਵਾਦੀ ਤਾਕਤਾਂ ਨੂੰ ਸੱਤਾ ਵਿੱਚ ਲੈਕੇ ਆਈ ਹੈ। ਮੋਦੀ ਸਰਕਾਰ ਆਪਣੇ ਮਾਲਕਾਂ ਪ੍ਰਤੀ ਆਪਣਾ ਹੇਜ ਦਿਖਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਹ ਲੋਕਾਂ ਦੇ ਹੱਕਾਂ ‘ਤੇ ਡਾਕੇ ਮਾਰਕੇ ਅਤੇ ਜਨਤਕ ਅਦਾਰਿਆਂ ਦਾ ਪੂਰੀ ਤਰ੍ਹਾਂ ਨਿੱਜੀਕਰਨ ਕਰਕੇ ਅਤੇ ਹਰ ਹਰਵਾ ਵਰਤਕੇ ਸਰਮਾਏਦਾਰਾਂ ਦੇ ਢਿੱਡ ਭਰ ਰਹੀ ਹੈ। ਸਰਕਾਰ ਦੀਆਂ ਨੀਤੀਆਂ ਵਿਰੁੱਧ ਉੱਠਣ ਵਾਲ਼ੇ ਲੋਕ ਰੋਹ ਨੂੰ ਕੁਚਲ਼ਣ ਲਈ ਆਪਣੀਆਂ ਲੋਕ ਵਿਰੋਧੀ ਨੀਤੀਆਂ ਪੂਰੀ ਬੇਸ਼ਰਮੀ ਨਾਲ਼ ਲਾਗੂ ਕਰ ਰਹੀ ਹੈ। ਲੋਕਾਂ ਸਾਹਮਣੇ ਨਕਲੀ ਦੁਸ਼ਮਣ ਖੜ੍ਹੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਧਰਮ ਦੇ ਨਾਂ ‘ਤੇ, ਜਾਤ ਦੇ ਨਾਂ ‘ਤੇ ਵੰਡਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਅੰਦਰ ਇੱਕ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਹਰ ਸੰਸਥਾ ਦਾ ਫ਼ਾਸੀਵਾਦੀਕਰਨ ਕੀਤਾ ਜਾ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਤੋਂ ਲੈਕੇ ਸੁਪਰੀਮ ਕੋਰਟ ਦੇ ਜੱਜ ਤੱਕ ਸੰਘ ਦੀ ਬੋਲੀ ਬੋਲਦੇ ਹੋਏ ਫਾਸਿਸਟਾਂ ਦੇ ਇਸ਼ਾਰਿਆਂ ‘ਤੇ ਨੱਚ ਰਹੇ ਹਨ। ਇਸ ਦੀਆਂ ਅਨੇਕਾਂ ਉਦਾਹਰਣਾਂ ਅੱਜ ਸਾਡੇ ਸਾਹਮਣੇ ਹਨ। ਲੋਕ ਹੱਕਾਂ ਲਈ ਬੋਲਣ ਵਾਲ਼ੀ ਹਰ ਆਵਾਜ਼ ਨੂੰ ਦਬਾਉਣ ਲਈ ਲੋਕ-ਪੱਖੀ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਤਾਂ ਕਿ ਜਨਤਾ ਲਈ ਆਵਾਜ਼ ਉਠਾਉਣ ਵਾਲ਼ੇ ਲੋਕਾਂ ਦਾ ਮੁੰਹ ਬੰਦ ਕੀਤਾ ਜਾ ਸਕੇ।
