ਚਾਰ ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਦੇ ਕੀ ਕਾਰਨ ਹਨ? ਸਾਡੇ ਭਵਿੱਖੀ ਵਿਰੋਧ ਦੀ ਰਣਨੀਤੀ ਕੀ ਹੋਵੇ?

ਭਾਜਪਾ ਨੂੰ ਚਾਰ ਰਾਜਾਂ ਵਿੱਚ ਹੁਣੇ-ਹੁਣੇ ਵਿਧਾਨਸਭਾ ਚੋਣਾਂ ’ਚ ਭਾਰੀ ਜਿੱਤ ਮਿਲੀ ਹੈ। ਇੱਥੋਂ ਤੱਕ ਕਿ ਜਿਨ੍ਹਾਂ ਰਾਜਾਂ ’ਚ ਭਾਜਪਾ ਅਤੇ ਕਾਂਗਰਸ ਵਿਚਾਲੇ਼ ਫਸਵੇਂ ਮੁਕਾਬਲੇ ਦੀ ਗੱਲ ਕਹੀ ਜਾ ਰਹੀ ਸੀ, ਉਨ੍ਹਾਂਂ ਰਾਜਾਂ ’ਚ ਵੀ ਭਾਜਪਾ ਨੇ ਅਸਾਨੀ ਨਾਲ਼ ਕਾਂਗਰਸ ਨੂੰ ਪਿੱਛੇ ਛੱਡ ਕੇ ਬਹੁਮਤ ਹਾਸਲ ਕੀਤਾ ਹੈ। ਦੇਸ਼ ਪੱਧਰੀ ਸਿਆਸਤ ’ਤੇ ਜਿਸ ਰਾਜ ਦੀਆਂ ਚੋਣਾਂ ਦਾ ਸਭ ਤੋਂ ਵੱਧ ਅਸਰ ਪੈਣਾ ਸੀ ਉਹ ਸੀ ਉੱਤਰ ਪ੍ਰਦੇਸ਼। ਉੱਥੇ ਭਾਜਪਾ ਦੀਆਂ ਸੀਟਾਂ ’ਚ ਕਮੀ ਆਈ ਅਤੇ ਮੁੱਖ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ ਦੀਆਂ ਸੀਟਾਂ ’ਚ ਚੰਗਾ ਖ਼ਾਸਾ ਵਾਧਾ ਹੋਣ ਦੇ ਬਾਵਜੂਦ ਭਾਜਪਾ ਨੇ ਸੌਖਿਆਂ ਹੀ ਬਹੁਮਤ ਹਾਸਲ ਕਰ ਲਿਆ। ਇਸਦੇ ਨਾਲ਼ ਹੀ ਉੱਤਰ ਪ੍ਰਦੇਸ਼ ਨੂੰ ਫ਼ਾਸੀਵਾਦ ਦੀ ਪ੍ਰਯੋਗਸ਼ਾਲਾ ਬਣਾਉਣ ਦਾ ਸਭ ਤੋਂ ਬਰਬਰ ਕਿਸਮ ਦਾ ਪ੍ਰਯੋਗ ਵੀ ਅੱਗੇ ਵਧੇਗਾ, ਜਿਸਦਾ ਸਿਰਮੌਰ ਚਿਹਰਾ ਯੋਗੀ ਆਦਿੱਤਯਨਾਥ ਹੈ।
ਮੱਧਵਰਗੀ ਅਗਾਂਹਵਧੂ ਦਾਇਰਿਆਂ ’ਚ ਬਹੁਤੇ ਲੋਕ ਜਿਹੜੇ ਇਹ ਉਮੀਦ ਲਾਈ ਬੈਠੇ ਸਨ ਕਿ ਇਸ ਵਾਰ ਬੇਰੁਜ਼ਗਾਰੀ, ਮਹਿੰਗਾਈ, ਅਤੇ ਗ਼ਰੀਬੀ ਅਤੇ ਨਾਲ਼ ਹੀ ਕਰੋਨਾ ਦੌਰਾਨ ਹੋਈਆਂ ਲੱਖਾਂ ਮੌਤਾਂ ਅਤੇ ਨਾਲ਼ ਹੀ ਪੱਛਮੀ ਉੱਤਰ ਪ੍ਰਦੇਸ਼ ’ਚ ਧਨੀ ਕਿਸਾਨ-ਕੁਲਕ ਅੰਦੋਲਨ ਦੇ ਕਾਰਨ ਭਾਜਪਾ ਨੂੰ ਉੱਤਰ ਪ੍ਰਦੇਸ਼ ’ਚ ਬਹੁਮਤ ਹਾਸਲ ਨਹੀਂ ਹੋਵੇਗਾ ਅਤੇ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੇ਼ ਗੱਠਜੋੜ ਨੂੰ ਜਿੱਤ ਮਿਲੇਗੀ, ਉਨ੍ਹਾਂਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਜ਼ਾਹਿਰ ਹੈ ਕਿ ਅਜਿਹੇ ਲੋਕ ਹੁਣ ਉਦਾਸੀ ’ਚ ਚਲੇ ਗਏ ਹਨ ਅਤੇ ਕਈ ਤਾਂ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ਹੀ ਗਾਲਾਂ ਦੇ ਰਹੇ ਹਨ! ਅਜਿਹੇ ਲੋਕਾਂ ਨੂੰ ਤਾਂ ਬੱਸ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਵਾਸਤੇ ਨਵੀਂ ਜਨਤਾ ਚੁਣ ਲੈਣ!
ਚੋਣ ਨਤੀਜਿਆਂ ਦੀ ਚੀਰਫਾੜ ਸਿਰਫ਼ ਈਵੀਐਮ ਦੀ ਚੋਰੀ ਅਤੇ ਉਸ ਨਾਲ਼ ਛੇੜਛਾੜ ਦੇ ਅਧਾਰ ’ਤੇ ਵੀ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ ਪੱਕੇ ਤੌਰ ’ਤੇ ਇਹ ਘਪਲਾ ਹੋਇਆ ਹੈ। ਪਰ ਭਾਜਪਾ ਜਿੰਨੇ ਵੱਡੇ ਫ਼ਰਕ ਨਾਲ਼ ਜਿੱਤੀ ਹੈ ਉਸਦੇ ਅਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਜੇਕਰ ਇਹ ਘਪਲਾ ਨਾ ਵੀ ਹੁੰਦਾ ਤਾਂ ਭਾਜਪਾ ਦੀ ਜਿੱਤ ਦਾ ਫ਼ਰਕ ਭਾਵੇਂ ਘੱਟ ਹੁੰਦਾ ਪਰ ਜਿੱਤਣਾ ਭਾਜਪਾ ਨੇ ਹੀ ਸੀ।
ਅਜਿਹੀ ਹਾਲਤ ’ਚ ਮਜ਼ਦੂਰ ਜਮਾਤ ਅਤੇ ਆਮ ਮਿਹਨਤਕਸ਼ ਅਬਾਦੀ ਦੇ ਆਗੂ ਤੱਤਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਜਪਾ ਦੀ ਤਾਜ਼ਾ ਜ਼ਬਰਦਸਤ ਜਿੱਤ ਮਗਰਲੇ ਅਸਲ ਕਾਰਨ ਕੀ ਹਨ। ਕੇਵਲ ਇਸ ਸਮਝ ਦੇ ਅਧਾਰ ’ਤੇ ਹੀ ਭਵਿੱਖ ’ਚ ਇਨਕਲਾਬੀ ਮਜ਼ਦੂਰ ਜਮਾਤ ਆਪਣੇ ਜਨ-ਅੰਦੋਲਨ ਰਾਹੀਂ ਸੰਘ ਪਰਿਵਾਰ ਅਤੇ ਭਾਜਪਾ ਦੇ ਪਿਛਾਖੜੀ ਫ਼ਾਸੀਵਾਦੀ ਸਮਾਜਿਕ ਅੰਦੋਲਨ ਨੂੰ ਚੁਣੌਤੀ ਅਤੇ ਹਾਰ ਦੇ ਸਕਦੀ ਹੈ। ਇਸ ਵਾਸਤੇ ਬਹੁਤ ਹੀ ਸੰਘਣੇ ਅਤੇ ਵਿਆਪਕ ਕੰਮ ਅਤੇ ਮਿਹਨਤ ਦੀ ਲੋੜ ਹੈ। ਉਸ ਤੋਂ ਬਿਨਾਂ ਇਨਕਲਾਬੀ ਸ਼ਕਤੀਆਂ ਨੂੰ ਭਾਜਪਾ ਨੂੰ ਹਰਾਉਣ ਦਾ ਸੁਪਨਾ ਦੇਖਣ ਦਾ ਕੋਈ ਹੱਕ ਨਹੀਂ ਹੋਵੇਗਾ।
ਸਭ ਤੋਂ ਪਹਿਲਾਂ ਭਾਜਪਾ ਦੀ ਜਿੱਤ ਦੇ ਪ੍ਰਮੁੱਖ ਆਮ ਕਾਰਨਾਂ ਦੀ ਚਰਚਾ ਕਰਨੀ ਜ਼ਰੂਰੀ ਹੈ ਅਤੇ ਉਸਤੋਂ ਬਾਅਦ ਅਸੀਂ ਮੌਜੂਦਾ ਚੋਣਾਂ ’ਚ ਉਸਦੀ ਜਿੱਤ ਦੇ ਖ਼ਾਸ ਕਾਰਨਾਂ ਦੀ ਗੱਲ ਕਰਾਂਗੇ।


ਭਾਜਪਾ ਦੀ ਜਿੱਤ ਦੇ ਪਿੱਛੇ ਕਾਰਜਸ਼ੀਲ ਆਮ ਕਾਰਕ

  1. ਸੰਘ ਪਰਿਵਾਰ ਦੀ ਫ਼ਾਸੀਵਾਦੀ ਜੱਥੇਬੰਦੀ
    ਇਹ ਪਹਿਲਾ ਮਹੱਤਵਪੂਰਨ ਕਾਰਕ ਹੈ ਜਿਹੜਾ ਭਾਜਪਾ ਨੂੰ ਹੋਰ ਸਾਰੀਆਂ ਬੁਰਜੂਆ ਪਾਰਟੀਆਂ ਦੇ ਉੱਤੇ ਇੱਕ ਵੱਡੀ ਚੜ੍ਹਤ ਦਿੰਦਾ ਹੈ। ਇਹ ਕੋਈ ਆਮ ਸਰਮਾਏਦਾਰਾਨਾ ਪਾਰਟੀ ਨਹੀਂ ਹੈ ਬਲਕਿ ਇੱਕ ਫ਼ਾਸੀਵਾਦੀ ਬੁਰਜੂਆ ਪਾਰਟੀ ਹੈ। ਇਸਦੇ ਪਿੱਛੇ ਰਾਸ਼ਟਰੀ ਸਵੈ ਸੇਵਕ ਸੰਘ ਦਾ ਸਮੁੱਚਾ ਕਾਡਰ-ਅਧਾਰਿਤ ਜੱਥੇਬੰਦਕ ਢਾਂਚਾ ਖੜ੍ਹਾ ਹੈ। ਇਹ ਕੇਵਲ ਚੋਣਾਂ ਵੇਲੇ਼ ਹੀ ਸਰਗਰਮ ਨਹੀਂ ਹੁੰਦਾ ਬਲਕਿ ਇਹ ਹਰ ਵਕਤ ਸਰਗਰਮ ਰਹਿੰਦਾ ਹੈ। ਇਸਦੇ ਪ੍ਰਚਾਰਕ ਅਪਣੀ ਵਿਚਾਰਧਾਰਾ ਅਤੇ ਸਿਆਸਤ ਦਾ ਪ੍ਰਚਾਰ ਚਿੱਤੋ ਪਹਿਰ ਅਪਣੀਆਂ ਸ਼ਾਖਾਵਾਂ, ਸਕੂਲਾਂ ਅਤੇ ਆਪਣੀਆਂ “ਸੁਧਾਰ ਸੰਸਥਾਵਾਂ” ਰਾਹੀਂ ਕਰਦੇ ਰਹਿੰਦੇ ਹਨ। ਇਹ ਸਿਉਂਕ ਦੀ ਤਰ੍ਹਾਂ ਸਮਾਜ ਦੇ ਹਰ ਹਿੱਸੇ ਵਿੱਚ ਲਗਾਤਾਰ ਕਾਰਜਸ਼ੀਲ ਰਹਿੰਦੇ ਹਨ ਅਤੇ ਹਮੇਸ਼ਾਂ ਦਿਖਾਈ ਨਹੀਂ ਦਿੰਦੇ। ਪਰ ਜਨ ਸਧਾਰਨ ਪੱਧਰ ’ਤੇ ਵਿਆਪਕ ਲੋਕਾਈ (ਖ਼ਾਸ ਤੌਰ ’ਤੇ ਨਿਮਨ ਮੱਧ ਵਰਗ ਅਤੇ ਲੰਪਟ ਮਜ਼ਦੂਰ ਜਮਾਤ) ਦੇ ਦਿਮਾਗ਼ ’ਚ ਜ਼ਹਿਰ ਘੋਲਣ ਦਾ ਕੰਮ ਇਹ ਲਗਾਤਾਰ ਕਰਦੇ ਰਹਿੰਦੇ ਹਨ।
    ਇਹ ਸਰਮਾਏਦਾਰੀ ਦੇ ਅਪਰਾਧਾਂ ਦਾ ਦੋਸ਼ ਕਿਸੇ ਨਾ ਕਿਸੇ ਘੱਟ ਗਿਣਤੀ ਭਾਈਚਾਰੇ, ਖ਼ਾਸ ਤੌਰ ’ਤੇ ਮੁਸਲਮਾਨਾਂ ਦੇ ਸਿਰ ਮੜ੍ਹਦੇ ਹਨ। ਲੋਕਾਂ ਨੂੰ ਸੰਘ ਦਾ ਪ੍ਰਚਾਰ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਦੇਸ਼ ਦੀਆਂ ਸਾਰੀਆਂ ਮੁੱਖ ਸਮੱਸਿਆਵਾਂ ਦੇ ਦੋਸ਼ੀ ਮੁਸਲਮਾਨ ਹਨ ਅਤੇ ਜੇਕਰ ਉਹ ਨਾ ਹੋਣ ਤਾਂ ਦੇਸ਼ ਨੂੰ ਫੇਰ ਤੋਂ ਉਸਦੇ ਪ੍ਰਾਚੀਨ ਅਤੀਤ ਦੇ ਮਾਣ ਤੱਕ ਲਿਜਾਇਆ ਜਾ ਸਕਦਾ ਹੈ। ਅਸਲ ਵਿੱਚ, ਅਜਿਹਾ ਕੋਈ ਸ਼ੁੱਧ ਅਤੇ ਮਾਣਮੱਤਾ ਇਤਿਹਾਸ ਸੀ ਹੀ ਨਹੀਂ ਅਤੇ ਹਰ ਦੇਸ਼ ਵਾਂਗ ਭਾਰਤ ਦੇ ਅਤੀਤ ’ਚ ਵੀ ਲੋਕਾਂ ਦਾ ਮਾਣਮੱਤਾ ਇਤਿਹਾਸ ਵੀ ਸ਼ਾਮਲ ਹੈ ਅਤੇ ਹਾਕਮ ਜਮਾਤ ਦੇ ਕੁਕਰਮਾਂ ਦਾ ਕਾਲਾ ਇਤਿਹਾਸ ਵੀ ਸ਼ਾਮਿਲ ਹੈ।
    ਪਰ ਸੰਘ ਪਰਿਵਾਰ ਇੱਕ ਸ਼ੁੱਧ ਰੂਪ ਤੋਂ ਮਾਣਮੱਤੇ ਹਿੰਦੂ ਅਤੀਤ ਦਾ ਮਿੱਥਕ ਜਾਂ ਝੂਠ ਘੜਕੇ ਬੇਰੁਜ਼ਗਾਰੀ, ਗ਼ਰੀਬੀ, ਅਨਿਸ਼ਚਤਤਾ, ਅਸੁਰੱਖਿਆ ਤੋਂ ਦੁਖੀ ਮੱਧਵਰਗ ਅਤੇ ਮਿਹਨਤਕਸ਼ ਅਬਾਦੀ ਨੂੰ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਮੁਸਲਮਾਨਾਂ ਨੂੰ ਸਬਕ ਸਿਖਾਕੇ ਵਾਪਸ ਉਸ ਅਤੀਤ ਨੂੰ ਹਾਸਲ ਕੀਤਾ ਜਾ ਸਕਦਾ ਹੈ ਜਿਸ ’ਚ ਸਭ ਕੁੱਝ ਚੰਗਾ ਹੋ ਜਾਵੇਗਾ ਅਤੇ ਅਜਿਹਾ ਕਰਨ ਲਈ ਇੱਕ ਮਜ਼ਬੂਤ ਨੇਤਾ (ਜਿਵੇਂ ਕਿ ਮੋਦੀ ਅਤੇ ਯੋਗੀ) ਦੀ ਲੋੜ ਹੈ, ਜਿਹੜਾ ਦੇਸ਼ ਨੂੰ ਤਰੱਕੀ ਦੇ ਉਸ ਸਿਖਰ ’ਤੇ ਪਹੁੰਚਾ ਦੇਵੇ! ਲੋਕ ਇਹ ਭੁੱਲ ਜਾਂਦੇ ਹਨ ਕਿ ਇਨ੍ਹਾਂ ਫ਼ਾਸਿਸਟ ਆਗੂਆਂ ਦੀ ਮਜ਼ਬੂਤੀ ਕਿਹੜੀ ਜਮਾਤ ਦੇ ਪੱਖ ’ਚ ਖੜ੍ਹੀ ਹੈ ਅਤੇ ਉਹ ਕਿਸ ਤਰ੍ਹਾਂ ਸਰਮਾਏਦਾਰ ਜਮਾਤ ਦੀ ਸੇਵਾ ਕਰਦੀ ਹੈ ਅਤੇ ਮਜ਼ਦੂਰ ਜਮਾਤ ਅਤੇ ਮਿਹਨਤਕਸ਼ ਲੋਕਾਂ ਨੂੰ ਦਬਾਉਣ ਦੇ ਕੰਮ ਆਉਂਦੀ ਹੈ। ਖ਼ੈਰ, ਇਸ ਝੂਠ ਨੂੰ ਇੰਨੀ ਵਾਰ ਦੁਹਰਾਇਆ ਜਾਂਦਾ ਹੈ ਕਿ ਅਪਣੇ ਜੀਵਨ ਦੀਆਂ ਮਾੜੀਆਂ ਹਾਲਤਾਂ ਤੋਂ ਥੱਕੀ ਵਿਆਪਕ ਮਿਹਨਤਕਸ਼ ਅਬਾਦੀ ਦੇ ਇੱਕ ਚੰਗੇ-ਖ਼ਾਸੇ ਹਿੱਸੇ ਨੂੰ ਸੱਚਮੁਚ ਅਪਣੇ ਦੁਸ਼ਮਣ ਦੇ ਤੌਰ ’ਤੇ ਮੁਸਲਮਾਨ ਅਤੇ ਹੋਰ ਘੱਟਗਿਣਤੀ ਦਿਖਾਈ ਦੇਣ ਲੱਗ ਪੈਂਦੇ ਹਨ ਅਤੇ ਉਨ੍ਹਾਂਂ ਨੂੰ ਲੱਗਦਾ ਹੈ ਕਿ ਅਜਿਹਾ ਕੋਈ “ਮਜ਼ਬੂਤ ਆਗੂ” ਆਵੇਗਾ ਅਤੇ “ਰਾਮਰਾਜ” ਸਥਾਪਤ ਕਰਕੇ ਪਲਾਂ ਵਿੱਚ ਉਨ੍ਹਾਂਂ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਦੇਵੇਗਾ।
    ਪਰ ਸੱਚਾਈ ਇਹ ਹੈ ਕਿ ਵਿਆਪਕ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਵਿੱਚ ਮੌਜੂਦ ਸਮਾਜਿਕ ਅਤੇ ਆਰਥਿਕ ਅਸੁੱਰਖਿਆ ਦੇ ਲਈ ਮੌਜੂਦਾ ਮੁਨਾਫ਼ਾਖ਼ੋਰ ਪ੍ਰਬੰਧ ਜ਼ਿੰਮੇਦਾਰ ਹੈ। ਲੋਕਾਂ ਨੂੰ ਭੋਜਨ ਨਹੀਂ ਮਿਲਦਾ ਤਾਂ ਇਸਦਾ ਕਾਰਨ ਇਹ ਨਹੀਂ ਹੈ ਕਿ ਭੋਜਨ ਦੀ ਘਾਟ ਹੈ ਜਾਂ ਜੇ ਉਨ੍ਹਾਂਂ ਨੂੰ ਕੱਪੜਾ ਜਾਂ ਮਕਾਨ ਅਤੇ ਹੋਰ ਜ਼ਰੂਰੀ ਸੰਸਾਧਨ ਨਹੀਂ ਮਿਲਦੇ ਤਾਂ ਇਸਦਾ ਕਾਰਨ ਇਹ ਨਹੀਂ ਹੈ ਕਿ ਇੱਥੇ ਉਨ੍ਹਾਂਂ ਦੀ ਕੋਈ ਕਮੀ ਹੈ। ਸਗੋਂ ਇਸ ਦਾ ਕਾਰਨ ਉਹ ਪ੍ਰਬੰਧ ਹੈ ਜੋ ਸਰਮਾਏਦਾਰਾਂ ਦੇ ਮੁਨਾਫ਼ੇ ’ਤੇ ਟਿਕਿਆ ਹੈ ਨਾਂ ਕਿ ਆਮ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ’ਤੇ। ਅਜਿਹੇ ਪ੍ਰਬੰਧ ’ਚ ਭਾਵੇਂ ਬੱਚੇ ਭੁੱਖ ਨਾਲ਼ ਮਰਦੇ ਹੋਣ, ਔਰਤਾਂ ਕੁਪੋਸ਼ਿਤ ਹੋਣ, ਮਜ਼ਦੂਰ ਭੁੱਖ ਅਤੇ ਕੁਪੋਸ਼ਣ ਦੇ ਸ਼ਿਕਾਰ ਹੋਣ, ਪਰ ਅਡਾਨੀ, ਅੰਬਾਨੀ, ਟਾਟਾ, ਬਿਰਲਾ ਸਮੇਤ ਸਮੁੱਚੀ ਸਰਮਾਏਦਾਰ ਜਮਾਤ ਦਾ ਮੁਨਾਫ਼ਾ ਸੁਰੱਖਿਅਤ ਰਹਿਣਾ ਚਾਹੀਦਾ ਹੈ। ਖ਼ੁਦ ਮੋਦੀ ਸਰਕਾਰ ਇਸ ਸਰਮਾਏਦਾਰ ਜਮਾਤ ਦੀ ਸਭ ਤੋਂ ਵੱਡੀ ਸੇਵਕ ਹੈ ਅਤੇ ਇਹ ਗੱਲ ਕਿਸੇ ਤੋਂ ਲੁਕੀ ਹੋਈ ਵੀ ਨਹੀਂ ਹੈ। ਬੇਰੁਜ਼ਗਾਰੀ ਦਾ ਕਾਰਨ ਵੀ ਮੁਨਾਫ਼ਾ-ਕੇਂਦਰਿਤ ਪ੍ਰਬੰਧ ਹੀ ਹੈ ਨਹੀਂ ਤਾਂ ਜਿਸ ਦੇਸ਼ ਚ ਕਾਫ਼ੀ ਮਾਤਰਾ ਚ ਕੁਦਰਤੀ ਸੰਸਾਧਨ ਹੋਣ ਅਤੇ ਕਿਰਤ ਕਰਨ ਯੋਗ ਲੋਕ ਹੋਣ, ਉੱਥੇ ਬੇਰੁਜ਼ਗਾਰੀ ਹੋਣੀ ਹੀ ਨਹੀਂ ਚਾਹੀਦੀ। ਕਿਉਂਕਿ ਕੁਦਰਤੀ ਸੰਸਾਧਨਾਂ ਅਤੇ ਮਨੁੱਖੀ ਕਿਰਤ ਦੇ ਸੁਮੇਲ ਤੋਂ ਹੀ ਰੁਜ਼ਗਾਰ ਪੈਦਾ ਹੁੰਦਾ ਹੈ। ਪਰ ਕਿਉਂਕਿ ਇਸ ਲੁੱਟੇਰੇ ਪ੍ਰਬੰਧ ਨੇ ਸਰਮਾਏਦਾਰਾਂ ਦਾ ਮੁਨਾਫ਼ਾ ਸੁਰੱਖਿਅਤ ਰੱਖਣਾ ਹੁੰਦਾ ਹੈ, ਇਸ ਲਈ ਦੇਸ਼ ’ਚ 60 ਕਰੋੜ ਤੋਂ ਜ਼ਿਆਦਾ ਲੋਕ 10-12 ਘੰਟੇ ਕੰਮ ਕਰਦੇ ਹਨ, ਜਦਕਿ ਦੂਜੇ ਪਾਸੇ 30 ਕਰੋੜ ਲੋਕ ਬੇਰੁਜ਼ਗਾਰ ਘੁੰਮਦੇ ਹਨ। ਕੀ ਅਜਿਹਾ ਨਹੀਂ ਹੋ ਸਕਦਾ ਕਿ ਲੋਕ ਕੋਹਲੂ ਦੇ ਬਲ਼ਦ ਵਾਂਗ 12 ਘੰਟੇ ਖਪਣ ਦੀ ਬਜਾਇ 6 ਘੰਟੇ ਕੰਮ ਕਰਨ ਅਤੇ ਬਦਲੇ ’ਚ 60 ਕਰੋੜ ਨਵੇਂ ਰੁਜ਼ਗਾਰ ਪੈਦਾ ਕੀਤੇ ਜਾਣ? ਇਹ ਸੱਚਮੁੱਚ ਹੋ ਸਕਦਾ ਹੈ। ਪਰ ਮੌਜੂਦਾ ਸਰਮਾਏਦਾਰੀ ਪ੍ਰਬੰਧ ਚ ਨਹੀਂ ਕਿਉਂਕਿ ਇਸ ਨਾਲ਼ ਸਰਮਾਏਦਾਰ ਜਮਾਤ ਦਾ ਮੁਨਾਫ਼ਾ ਮਾਰਿਆ ਜਾਵੇਗਾ ਜੋ ਕਦੇ ਸਰਮਾਏਦਾਰੀ ਪ੍ਰਬੰਧ ਵਿੱਚ ਸੰਭਵ ਹੀ ਨਹੀਂ।
    ਇਸ ਲਈ ਸਰਮਾਏਦਾਰੀ ਪ੍ਰਬੰਧ ਦੇ ਇਨ੍ਹਾਂ ਹੀ ਅਪਰਾਧਾਂ ਨੂੰ ਲੁਕਾਉਣ ਅਤੇ ਉਸਦੀ ਥਾਂ ’ਤੇ ਮੁਸਲਮਾਨਾਂ ਜਾਂ ਹੋਰ ਘੱਟ ਗਿਣਤੀਆਂ ਨੂੰ ਜ਼ਿੰਮੇਦਾਰ ਬਣਾ ਕੇ ਇੱਕ ਨਕਲੀ ਦੁਸ਼ਮਣ ਖੜ੍ਹਾ ਕਰਨ ਦਾ ਕੰਮ ਫ਼ਾਸੀਵਾਦ ਕਰਦਾ ਹੈ। ਜੋ ਭਾਰਤ ’ਚ ਸੰਘ ਪਰਿਵਾਰ ਕਰ ਰਿਹਾ ਹੈ। ਇਹ ਵਿਆਪਕ ਲੋਕਾਂ ਵਿਚਾਲੇ ਮੌਜੂਦ ਧਾਰਮਿਕ ਭਾਵਨਾਵਾਂ ਦਾ ਇਸਤੇਮਾਲ ਕਰਦਾ ਹੈ, ਉਨ੍ਹਾਂਂ ਦੀ ਪੱਛੜੀ ਚੇਤਨਾ ਦਾ ਲਾਭ ਉਠਾਉਂਦਾ ਹੈ ਅਤੇ ਆਪਣੀ ਹੀ ਜਮਾਤ ਦੇ ਲੋਕਾਂ ਨੂੰ ਉਨ੍ਹਾਂਂ ਦਾ ਦੁਸ਼ਮਣ ਬਣਾ ਦਿੰਦਾ ਹੈ। ਤਾਂ ਕਿ ਸਰਮਾਏਦਾਰ ਜਮਾਤ ਅਤੇ ਸਰਮਾਏਦਾਰਾ ਪ੍ਰਬੰਧ ਨੂੰ ਕਟਹਿਰੇ ਤੋਂ ਬਾਹਰ ਰੱਖਿਆ ਜਾ ਸਕੇ। ਦੂਜੇ ਸ਼ਬਦਾਂ ’ਚ, ਇਹ ਸਰਮਾਏਦਾਰ ਜਮਾਤ ਦੀ ਸੇਵਾ ਲਈ ਮੱਧਵਰਗ ਦੀ ਅਸੁੱਰਖਿਆ ਦਾ ਇਸਤੇਮਾਲ ਕਰਦਾ ਹੈ ਅਤੇ ਉਨ੍ਹਾਂਂ ਦਾ ਇੱਕ ਪਿਛਾਖੜੀ ਸਮਾਜਿਕ ਅੰਦੋਲਨ ਖੜ੍ਹਾ ਕਰਦਾ ਹੈ, ਜਿਸਦੇ ਨਿਸ਼ਾਨੇ ’ਤੇ ਮਜ਼ਦੂਰ ਜਮਾਤ, ਉਨ੍ਹਾਂਂ ਦੀਆਂ ਟਰੇਡ ਯੂਨੀਅਨਾਂ, ਘੱਟਗਿਣਤੀ ਭਾਈਚਾਰੇ ਅਤੇ ਅਗਾਂਹਵਧੂ ਇਨਕਲਾਬੀ ਤਾਕਤਾਂ ਹੁੰਦੀਆਂ ਹਨ। ਜਿਹੜਾ ਵੀ ਇਸ ਪਿਛਾਖੜੀ ਉਭਾਰ ਦੇ ਤਾਨਾਸ਼ਾਹ ਨਾਇਕ (ਜਿਵੇਂ ਕਿ ਮੋਦੀ) ਦੇ ਵਿਰੁੱਧ ਹੁੰਦਾ ਹੈ, ਉਸਨੂੰ ‘ਦੇਸ਼ਧ੍ਰੋਹੀ’ ਐਲਾਨ ਦਿੱਤਾ ਜਾਂਦਾ ਹੈ ਅਤੇ ਫ਼ਾਸਿਸਟ ਸਰਕਾਰ ਹੀ ਦੇਸ਼ ਜਾਂ ਰਾਸ਼ਟਰ ਬਣ ਜਾਂਦੀ ਹੈ। ਅੱਜ ਜੋ ਮੋਦੀ ਸਰਕਾਰ ਦਾ ਵਿਰੋਧ ਕਰਦਾ ਹੈ ਉਹ ਦੇਸ਼ਧ੍ਰੋਹੀ ਐਲਾਨ ਦਿੱਤਾ ਜਾਂਦਾ ਹੈ।
    ਇਹ ਪੂਰਾ ਕੰਮ ਸੰਘ ਪਰਿਵਾਰ ਅਤੇ ਭਾਜਪਾ ਆਪਣੇ ਕਾਡਰਾਂ ਦੇ ਵਿਆਪਕ ਤੰਤਰ ਰਾਹੀਂ ਕਰਦੇ ਹਨ, ਜਿਸ ਨੂੰ ਉਹ 1925 ਤੋਂ ਪੂਰੇ ਦੇਸ਼ ਚ ਫੈਲਾਉਣ ਦਾ ਕੰਮ ਕਰ ਰਹੇ ਹਨ। ਅਪਣੀਆਂ ਲੱਖਾਂ ਸ਼ਾਖਾਵਾਂ, ਸਰਸਵਤੀ ਸ਼ਿਸ਼ੂ ਮੰਦਿਰਾਂ, ਸੁਧਾਰ ਦੀਆਂ ਸੰਸਥਾਵਾਂ ਅਤੇ ਪ੍ਰਚਾਰ ਮਾਧਿਅਮਾਂ ਰਾਹੀਂ ਨਿਮਨ ਮੱਧਵਰਗੀ ਅਤੇ ਮਜ਼ਦੂਰ ਜਮਾਤ ਦੇ ਕਰੋੜਾਂ ਲੋਕਾਂ ’ਚ ਲਗਾਤਾਰ ਧਾਰਮਿਕ ਪਾਗਲਪਣ ਅਤੇ ਫ਼ਿਰਕਾਪ੍ਰਸਤੀ ਦਾ ਜ਼ਹਿਰ ਭਰਿਆ ਜਾਂਦਾ ਹੈ। ਇਨ੍ਹਾਂ ਦੇ ਪ੍ਰਚਾਰਕ ਹਰ ਵਕਤ ਸਰਗਰਮ ਰਹਿ ਕੇ ਇਹ ਕੰਮ ਕਰਦੇ ਹਨ।
    ਇਹ ਸੰਘ ਪਰਿਵਾਰ ਦੀ ਅਸਲ ਸ਼ਕਤੀ ਹੈ ਅਤੇ ਇਸਨੂੰ ਚੁਣੌਤੀ ਸਿਰਫ਼ ਤੇ ਸਿਰਫ਼ ਮਜ਼ਦੂਰ ਜਮਾਤ ਦੀ ਇਨਕਲਾਬੀ ਕਮਿਊਨਿਸਟ ਪਾਰਟੀ ਹੀ ਦੇ ਸਕਦੀ ਹੈ, ਜਿਹੜੀ ਖ਼ੁਦ ਇੱਕ ਅਨੁਸ਼ਾਸਿਤ ਅਤੇ ਬਾਲਸ਼ਵਿਕ ਅਸੂਲਾਂ ’ਤੇ ਬਣੀ ਜੱਥੇਬੰਦੀ ਹੁੰਦੀ ਹੈ। ਅੱਜ ਇਨ੍ਹਾਂ ਦਾ ਉਭਾਰ ਉਸ ਪੜਾਅ ’ਤੇ ਹੈ, ਜਿਸ ’ਚ ਇਹ ਕੰਮ ਨਾ ਤਾਂ ਕਾਂਗਰਸ ਕਰ ਸਕਦੀ ਹੈ, ਨਾ ਸਪਾ, ਨਾ ਬਸਪਾ, ਨਾ ਮਾਕਪਾ, ਨਾ ਭਾਕਪਾ ਆਦਿ ਪਾਰਟੀਆਂ ਕਰ ਸਕਦੀਆਂ ਹਨ। ਕਈ ਸੂਬਿਆਂ ’ਚ ਖੇਤਰੀ ਬੁਰਜੂਆਜ਼ੀ ਦੀ ਨੁਮਾਇੰਦਗੀ ਕਰਨ ਵਾਲ਼ੀਆਂ ਪਾਰਟੀਆਂ ਆਪਣੇ ਸੂਬੇ ’ਚ ਕੁੱਝ ਸਮੇਂ ਲਈ ਭਾਜਪਾ ਨੂੰ ਸੱਤਾ ਚ ਆਉਣੋਂ ਰੋਕ ਸਕਦੀਆਂ ਹਨ। ਪਰ ਉਨ੍ਹਾਂਂ ਹੀ ਸੂਬਿਆਂ ’ਚ ਅਜਿਹੀਆਂ ਪਾਰਟੀਆਂ ਵੀ ਹਨ, ਜਿਹੜੀਆਂ ਭਾਜਪਾ ਨਾਲ਼ ਗੱਠਜੋੜ ਬਣਾ ਕੇ ਸਰਕਾਰਾਂ ਵੀ ਬਣਾਉਂਦੀਆਂ ਰਹਿੰਦੀਆਂ ਹਨ। ਦੇਸ਼ ਦੇ ਪੱਧਰ ’ਤੇ ਫ਼ਿਲਹਾਲ ਹੁਣ ਕੋਈ ਗੱਠਜੋੜ ਜਾਂ ਕਾਂਗਰਸ ਪਾਰਟੀ, ਭਾਜਪਾ ਨੂੰ ਚੋਣ ਮੈਦਾਨ ’ਚ ਚੁਣੌਤੀ ਦੇਣ ਦੀ ਹਾਲਤ ’ਚ ਨਹੀਂ ਹੈ। ਜੇਕਰ ਬੇਰੁਜ਼ਗਾਰੀ, ਗ਼ਰੀਬੀ, ਭੁੱਖਮਰੀ ਅਤੇ ਆਰਥਿਕ ਤੇ ਸਮਾਜਿਕ ਅਸੁਰੱਖਿਆ ਦਾ ਹੀ ਪ੍ਰਕੋਪ ਇੱਕ ਹੱਦ ਤੋਂ ਜ਼ਿਆਦਾ ਵਧਦਾ ਹੈ ਤਾਂ ਭਾਜਪਾ ਚੋਣ ਹਾਰ ਸਕਦੀ ਹੈ ਪਰ ਉਹ ਵਿਰੋਧੀ ਧਿਰ ਦੀ ਜਿੱਤ ਤੋਂ ਜ਼ਿਆਦਾ ਭਾਜਪਾ ਦੀ ਹਾਰ ਹੋਵੇਗੀ। ਪਰ ਹਾਲੀਂ ਭਾਜਪਾ ਸਰਕਾਰ ਇਸਨੂੰ ਵੀ ਰੋਕਣ ਲਈ ਇੱਕ ਖ਼ਾਸ ਕਦਮ ਚੁੱਕ ਰਹੀ ਹੈ : ਸਭ ਤੋਂ ਗ਼ਰੀਬ ਅਬਾਦੀ ਲਈ ਖ਼ੈਰਾਤੀ ਕਲਿਆਣਕਾਰੀ ਯੋਜਨਾਵਾਂ, ਮੁਫ਼ਤ ਰਾਸ਼ਨ ਆਦਿ ਜੋ ਕਿ ਇਸ ਬੇਹੱਦ ਗ਼ਰੀਬ ਜਨਤਾ ਲਈ ਭੀਖ ਤੋਂ ਜ਼ਿਆਦਾ ਕੁੱਝ ਨਹੀਂ ਹੈ, ਪਰ ਉਨ੍ਹਾਂਂ ਦੀ ਹਾਲਤ ਐਨੀ ਬੁਰੀ ਹੈ ਕਿ ਇਹ ਖੈਰਾਤ ਵੀ ਉਨ੍ਹਾਂਂ ਦਾ ਵੋਟ ਭਾਜਪਾ ਵੱਲ ਜਗ੍ਹਾਬਦਲੀ ਕਰ ਦਿੰਦਾ ਹੈ ਅਤੇ ਖ਼ਾਸ ਤੌਰ ’ਤੇ ਉਦੋਂ ਜਦ ਇਸਨੂੰ ਹਿੰਦੂਤਵ ਦੀ ਸਿਆਸਤ ਨਾਲ਼ ਮਿਲਾ ਕੇ ਉਨ੍ਹਾਂਂ ਦੀਆਂ ਧਾਰਮਿਕ ਭਾਵਨਾਵਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ।
  2. ਖ਼ਾਸ ਤੌਰ ’ਤੇ ਵੱਡੀ ਸਰਮਾਏਦਾਰ ਜਮਾਤ ਅਤੇ ਆਮ ਤੌਰ ’ਤੇ ਸਮੁੱਚੀ ਸਰਮਾਏਦਾਰ ਜਮਾਤ ਦਾ ਭਾਰੀ ਆਰਥਿਕ ਸਮਰਥਨ
    ਇਹ ਦੂਜਾ ਆਮ ਕਾਰਕ ਹੈ ਜਿਹੜਾ ਕਿ ਭਾਜਪਾ ਨੂੰ ਸਰਮਾਏਦਾਰਾ ਚੋਣ ਸਿਆਸਤ ’ਚ ਫ਼ਿਲਹਾਲ ਇੱਕ ਅਜਿੱਤ ਸ਼ਕਤੀ ਬਣਾਉਂਦਾ ਹੈ। ਇੱਥੋਂ ਤੱਕ ਕਿ ਜਦੋਂ ਭਾਜਪਾ ਬਹੁਮਤ ਨਹੀਂ ਵੀ ਜਿੱਤ ਪਾਉਂਦੀ ਹੈ ਤਾਂ ਵੀ ਸਰਮਾਏਦਾਰ ਜਮਾਤ ਦੇ ਪ੍ਰਚੰਡ ਆਰਥਿਕ ਸਮਰਥਨ ਦੀ ਵਜ੍ਹਾ ਕਰਕੇ ਉਹ ਬਹੁਮਤ ਖ਼ਰੀਦ ਤੱਕ ਲੈਂਦੀ ਹੈ। ਸਧਾਰਨ ਤੌਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਸਰਮਾਏਦਾਰਾ ਚੋਣ ਪਾਰਟੀ ਨੂੰ ਸਰਮਾਏਦਾਰ ਜਮਾਤ ਦੇ ਸਭ ਤੋਂ ਵੱਡੇ ਹਿੱਸੇ ਅਤੇ ਸਭ ਤੋਂ ਵੱਡੇ ਸਰਮਾਏਦਾਰਾਂ ਦਾ ਸਮਰਥਨ ਹਾਸਲ ਹੁੰਦਾ ਹੈ ਆਮ ਤੌਰ ’ਤੇ ਉਹੀ ਚੋਣਾਂ ਦੀ ਖੇਡ ’ਚ ਜਿੱਤਦੀ ਹੈ।
    ਸਾਰੇ ਜਾਣਦੇ ਹਨ ਕਿ ਸਰਮਾਏਦਾਰ ਜਮਾਤ ਦੁਆਰਾ ਚੋਣ ਪਾਰਟੀਆਂ ਨੂੰ ਮਿਲਣ ਵਾਲੇ਼ ਚੰਦੇ ਦਾ 85 ਫ਼ੀਸਦੀ ਤੱਕ ਦਾ ਹਿੱਸਾ ਅੱਜ ਇਕੱਲੀ ਭਾਜਪਾ ਨੂੰ ਮਿਲ ਰਿਹਾ ਹੈ। ਭਾਜਪਾ ਦੀ ਆਰਥਿਕ ਸ਼ਕਤੀ ਜ਼ਬਰਦਸਤ ਹੈ। ਉਹ ਟੈਲੀਵਿਜ਼ਨ ਚੈਨਲਾਂ, ਮੀਡੀਆ ਅਤੇ ਪੱਤਰਕਾਰਾਂ ਨੂੰ ਖ਼ਰੀਦ ਸਕਦੀ ਹੈ, ਉਹ ਵੋਟ ਖ਼ਰੀਦ ਸਕਦੀ ਹੈ, ਬਹੁਮਤ ਨਾ ਮਿਲਣ ਤੇ ਦੂਜੀ ਪਾਰਟੀਆਂ ਦੇ ਵਿਧਾਇਕਾਂ-ਸਾਂਸਦਾਂ ਨੂੰ ਖ਼ਰੀਦ ਸਕਦੀ ਹੈ ਅਤੇ ਇਹ ਸਾਰਾ ਕੰਮ ਖੁੱਲੇਆਮ ਹੁੰਦਾ ਹੈ। ਹੁਣ ਇਹ ਆਮ ਗੱਲ ਹੈ ਕਿ ਹਰ ਚੋਣਾਂ ਤੋਂ ਬਾਅਦ ਬਾਕੀ ਪਾਰਟੀਆਂ ਆਪਣੇ ਵਿਧਾਇਕਾਂ-ਸਾਂਸਦਾਂ ਨੂੰ ਖ਼ਰੀਦੇ ਜਾਣ ਤੋਂ ਬਚਾਉਣ ਲਈ ਫ਼ਾਰਮਹਾਊਸਾਂ ਅਤੇ ਹੋਟਲਾਂ ’ਚ ਕੈਦ ਕਰਦੀਆਂ ਹਨ ! ਸਰਮਾਏਦਾਰਾ ਸਿਆਸਤ ਇੰਨੇ ਨੰਗੇ ਤੌਰ ’ਤੇ ਬਾਜ਼ਾਰੂ ਹੋ ਚੁੱਕੀ ਹੈ ਕਿ ਇੱਕ ਬੱਚਾ ਵੀ ਸਮਝ ਸਕਦਾ ਹੈ ਕਿ ਸਾਰੀ ਖੇਡ ਪੈਸੇ ਦੀ ਅਤੇ ਪੈਸੇ ਵਾਲਿਆਂ ਦੀ ਹੈ, ਇਸ ’ਚ ਮਜ਼ਦੂਰਾਂ-ਮਿਹਨਤਕਸ਼ਾਂ ਦੀ ਕੋਈ ਜਗ੍ਹਾ ਹੋ ਹੀ ਨਹੀਂ ਸਕਦੀ।
    ਦੇਸ਼ਾਂ-ਵਿਦੇਸ਼ਾਂ ਤੋਂ ਸਰਮਾਏਦਾਰਾਂ, ਉੱਚ ਮੱਧਵਰਗ, ਐਨ.ਆਰ.ਆਈ ਲੋਕਾਂ ਦੁਆਰਾ ਸੰਘ ਪਰਿਵਾਰ ਅਤੇ ਭਾਜਪਾ ਨੂੰ ਮਿਲਣ ਵਾਲ਼ਾ ਆਰਥਿਕ ਸਹਿਯੋਗ ਵੀ ਕਾਫ਼ੀ ਜ਼ਿਆਦਾ ਹੈ। ਸਵਾਲ ਇਹ ਹੈ ਕਿ ਸਰਮਾਏਦਾਰ ਜਮਾਤ ਦੇ ਵੱਡੇ ਹਿੱਸੇ ਦਾ ਇਹ ਪ੍ਰਚੰਡ ਆਰਥਿਕ ਸਮਰਥਨ ਇੱਕਤਰਫ਼ਾ ਤਰੀਕੇ ਨਾਲ਼ ਭਾਜਪਾ ਵੱਲ ਕਿਉਂ ਖਿਸਕਿਆ ਹੋਇਆ ਹੈ? ਕਾਰਨ ਸਪਸ਼ਟ ਹੈ।
