ਯੁੱਧ ਜਿਹੜਾ ਆ ਰਿਹਾ ਹੈ
ਪਹਿਲਾ ਯੁੱਧ ਨਹੀਂ ਹੈ।
ਇਸ ਤੋਂ ਪਹਿਲਾਂ ਵੀ ਯੁੱਧ ਹੋਏ ਸਨ।
ਪਿਛਲਾ ਯੁੱਧ ਜਦੋਂ ਮੁੱਕਿਆ
ਤਾਂ ਕੁੱਝ ਜਿੱਤੇ ਅਤੇ ਕੁੱਝ ਹਾਰੇ
ਹਾਰਿਆਂ ਦਰਮਿਆਨ ਆਮ ਬੰਦਾ ਭੁੱਖਾ ਮਰਿਆ
ਜੇਤੂਆਂ ਵਿਚਕਾਰ ਵੀ ਮਰਿਆ
ਉਹ ਭੁੱਖਾ ਹੀ।
– ਬਰਤੋਲਤ ਬ੍ਰੈਖ਼ਤ
ਦੋ ਸਾਮਰਾਜਵਾਦੀ ਕੈਂਪਾਂ ਦੀ ਆਪਸੀ ਮੁਕਾਬਲੇਬਾਜ਼ੀ ਦੀ ਕੀਮਤ ਦੁਨੀਆਂ ਭਰ ਦੇ ਆਮ ਲੋਕ ਇੱਕ ਵਾਰ ਫੇਰ ਚੁਕਾ ਰਹੇ ਹਨ। ਇੱਕ ਪਾਸੇ ਸਾਮਰਾਜਵਾਦੀ ਰੂਸ ਅਤੇ ਦੂਜੇ ਪਾਸੇ ਸਾਮਰਾਜਵਾਦੀ ਅਮਰੀਕਾ ਦੀ ਅਗਵਾਈ ਵਿੱਚ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ)। ਇਨ੍ਹਾਂ ਦੋਵੇਂ ਸਾਮਰਾਜਵਾਦੀ ਧੜਿਆਂ ਦੀ ਆਪਸੀ ਮੁਕਾਬਲੇਬਾਜ਼ੀ ਵਿੱਚ ਯੂਕਰੇਨ ਦੇ ਲੋਕ ਯੁੱਧ ਦੀ ਭਿਅੰਕਰ ਅੱਗ ਵਿੱਚ ਝੁਲਸ ਰਹੇ ਹਨ। 24 ਫ਼ਰਵਰੀ ਨੂੰ ਸਾਮਰਾਜਵਾਦੀ ਰੂਸ ਨੇ ਯੂਕਰੇਨ ਉੱਤੇ ਯੁੱਧ ਦੀ ਘੋਸ਼ਣਾ ਕਰ ਦਿੱਤੀ। ਇਸ ਘੋਸ਼ਣਾ ਨੇ ਰੂਸ ਅਤੇ ਅਮਰੀਕਾ ਦੀ ਅਗਵਾਈ ਵਾਲ਼ੇ ਨਾਟੋ ਵਿਚਕਾਰ ਮਹੀਨਿਆਂ ਤੋਂ ਚੱਲ ਰਹੀ ਸ਼ਬਦੀ ਜੰਗ ਨੂੰ ਅਸਲ ਯੁੱਧ ਵਿੱਚ ਬਦਲ ਦਿੱਤਾ ਹੈ। ਹਾਲਾਂਕਿ ਨਾਟੋ ਇਸ ਯੁੱਧ ਤੋਂ ਕਿਨਾਰੇ ਹੋ ਗਿਆ ਹੈ ਅਤੇ ਯੂਕਰੇਨ ਦੇ ਲੋਕਾਂ ਉੱਤੇ ਰੂਸੀ ਸਾਮਰਾਜਵਾਦ ਨੂੰ ਕਹਿਰ ਢਾਹੁਣ ਲਈ ਖੁੱਲ੍ਹਾ ਹੱਥ ਦੇ ਦਿੱਤਾ ਹੈ। ਅਤਿ-ਆਧੁਨਿਕ ਜੰਗੀ ਹਥਿਆਰਾਂ ਅਤੇ ਟੈਂਕਾਂ ਨਾਲ਼ ਲੈਸ ਰੂਸੀ ਸੈਨਾ ਯੂਕਰੇਨ ਦੇ ਦੱਖਣ, ਪੂਰਬ ਅਤੇ ਉੱਤਰ-ਪੂਰਬ ਵੱਲੋਂ ਯੂਕਰੇਨ ਦੇ ਪ੍ਰਮੁੱਖ ਸ਼ਹਿਰਾਂ ਨੂੰ ਕਬਜ਼ੇ ’ਚ ਲੈਂਦੇ ਹੋਏ ਰਾਜਧਾਨੀ ਕੀਵ ਉੱਤੇ ਕਬਜ਼ੇ ਲਈ ਘਮਾਸਾਨ ਯੁੱਧ ਕਰ ਰਹੀ ਹੈ। ਉੱਥੇ ਰੂਸੀ ਹਵਾਈ ਸੈਨਾ ਯੂਕਰੇਨੀ ਜੰਗੀ ਅੱਡਿਆਂ ਅਤੇ ਪ੍ਰਸ਼ਾਸਨਿਕ ਇਮਾਰਤਾਂ ਦੇ ਨਾਲ਼ ਹੀ ਹਸਪਤਾਲਾਂ, ਰਿਹਾਇਸ਼ੀ ਇਲਾਕਿਆਂ, ਬਾਜ਼ਾਰਾਂ, ਦੂਰ-ਸੰਚਾਰ ਕੇਂਦਰਾਂ ਅਤੇ ਹੋਰ ਗ਼ੈਰ-ਜੰਗੀ ਸੰਰਚਨਾਵਾਂ ਉੱਤੇ ਵੀ ਭਾਰੀ ਬੰਬਾਰੀ ਕਰ ਰਹੀ ਹੈ। ਯੂਕਰੇਨ ਦੇ ਨਾਗਰਿਕਾਂ ਉੱਤੇ ਹੋ ਰਹੀ ਇਸ ਬੰਬਾਰੀ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਹਜ਼ਾਰਾਂ ਮਾਸੂਮ ਅਤੇ ਬੇਗੁਨਾਹ ਮੌਤ ਦੇ ਘਾਟ ਉਤਾਰੇ ਜਾ ਰਹੇ ਹਨ। ਅਜਿਹੀ ਹੀ ਬੰਬਾਰੀ ਵਿੱਚ ਯੂਕਰੇਨ ਵਿੱਚ ਪੜ੍ਹ ਰਹੇ ਭਾਰਤ ਦੇ ਇੱਕੀ ਸਾਲਾ ਮੈਡੀਕਲ ਵਿਦਿਆਰਥੀ ਨਵੀਨ ਗਿਆਨਗੋਦਾਰ ਦੀ ਖ਼ਾਰਖ਼ਿਵ ਸ਼ਹਿਰ ਦੀ ਇੱਕ ਸੁਪਰ ਮਾਰਕੀਟ ਦੇ ਬਾਹਰ ਮੌਤ ਹੋ ਗਈ। ਹਾਲੇ ਵੀ ਭਾਰਤ ਦੇ ਹਜ਼ਾਰਾਂ ਵਿਦਿਆਰਥੀ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਹੁਤ ਹੀ ਅਸੁਰੱਖਿਅਤ ਹਾਲਾਤਾਂ ਵਿੱਚ ਫਸੇ ਹੋਏ ਹਨ। ਇੱਥੇ ਭਾਰਤ ਵਿੱਚ ਆਪਣੇ ਸੁਰੱਖਿਅਤ ਸਟੂਡੀਓ ਵਿੱਚ ਬੈਠੀ ਗੋਦੀ ਮੀਡੀਆ ਮੋਦੀ ਸਰਕਾਰ ਦੀ ਅੰਤਰਰਾਸ਼ਟਰੀ ਕੂਟਨੀਤੀ ਦੇ ਕਸੀਦੇ ਪੜ੍ਹ ਰਹੀ ਹੈ, ਪਰ ਬੁਰਜੂਆ ਅੰਤਰਰਾਸ਼ਟਰੀ ਕੂਟਨੀਤੀ ਦੇ ਮਾਪਦੰਡਾਂ ਤੋਂ ਵੀ ਦੇਖਿਆ ਜਾਵੇ ਤਾਂ ਮੋਦੀ ਸਰਕਾਰ ਦੀ ਕੂਟਨੀਤੀ ਪੂਰੀ ਤਰ੍ਹਾਂ ਨਾਲ਼ ਅਪੰਗ ਦਿਖਾਈ ਦੇ ਰਹੀ ਹੈ। ਯੂਕਰੇਨ ਵਿੱਚ ਹਾਲੇ ਵੀ ਹਜ਼ਾਰਾਂ ਭਾਰਤੀ ਵਿਦਿਆਰਥੀ ਭਾਰੀ ਬੰਬਾਰੀ ਵਿੱਚ ਘਿਰੇ ਮੌਤ ਨਾਲ਼ ਸੰਘਰਸ਼ ਕਰ ਰਹੇ ਹਨ, ਪਰ ਮੋਦੀ ਸਰਕਾਰ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੀਆਂ ਚੋਣਾਂ ਵਿੱਚ ਮਿਲੀ ਜਿੱਤ ਦਾ ਜਸ਼ਨ ਮਨਾ ਰਹੀ ਹੈ। ਜਦੋਂ ਯੂਕਰੇਨ ਉੱਤੇ ਹਮਲਾ ਸ਼ੁਰੂ ਹੋ ਰਿਹਾ ਸੀ, ਉਸ ਵੇਲੇ ਵੀ ਵਿਦਿਆਰਥੀਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਣ ਦੇ ਬਦਲੇ ਮੋਦੀ ਸਰਕਾਰ ਉੱਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਦੀਆਂ ਚੋਣ ਰੈਲੀਆਂ ਵਿੱਚ ਰੁੱਝੀ ਹੋਈ ਸੀ। ਇਸੇ ਤਰ੍ਹਾਂ ਦੀ ਅਪਰਾਧਿਕ ਲਾਪਰਵਾਹੀ ਦੀ ਕੀਮਤ ਕਰੋਨਾ ਮਹਾਮਾਰੀ ਦੇ ਦੌਰਾਨ ਦੇਸ਼ ਦੇ ਪੰਜਾਹ ਲੱਖ ਲੋਕਾਂ ਨੇ ਆਪਣੀ ਜਾਨ ਦੇ ਕੇ ਚੁਕਾਈ ਸੀ। ਫ਼ਾਸੀਵਾਦੀ ਮੋਦੀ ਸਰਕਾਰ ਲਈ ਆਮ ਬੰਦੇ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ।