ਪਰ ਇਸ ਸਭ ਤਰ੍ਹਾਂ ਦੇ ਜ਼ਬਰ ਦੇ ਬਾਵਜੂਦ ਲੋਕ, ਲੱਕਤੋੜੂ ਮਹਿੰਗਾਈ ਤੇ ਬੇਰੁਜ਼ਗਾਰੀ ਵਿਰੁੱਧ ਵੱਖ ਵੱਖ ਢੰਗਾਂ ਰਾਹੀਂ ਆਪਣਾ ਰੋਸ ਪ੍ਰਗਟਾ ਰਹੇ ਹਨ। ਬੀਜੇਪੀ ਦੀ ਪੈੜ ‘ਚ ਪੈੜ ਰੱਖਦਾ ਹੋਇਆ ਕੇਜਰੀਵਾਲ ਵੀ ਹਿੰਦੂਤਵ ਦੇ ਪੱਤਾ ਖੇਡਣ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ। ਉਹ ਕਦੇ ਹਨੂੰਮਾਨ ਚਾਲੀਸਾ ਦਾ ਪਾਠ ਪੜ੍ਹਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕਰਦਾ ਹੈ ਅਤੇ, ਕਦੇ ਭਾਰਤੀ ਕਰੰਸੀ ਉੱਪਰ ਦੇਵੀ ਦੇਵਤਿਆਂ ਦੀ ਫ਼ੋਟੋਆਂ ਲਗਾਉਣ ਦੀਆਂ ਗੱਲਾਂ ਕਰਦਾ ਹੈ। ਹੋਰਨਾਂ ਸੂਬਿਆਂ ਵਿੱਚ ਜਾਕੇ ਦਿੱਲੀ ਅਤੇ ਪੰਜਾਬ ਵਿੱਚ ਆਪਣੀ ਪਾਰਟੀ ਦੁਆਰਾ ਲਿਆਂਦੇ “ਇਨਕਲਾਬ” ਦੀਆਂ ਉਦਾਹਰਣਾਂ ਦੇ ਰਿਹਾ ਹੈ। ਜਿਵੇਂ ਉਸਨੇ ਉੱਥੋਂ ਦੇ ਲੋਕਾਂ ਦੇ ਹਰ ਦੁੱਖ਼ ਦਾ ਇਲਾਜ ਕਰਨ ਲਈ ਸੰਜੀਵਨੀ ਲੱਭ ਲਈ ਹੋਵੇ। ਪਰ ਦਿੱਲੀ ਦੀਆਂ ਸੜਕਾਂ ‘ਤੇ ਹਰ ਰੋਜ਼ ਉਸ ਦਾ ਪਿੱਟ ਸਿਆਪਾ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਮਿਹਨਤਕਾਸ਼ ਜਨਤਾ ਦੇਖੀ ਜਾ ਸਕਦੀ ਹੈ। ਇੱਥੇ ਪੰਜਾਬ ਵਿੱਚ ਵੀ ਬੇਰੁਜ਼ਗਾਰਾਂ ਅਤੇ ਹੋਰ ਕਿਰਤੀ ਲੋਕਾਂ ਦੇ ਨਾਰੇ ਸੁਣੇ ਜਾ ਸਕਦੇ ਹਨ। ਜੋ ਇੰਨ੍ਹਾਂ ਜਾਅਲੀ ਇਨਕਲਾਬੀਆਂ ਦੇ “ਇਨਕਲਾਬ” ਦਾ ਮੂੰਹ ਚਿੜਾ ਰਹੇ ਹਨ। ਹਿੰਦੂਤਵ ਦਾ ਪ੍ਰਚਾਰਕ ਬਣਿਆ ਕੇਜਰੀਵਾਲ ਅੱਜ ਫਾਸੀਵਾਦੀ ਦੇ ਰਥ ਦੇ ਸੇਵਕ ਦੀ ਭੂਮਿਕਾ ਨਿਭਾ ਰਿਹਾ।
ਦੂਜੇ ਪਾਸੇ ਦੇਸ਼ ਭਰ ਵਿੱਚ ਵਿਕਲਪ-ਹੀਣਤਾ ਦਾ ਮਾਹੌਲ ਹੈ। ਪੰਜਾਬ ਵਿੱਚ ਵੀ ਸਥਿਤੀ ਇਸ ਤੋਂ ਕੋਈ ਵੱਖਰੀ ਨਹੀਂ ਹੈ। ਪੰਜਾਬ ਵਿੱਚ ਅੱਜ ਫਿਰ ਇੱਕ ਘੜੀ-ਮਿਥੀ ਨੀਤੀ ਤਹਿਤ ਫ਼ਿਰਕੂ ਤਾਕਤਾਂ ਨੂੰ ਉਭਾਰਿਆ ਜਾ ਰਿਹਾ ਹੈ। ਲੋਕਾਂ ਸਾਹਮਣੇ ਭਾਂਵੇ ਉਹ ਫਾਸੀਵਾਦੀ ਤਾਕਤਾਂ ਨੂੰ ਪਾਣੀ ਪੀ-ਪੀ ਕੋਸਦੇ ਹੋਣ ਪਰ ਅਸਲ ਵਿੱਚ ਇਹ ਫ਼ਿਰਕੂ ਤਾਕਤਾਂ ਫਾਸੀਵਾਦੀ ਬੂਟੇ ਨੂੰ ਬੁੱਕ ਭਰ ਭਰ ਪਾਣੀ ਪਾਉਂਦੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਹਾਕਿਆਂ ਬਾਅਦ ਸੰਗਰੂਰ ਤੋਂ ਸੰਸਦ ਦੇ ਤੌਰ ਤੇ ਜਿੱਤਿਆ ਹੈ। ਇਹ ਆਦਮੀ ਫਿਰਕੂ ਬਿਆਨਬਾਜੀ ਕਰਨ ਲਈ ਬਦਨਾਮ ਰਿਹਾ ਹੈ। ਹੁਣ ਇੱਕ ਨਵੀਂ ਫ਼ਿਰਕੂ ਤਾਕਤ ਵਜੋਂ ਅਮ੍ਰਿਤਪਾਲ ਸਿੰਘ ਅੱਜ ਲੋਕਾਂ ਵਿੱਚ ਧਾਰਮਿਕ ਵੰਡੀਆਂ ਪਾ ਕੇ ਉਨ੍ਹਾਂ ਨੂੰ ਕੱਟੜ ਰੰਗਤ ਵਿੱਚ ਰੰਗਣਾਂ ਚਾਹੁੰਦਾ ਹੈ। ਅੱਜ ਭਾਵੇਂ ਕੁੱਝ ਭੋਲ਼ੇ-ਭਾਲ਼ੇ ਲੋਕ ਉਸ ਦੀਆਂ ਤੱਤੀਆਂ-ਤੱਤੀਆਂ ਗੱਲਾਂ ਵਿੱਚੋਂ ਸਮਾਜ ਦਾ ਭਲਾ ਲੱਭ ਰਹੇ ਹਨ। ਪਰ ਅਜਿਹੀਆਂ ਕੱਟੜ ਤਾਕਤਾਂ ਲੋਕਾਂ ਨੂੰ ਆਪਸੀ ਭਰਾ-ਮਾਰੂ ਜੰਗ ਵਿੱਚ ਫਸਾਕੇ ਆਪਣੇ ਮਨਸੂਬੇ ਪੂਰੇ ਕਰਨਾਂ ਚਾਹੁੰਦੀਆਂ ਹਨ। ਇਸ ਲਈ ਆਮ ਮਿਹਨਤਕਸ਼ ਲੋਕਾਂ ਨੂੰ ਖ਼ਾਸਕਰ ਨੌਜਵਾਨਾਂ ਨੂੰ ਅਜਿਹੇ ਫ਼ਿਰਕੂ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਅੱਜ ਪੰਜਾਬ ਦੀਆਂ ਜ਼ਿਆਦਾਤਰ ਖੱਬੇਪੱਖੀ ਤਾਕਤਾਂ ਧਾਰਮਿਕ ਮਸਲਿਆਂ ਅੱਗੇ ਗੋਡੇ ਟੇਕਦੀਆਂ ਨਜ਼ਰ ਆ ਰਹੀਆਂ ਹਨ। ਉਹ ਧਾਰਮਿਕ ਕੱਟੜਪੰਥੀ ਤਾਕਤਾਂ ਕੋਲੋਂ ਧਰਮ ਦੀ ਡਫ਼ਲੀ ਖੋਹ ਕੇ ਆਪ ਵਜਾਉਂਣਾ ਚਾਹੁੰਦੀਆਂ ਹਨ। ਇਹਨਾਂ ਦੀ ਧਾਰਮਿਕ ਤੁਸ਼ਟੀਕਰਣ ਦੀ ਇਹ ਨੀਤੀ ਲੋਕਾਂ ਲਈ ਹੋਰ ਵਧੇਰੇ ਖ਼ਤਰਨਾਕ ਸਾਬਤ ਹੋਵੇਗੀ। ਸਾਨੂੰ ਲੋਕਾਂ ਵਿੱਚ ਜਮਹੂਰੀਅਤ ਦਾ ਪ੍ਰਚਾਰ ਕਰਦੇ ਹੋਏ ਉਹਨਾਂ ਨੂੰ ਵੱਧ ਤੋ ਵੱਧ ਇਨਕਲਾਬੀ ਬਣਾਉਣ ਦਾ ਕਾਰਜ ਵਿੱਢਣਾ ਚਾਹੀਦਾ ਹੈ।
ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਅੱਜ ਨਾ ਤਾਂ ਅਸੀਂ ਕੇਜਰੀਵਾਲ ਵਰਗੇ ਠੱਗ ਦੇ ਮੁੰਹ ਵੱਲ ਦੇਖਣਾ ਹੈ ਅਤੇ ਨਾ ਹੀ ਫ਼ਿਰਕੂ ਤਾਕਤਾਂ ਦੇ ਜ਼ਹਿਰੀਲੇ ਪ੍ਰਚਾਰ ਵਿੱਚ ਫਸਣਾ ਹੈ। ਸਗੋਂ ਜਨਤਾ ਦੀ ਇਕਮੁਠਤਾ ਨੇ ਹੀ ਪਹਿਲਾਂ ਵੀ ਫ਼ਾਸੀਵਾਦ ਨੂੰ ਧੂੜ ਚਟਾਈ ਹੈ ਅਤੇ ਹੁਣ ਵੀ ਇਸੇ ਏਕੇ ਨਾਲ਼ ਹੀ ਫ਼ਾਸੀਵਾਦ ਦੀ ਗੋਡਣੀ ਲਵਾਈ ਜਾ ਸਕਦੀ ਹੈ।