    ਅੱਜ ਭਾਜਪਾ ਸਰਮਾਏਦਾਰ ਜਮਾਤ ਦੀ ਸੇਵਾ ਅਤੇ ਚਾਕਰੀ ਜਿਸ ਪ੍ਰਤੀਬੱਧਤਾ ਨਾਲ਼ ਕਰਦੀ ਹੈ, ਹੋਰ ਕੋਈ ਸਰਮਾਏਦਾਰਾ ਪਾਰਟੀ ਉਸ ਢੰਗ ਨਾਲ਼ ਨਹੀਂ ਕਰ ਸਕਦੀ। ਭਾਵੇਂ ਉਹ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ ਡਕਾਰ ਜਾਣ ਦੀ ਖੁੱਲ੍ਹ ਦੇਣਾ ਹੋਵੇ, ਹਰ ਸਾਲ ਹਜ਼ਾਰਾਂ ਕਰੋੜ ਰੁਪਏ ਦੇ ਪੈਕੇਜ ਸਰਮਾਏਦਾਰਾਂ ਨੂੰ ਸੌਂਪਣੇ ਹੋਣ, ਉਨ੍ਹਾਂਂ ਨੂੰ ਟੈਕਸਾਂ ਤੋਂ ਛੋਟ ਦੇਣੀ ਹੋਵੇ, ਕੌਡੀਆਂ ਦੇ ਭਾਅ ਜ਼ਮੀਨ, ਪਾਣੀ, ਬਿਜਲੀ ਮੁਹੱਈਆ ਕਰਵਾਉਣੀ ਹੋਵੇ, ਇਸ ’ਚ ਭਾਜਪਾ ਦਾ ਕੋਈ ਤੋੜ ਨਹੀਂ ਹੈ। ਨਾਲ਼ ਹੀ ਮਜ਼ਦੂਰ ਜਮਾਤ ਦੇ ਗੁੱਸੇ ਅਤੇ ਉਸਦੀਆਂ ਹੜਤਾਲਾਂ ਅਤੇ ਅੰਦੋਲਨਾਂ ਨੂੰ ਬਰਬਰਤਾ ਨਾਲ਼ ਕੁਚਲਣ ਦੇ ਮਾਮਲੇ ’ਚ ਵੀ ਹੋਰ ਸਾਰੀਆਂ ਸਰਮਾਏਦਾਰਾ ਪਾਰਟੀਆਂ ਭਾਜਪਾ ਤੋਂ ਕੋਹਾਂ ਪਿੱਛੇ ਹਨ। ਨਾ ਕੇਵਲ ਮਜ਼ਦੂਰ ਅੰਦੋਲਨਾਂ ਨੂੰ ਭਾਜਪਾ ਦੀਆਂ ਸਰਕਾਰਾਂ ਕੁਚਲਣ ਦਾ ਕੰਮ ਕਰਦੀਆਂ ਹਨ, ਬਲਕਿ ਉਨ੍ਹਾਂਂ ਨੂੰ ਧਰਮ ਅਤੇ ਜਾਤ ਦੇ ਅਧਾਰ ’ਤੇ ਵੰਡ ਕੇ ਅੰਦਰੋਂ ਤੋੜਨ ’ਚ ਵੀ ਭਾਜਪਾ ਦਾ ਕੋਈ ਸਾਨੀ ਨਹੀਂ ਹੈ। ਭਾਜਪਾ ਸਰਕਾਰ ਦੁਆਰਾ ਲਿਆਂਦੇ ਗਏ ਨਵੇਂ ਲੇਬਰ ਕੋਡ ਸਰਮਾਏਦਾਰ ਜਮਾਤ ਦੀ ਲੁੱਟ ਦੇ ਰਾਹ ’ਚੋਂ ਸਾਰੀਆਂ ਰੁਕਾਵਟਾਂ ਖ਼ਤਮ ਕਰਨ ਲਈ ਹੀ ਲਿਆਂਦੇ ਗਏ ਹਨ। ਹੁਣ ਇਨ੍ਹਾਂ ਦੇ ਲਾਗੂ ਹੋਣ ਸਾਰ ਹੀ ਮਜ਼ਦੂਰਾਂ ਤੋਂ ਕਨੂੰਨੀ ਤੌਰ ’ਤੇ 10-12 ਘੰਟੇ ਕੰਮ ਕਰਵਾਉਣ, ਉਨ੍ਹਾਂਂ ਲਈ ਯੂਨੀਅਨਾਂ ਬਣਾਉਣਾ ਔਖਾ ਕਰਨ ਅਤੇ ਉਨ੍ਹਾਂਂ ਦੇ ਸੰਘਰਸ਼ਾਂ ਨੂੰ ਕੁਚਲਣ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ।
    ਇਸ ਸਮੇਂ ਸਰਮਾਏਦਾਰ ਜਮਾਤ ਨੂੰ ਇਸੇ ਤਰ੍ਹਾਂ ਦੀ ਪਾਰਟੀ ਦੀ ਲੋੜ ਹੈ। 2011-12 ਤੋਂ ਹੀ ਭਾਰਤ ਦੀ ਸਰਮਾਏਦਾਰ ਜਮਾਤ ਮੁਨਾਫ਼ੇ ਦੀ ਡਿੱਗਦੀ ਦਰ ਦੇ ਸੰਕਟ ਦਾ ਸ਼ਿਕਾਰ ਹੈ। ਮੰਦੀ ਨਾਲ਼ ਨਜਿੱਠਣ ਲਈ ਉਸਨੂੰ ਮਜ਼ਦੂਰ ਜਮਾਤ ਦੇ ਸ਼ੋਸਣ ਨੂੰ ਵਧਾਉਣ ਅਤੇ ਇਸ ਤਰ੍ਹਾਂ ਮੁਨਾਫ਼ੇ ਦੀ ਔਸਤ ਦਰ ਨੂੰ ਵਧਾਉਣ ਦੀ ਲੋੜ ਹੈ। ਇਸਦੇ ਰਾਹ ’ਚ ਪੁਰਾਣੇ ਕਿਰਤ ਕਨੂੰਨ ਥੋੜ੍ਹੀ-ਮੋਟੀ ਰੁਕਾਵਟ ਪੈਦਾ ਕਰਦੇ ਸਨ ਕਿਉਂਕਿ ਉਹ ਵੀ 93% ਮਜ਼ਦੂਰਾਂ ਲਈ ਲਾਗੂ ਹੀ ਨਹੀਂ ਹੁੰਦੇ ਸਨ, ਜੋ ਕਿ ਗ਼ੈਰ-ਰਸਮੀ ਅਤੇ ਗ਼ੈਰ-ਜੱਥੇਬੰਦ ਖੇਤਰ ’ਚ ਕੰਮ ਕਰਦੇ ਹਨ। ਪਰ ਜਿਹੜੇ ਥੋੜ੍ਹੇ-ਬਹੁਤ ਜੱਥੇਬੰਦ ਖੇਤਰ ਅਤੇ ਰਸਮੀ ਖੇਤਰ ਦੇ ਮਜ਼ਦੂਰਾਂ ਲਈ ਲਾਗੂ ਹੁੰਦੇ ਹਨ, ਉਹ ਵੀ ਹੁਣ ਸਰਮਾਏਦਾਰ ਜਮਾਤ ਦੀਆਂ ਅੱਖਾਂ ’ਚ ਰੜਕ ਰਹੇ ਹਨ ਕਿਉਂਕਿ ਉਹ ਮੁਨਾਫ਼ੇ ਦੀ ਡਿੱਗ ਰਹੀ ਦਰ ਦੇ ਸੰਕਟ ਨਾਲ਼ ਇਸ ਸਮੇਂ ਬੁਰੀ ਤਰ੍ਹਾਂ ਜੂਝ ਰਹੇ ਹਨ। ਇਸੇ ਸੰਕਟ ਤੋਂ ਮੁਕਤ ਕਰਨ ਲਈ ਮੋਦੀ ਸਰਕਾਰ ਵੱਡੇ ਸਰਮਾਏਦਾਰਾਂ ਨੂੰ ਤੋਹਫੇ਼ ’ਤੇ ਤੋਹਫੇ਼ ਦੇ ਰਹੀ ਹੈ ਅਤੇ ਨਾਲ਼ ਹੀ ਮਜ਼ਦੂਰ ਜਮਾਤ ਦੇ ਖੁੱਲ੍ਹੇ, ਨੰਗੇ ਅਤੇ ਬਰਬਰ ਸ਼ੋਸਣ ਦੇ ਰਾਹ ’ਚ ਆਉਣ ਵਾਲੇ਼ ਹਰ ਰੋੜੇ ਨੂੰ ਹਟਾ ਰਹੀ ਹੈ।
    ਸਰਮਾਏਦਾਰ ਜਮਾਤ ਦੀ ਇਸ ਬੇਜੋੜ ਚਾਕਰੀ ਦੇ ਕਾਰਨ ਹੀ ਸਰਮਾਏਦਾਰ ਜਮਾਤ ਦਾ ਵੱਡਾ ਹਿੱਸਾ ਇੱਕਮਤ ਹੋ ਕੇ ਮੋਦੀ ਅਤੇ ਭਾਜਪਾ ਨੂੰ ਸਮਰਥਨ ਦੇ ਰਿਹਾ ਹੈ। ਉਨ੍ਹਾਂਂ ਨੂੰ ਇਹ ਵੀ ਸਮਝ ਆਉਂਦਾ ਹੈ ਕਿ ਮਜ਼ਦੂਰ ਅੰਦੋਲਨ ਨੂੰ ਕੁਚਲਣ ਅਤੇ ਉਸਦੇ ਮੁਕਾਬਲੇ ਮੱਧਵਰਗ ਦਾ ਇੱਕ ਪਿਛਾਖੜੀ ਫ਼ਾਸੀਵਾਦੀ ਅੰਦੋਲਨ ਖੜ੍ਹਾ ਕਰਨ ਦਾ ਕੰਮ ਵੀ ਇਹੀ ਸੰਘ ਪਰਿਵਾਰ ਅਤੇ ਭਾਜਪਾ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂਂ ਨੂੰ ਸਰਮਾਏਦਾਰ ਜਮਾਤ ਦਾ ਜ਼ਬਰਦਸਤ ਆਰਥਿਕ ਸਮਰਥਨ ਵੀ ਹਾਸਿਲ ਹੈ ਅਤੇ ਇਸ ਦੇ ਹੀ ਬੂਤੇ ’ਤੇ ਭਾਜਪਾ ਦੀ ਵਿਰਾਟ ਚੋਣ ਮਸ਼ੀਨਰੀ ਲਗਾਤਾਰ ਕਾਰਜਸ਼ੀਲ ਰਹਿੰਦੀ ਹੈ, ਭਾਵੇਂ ਉਹ ਮੀਡੀਆ, ਪੱਤਰਕਾਰਾਂ ਆਦਿ ਨੂੰ ਖ਼ਰੀਦਣ ਦਾ ਕੰਮ ਹੋਵੇ, ਵੋਟ ਖ਼ਰੀਦਣ ਦਾ ਕੰਮ ਹੋਵੇ, ਹੋਰ ਪਾਰਟੀਆਂ ਦੇ ਵਿਧਾਇਕਾਂ, ਸਾਂਸਦਾਂ ਅਤੇ ਨੇਤਾਵਾਂ ਨੂੰ ਖ਼ਰੀਦਣ ਦਾ ਕੰਮ ਹੋਵੇ। ਇਹ ਦੂਜਾ ਸਭ ਤੋਂ ਅਹਿਮ ਕਾਰਕ ਹੈ ਜਿਹੜਾ ਸੰਘ ਪਰਿਵਾਰ ਅਤੇ ਭਾਜਪਾ ਨੂੰ ਇੱਕ ਅਜਿਹੀ ਸ਼ਕਤੀ ਬਣਾ ਦਿੰਦਾ ਹੈ ਜਿਸ ਨਾਲ਼ ਹੋਰ ਸਰਮਾਏਦਾਰਾ ਪਾਰਟੀਆਂ ਫ਼ਿਲਹਾਲ ਮੁਕਾਬਲਾ ਨਹੀਂ ਕਰ ਸਕਦੀਆਂ।
    ਇਸਦਾ ਇੱਕ ਕਾਰਨ ਤਾਂ ਹੋਰ ਸਰਮਾਏਦਾਰਾ ਪਾਰਟੀਆਂ ਨੂੰ ਸਰਮਾਏਦਾਰ ਜਮਾਤ ਤੋਂ ਮਿਲਣ ਵਾਲੇ਼ ਆਰਥਿਕ ਸਹਿਯੋਗ ’ਚ ਆਈ ਭਾਰੀ ਕਮੀ ਹੈ, ਪਰ ਨਾਲ਼ ਹੀ ਸਰਮਾਏਦਾਰਾ ਸਿਆਸਤ ਦੀਆਂ ਹੋਰ ਧਾਰਾਵਾਂ ਦਾ ਬੀਤੇ ਚਾਰ ਦਹਾਕਿਆਂ ’ਚ ਹੋਇਆ ਖ਼ਾਤਮਾ ਵੀ ਇਸਦੇ ਲਈ ਜ਼ਿੰਮੇਦਾਰ ਹੈ। ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਸਮਾਜਵਾਦੀ ਦਲਾਂ ਦੇ ਨੇਤਾ ਲੋਕ ਵੀ ਸਭ ਤਰ੍ਹਾਂ ਦੇ ਮੁੱਦਿਆਂ ’ਤੇ ਸੜਕਾਂ ’ਤੇ ਉੱਤਰਿਆ ਕਰਦੇ ਸਨ, ਹਾਲਾਂਕਿ ਉਹ ਅਜਿਹਾ ਛੋਟੀ ਸਰਮਾਏਦਾਰਾ ਜਮਾਤ ਅਤੇ ਖਾਂਦੇ ਪੀਂਦੇ ਮੱਧਵਰਗ ਦੇ ਹਿੱਤਾਂ ਦੇ ਲਈ ਹੀ ਜ਼ਿਆਦਾ ਕਰਦੇ ਸਨ ਜਾਂ ਫੇਰ ਕਦੇ ਉਹ ਮਜ਼ਦੂਰ ਜਮਾਤ ਬਾਰੇ ਬੋਲਦੇ ਵੀ ਸਨ ਤਾਂ ਸਰਮਾਏਦਾਰਾ ਪ੍ਰਬੰਧ ਦੀ ਰੱਖਿਆ ਕਰਨ ਲਈ ਅਤੇ ਸੁਧਾਰਵਾਦੀ ਨਜ਼ਰੀਏ ਨਾਲ਼। ਪਰ ਘੱਟੋ-ਘੱਟ ਉਦੋਂ ਉਹ ਸੜਕਾਂ ’ਤੇ ਇੱਕ ਹੱਦ ਤੱਕ ਉੱਤਰਦੇ ਤਾਂ ਸਨ। ਪਰ ਉਹ ਦੌਰ ਵੀ ਹੁਣ ਬੀਤ ਚੁੱਕਿਆ ਹੈ। ਕਾਂਗਰਸ ਲਈ ਇਹ ਦੌਰ ਹੋਰ ਵੀ ਪਹਿਲਾਂ ਬੀਤ ਚੁੱਕਿਆ ਸੀ। ਸੋਧਵਾਦੀ ਪਾਰਟੀਆਂ ਦੀ ਵੀ ਇਹੀ ਹਾਲਤ ਹੈ ਅਤੇ ਜਦੋਂ ਕਦੇ ਉਹ ਸੜਕਾਂ ’ਤੇ ਉੱਤਰਦੇ ਹਨ ਤਾਂ ਵੀ ਰਸਮ ਅਦਾਇਗੀ ਦੇ ਤੌਰ ’ਤੇ ਅਤੇ ਇਹ ਰਸਮ ਅਦਾਇਗੀ ਵੀ ਉਹ ਵਿਆਪਕ ਮਜ਼ਦੂਰ ਅਬਾਦੀ ਦੇ ਲਈ ਨਹੀਂ ਕਰਦੇ ਬਲਕਿ ਬੈਂਕ-ਬੀਮਾ ਖੇਤਰ ’ਚ ਕੰਮ ਕਰਨ ਵਾਲੇ਼ ਸਫ਼ੇਦ ਕਾਲਰ ਕਰਮਚਾਰੀਆਂ ਲਈ ਹੀ ਜ਼ਿਆਦਾ ਕਰਦੇ ਹਨ। ਬਾਕੀ ਮਜ਼ਦੂਰ ਅੰਦੋਲਨ ’ਚ ਉਨ੍ਹਾਂਂ ਦੀ ਭੂਮਿਕਾ ਵਿਸ਼ਵਾਸਘਾਤ ਅਤੇ ਸਮਝੌਤਾਪ੍ਰਸਤੀ ਦੀ ਹੀ ਹੁੰਦੀ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਦੀ ਜਿਹੜੀ ਥੋੜ੍ਹੀ ਬਹੁਤ ਸ਼ਕਤੀ ਬਚੀ ਸੀ ਉਸ ’ਚ ਵੀ ਪਿਛਲੇ ਦੋ ਦਹਾਕਿਆਂ ਚ ਤੇਜ਼ੀ ਨਾਲ਼ ਗਿਰਾਵਟ ਆਈ ਹੈ। ਕੁੱਲ ਮਿਲਾਕੇ ਇਹ ਸਪਸ਼ਟ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਸਾਰੀਆਂ ਸਰਮਾਏਦਾਰਾ ਪਾਰਟੀਆਂ ਸਿਰਫ਼ ਚੋਣਾਂ ਤੋਂ ਪਹਿਲਾਂ ਦੇ ਤਿੰਨ-ਚਾਰ ਮਹੀਨਿਆਂ ਦੌਰਾਨ ਸਰਗਰਮ ਹੁੰਦੀਆਂ ਹਨ, ਜਦਕਿ ਭਾਜਪਾ ਅਤੇ ਸੰਘ ਪਰਿਵਾਰ ਦੀ ਸਮੁੱਚੀ ਮਸ਼ੀਨਰੀ ਲਗਾਤਰ ਸਰਗਰਮ ਰਹਿੰਦੀ ਹੈ ਅਤੇ ਅਪਣੇ ਪਿਛਾਖੜੀ ਸਮਾਜਿਕ ਅੰਦੋਲਨ ਨੂੰ ਮਜ਼ਬੂਤ ਬਣਾਉਣ ’ਚ ਲੱਗੀ ਰਹਿੰਦੀ ਹੈ। ਇਸ ਤਰ੍ਹਾਂ ਦੀ ਸਿਆਸਤ ਹੋਰ ਕੋਈ ਵੀ ਸਰਮਾਏਦਾਰਾ ਸਿਆਸੀ ਪਾਰਟੀ ਨਹੀਂ ਕਰ ਰਹੀ। ਭਾਜਪਾ ਅਤੇ ਸੰਘ ਪਰਿਵਾਰ ਅਪਣੀ ਵਿਚਾਰਧਾਰਾ ਅਤੇ ਸਿਆਸਤ ਨੂੰ ਲੈ ਕੇ ਅਪਣੇ ਕਾਡਰ-ਅਧਾਰਿਤ ਜੱਥੇਬੰਦਕ ਢਾਂਚੇ ਦੇ ਨਾਲ਼ ਇਸ ਕੰਮ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ।
  3. ਆਰਥਿਕ ਸੰਕਟ ਹਮੇਸ਼ਾਂ ਹੀ ਪਿਛਾਖੜ ਨੂੰ ਅਤੇ ਆਮ ਤੌਰ ‘ਤੇ ਫ਼ਾਸੀਵਾਦੀ ਪਿਛਾਖੜ ਨੂੰ ਜਨਮ ਦਿੰਦਾ ਹੈ
    ਤੀਜਾ ਆਮ ਕਾਰਕ ਜਿਸਨੇ ਸੰਘ ਪਰਿਵਾਰ ਅਤੇ ਭਾਜਪਾ ਦੀ ਸਰਮਾਏਦਾਰਾ ਸਿਆਸਤ ਨੂੰ ਦੇਸ਼ ’ਚ ਹਾਸ਼ੀਏ ’ਚੋਂ ਕੱਢਕੇ ਸਭ ਤੋਂ ਤਾਕਤਵਰ ਥਾਂ ’ਤੇ ਪਹੁੰਚਾ ਦਿੱਤਾ ਹੈ ਉਹ ਹੈ ਆਰਥਿਕ ਸੰਕਟ ਦਾ ਸੰਦਰਭ, ਜਿਸ ’ਚ ਹਮੇਸ਼ਾਂ ਹੀ ਪਿਛਾਖੜੀ ਸਿਆਸਤ ਦੀਆਂ ਵੱਖੋ- ਵੱਖਰੀਆਂ ਜ਼ਹਿਰੀਲੀਆਂ ਬੇਲਾਂ ਉੱਗਦੀਆਂ ਹਨ। ਕੇਵਲ ਕਾਡਰ-ਅਧਾਰਿਤ ਜੱਥੇਬੰਦੀ ਦੇ ਅਧਾਰ ’ਤੇ ਹੀ ਭਾਜਪਾ ਨੇ ਜੇਕਰ ਸਿਖਰ ’ਤੇ ਪਹੁੰਚਣਾ ਹੁੰਦਾ ਤਾਂ ਉਹ 1980 ਦੇ ਦਹਾਕੇ ਦੇ ਪਹਿਲੇ ਅੱਧ ’ਚ ਹੀ ਆਪਣੇ ਉਭਾਰ ’ਤੇ ਜਾਣਾ ਸ਼ੁਰੂ ਕਰ ਦਿੰਦੀ। 1980 ਦੇ ਦਹਾਕੇ ਤੋਂ ਭਾਜਪਾ ਨੂੰ ਸਰਮਾਏਦਾਰ ਜਮਾਤ ਦਾ ਮਿਲਣ ਵਾਲ਼ਾ ਸਮਰਥਨ ਵੀ ਲਗਾਤਾਰ ਵਧਦਾ ਗਿਆ ਹੈ। ਪਰ ਭਾਜਪਾ ਅਤੇ ਸੰਘ ਪਰਿਵਾਰ ਦੀ ਫ਼ਾਸੀਵਾਦੀ ਜੱਥੇਬੰਦੀ ਅਪਣੇ ਆਪ ਨੂੰ ਉੱਜੜ ਰਹੇ ਮੱਧਵਰਗ ਦੇ ਇੱਕ ਫ਼ਾਸੀਵਾਦੀ ਅੰਦੋਲਨ ’ਚ ਤਬਦੀਲ ਕਰਨ ਦਾ ਕੰਮ 1980 ਦੇ ਦਹਾਕੇ ਤੋਂ ਅਤੇ ਖ਼ਾਸ ਤੌਰ ’ਤੇ ਰਾਮ ਮੰਦਿਰ ਅੰਦੋਲਨ ਦੇ ਦੌਰ ਤੋਂ ਹੀ ਕਰ ਸਕੀ ਹੈ। ਉਸਦੀ ਇੱਕ ਵਜ੍ਹਾ ਇਹ ਸੀ ਕਿ 1970 ਦੇ ਦਹਾਕੇ ਤੋਂ ਹੀ ਆਰਥਿਕ ਸੰਕਟ ਨੇ ਦੇਸ਼ ਨੂੰ ਅਪਣੀ ਜਕੜ ’ਚ ਲੈਣਾ ਸ਼ੁਰੂ ਕਰ ਦਿੱਤਾ ਸੀ। ਸੰਸਾਰ ਮੰਦੀ ਦਾ ਅਸਰ ਭਾਰਤੀ ਅਰਥਚਾਰੇ ’ਤੇ ਵੀ ਨਜ਼ਰ ਆ ਰਿਹਾ ਸੀ। 1987 ’ਚ ਸੰਸਾਰ ਅਰਥਚਾਰੇ ਦਾ ਸੰਕਟ ਪੂਰੀ ਤਰ੍ਹਾਂ ਨਾਲ਼ ਗਹਿਰਾ ਹੋ ਗਿਆ ਅਤੇ ਇਸਦਾ ਅਸਰ ਵੀ ਭਾਰਤੀ ਅਰਥਚਾਰੇ ਤੱਕ ਪਹੁੰਚਿਆ। ਭਾਰਤ ਦਾ ਜਨਤਕ ਖੇਤਰ 1960 ਦੇ ਪਿਛਲੇ ਅੱਧ ਤੋਂ ਹੀ ਅੰਦਰੂਨੀ ਸੰਕਟਾਂ ਨਾਲ਼ ਪੀੜਿਤ ਸੀ। 1980 ਦੇ ਦਹਾਕੇ ’ਚ ਕੁੱਝ ਸਮੇਂ ਲਈ ਇੱਕ ਤੇਜ਼ੀ ਦਾ ਦੌਰ ਵੀ ਆਇਆ ਸੀ ਪਰ 1980 ਦੇ ਦਹਾਕੇ ਦੇ ਮੁੱਕਦਿਆਂ ਉਹ ਤੇਜ਼ੀ ਮੰਦੀ ’ਚ ਬਦਲ ਗਈ ਸੀ। ਜਿਵੇਂ-ਜਿਵੇਂ ਮੰਦੀ ਗਹਿਰੀ ਹੁੰਦੀ ਗਈ ਤਿਵੇਂ-ਤਿਵੇਂ ਭਾਰਤੀ ਸਮਾਜ ’ਚ ਨਿਮਨ ਮੱਧਵਰਗ ਦੀ ਪ੍ਰਤੀਕਿਰਿਆ ਦਾ ਅਧਾਰ ਵੀ ਗਹਿਰਾ ਹੁੰਦਾ ਗਿਆ। ਇਨ੍ਹਾਂ ਜਮਾਤਾਂ ਦਾ ਸਭ ਤੋਂ ਵੱਡਾ ਡਰ ਅਤੇ ਬੁਰਾ ਸੁਪਨਾ ਸੀ ਮਜ਼ਦੂਰ ਬਣ ਜਾਣ ਦਾ ਡਰ। ਇਸੇ ਡਰ ਦਾ ਭਾਜਪਾ ਅਤੇ ਸੰਘ ਪਰਿਵਾਰ ਨੇ ਜੀਅ ਲਾ ਕੇ ਇਸਤੇਮਾਲ ਕੀਤਾ ਅਤੇ ਇਹੀ ਕਾਰਨ ਸੀ ਕਿ 1980 ਦੇ ਦਹਾਕੇ, ਖ਼ਾਸ ਤੌਰ ’ਤੇ ਉਸਦੇ ਮੱਧ ਅਤੇ ਅਖ਼ੀਰਲੇ ਹਿੱਸੇ ’ਚ ਭਾਜਪਾ ਅਤੇ ਸੰਘ ਪਰਿਵਾਰ ਦਾ ਫ਼ਾਸੀਵਾਦ ਇੱਕ ਪਿਛਾਖੜੇ ਸਮਾਜਿਕ ਅੰਦੋਲਨ ਦੀ ਸ਼ਕਲ ਲੈਂਦਾ ਗਿਆ। ਇਹ ਸੰਕਟ ਕਦੇ ਥੋੜ੍ਹਾ ਘੱਟ ਕਦੇ ਥੋੜ੍ਹਾ ਜ਼ਿਆਦਾ ਰਹਿੰਦੇ ਹੋਏ ਜਾਰੀ ਰਿਹਾ ਅਤੇ 2007 ਚ ਸੰਸਾਰ-ਪੱਧਰੀ ਮਹਾਂਮੰਦੀ ਦੀ ਸ਼ੁਰੂਆਤ ਅਤੇ 2011-12 ਤੱਕ ਇਸਦੇ ਅਸਰ ਦੇ ਭਾਰਤੀ ਅਰਥਚਾਰੇ ’ਚ ਭਿਆਨਕ ਰੂਪ ’ਚ ਪ੍ਰਗਟ ਹੋਣ ਨਾਲ਼ ਫ਼ਾਸੀਵਾਦੀ ਉਭਾਰ ਵੀ ਹੋਰ ਤੇਜ਼ ਹੋਇਆ ਅਤੇ 2014 ’ਚ ਮੋਦੀ ਦੀ ਜਿੱਤ ਦੇ ਨਾਲ਼ ਅਪਣੀ ਨਵੀਂ ਮੰਜ਼ਲ ’ਤੇ ਪਹੁੰਚਿਆ।
    ਇਸ ਲਈ ਆਰਥਿਕ ਸੰਕਟ ਦੀ ਫ਼ਾਸੀਵਾਦ ਦੇ ਉਭਾਰ ’ਚ ਬਹੁਤ ਮਹੱਤਵਪੂਰਣ ਭੂਮਿਕਾ ਰਹੀ ਹੈ। ਅਸਲ ’ਚ, ਹਰ ਦੇਸ਼ ’ਚ ਹੀ ਫ਼ਾਸੀਵਾਦੀ ਉਭਾਰ ਦੇ ਪਿੱਛੇ ਮੌਜੂਦ ਬੁਨਿਆਦੀ ਵਿਰੋਧਤਾਈ ਆਰਥਿਕ ਸੰਕਟ ਹੀ ਰਹੀ ਹੈ, ਹਾਲਾਂਕਿ ਤਤਕਾਲੀ ਤੌਰ ’ਤੇ ਪ੍ਰਧਾਨ ਵਿਰੋਧਤਾਈ ਦੀ ਭੂਮਿਕਾ ਸਰਮਾਏਦਾਰ ਜਮਾਤ ਦੇ ਸਿਆਸੀ ਸੰਕਟ ਨੇ ਨਿਭਾਈ ਹੈ। ਭਾਰਤ ’ਚ ਵੀ ਸਰਮਾਏਦਾਰ ਜਮਾਤ ਦੇ ਸਿਆਸੀ ਸੰਕਟ ਨੂੰ 2008-09 ਤੋਂ 2011-12 ਤੱਕ ਸਾਹਮਣੇ ਆਏ ਵੱਡਆਕਾਰੀ ਘੋਟਾਲਿਆਂ ’ਚ ਦੇਖਿਆ ਜਾ ਸਕਦਾ ਹੈ, ਜੋ ਕਿ ਆਮ ਤੌਰ ’ਤੇ ਸਰਮਾਏਦਾਰ ਜਮਾਤ ਦੇ ਸਿਆਸੀ ਸੰਕਟ ਦਾ ਹੀ ਪ੍ਰਗਟਾਵਾ ਹੋਇਆ ਕਰਦੇ ਹਨ। ਇਸੇ ਪਿੱਠਭੂਮੀ ’ਚ ਭਾਜਪਾ ਪਹਿਲੀ ਵਾਰ ਪੂਰਨ ਬਹੁਮਤ ਦੇ ਨਾਲ਼ 2014 ’ਚ ਸੱਤਾ ’ਚ ਪਹੁੰਚੀ ਸੀ। ਇਸਦਾ ਇਹ ਅਰਥ ਨਹੀਂ ਹੈ ਕਿ ਆਰਥਿਕ ਸੰਕਟ ਦੇ ਟਲ਼ਣ ਨਾਲ਼ ਫ਼ਾਸੀਵਾਦੀ ਉਭਾਰ ਦਾ ਖ਼ਾਤਮਾ ਸ਼ੁਰੂ ਹੋ ਜਾਵੇਗਾ। ਇਹ ਜ਼ਰੂਰੀ ਨਹੀਂ ਹੈ। ਪਰ ਇਹ ਵੀ ਤੈਅ ਹੈ ਕਿ ਉਸਦੇ ਉਭਾਰ ਦੇ ਪਿੱਛੇ ਆਮ ਆਰਥਿਕ ਅਤੇ ਸਿਆਸੀ ਸੰਦਰਭ ਤਿਆਰ ਕਰਨ ਦਾ ਕੰਮ ਆਰਥਿਕ ਸੰਕਟ ਨੇ ਹੀ ਕੀਤਾ ਹੈ। ਇਹ ਆਰਥਿਕ ਸੰਕਟ ਹੀ ਹੈ ਜਿਸ ਨਾਲ਼ ਪੈਦਾ ਹੋਈ ਅਸੁੱਰਖਿਆ ਮੱਧਵਰਗੀ ਜਮਾਤਾਂ ਦੀ ਫ਼ਾਸੀਵਾਦੀ ਪ੍ਰਤੀਕਿਰਿਆ ਦਾ ਸਮਾਜਿਕ ਅਧਾਰ ਬਣਾਉਂਦੀ ਹੈ ਅਤੇ ਇਹੀ ਸਰਮਾਏਦਾਰ ਜਮਾਤ ਨੂੰ ਵੀ ਫ਼ਾਸੀਵਾਦ ਨੂੰ ਪ੍ਰਚੰਡ ਸਮਰਥਨ ਦੇਣ ਵੱਲ ਲੈ ਜਾਂਦੀ ਹੈ।
    ਉਪਰੋਕਤ ਤਿੰਨ ਆਮ ਕਾਰਕ ਹਨ ਜਿਹੜੇ ਆਮ ਤੌਰ ’ਤੇ ਭਾਜਪਾ ਨੂੰ ਸਾਰੀਆਂ ਚੋਣਾਂ ’ਚ ਅਤੇ ਹੋਰ ਬਾਕੀ ਦੀਆਂ ਵੋਟ-ਵਟੋਰੂ ਬੁਰਜੂਆ ਪਾਰਟੀਆਂ ’ਤੇ ਇੱਕ ਚੜ੍ਹਤ ਦਿੰਦੇ ਹਨ ਅਤੇ ਜਿਹੜਾ ਹਾਲ ਹੋਰ ਬੁਰਜੂਆ ਵੋਟ-ਵਟੋਰੂ ਪਾਰਟੀਆਂ ਦਾ ਹੋ ਚੁੱਕਿਆ ਹੈ, ਉਸ ’ਚ ਇਹ ਭਾਜਪਾ ਨੂੰ ਉਪਰੋਕਤ ਕਾਰਨਾਂ ਕਰਕੇ ਚੁਣੌਤੀ ਦੇਣ ਦੀ ਸਥੀਤੀ ’ਚ ਨਹੀਂ ਹਨ। ਅਜਿਹਾ ਨਹੀਂ ਹੈ ਕਿ ਚੋਣਾਂ ’ਚ ਭਾਜਪਾ ਨਹੀਂ ਹਾਰ ਸਕਦੀ ਹੈ। ਪਰ ਜਦ ਇਹ ਹਾਰੇਗੀ ਵੀ ਤਾਂ ਉਸ ਸਥਿਤੀ ’ਚ ਇਹ ਭਾਜਪਾ ਦੀ ਹਾਰ ਜ਼ਿਆਦਾ ਹੋਵੇਗੀ ਅਤੇ ਵਿਰੋਧੀ ਪਾਰਟੀਆਂ ਦੀ ਜਿੱਤ ਘੱਟ। ਉਦਾਹਰਨ ਵਜੋਂ, ਬੇਰੁਜ਼ਗਾਰੀ, ਗ਼ਰੀਬੀ, ਮਹਿੰਗਾਈ ਅਤੇ ਭੁੱਖਮਰੀ ਦੇ ਵਧਦੇ ਜਾਣ ਨਾਲ਼ ਭਾਜਪਾ ਆਰਥਿਕ ਕਾਰਕਾਂ ਦੇ ਕਾਰਨ ਚੋਣ ਹਾਰ ਸਕਦੀ ਹੈ ਅਤੇ ਵੱਖ-ਵੱਖ ਰਾਜਾਂ ’ਚ ਵੱਖ-ਵੱਖ ਸਰਮਾਏਦਾਰਾ ਪਾਰਟੀਆਂ ਨੂੰ ਇਸਦਾ ਲਾਭ ਮਿਲ ਸਕਦਾ ਹੈ। ਪਰ ਉਸ ਹਾਲਤ ’ਚ ਵੀ ਇਹ ਚੁਣਾਵੀ ਹਾਰ ਸੰਘੀ ਫ਼ਾਸੀਵਾਦ ਦੀ ਫ਼ੈਸਲਾਕੁੰਨ ਹਾਰ ਨਹੀਂ ਹੋਵੇਗੀ ।
    ਖ਼ੈਰ, ਹੁਣ ਅਸੀਂ ਉਨ੍ਹਾਂਂ ਖ਼ਾਸ ਤਤਕਾਲੀ ਕਾਰਨਾਂ ਦੀ ਚਰਚਾ ਕਰਾਂਗੇ, ਜਿਹੜੇ ਮੌਜੂਦਾ ਚੋਣਾਂ ’ਚ ਭਾਜਪਾ ਦੀ ਚੋਣ ਜਿੱਤ ਦਾ ਕਾਰਨ ਬਣੇ ਹਨ ।

ਭਾਜਪਾ ਦੀ ਚੋਣ ਜਿੱਤ ਦੇ ਖ਼ਾਸ ਤਤਕਾਲੀ ਕਾਰਕ
ਇਹ ਸੱਚ ਹੈ ਕਿ ਸਮਾਜਵਾਦੀ ਪਾਰਟੀ ਦੇ ਗੱਠਜੋੜ ਨੂੰ ਭਾਜਪਾ ਦੇ ਵੋਟ ਫ਼ੀਸਦ ਤੋਂ ਕੇਵਲ 8 ਫ਼ੀਸਦੀ ਘੱਟ ਵੋਟ ਮਿਲੇ ਅਤੇ ਇਹ ਅਸਲ ’ਚ ਅਸੰਤੋਖ ਸੀ ਜਿਸ ਕਾਰਨ ਸਮਾਜਵਾਦੀ ਪਾਰਟੀ ਗੱਠਜੋੜ ਪਹਿਲਾਂ ਨਾਲ਼ੋਂ ਅਪਣੀਆਂ ਸੀਟਾਂ ਦੀ ਗਿਣਤੀ ਵਧਾ ਸਕਿਆ। ਪਰ ਇਸਦੇ ਬਾਵਜੂਦ ਇਹ ਅਸੰਤੋਖ ਭਾਜਪਾ ਅਤੇ ਉਸਦੀ ਯੋਗੀ ਸਰਕਾਰ ਦੇ ਵਿਰੋਧ ’ਚ ਪੂਰੀ ਤਰ੍ਹਾਂ ਰੂਪਬਦਲੀ ਨਹੀਂ ਕਰ ਸਕਿਆ। ਸਗੋਂ, ਭਾਜਪਾ ਦਾ ਵੋਟ ਪ੍ਰਤਿਸ਼ਤ ਵਧਿਆ ਹੈ! ਅਜਿਹਾ ਕਿਉਂ ਹੋਇਆ? ਆਓ ਸਮਝਦੇ ਹਾਂ।

1. ਸਭ ਤੋਂ ਵੱਧ ਗ਼ਰੀਬ ਅਬਾਦੀ ਲਈ ਖ਼ੈਰਾਤੀ ਕਲਿਆਣਕਾਰੀ ਨੀਤੀਆਂ ਅਤੇ ਹਿੰਦੂਤਵ ਦਾ ਘਾਤਕ ਮਿਸ਼ਰਣ
ਇਹ ਪਹਿਲਾ ਮਹੱਤਵਪੂਰਣ ਕਾਰਕ ਹੈ। ਭਾਜਪਾ ਦੀ ਯੋਗੀ ਸਰਕਾਰ ਨੇ ਚੋਣਾਂ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਹੀ ਸਭ ਖ਼ੈਰਾਤੀ ਕਲਿਆਣਕਾਰੀ ਨੀਤਿਆਂ ਨੂੰ ਲਾਗੂ ਕੀਤਾ। ਮਿਸਾਲ ਦੇ ਤੌਰ ’ਤੇ ਕਿਰਤ ਕਾਰਡ ਦੇ ਤਹਿਤ 1500 ਰੁਪਏ ਮਜ਼ਦੂਰਾਂ ਨੂੰ ਦੇਣਾ, ਮਹੀਨੇ ’ਚ ਦੋ ਵਾਰ 40-40 ਕਿਲੋਗ੍ਰਾਮ ਤੱਕ ਰਾਸ਼ਨ ਸਭ ਤੋਂ ਗ਼ਰੀਬ ਪਰਿਵਾਰਾਂ ’ਚ ਮੁਫ਼ਤ ਵੰਡਣਾ, ਗ਼ਰੀਬ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦੇਣਾ, ਬੈਂਕ ’ਚ ਕੈਸ਼ ਟਰਾਂਸਫ਼ਰ ਕਰਨਾ, ਆਦਿ। ਇਸਤੋਂ ਇਲਾਵਾ, ਪ੍ਰਧਾਨਮੰਤਰੀ ਆਵਾਸ ਯੋਜਨਾ ਦੇ ਤਹਿਤ ਅਚਾਨਕ ਤੇਜ਼ੀ ਨਾਲ਼ ਪੈਸੇ ਦਿੱਤੇ ਜਾਣ ਲੱਗੇ, ਗੈਸ ਸਿਲੰਡਰ ਕਨੈਕਸ਼ਨ ਵੰਡਣ ਦੀ ਰਫ਼ਤਾਰ ਤੇਜ਼ ਕਰ ਦਿੱਤੀ ਗਈ। ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਵੀ ਯੋਗੀ ਸਰਕਾਰ ਇਹ ਕੰਮ ਕਰਦੀ ਰਹੀ ਅਤੇ ਭਾਜਪਾ ਦੀ ਗੋਦੀ ਵਿੱਚ ਬੈਠਾ ਚੋਣ ਕਮਿਸ਼ਨ ਇਹ ਸਭ ਕੁੱਝ ਮੂਕ ਦਰਸ਼ਕ ਬਣਿਆ ਦੇਖਦਾ ਰਿਹਾ।
ਇਹ ਮਾਮੂਲੀ ਖ਼ੈਰਾਤ ਸੀ ਜੋ ਕਿ ਗ਼ਰੀਬ ਪਰਿਵਾਰਾਂ ਨੂੰ ਭੁੱਖਮਰੀ ਦੇ ਪੱਧਰ ’ਤੇ ਜਿਉਂਦਾ ਰੱਖਣ ਲਈ ਵੀ ਮੁਸ਼ਕਲ ਨਾਲ਼ ਹੀ ਪੂਰੀ ਪੈਂਦੀ ਸੀ। ਪਰ ਭੁੱਖਮਰੀ ਦੇ ਕੰਢੇ ਖੜ੍ਹੇ ਪਰਿਵਾਰਾਂ ਲਈ ਇਹ ਵੀ ਭਾਜਪਾ ਨੂੰ ਸਮਰਥਨ ਦੇਣ ਦਾ ਇੱਕ ਕਾਰਨ ਬਣ ਗਿਆ। ਇਸ ਖ਼ੈਰਾਤੀ ਕਲਿਆਣਵਾਦ ਨੂੰ ਧਰਮ ਅਤੇ ਯੋਗੀ ਦੇ ਸੰਨਿਆਸੀ ਬਾਬਾ ਹੋਣ ਦੀ ਛਵੀ ਨਾਲ਼ ਮਿਸ਼ਰਿਤ ਕੀਤਾ ਗਿਆ। ਉੱਪਰੋਂ ਇਨਕਲਾਬੀ ਸ਼ਕਤੀਆਂ ਦੀ ਉਨ੍ਹਾਂਂ ਵਿਚਾਲੇ਼ ਗ਼ੈਰ-ਮੌਜੂਦਗੀ (ਕਿਉਂਕਿ ਉਨ੍ਹਾਂਂ ਦਾ ਵੱਡਾ ਹਿੱਸਾ ਤਾਂ ਕੁਲਕਾਂ/ਧਨੀ ਕਿਸਾਨਾਂ ਦੀਆਂ ਟਰਾਲੀਆਂ ’ਚ ਸਵਾਰ ਹੈ!) ਅਤੇ ਉਨ੍ਹਾਂਂ ਵਿੱਚ ਸਿਆਸੀ ਚੇਤਨਾ ਦੀ ਘਾਟ ਦੇ ਲਈ ਜ਼ਿੰਮੇਦਾਰ ਹੈ। ਇਹੀ ਗੱਲ ਸ਼ਹਿਰ ਦੇ ਗ਼ੈਰ-ਜੱਥੇਬੰਦ ਮਜ਼ਦੂਰਾਂ ’ਤੇ ਵੀ ਲਾਗੂ ਹੁੰਦੀ ਹੈ। ਉਨ੍ਹਾਂਂ ਵਿੱਚ ਵੀ ਇਨਕਲਾਬੀ ਕਮਿਊਨਿਸਟ ਤਾਕਤਾਂ ਦੀ ਹਾਜ਼ਰੀ ਬੇਹੱਦ ਘੱਟ ਹੈ। ਸਾਡੇ ਕਮਿਊਨਿਸਟਾਂ ਨੂੰ ਲੱਗਦਾ ਹੈ ਕਿ ਸਿਰਫ਼ ਵੱਡੇ ਕਾਰਖ਼ਾਨਿਆਂ ’ਚ ਕੰਮ ਕਰਨ ਵਾਲ਼ਾ ਜੱਥੇਬੰਦ ਮਜ਼ਦੂਰ ਹੀ ਇਨਕਲਾਬੀ ਤਾਕਤ ਰੱਖਦਾ ਹੈ। ਇਸ ਲਈ ਉਹ ਗ਼ੈਰ-ਜੱਥੇਬੰਦ ਅਤੇ ਗ਼ੈਰ-ਰਸਮੀ ਖੇਤਰ ਦੇ ਮਜ਼ਦੂਰਾਂ ਦੀ ਵਿਸ਼ਾਲ ਅਬਾਦੀ ਨੂੰ ਨਜ਼ਰਅੰਦਾਜ਼ ਕਰਦੇ ਹਨ।

2. ਗ਼ੈਰ-ਜਾਟਵ ਦਲਿਤ ਅਤੇ ਗ਼ੈਰ-ਯਾਦਵ ਪੱਛੜੀ ਜਾਤ ਦੇ ਅਤੇ ਅੰਸ਼ਿਕ ਤੌਰ ’ਤੇ ਜਾਟਵ ਦਲਿਤ ਅਬਾਦੀ ਦੇ ਵੋਟ ਦਾ ਵੱਡੇ ਪੱਧਰ ’ਤੇ ਭਾਜਪਾ ਨੂੰ ਜਾਣਾ ਕੋਈ ਜਾਤੀਗਤ ਘਟਨਾ ਨਹੀਂ ਬਲਕਿ ਜਮਾਤੀ ਘਟਨਾ ਹੈ
ਇਹ ਪਹਿਲੇ ਕਾਰਕ ਨਾਲ਼ ਜੁੜਿਆ ਹੋਇਆ ਕਾਰਕ ਹੈ। ਇਨ੍ਹਾਂ ਚੋਣਾਂ ’ਚ ਮੁਸਲਮਾਨ ਅਤੇ ਯਾਦਵ ਵੋਟ ਬੈਂਕ ਵੱਡੇ ਪੱਧਰ ’ਤੇ ਸਪਾ ਗੱਠਜੋੜ ਨੂੰ ਗਿਆ ਅਤੇ ਉਸਦੇ ਵੋਟ ਫ਼ੀਸਦ ਅਤੇ ਸੀਟਾਂ ’ਚ ਵਾਧਾ ਹੋਇਆ। ਪਰ ਇਸਦੇ ਮੁਕਾਬਲੇ ਭਾਜਪਾ ਵੱਲ ਗ਼ੈਰ-ਜਾਟਵ ਦਲਿਤ ਵੋਟਾਂ ਅਤੇ ਗ਼ੈਰ-ਯਾਦਵ ਓਬੀਸੀ ਵੋਟਾਂ ਦਾ ਖਿਸਕਣਾ ਨਿਰਪੇਖ ਅਰਥਾਂ ’ਚ ਕਿਤੇ ਜ਼ਿਆਦਾ ਸੀ। ਇਸਦੀ ਵਜ੍ਹਾ ਕੀ ਸੀ? ਇਸਦੀ ਵਜ੍ਹਾ ਇਹ ਸੀ ਕਿ ਇਸ ਦਲਿਤ ਅਤੇ ਓਬੀਸੀ ਅਬਾਦੀ ਦਾ ਵੱਡਾ ਹਿੱਸਾ ਗ਼ਰੀਬ ਕਿਸਾਨ ਅਤੇ ਖੇਤ ਮਜ਼ਦੂਰਾਂ ਅਤੇ ਗ਼ੈਰ-ਜੱਥੇਬੰਦ ਖੇਤਰ ਦੇ ਮਜ਼ਦੂਰਾਂ ਦਾ ਹੈ। ਠੀਕ ਇਹੀ ਅਬਾਦੀ ਹੈ ਜਿਸਦੇ ਵਿੱਚ ਯੋਗੀ ਸਰਕਾਰ ਨੇ ਉਹ ਖ਼ੈਰਾਤੀ ਕਲਿਆਣਵਾਦ ਅਤੇ ਹਿੰਦੂਤਵ ਦਾ ਮਿਸ਼ਰਣ ਪੇਸ਼ ਕੀਤਾ ਹੈ, ਜਿਸਦੀ ਅਸੀਂ ਉੱਪਰ ਚਰਚਾ ਕੀਤੀ ਹੈ।
ਕਈ ਪਹਿਚਾਣਵਾਦੀ ਵਿਸ਼ਲੇਸ਼ਕ ਅਤੇ ਇੱਥੋਂ ਤੱਕ ਕਿ ਤਥਾਕਥਿਤ ਕਮਿਊਨਿਸਟ ਵੀ ਇਸ ਨੂੰ ਇੱਕ ਜਾਤੀਗਤ ਘਟਨਾ ਦੇ ਰੂਪ ਵਿੱਚ ਦੇਖ ਰਹੇ ਹਨ ਕਿ ਯੋਗੀ ਦੀ ਜਿੱਤ ਇਸ ਕਰਕੇ ਹੋਈ ਕਿਉਂਕਿ ਫਲਾਣੀਆਂ-ਫਲਾਣੀਆਂ ਜਾਤਾਂ ਨੇ ਸਪਾ ਦੇ ਗੱਠਜੋੜ ਨੂੰ ਵੋਟ ਨਹੀਂ ਦਿੱਤੀ ਅਤੇ ਇਸ ਕਰਕੇ ਅਖਿਲੇਸ਼ ਯਾਦਵ ਜਿੱਤ ਨਹੀਂ ਸਕਿਆ। ਮਾਮਲਾ ਇੰਨਾ ਸਿੱਧ-ਪੱਧਰਾ ਨਹੀਂ ਹੈ। ਨਾਲ਼ ਹੀ ਇਸ ਪੂਰੇ “ਵਿਸ਼ਲੇਸ਼ਣ” ’ਚੋਂ ਵਿਸ਼ਲੇਸ਼ਣ ਉੱਕਾ ਹੀ ਗਾਇਬ ਹੈ ਕਿਉਂਕਿ ਵਿਸ਼ਲੇਸ਼ਣ ਦਾ ਅਰਥ ਹੁੰਦਾ ਹੈ ਕਾਰਨਾਂ ਦੀ ਪੜਤਾਲ ਕਰਨੀ। ਇਨ੍ਹਾਂ ਜਾਤਾਂ ਦੀਆਂ ਵੋਟਾਂ ਦਾ ਭਾਜਪਾ ਵੱਲ ਖਿਸਕਣਾ ਪਿਛਲੇ ਅੱਠ ਸਾਲਾਂ ਤੋਂ ਇਹ ਦਿਖਾਉਂਦਾ ਹੈ ਕਿ ਅਪਣੇ ਵਿਚਾਰਧਾਰਾਤਮਕ ਅਤੇ ਸਿਆਸੀ ਪ੍ਰਚਾਰ ਰਾਹੀਂ, ਖ਼ੈਰਾਤੀ ਕਲਿਆਣਵਾਦ ਅਤੇ ਹਿੰਦੂਤਵਵਾਦ ਦੇ ਮਿਸ਼ਰਣ ਰਾਹੀਂ ਕਮੰਡਲ ਦੀ ਸਿਆਸਤ ਨੇ ਮੰਡਲ ਦੀ ਸਿਆਸਤ ਨੂੰ ਬੇਅਸਰ ਕਰ ਦਿੱਤਾ ਹੈ। ਕਿਉਂਕਿ ਮੰਡਲ ਦੀ ਸਿਆਸਤ ਕਰਨ ਵਾਲਿ਼ਆਂ ਕੋਲ਼ ਕੋਈ ਵਿਚਾਰਧਾਰਤਮਕ ਅਤੇ ਸਿਆਸੀ ਹਥਿਆਰ ਨਹੀਂ ਹੈ, ਸਿਵਾਏ ਰਿਜ਼ਰਵੇਸ਼ਨ ਦੀ ਸਿਆਸਤ ਦੇ। ਸਮੁੱਚੀ ਦਲਿਤ ਅਬਾਦੀ ਲਈ ਦੋ ਵਿਰਾਟ ਪਹਿਚਾਣਾਂ ਦਾ ਨਿਰਮਾਣ ਕਰਕੇ ਭਾਜਪਾ ਦੇ ਹਿੰਦੂਤਵਵਾਦੀ ਪਹਿਚਾਣਵਾਦ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ।

3. ਭਾਜਪਾ ਦੀ ਜਿੱਤ ’ਚ ਬਸਪਾ ਦੀ ਅਹਿਮ ਭੂਮਿਕਾ : ਅੱਜ ਦੇ ਦੌਰ ’ਚ ਅੰਬੇਡਕਰਵਾਦੀ ਵਿਵਹਾਰਵਾਦ ਦਾ ਤਰਕਸੀ਼ਲ ਸਿੱਟਾ।
ਇੱਕ ਮੰਨੀ ਪ੍ਰਮੰਨੀ ਪੱਤਰਕਾਰ ਨੇ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਅਤੇ ਪਿੰਡਾਂ ਦਾ ਵਿਆਪਕ ਦੌਰਾ ਚੋਣਾਂ ਤੋਂ ਪਹਿਲਾਂ ਅਤੇ ਉਸਦੇ ਦੌਰਾਨ ਕੀਤਾ। ਉਸਦੇ ਸਰਵੇਖਣ ’ਚ ਜਿਹੜੀ ਗੱਲ ਸਾਹਮਣੇ ਆਈ ਉਹ ਇਹ ਸੀ। ਜ਼ਿਆਦਾਤਰ ਦਲਿਤ ਬਸਤੀਆਂ ’ਚ, ਜਿਨ੍ਹਾਂ ’ਚ ਜਾਟਵ ਦਲਿਤ ਅਬਾਦੀ ਰਹਿੰਦੀ ਹੈ, ਲੋਕ ਇਹ ਕਹਿ ਰਹੇ ਸਨ ਕਿ ਭੈਣ ਜੀ ਦੇ ਹੁਕਮ ’ਤੇ ਇਸ ਵਾਰ ਭਾਜਪਾ ਨੂੰ ਵੋਟ ਦੇਵਾਂਗੇ ਕਿਉਂਕਿ ਮੋਦੀ ਜੀ ਇਸਤੋਂ ਬਾਅਦ ਭੈਣ ਜੀ ਨੂੰ ਰਾਸ਼ਟਰਪਤੀ ਬਣਾਉਣਗੇ!
ਇਹ ਵਿਆਪਕ ਮਿਹਨਤਕਸ਼ ਅਬਾਦੀ ’ਚ ਪਹਿਚਾਣ ਦੀ ਸਿਆਸਤ ਦੀਆਂ ਗਹਿਰੀਆਂ ਜੜ੍ਹਾਂ ਨੂੰ ਦਿਖਾਉਂਦਾ ਹੈ। ਅੱਜ ਮਾਇਆਵਤੀ ਦੀ ਸਿਆਸਤ ਦੇ ਪੂਰੀ ਤਰ੍ਹਾਂ ਭਾਜਪਾ ਅਤੇ ਸੰਘ ਪਰਿਵਾਰ ਦੀ ਸ਼ਰਨ ’ਚ ਬੈਠ ਜਾਣ ’ਤੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਹੈ। ਪਹਿਚਾਣ ਦੀ ਸਿਆਸਤ ਦੀ ਯਾਤਰਾ ਆਮ ਤੌਰ ’ਤੇ ਇਸੇ ਤਰ੍ਹਾਂ ਅਪਣੇ ਸਿੱਟੇ ਤੱਕ ਪਹੁੰਚਦੀ ਹੈ। ਬਸਪਾ ਨੇ ਕਿਵੇਂ ਭਾਜਪਾ ਦੀ ਮਦਦ ਕੀਤੀ? ਇੱਕ ਉਦਾਹਰਨ ਨਾਲ਼ ਸਮਝਦੇ ਹਾਂ। ਪੂਰਵੀ ਉੱਤਰ ਪ੍ਰਦੇਸ਼ ਚ ਫ਼ਾਜ਼ਿਲਪੁਰ ਦੀ ਸੀਟ ਤੋਂ ਸਵਾਮੀ ਪ੍ਰਸਾਦ ਮੋਰਿਆ ਨੇ ਚੋਣ ਲੜੀ, ਜਿਸਦਾ ਕੁੱਝ ਗ਼ੈਰ-ਯਾਦਵ ਓਬੀਸੀ ਜਾਤਾਂ ’ਚ ਚੰਗਾ ਅਧਾਰ ਸੀ। ਪਰ ਬਸਪਾ ਨੇ ਉਸੇ ਸੀਟ ਤੋਂ ਇੱਕ ਮੁਕਾਬਲਤਨ ਗੁਮਨਾਮ ਉਮੀਦਵਾਰ ਖੜ੍ਹਾ ਕੀਤਾ, ਜਿਹੜਾ ਪਹਿਲਾਂ ਸਮਾਜਵਾਦੀ ਪਾਰਟੀ ’ਚ ਸੀ ਅਤੇ ਮੁਸਲਮਾਨ ਸੀ ਅਤੇ ਟਿਕਟ ਨਾ ਮਿਲਣ ਕਾਰਨ ਨਰਾਜ਼ ਸੀ। ਉਸਨੂੰ ਬਸਪਾ ਨੇ ਟਿਕਟ ਦਿੱਤਾ ਅਤੇ ਵੋਟਾਂ ਦਾ ਅਜਿਹਾ ਧਰੁਵੀਕਰਨ ਕੀਤਾ ਜਿਸ ਕਾਰਨ ਉੱਥੇ ਸਪਾ ਗੱਠਜੋੜ ਦੀ ਹਾਰ ਹੋਈ। ਇਸੇ ਤਰ੍ਹਾਂ ਹੋਰ ਸੀਟਾਂ ’ਤੇ ਵੀ ਕਿਤੇ ਮੁਸਲਮਾਨ ਤੇ ਕਿਤੇ ਓਬੀਸੀ ਉਮੀਦਵਾਰ ਖੜ੍ਹਾ ਕਰਕੇ ਬਸਪਾ ਨੇ ਸਪਾ ਗੱਠਜੋੜ ਦੇ ਕਾਫ਼ੀ ਵੋਟ ਕੱਟੇ। ਇਸ ਲਈ ਬਸਪਾ ਦੀ ਭੂਮਿਕਾ ਭਾਜਪਾ ਦੀ ਜਿੱਤ ’ਚ ਕਾਫ਼ੀ ਮਹੱਤਵਪੂਰਣ ਸੀ।

4. ਝੂਠੇ ਪ੍ਰਚਾਰ ਨੂੰ ਕਈ ਵਾਰ ਦੁਹਰਾਅ ਰਾਹੀਂ ਸੱਚ ਦੇ ਤੌਰ ’ਤੇ ਸਥਾਪਿਤ ਕਰਨ ਦੀ ਭਾਜਪਾ ਦੀ ਰਣਨੀਤੀ।
ਇਹ ਫ਼ਾਸੀਵਾਦ ਦੀ ਆਮ ਖ਼ਾਸੀਅਤ ਹੁੰਦੀ ਹੈ ਕਿ ਉਹ ਝੂਠ ਨੂੰ ਵਾਰ-ਵਾਰ ਦੁਹਰਾ ਕੇ ਮਿੱਥਕ ਦੇ ਰੂਪ ’ਚ ਸਥਾਪਿਤ ਕਰ ਦਿੰਦਾ ਹੈ। ਮੌਜੂਦਾ ਚੋਣਾਂ ’ਚ ਵੀ ਭਾਜਪਾ ਨੇ ਕੁੱਝ ਸਫ਼ੇਦ ਝੂਠਾਂ ਨੂੰ ਆਪਣੀ ਭਾਰੀ ਵਿਸ਼ਾਲ ਪ੍ਰਚਾਰ ਮਸ਼ੀਨਰੀ ਦੁਆਰਾ ਇੰਨੀ ਵਾਰ ਦੁਹਰਾਇਆ ਕਿ ਉਹ ਜਨਤਾ ਲਈ ਇੱਕ ਅਕਾਸ਼ਵਾਣੀ ਵਾਂਗ ਸੱਚ ਗੱਲ ਬਣ ਗਈ, ਸਮਝ ਲੋ ਇਹ ਸਭ ਨੂੰ ਹੀ ਪਤਾ ਹੈ ਇਸ ਵਾਸਤੇ ਤਾਂ ਕਿਸੇ ਸਬੂਤ ਦੀ ਵੀ ਲੋੜ ਨਹੀਂ।
ਇਸਤੋਂ ਇਲਾਵਾ, ਮੀਡੀਆ ਦੇ ਜ਼ਰੀਏ ਵੀ ਭਾਜਪਾ ਨੇ ਇਸ ਝੂਠ ਨੂੰ ਇੰਨੀ ਵਾਰ ਦੁਹਰਾਇਆ ਕਿ ਗ਼ਰੀਬ ਅਬਾਦੀ ਵਿਚਾਲੇ਼ ਵੀ ਇਸਦਾ ਚੰਗਾ ਖ਼ਾਸਾ ਪ੍ਰਭਾਵ ਦੇਖਿਆ ਗਿਆ। ਇੱਕ ਮੰਨੀ ਪ੍ਰਮੰਨੀ ਪੱਤਰਕਾਰ ਦੇ ਉੱਤਰ ਪ੍ਰਦੇਸ਼ ਦੌਰੇ ਦੀ ਡਾਇਰੀ ਤੋਂ ਪਤਾ ਚੱਲਿਆ ਕਿ ਜ਼ਿਆਦਾਤਰ ਥਾਂਵਾਂ ’ਤੇ ਗ਼ਰੀਬ ਘਰਾਂ ਦੀਆਂ ਔਰਤਾਂ ਨੇ ਮੰਨਿਆ ਕਿ ਮਹਿੰਗਾਈ ਦੀ ਵਜ੍ਹਾ ਕਾਰਨ ਜਿਉਣਾ ਦੁਭਰ ਹੋਇਆ ਪਿਆ ਹੈ ਪਰ ਵੋਟ ਯੋਗੀ ਨੂੰ ਹੀ ਜਾਵੇਗਾ ਕਿਉਂਕਿ ਉਸਨੇ ਔਰਤਾਂ ਨੂੰ ਸੁਰੱਖਿਆ ਦਿੱਤੀ ਹੈ ਅਤੇ ਅਪਰਾਧੀਆਂ ਨੂੰ ਨੱਥ ਪਾਈ ਹੈ। ਇੱਕ ਪੁਲਿਸ ਇਨਕਾਊਂਟਰ ਰਾਜ ਬਣਾ ਕੇ ਅਪਰਾਧ ਨੂੰ ਘੱਟ ਕਰ ਦੇਣ ਦੀ ਇਹ ਮੱਧਵਰਗੀ ਧਾਰਨਾ ਮੀਡੀਆ ਦੇ ਜ਼ਰੀਏ ਆਮ ਮਿਹਨਤਕਸ਼ ਅਬਾਦੀ ’ਚ ਵੀ ਘੁਸੇੜ ਦਿੱਤੀ ਗਈ। ਇਹ ਝੂਠ ਇੱਕ ਪਲ ’ਚ ਢਹਿ ਜਾਂਦਾ ਹੈ ਜੇਕਰ ਤੁਸੀਂ ਉੱਤਰ ਪ੍ਰਦੇਸ਼ ’ਚ ਯੋਗੀ ਸਰਕਾਰ ਦੇ ਤਹਿਤ ਔਰਤਾਂ ਦੇ ਵਿਰੁੱਧ ਵਧੇ ਅਪਰਾਧਾਂ ’ਤੇ ਨਿਗਾਹ ਮਾਰਦੇ ਹੋ। ਸਗੋਂ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਐਨੇ ਵਿਧਾਇਕ-ਮੰਤਰੀ ਸਿੱਧਮ-ਸਿੱਧਾ ਅਜਿਹੇ ਅਪਰਾਧਾਂ ’ਚ ਫਸੇ ਹੋਏ ਹਨ ਅਤੇ ਯੋਗੀ ਸਰਕਾਰ ਨੇ ਬਕਾਇਦਾ ਇਨ੍ਹਾਂ ਨੂੰ ਬਚਾਉਣ ਦਾ ਕੰਮ ਕੀਤਾ ਹੈ।
ਉੱਤਰ ਪ੍ਰਦੇਸ਼ ਦੇ ਕੁਲਕ-ਧਨੀ ਕਿਸਾਨਾਂ ਨੇ ਜ਼ੋਰਦਾਰ ਢੰਗ ਨਾਲ਼ ਭਾਜਪਾ ਦਾ ਸਮਰਥਨ ਕੀਤਾ।
2017 ’ਚ ਭਾਜਪਾ ਨੂੰ ਧਨੀ ਜਾਟ ਕੁਲਕਾਂ ਦਾ 37 ਫ਼ੀਸਦੀ ਵੋਟ ਮਿਲਿਆ ਸੀ। ਇਸ ਵਾਰ 54 ਫ਼ੀਸਦੀ ਜਾਟ ਵੋਟ ਭਾਜਪਾ ਨੂੰ ਗਏ ਹਨ। ਸੱਚ ਤਾਂ ਇਹ ਹੈ ਕਿ ਇਨ੍ਹਾਂ ਧਨੀ ਕਿਸਾਨਾਂ ਕੁਲਕਾਂ ਨੂੰ ਖੇਤੀ ਕਨੂੰਨਾਂ ਤੋਂ ਜਿਹੜੀ ਨਰਾਜ਼ਗੀ ਸੀ, ਉਹ ਉਸ ਪਿਆਰ ’ਤੇ ਹਾਵੀ ਨਹੀਂ ਹੋ ਸਕੀ ਜੋ ਕਿ ਹਾਕਮ ਜਮਾਤ ਦਾ ਹਿੱਸਾ ਹੋਣ ਕਾਰਨ ਇਨ੍ਹਾਂ ਧਨੀ ਕਿਸਾਨਾਂ-ਕੁਲਕਾਂ ਨੂੰ ਭਾਜਪਾ ਨਾਲ਼ ਸੀ। ਇਨ੍ਹਾਂ ਨੂੰ ਲੱਗਦਾ ਸੀ ਕਿ ਖੇਤੀ ਕਨੂੰਨ ਤਾਂ ਤਤਕਾਲੀ ਮਸਲਾ ਹੈ ਅਤੇ ਸਾਡਾ ਚੌਧਰੀਆਂ (ਹਾਕਮਾਂ ਦਾ) ਦਾ ਆਪਸੀ ਮਸਲਾ ਹੈ, ਉਹ ਤਾਂ ਅਸੀਂ ਸੁਲ਼ਝਾ ਲਵਾਂਗੇ ਪਰ ਮੁਸਲਮਾਨਾਂ ਨੂੰ “ਸਬਕ ਸਿਖਾਉਣ” ਅਤੇ ਖੇਤ ਮਜ਼ਦੂਰਾਂ ਨੂੰ “ਔਕਾਤ” ’ਚ ਰੱਖਣ ਲਈ ਤਾਂ ਭਾਜਪਾ ਦਾ ਰਾਜ ਆਉਣਾ ਜ਼ਰੂਰੀ ਹੈ। ਇਸ ਲਈ ਅਸਲ ’ਚ ਮੂਰਖ ਇਹ ਧਨੀ ਕਿਸਾਨ ਅਤੇ ਕੁਲਕ ਨਹੀਂ ਹਨ, ਬਲਕਿ ਖ਼ੁਦ ਸਾਡੇ ਕੁਲਕਵਾਦੀ ਕਮਿਊਨਿਸਟ ਹਨ, ਜਿਹੜੇ ਆਸਮਾਨ ’ਚੋਂ ਡਿੱਗਣ ਵਾਲੇ਼ ਫੁੱਲਾਂ ਦੀ ਰੀਝ ’ਚ ਹੱਥ ਫੈਲਾਈ ਬੈਠੇ ਸਨ ਪਰ ਹੱਥਾਂ ’ਤੇ ਡਿੱਗ ਪਈ ਕਾਂ ਦੀ ਬਿੱਠ।


ਸਾਡੇ ਵਿਰੋਧ ਦੀ ਰਣਨੀਤੀ ਕੀ ਹੋਵੇ?
ਇਹ ਸਮਝਣ ਦੀ ਲੋੜ ਹੈ ਕਿ ਫ਼ਾਸੀਵਾਦੀ ਉਭਾਰ ਦੀ ਟੱਕਰ ’ਚ ਜਦ ਤੱਕ ਜਨਤਾ ਦੇ ਇਨਕਲਾਬੀ ਲੋਕ-ਅੰਦੋਲਨ ਨਹੀਂ ਖੜ੍ਹੇ ਕੀਤੇ ਜਾਂਦੇ, ਉਨਾਂ ਚਿਰ, ਭਾਜਪਾ ਅਤੇ ਸੰਘ ਪਰਿਵਾਰ ਦਾ ਹਿੰਦੂਤਵਵਾਦੀ ਫ਼ਾਸੀਵਾਦ ਨਾ ਸਿਰਫ਼ ਚੋਣਾਂ ’ਚ ਹਾਵੀ ਰਹੇਗਾ, ਬਲਕਿ ਉਹ ਚੋਣਾਂ ’ਚ ਹਾਵੀ ਨਾ ਰਹਿਣ ’ਤੇ ਵੀ ਜ਼ੰਜੀਰ ਨਾਲ਼ ਬੰਨ੍ਹੇ ਕੁੱਤੇ ਵਾਂਗ ਸਰਮਾਏਦਾਰਾ ਪ੍ਰਬੰਧ ਦੀ ਹੀ ਸੇਵਾ ਕਰੇਗਾ ਅਤੇ ਉਨ੍ਹਾਂਂ ਦੀ ਪੈਦਲ ਫ਼ੌਜ ਦੇ ਤੌਰ ’ਤੇ ਮਜ਼ਦੂਰਾਂ-ਮਿਹਨਤਕਸ਼ ਲੋਕਾਂ ਅਤੇ ਉਨ੍ਹਾਂਂ ਦੇ ਅੰਦੋਲਨਾਂ ’ਤੇ ਹਮਲੇ ਕਰਦਾ ਰਹੇਗਾ।
ਪਿੰਡਾਂ ’ਚ ਵਿਆਪਕ ਗ਼ਰੀਬ ਅਤੇ ਨਿਮਨ-ਮੱਧ ਕਿਸਾਨ ਅਬਾਦੀ ਅਤੇ ਖੇਤ ਮਜ਼ਦੂਰਾਂ ਨੂੰ ਜੱਥੇਬੰਦ ਕਰਨਾ ਹੋਵੇਗਾ, ਉਨ੍ਹਾਂਂ ਵਿਚਾਲੇ਼ ਸੰਘਣਾ ਅਤੇ ਵਿਆਪਕ ਸਿਆਸੀ ਪ੍ਰਚਾਰ ਕਰਨਾ ਹੋਵੇਗਾ, ਉਨ੍ਹਾਂਂ ਦੀ ਸਿਆਸੀ ਚੇਤਨਾ ਦਾ ਪੱਧਰ ਉੱਚਾ ਚੁੱਕਣਾ ਪਵੇਗਾ ਅਤੇ ਉਨ੍ਹਾਂਂ ਨੂੰ ਕੁਲਕਾਂ ਅਤੇ ਧਨੀ ਕਿਸਾਨਾਂ ਦੇ ਸਿਆਸੀ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਪਵੇਗਾ। ਜਦੋਂ ਤੱਕ ਇਹ ਦੋ ਟਾਸਕ ਪੂਰੇ ਨਹੀਂ ਹੁੰਦੇ, ਤਦ ਤੱਕ ਫ਼ਾਸੀਵਾਦੀ ਉਭਾਰ ਨੂੰ ਚੁਣੌਤੀ ਦੇਣਾ ਸੰਭਵ ਨਹੀਂ ਹੈ। ਦੂਜਾ ਮਹੱਤਵਪੂਰਣ ਟਾਸਕ ਇਹ ਹੈ ਕਿ ਨਿਮਨ ਮੱਧਵਰਗਾਂ ਵਿਚਾਲੇ਼ ਅਪਣੇ ਸਿਆਸੀ ਅਤੇ ਸੱਭਿਆਚਾਰਕ ਕੰਮ, ਇਨਕਲਾਬੀ ਸੁਧਾਰ ਦੇ ਕੰਮ ਅਤੇ ਵਿੱਦਿਅਕ ਕੰਮਾਂ ਦੇ ਜ਼ਰੀਏ ਕਮਿਉਨਿਸਟ ਇਨਕਲਾਬੀ ਤਾਕਤਾਂ ਨੂੰ ਆਪਣਾ ਗਹਿਰਾ ਅਧਾਰ ਬਨਾਉਣਾ ਚਾਹੀਦਾ ਹੈ। ਨਿਮਨ ਮੱਧਵਰਗ ਉਹ ਹੁੰਦਾ ਹੈ ਜੋ ਕਿ ਖ਼ੁਦ ਸਰਮਾਏਦਾਰ ਜਮਾਤ ਨਹੀਂ ਹੁੰਦਾ ਅਤੇ ਨਿਯਮਿਤ ਤੌਰ ’ਤੇ ਉਜਰਤੀ ਕਿਰਤ ਦਾ ਸ਼ੋਸਣ ਕਰਨ ਦੀ ਹਾਲਤ ’ਚ ਨਹੀਂ ਹੁੰਦਾ ਹੈ। ਉਹ ਆਮ ਤੌਰ ’ਤੇ ਖ਼ੁਦ ਆਪਣੀ ਕਿਰਤ ਸ਼ਕਤੀ ਵੀ ਵੇਚਦਾ ਹੈ ਅਤੇ ਆਰਥਿਕ ਤੌਰ ’ਤੇ ਉਹ ਮਜ਼ਦੂਰ ਜਮਾਤ ਤੋਂ ਥੋੜ੍ਹਾ ਜਿਹਾ ਉੱਪਰ ਹੁੰਦਾ ਹੈ। ਸਧਾਰਨ ਮਾਲ ਉਤਪਾਦਨ ’ਚ ਲੱਗਿਆ ਹੁੰਦਾ ਹੈ ਜਾਂ ਕੁੱਝ ਬਿਹਤਰ ਤਨਖ਼ਾਹ ਵਾਲ਼ੀ ਨੌਕਰੀ ’ਤੇ ਲੱਗਿਆ ਕਰਮਚਾਰੀ ਹੁੰਦਾ ਹੈ। ਇਹ ਆਪਣੇ ਆਪ ਨੂੰ ਮਜ਼ਦੂਰ ਜਮਾਤ ਤੋਂ ਉੱਪਰ ਸਮਝਦਾ ਹੈ ਅਤੇ ਇਸਦਾ ਉੱਪਰੀ ਹਿੱਸਾ ਸਰਮਾਏਦਾਰ ਬਣ ਜਾਣ ਦੇ ਸੁਪਨੇ ਵੀ ਪਾਲ਼ਦਾ ਰਹਿੰਦਾ ਹੈ। ਪਰ ਜਿਸ ਰਫ਼ਤਾਰ ਨਾਲ਼ ਉਹ ਇਹ ਸੁਪਨੇ ਦੇਖਦਾ ਹੈ, ਉਸਤੋਂ ਤੇਜ਼ ਰਫ਼ਤਾਰ ਨਾਲ਼ ਸਰਮਾਏਦਾਰਾ ਪ੍ਰਬੰਧ ਉਸਦੇ ਇਨ੍ਹਾਂ ਸੁਪਨਿਆਂ ਨੂੰ ਤੋੜਦਾ ਰਹਿੰਦਾ ਹੈ। ਇਸਦਾ ਵੱਡਾ ਹਿੱਸਾ ਲਗਾਤਾਰ ਪ੍ਰੋਲੇਤਾਰੀਕਰਣ ਦੀ ਸਰਹੱਦ ’ਤੇ ਖੜ੍ਹਾ ਹੁੰਦਾ ਹੈ, ਜਿਹੜਾ ਕਿ ਉਸਦਾ ਸਭ ਤੋਂ ਭੈੜਾ ਡਰਾਉਣਾ ਸੁਪਨਾ ਹੁੰਦਾ ਹੈ। ਉਸਦੀ ਇਸ ਅਸੁੱਰਖਿਆ ਦਾ ਇਸਤੇਮਾਲ ਫ਼ਾਸੀਵਾਦੀ ਸ਼ਕਤੀਆਂ ਕਰਦੀਆਂ ਹਨ ਅਤੇ ਉਸਦੀ ਅਸੁੱਰਖਿਆ ਅਤੇ ਅਨਿਸ਼ਚਤਤਾ ਤੋਂ ਪੈਦਾ ਹੋਏ ਗੁੱਸੇ ਅਤੇ ਚਿੜਚਿੜੇਪਣ ਨੂੰ ਇੱਕ ਨਕਲੀ ਦੁਸ਼ਮਣ ਭਾਵ ਮੁਸਲਮਾਨਾਂ ਵੱਲ ਮੋੜ ਦਿੰਦੀ ਹੈ। ਇਨਕਲਾਬੀ ਤਾਕਤਾਂ ਦਾ ਕੰਮ ਹੈ ਕਿ ਉਹ ਲਗਾਤਾਰ ਉਨ੍ਹਾਂਂ ਵਿੱਚ ਕੰਮ ਕਰਨ, ਉਨ੍ਹਾਂਂ ਵਿੱਚ ਅਪਣੀ ਮੌਜੂਦਗੀ ਨੂੰ ਬਣਾਈ ਰੱਖਣ ਅਤੇ ਉਸਨੂੰ ਠੋਸ ਉਦਾਹਰਨਾਂ ਅਤੇ ਸਬੂਤਾਂ ਨਾਲ਼ ਦਿਖਾਵੇ ਕਿ ਉਸਦੇ ਜੀਵਨ ਦੀ ਅਨਿਸ਼ਚਤਤਾ ਅਤੇ ਅਸੁੱਰਖਿਆ ਦੇ ਲਈ ਸਰਮਾਏਦਾਰਾ ਪ੍ਰਬੰਧ ਜ਼ਿੰਮੇਵਾਰ ਹੈ, ਸਰਮਾਏਦਾਰ ਜਮਾਤ ਜ਼ਿੰਮੇਵਾਰ ਹੈ, ਉਸਦੀ ਏਕਤਾ ਮਜ਼ਦੂਰ ਜਮਾਤ ਨਾਲ਼ ਬਣਦੀ ਹੈ ਅਤੇ ਸਿਰਫ਼ ਸਮਾਜਵਾਦੀ ਪ੍ਰਬੰਧ ਹੀ ਉਨ੍ਹਾਂਂ ਦੀ ਇਸ ਅਸੁਰੱਖਿਆ ਅਤੇ ਅਨਿਸ਼ਚਤਤਾ ਤੋਂ ਪੱਕੇ ਤੌਰ ’ਤੇ ਛੁਟਕਾਰਾ ਦਵਾ ਸਕਦਾ ਹੈ। ਇਨ੍ਹਾਂ ਟਾਸਕਾਂ ’ਤੇ ਅਮਲ ਕਰਨਾ ਅਤੇ ਇਨ੍ਹਾਂ ਨੂੰ ਪੂਰਿਆਂ ਕਰਨਾਂ ਸਾਡੇ ਸਾਰੇ ਇਨਕਲਾਬੀਆਂ ਅਤੇ ਅਗਾਂਹਵਧੂ ਲੋਕਾਂ ਦੀ ਜ਼ਿੰਮੇਵਾਰੀ ਹੈ।

– (‘ਮਜ਼ਦੂਰ ਬਿਗੁਲ’ ਤੋਂ ਧੰਨਵਾਦ ਸਹਿਤ)