ਹਾਲਾਂਕਿ ਯੂਕਰੇਨ ਅਤੇ ਰੂਸ ਦੇ ਇਸ ਹਮਲੇ ਨਾਲ਼ ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਸਟੀਕ ਜਾਣਕਾਰੀ ਨਹੀਂ ਮਿਲ ਸਕੀ ਹੈ, ਪਰ ਸੰਯੁਕਤ ਰਾਸ਼ਟਰ ਦੇ ਅਧਿਕਾਰਿਕ ਸੂਤਰਾਂ ਦੇ ਅਨੁਸਾਰ ਇਸ ਹਮਲੇ ਵਿੱਚ 24 ਫ਼ਰਵਰੀ ਤੋਂ ਲੈ ਕੇ 8 ਮਾਰਚ ਤੱਕ 516 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਯਕੀਨਨ ਹੀ ਨਾਗਰਿਕ ਮੌਤਾਂ ਦੀ ਸੰਖਿਆ ਇਸ ਤੋਂ ਕਿਤੇ ਜ਼ਿਆਦਾ ਹੀ ਹੋਵੇਗੀ। ਮਰਿਓਪੋਲ ਦੇ ਮੇਅਰ ਦਾ ਦਾਅਵਾ ਹੈ ਕਿ ਇਕੱਲੇ ਉਨ੍ਹਾਂ ਦੇ ਸ਼ਹਿਰ ਵਿੱਚ ਹੀ 1200 ਲੋਕ ਮਾਰੇ ਜਾ ਚੁੱਕੇ ਹਨ। ਸੈਨਿਕ ਮੌਤਾਂ ਦੀ ਗੱਲ ਕੀਤੀ ਜਾਵੇ ਤਾਂ ਅਮਰੀਕੀ ਅਧਿਕਾਰੀਅਾਂ ਦੇ ਅਨੁਸਾਰ 9 ਮਾਰਚ ਤੱਕ ਲੱਗਪਗ 3000 ਤੋਂ 4500 ਦੇ ਦਰਮਿਆਨ ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਇਸ ਅੰਕੜੇ ਦੇ ਉਲਟ, ਜਿੱਥੇ ਇੱਕ ਪਾਸੇ ਰੂਸੀ ਅਧਿਕਾਰਿਕ ਸੂਤਰਾਂ ਨੇ ਦੱਸਿਆ ਹੈ ਕਿ ਇਸ ਯੁੱਧ ਵਿੱਚ ਹੁਣ ਤੱਕ ਸਿਰਫ਼ 580 ਰੂਸੀ ਸੈਨਿਕ ਮਾਰੇ ਗਏ ਹਨ, ਉੱਥੇ ਦੂਜੇ ਪਾਸੇ ਯੂਕਰੇਨ ਦੇ ਅਨੁਸਾਰ 6 ਮਾਰਚ ਤੱਕ 11000 ਰੂਸੀ ਸੈਨਿਕ ਮਰ ਚੁੱਕੇ ਹਨ। ਦੋਵੇਂ ਹੀ ਪੱਖ ਆਪਣੇ ਦੇਸ਼ ਦੇ ਲੋਕਾਂ ਦਾ ਸਮਰਥਨ ਬਣਾਈ ਰੱਖਣ ਲਈ ਆਪਣੇ ਸੈਨਿਕਾਂ ਦੀਆਂ ਮੌਤਾਂ ਨੂੰ ਜਿੱਥੋਂ ਤੱਕ ਸੰਭਵ ਹੈ ਘੱਟ ਕਰਕੇ ਦੱਸ ਰਹੇ ਹਨ। ਸਪੱਸ਼ਟ ਹੈ ਕਿ ਰੂਸ ਦੇ ਜ਼ਿਆਦਾ ਸੈਨਿਕ ਨਹੀਂ ਮਾਰੇ ਗਏ ਹੋਣਗੇ। ਅਸਲ ਅੰਕੜੇ ਚਾਹੇ ਜੋ ਵੀ ਹੋਣ, ਇੰਨਾ ਤਾਂ ਤੈਅ ਹੈ ਕਿ ਇਸ ਯੁੱਧ ਨੇ ਕੇਵਲ ਦੋ ਹਫ਼ਤਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਇਹ ਹਰ ਲੰਘ ਰਹੇ ਦਿਨ ਨਾਲ਼ ਜ਼ਿਆਦਾ ਭਿਆਨਕ ਰੂਪ ਲੈ ਰਿਹਾ ਹੈ। ਖ਼ੇਰਸੋਂ, ਖ਼ਾਰਖ਼ਿਵ, ਸੁਮੀ, ਮਰਿਓਪੋਲ, ਕੀਵ ਆਦਿ ਸ਼ਹਿਰਾਂ ਵਿੱਚ ਬੰਬਾਰੀ ਨਾਲ਼ ਹੋ ਰਹੀ ਤਬਾਹੀ ਨੂੰ ਅਸੀਂ ਦਿਲ ਦਹਿਲਾ ਦੇਣ ਵਾਲ਼ੀਆਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ। ਇਹ ਤਸਵੀਰਾਂ ਇੱਕ ਦਹਾਕਾ ਪਹਿਲਾਂ ਸੀਰੀਆ, ਲਿਬੀਆ, ਯਮਨ ਆਦਿ ਦੇਸ਼ਾਂ ਵਿੱਚ ਸ਼ੁਰੂ ਹੋਏ ਕਤਲੇਆਮ ਦੀ ਯਾਦ ਦਿਵਾਉਂਦੀਆਂ ਹਨ। 9 ਮਾਰਚ ਨੂੰ ਰੂਸੀ ਲੜਾਕੂ ਜਹਾਜ਼ਾਂ ਨੇ ਮਰਿਓਪੋਲ ਵਿੱਚ ਇੱਕ ਪ੍ਰਸਿੱਧ ਜ਼ਨਾਨਾ ਹਸਪਤਾਲ ਉੱਤੇ ਹਮਲਾ ਕਰਕੇ ਦਰਜਨਾਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਮਲਬੇ ਦੇ ਥੱਲੇ ਹੀ ਦਫ਼ਨਾ ਦਿੱਤਾ। ਬੰਬਾਰੀ ਵਿੱਚ ਹੋ ਰਹੀਆਂ ਮੌਤਾਂ ਅਤੇ ਤਬਾਹੀ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੇ ਅਨੁਸਾਰ 8 ਮਾਰਚ ਤੱਕ ਵੀਹ ਲੱਖ ਤੋਂ ਜ਼ਿਆਦਾ ਲੋਕ ਆਪਣਾ ਦੇਸ਼ ਛੱਡ ਕੇ ਪੋਲੈਂਡ, ਰੋਮਾਨੀਆ, ਜਰਮਨੀ, ਹੰਗਰੀ ਆਦਿ ਗੁਆਂਢੀ ਦੇਸ਼ਾਂ ਵਿੱਚ ਸ਼ਰਨਾਰਥੀਆਂ ਦੀ ਤਰ੍ਹਾਂ ਪਨਾਹ ਲੈ ਰਹੇ ਹਨ। ਪਿਛਲੇ ਕੁੱਝ ਸਾਲਾਂ ਵਿੱਚ ਪੂਰੇ ਯੂਰਪ ਵਿੱਚ ਜੋ ਧੁਰ ਸੱਜੇ-ਪੱਖੀ ਲਹਿਰ ਉੱਠ ਖੜ੍ਹੀ ਹੋਈ ਹੈ ਅਤੇ ਸ਼ਰਨਾਰਥੀਆਂ ਨਾਲ਼ ਜਿਹੜਾ ਅਣਮਨੁੱਖੀ ਵਿਹਾਰ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਯੂਕਰੇਨੀ ਸ਼ਰਨਾਰਥੀਆਂ ਲਈ ਆਉਣ ਵਾਲ਼ੇ ਦਿਨ ਖ਼ਾਸੇ ਦਿੱਕਤਾਂ ਭਰੇ ਹੋਣ ਜਾ ਰਹੇ ਹਨ।
‘ਮਜ਼ਦੂਰ ਬਿਗੁਲ’ ਦੇ ਪੰਨਿਆਂ ਉੱਤੇ ਅਸੀਂ ਲਗਾਤਾਰ ਯੂਕਰੇਨ ਵਿੱਚ ਰੂਸ ਅਤੇ ਅਮਰੀਕਾ ਵਿਚਲੀ ਸਾਮਰਾਜਵਾਦੀ ਖਿੱਚੋਤਾਣ ਦੇ ਸੰਬੰਧ ਵਿੱਚ ਲਿਖਦੇ ਹੋਏ ਇਸ ਤਣਾਅ ਦੀ ਜ਼ਮੀਨ ਦੀ ਵਿਸਥਾਰਪੂਰਵਕ ਪਡ਼ਤਾਲ ਕਰਦੇ ਆਏ ਹਾਂ। ਅੱਜ ਸਾਮਰਾਜਵਾਦੀ ਦੁਨੀਆਂ ਦੋ ਗੁਟਾਂ ਵਿੱਚ ਵੰਡੀ ਹੋਈ ਹੈ-ਇੱਕ ਪਾਸੇ ਕਮਜ਼ੋਰ ਹੁੰਦੇ ਸਾਮਰਾਜਵਾਦੀ ਅਮਰੀਕਾ ਦੀ ਅਗਵਾਈ ਵਿੱਚ ਨਾਟੋ ਗੁਟ ਹੈ ਅਤੇ ਦੂਜੇ ਪਾਸੇ ਤੇਜ਼ੀ ਨਾਲ਼ ਉੱਭਰਦਾ ਹੋਇਆ ਰੂਸੀ-ਚੀਨੀ ਗੁਟ। ਪਿਛਲੇ ਇੱਕ ਦਹਾਕੇ ਤੋਂ ਹੀ ਯੂਕਰੇਨ ਇਨ੍ਹਾਂ ਦੋਵੇਂ ਗੁਟਾਂ ਵਿਚਕਾਰ ਅੰਤਰ-ਸਾਮਰਾਜਵਾਦੀ ਮੁਕਾਬਲੇ ਦਾ ਇੱਕ ਹਾਟਸਪਾਟ ਬਣਿਆ ਹੋਇਆ ਸੀ। ਅੱਜ ਇਹ ਇੱਕ ਫ਼ਲੈਸ਼-ਪੁਆਇੰਟ ਵਿੱਚ ਬਦਲ ਚੁੱਕਿਆ ਹੈ। ਇੱਕ ਪਾਸੇ ਅਫ਼ਗ਼ਾਨਿਸਤਾਨ ਤੋਂ ਸ਼ਰਮਨਾਕ ਹਾਰ ਝੋਲੀ ਪਾ ਕੇ ਪਰਤਿਆ ਅਮਰੀਕਾ, ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਕਰਕੇ ਆਪਣੀ ਕਮਜ਼ੋਰ ਹੁੰਦੀ ਚੌਧਰ ਨੂੰ ਦੁਬਾਰਾ ਹਾਸਲ ਕਰਨਾ ਚਾਹੁੰਦਾ ਹੈ। ਉੱਥੇ ਹੀ, ਦੂਜੇ ਪਾਸੇ ਸਾਮਰਾਜਵਾਦੀ ਰੂਸ ਯੂਕਰੇਨ ਨੂੰ ਆਪਣੇ ਕੰਟਰੋਲ ਵਿੱਚ ਰੱਖਦੇ ਹੋਏ ਪੂਰੇ ਪੂਰਬੀ ਯੂਰਪ ਨੂੰ ਆਪਣੇ ਪ੍ਰਭਾਵ ਖੇਤਰ ਦੀ ਤਰ੍ਹਾਂ ਵਿਕਸਤ ਕਰਨ ਦਾ ਯਤਨ ਕਰ ਰਿਹਾ ਹੈ। ਇੱਕ ਵਾਰ ਫਿਰ ਇਹ ਯਾਦ ਦਿਵਾਉਣਾ ਚਾਹਾਂਗੇ ਕਿ ਯੂਕਰੇਨ ਵਿੱਚ ਰੂਸੀ ਸੈਨਿਕ ਦਖ਼ਲਅੰਦਾਜ਼ੀ 2014 ਵਿੱਚ ਸ਼ੁਰੂ ਹੋ ਗਈ ਸੀ। 2014 ਦੇ ਯੂਰੋ-ਮੈਦਾਨ ਦੇ ਪ੍ਰਦਰਸ਼ਨਾਂ ਅਤੇ ਉਸ ਤੋਂ ਪਹਿਲਾਂ 2004 ਦੀ ਅਖੌਤੀ ‘ਸੰਤਰੀ ਕ੍ਰਾਂਤੀ’ (Orange Revolution) ਵਿੱਚ ਪੱਛਮੀ ਦੇਸ਼ਾਂ ਨੇ ਇੱਕ ਅਹਿਮ ਭੂਮਿਕਾ ਨਿਭਾਈ ਸੀ। ਇਨ੍ਹਾਂ ਦੋਵੇਂ ਹੀ ਵਿਰੋਧ ਪ੍ਰਦਰਸ਼ਨਾਂ ਦੇ ਸਹਾਰੇ ਯੂਕਰੇਨ ਵਿੱਚ ਪੱਛਮੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹਕੂਮਤ ਸੱਤਾ ਉੱਤੇ ਕਾਬਜ਼ ਹੋਈ ਅਤੇ ਯੂਕਰੇਨ ਦੀ ਯੂਰਪੀ ਸੰਘ ਅਤੇ ਨਾਟੋ ਨਾਲ਼ ਨੇੜਤਾ ਵਧੀ। 2014 ਦੇ ਯੂਰੋ ਮੈਦਾਨ ਪ੍ਰਦਰਸ਼ਨਾਂ ਵਿੱਚ ਰੂਸੀ ਸਮਰਥਨ ਪ੍ਰਾਪਤ ਵਿਕਟਰ ਯਾਨੂਕੋਵਿਚ ਦੇ ਅਹੁਦਾ ਸੰਭਾਲਣ ਉਪਰੰਤ ਰੂਸ ਨੇ ਕਰੀਮੀਆ ਵਿੱਚ ਪ੍ਰਤੱਖ ਸੈਨਿਕ ਦਖਲਅੰਦਾਜ਼ੀ ਕੀਤੀ। ਇਸ ਉਪਰੰਤ ਪੂਰਬੀ ਯੂਕਰੇਨ ਦੇ ਦੋਨਬਾਸ ਇਲਾਕੇ ਦੇ ਦੋ ਸੂਬਿਆਂ-ਦੋਨੇਤਸਕ ਅਤੇ ਲੁਗਾਂਸਕ ਵਿੱਚ ਭਿਅੰਕਰ ਘਰੇਲੂ ਜੰਗ ਨੂੰ ਹਵਾ ਦਿੱਤੀ। ਇਸ ਘਰੇਲੂ ਜੰਗ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਰੂਸ ਨੇ ਅੱਜ ਵੀ ਇਸ ਨੂੰ ਹੀ ਦਖ਼ਲਅੰਦਾਜ਼ੀ ਦਾ ਮੁੱਦਾ ਬਣਾਇਆ ਹੈ। ਹੁਣ ਤੱਕ ਇਸ ਵਿੱਚ ਲੱਗਪਗ ਪੰਦਰਾਂ ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ। ਇਹ ਵੀ ਸੱਚ ਹੈ ਕਿ ਰੂਸ ਨੂੰ ਇਨ੍ਹਾਂ ਸੈਨਿਕ ਦਖਲਅੰਦਾਜ਼ੀਆਂ ਦਾ ਮੌਕਾ ਇਸ ਕਰਕੇ ਮਿਲਿਆ ਕਿਉਂਕਿ ਪੱਛਮੀ ਸਾਮਰਾਜਵਾਦੀ ਸਮਰਥਨ ਪ੍ਰਾਪਤ ਅਰਧ-ਫ਼ਾਸੀਵਾਦੀ ਅਤੇ ਸੱਜੇ-ਪੱਖੀ ਤੇ ਉੱਗਰ-ਰਾਸ਼ਟਰਵਾਦੀ ਪੂੰਜੀਵਾਦੀ ਸਰਕਾਰਾਂ ਨੇ ਲੁਗਾਂਸਕ ਅਤੇ ਦੋਨੇਤਸਕ ਅਤੇ ਹੋਰ ਖੇਤਰਾਂ ਵਿੱਚ ਰਹਿਣ ਵਾਲ਼ੀ ਰੂਸੀ ਅਬਾਦੀ ਅਤੇ ਹੋਰਨਾਂ ਜਾਤੀਗਤ ਅਤੇ ਭਾਸ਼ਾਈ ਸਮੂਹਾਂ ਉੱਤੇ ਭਿਆਨਕ ਅੱਤਿਆਚਾਰ ਜਾਰੀ ਰੱਖਿਆ ਸੀ। ਇਹ ਰੂਸੀ ਸਾਮਰਾਜਵਾਦੀ ਹਮਲੇ ਨੂੰ ਸਹੀ ਨਹੀਂ ਠਹਿਰਾਉਂਦਾ ਕਿਉਂਕਿ ਕਿਸੇ ਦੇਸ਼ ਦੇ ਅੰਦਰ ਪੂੰਜੀਪਤੀ ਜਮਾਤ ਦੀ ਸੱਤਾ ਨਾਲ਼ ਨਜਿੱਠਣ ਦਾ ਕੰਮ ਉਸ ਦੇਸ਼ ਦੇ ਲੋਕਾਂ ਦਾ ਹੁੰਦਾ ਹੈ, ਕਿਸੇ ਹੋਰ ਸਾਮਰਾਜਵਾਦੀ ਤਾਕਤ ਦਾ ਨਹੀਂ।
ਅਮਰੀਕਾ ਅਤੇ ਨਾਟੋ ਨੇ 2014 ਤੋਂ ਬਾਅਦ ਤੋਂ ਯੂਕਰੇਨ ਨੂੰ ਭਾਰੀ ਕਰਜ਼ਾ ਦੇਣ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਅਸਲਾ ਮੁਹੱਈਆ ਕਰਵਾਇਆ ਹੈ। 2015 ਵਿੱਚ ਅਮਰੀਕਾ ਅਤੇ ਪੱਛਮੀ ਪੂੰਜੀਵਾਦੀ ਦੇਸ਼ਾਂ ਦੁਆਰਾ ਨਿਯੰਤਰਿਤ ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਯੂਕਰੇਨ ਨੂੰ 175 ਕਰੋੜ ਡਾਲਰ ਦਾ ਕਰਜ਼ਾ ਦਿੱਤਾ, ਜਿਸਦਾ ਇੱਕ ਵੱਡਾ ਹਿੱਸਾ ਰੱਖਿਆ ਖੇਤਰ ਵਿੱਚ ਲਾਇਆ ਗਿਆ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਕਿਸੇ ਘਰੇਲੂ ਜੰਗ ਵਿੱਚ ਫਸੇ ਦੇਸ਼ ਨੂੰ ਕਰਜ਼ਾ ਦਿੱਤਾ ਹੋਵੇ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਤੋਂ ਹੀ ਨਾਟੋ ਦਾ ਪੂਰਬੀ ਯੂਰਪ ਵਿੱਚ ਵਿਸਥਾਰ ਤੇਜ਼ੀ ਨਾਲ਼ ਵਧਿਆ। ਇਸਦੇ ਨਾਲ਼ ਹੀ ਪੱਛਮੀ ਸਾਮਰਾਜਵਾਦ ਦਾ ਪ੍ਰਭਾਵ ਖੇਤਰ ਵੀ ਵਧਦਾ-ਵਧਦਾ ਰੂਸ ਦੀ ਪੱਛਮੀ ਸੀਮਾ ਤੱਕ ਪਹੁੰਚ ਗਿਆ। ਹਾਲ ਦੇ ਸਾਲਾਂ ਵਿੱਚ ਅਮਰੀਕਾ ਅਤੇ ਨਾਟੋ ਨੇ ਭਾਰੀ ਗਿਣਤੀ ਵਿੱਚ ਸੈਨਿਕ ਅਤੇ ਹਥਿਆਰ ਪੋਲੈਂਡ, ਲਿਥੂਆਨੀਆ, ਲਾਤਵੀਆ, ਇਸਤੋਨੀਆ ਜਿਹੇ ਪੂਰਬੀ ਯੂਰਪ ਦੇ ਦੇਸ਼ਾਂ ਵਿੱਚ ਤੈਨਾਤ ਕੀਤੇ ਹਨ। ਅਮਰੀਕਾ ਅਤੇ ਨਾਟੋ ਨੇ ਯੂਕਰੇਨ ਦੀ ਸੈਨਾ ਨੂੰ ਪ੍ਰਤੱਖ ਜੰਗੀ ਸਿਖਲਾਈ ਤਾਂ ਦਿੱਤੀ ਹੀ ਹੈ, ਨਾਲ਼ ਹੀ ਯੂਕਰੇਨ ਦੀ ਰਾਜਨੀਤੀ ਵਿੱਚ ਧੁਰ ਸੱਜੇ-ਪੱਖੀ ਤਾਕਤਾਂ ਨੂੰ ਸਮਰਥਨ ਅਤੇ ਪ੍ਰਤੱਖ ਜੰਗੀ ਸਿਖਲਾਈ ਵੀ ਦਿੱਤੀ। ਰੂਸ ਨੇ ਵੀ ਦੋਨਬਾਸ ਇਲਾਕੇ ਵਿੱਚ ਕਾਰਜਸ਼ੀਲ ਰੂਸੀ ਭਾਸ਼ਾਈ ਅਤੇ ਹੋਰ ਜਾਤੀਗਤ ਵੱਖਵਾਦੀ ਸਮੂਹਾਂ ਨੂੰ ਵੱਡੇ ਪੈਮਾਨੇ ਉੱਤੇ ਹਥਿਆਰ ਮੁਹੱਈਆ ਕਰਵਾਏ, ਰੂਸੀ ਸੈਨਾ ਨੇ ਇਨ੍ਹਾਂ ਸਮੂਹਾਂ ਨੂੰ ਯੁੱਧ ਸਿਖਲਾਈ ਦਿੱਤੀ ਅਤੇ ਲਗਾਤਾਰ ਗੁਪਤ ਤਰੀਕੇ ਨਾਲ਼ ਯੂਕਰੇਨ ਦੀ ਸੈਨਾ ਦੇ ਖ਼ਿਲਾਫ਼ ਹਥਿਆਰਬੰਦ ਕਾਰਵਾਈਆਂ ਵਿੱਚ ਵੀ ਹਿੱਸਾ ਲਿਆ। ਇਹ ਸਮੂਹ ਖ਼ੁਦ ਵੀ ਯੂਕਰੇਨੀ ਪੂੰਜੀਵਾਦੀ ਸੱਤਾ ਦੇ ਕੌਮੀ ਦਮਨ ਦੇ ਖ਼ਿਲਾਫ਼ ਲੜ ਰਹੇ ਸਨ ਅਤੇ ਰੂਸ ਨੇ ਆਪਣੇ ਸਾਮਰਾਜਵਾਦੀ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਇਨ੍ਹਾਂ ਦੀ ਮਦਦ ਕੀਤੀ।
ਅੱਜ ਰੂਸ ਇਸ ਦੋਨਬਾਸ ਇਲਾਕੇ ਵਿੱਚ ਹੀ ਯੂਕਰੇਨ ਦੀ ਸੈਨਾ ਦੁਆਰਾ ਰੂਸੀ ਭਾਸ਼ਾਈ ਲੋਕਾਂ ਉੱਤੇ ਹੋ ਰਹੇ ਅੱਤਿਆਚਾਰਾਂ ਦਾ ਹਵਾਲਾ ਦੇ ਕੇ ਯੂਕਰੇਨ ਉੱਤੇ ਹਮਲੇ ਨੂੰ ਦੁਨੀਆਂ ਦੇ ਸਾਹਮਣੇ ਸਹੀ ਠਹਿਰਾਉਣ ਦਾ ਯਤਨ ਕਰ ਰਿਹਾ ਹੈ। ਇਹ ਹੋਰ ਕੁੱਝ ਨਹੀਂ ਬੱਸ ਰੂਸੀ ਭਾਸ਼ਾਈ ਲੋਕਾਂ ਦੇ ਅਧਿਕਾਰਾਂ ਦੇ ਨਾਂ ਉੱਤੇ ਪੂਤਿਨ ਦੇ ਵਿਸਥਾਰਵਾਦੀ ਇਰਾਦਿਆਂ ਉੱਤੇ ਪਰਦਾ ਪਾਉਣ ਦੀ ਇੱਕ ਚਾਲ ਹੈ। ਸੱਚਾਈ ਇਹ ਹੈ ਕਿ ਦੋਨਬਾਸ ਵਿੱਚ ਚੱਲ ਰਹੇ ਘਰੇਲੂ ਜੰਗ ਲਈ ਦੋਵੇਂ ਹੀ ਸਾਮਰਾਜਵਾਦੀ ਤਾਕਤਾਂ ਬਰਾਬਰ ਦੀਆਂ ਜ਼ਿੰਮੇਵਾਰ ਹਨ। ਇਸ ਵਿੱਚ ਕੋਈ ਦੋ-ਰਾਵਾਂ ਨਹੀਂ ਹਨ ਕਿ ਪਿਛਲੇ ਇੱਕ ਦਹਾਕੇ ਵਿੱਚ ਯੂਕਰੇਨ ਵਿੱਚ ਧੁਰ ਸੱਜੇ-ਪੱਖੀ ਅਤੇ ਅਰਧ-ਫ਼ਾਸਿਸਟ ਤਾਕਤਾਂ ਦਾ ਤੇਜ਼ੀ ਨਾਲ਼ ਉਭਾਰ ਹੋਇਆ ਹੈ ਅਤੇ ਉਸ ਨੇ ਰੂਸੀ ਬੋਲਣ ਵਾਲ਼ੇ ਭਾਸ਼ਾਈ ਸਮੂਹਾਂ ਦਾ ਲਗਾਤਾਰ ਦਮਨ-ਉਤਪੀੜਨ ਵੀ ਕੀਤਾ ਹੈ ਪਰ ਸੋਚਣ ਦੀ ਗੱਲ ਇਹ ਹੈ ਕਿ ਜਿਹੜੀ ਸੱਜੇ-ਪੱਖੀ ਪੂਤਿਨ ਸਰਕਾਰ ਹਰ ਰੋਜ਼ ਆਪਣੇ ਹੀ ਦੇਸ਼ ਵਿੱਚ ਜਮਹੂਰੀ ਮਾਪਦੰਡਾਂ ਦਾ ਗਲਾ ਘੁੱਟਦੀ ਰਹੀ ਹੈ, ਉਹ ਕਿਵੇਂ ਕਿਸੇ ਦੂਜੇ ਦੇਸ਼ ਨੂੰ ਅਰਧ-ਫ਼ਾਸਿਸਟ ਤਾਕਤਾਂ ਤੋਂ ਸੁਰੱਖਿਆ ਦੇਣ ਦਾ ਦਾਅਵਾ ਕਰ ਸਕਦੀ ਹੈ? ਅਜਿਹਾ ਕਰਨ ਲਈ ਪੂਤਿਨ ਨੂੰ ਆਮ ਲੋਕਾਂ ਉੱਤੇ ਭਾਰੀ ਬੰਬਾਰੀ ਕਰਨ ਦੀ ਅਜਿਹੀ ਕੀ ਲੋੜ ਪੈ ਗਈ? ਯੂਕਰੇਨ ਦੇ ਲੋਕਾਂ ਨੂੰ ਅੰਧ-ਰਾਸ਼ਟਰਵਾਦੀ ਤਾਨਾਸ਼ਾਹੀ ਅਤੇ ਸੱਜੇ-ਪੱਖੀ ਤਾਕਤਾਂ ਤੋਂ ਮੁਕਤ ਕਰਾਉਣ ਦੀ ਜ਼ਿੰਮੇਵਾਰੀ ਰੂਸੀ ਸਾਮਰਾਜਵਾਦ ਦੀ ਨਹੀਂ ਹੈ। ਇਹ ਜ਼ਿੰਮੇਵਾਰੀ ਸਿਰਫ਼ ਅਤੇ ਸਿਰਫ਼ ਯੂਕਰੇਨ ਦੇ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਉੱਥੋਂ ਦੇ ਆਮ ਮਿਹਨਤਕਸ਼ ਲੋਕਾਂ ਦੀ ਹੈ।
ਦੋਨਬਾਸ ਇਲਾਕੇ ਦੇ ਰੂਸੀ-ਭਾਸ਼ਾਈ ਲੋਕਾਂ ਨੂੰ ਨਿਆਂ ਦਿਵਾਉਣ ਤੋਂ ਬਿਨ੍ਹਾਂ ਇੱਕ ਹੋਰ ਤਰਕ ਪੂਤਿਨ ਯੂਕਰੇਨ ਯੁੱਧ ਨੂੰ ਸਹੀ ਠਹਿਰਾਉਣ ਲਈ ਦੇ ਰਿਹਾ ਹੈ। ਤਰਕ ਹੈ ਕਿ ਕਿਸੇ ਜ਼ਮਾਨੇ ਵਿੱਚ ਯੂਕਰੇਨ ਸਮੇਤ ਪੂਰਾ ਪੂਰਬੀ ਯੂਰਪ ਜ਼ਾਰਸ਼ਾਹੀ ਰੂਸ ਅਤੇ ਸੋਵੀਅਤ ਯੂਨੀਅਨ ਦਾ ਹਿੱਸਾ ਹੋਇਆ ਕਰਦਾ ਸੀ ਅਤੇ ਇਸ ਲਈ ਇਸ ਭੂ-ਭਾਗ ਨੂੰ ਆਪਣੇ ਪ੍ਰਭਾਵ ਖੇਤਰ ਵਿੱਚ ਬਣਾਈ ਰੱਖਣਾ ਰੂਸ ਦਾ ਹੱਕ ਹੈ। ਪੂਤਿਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ 1991 ਵਿੱਚ ਸੋਵੀਅਤ ਯੂਨੀਅਨ ਦਾ ਵਿਘਟਨ ਅਸਲ ਵਿੱਚ “ਇਤਿਹਾਸਿਕ ਰੂਸ” ਦਾ ਵਿਘਟਨ ਸੀ। ਇਹ ਭੂ-ਭਾਗ ਇਤਿਹਾਸਕ ਤੌਰ ’ਤੇ ਰੂਸ ਦਾ ਹਿੱਸਾ ਸੀ ਅਤੇ ਇਸਦਾ ਵਿਘਟਨ ਮੰਦਭਾਗਾ ਹੈ। ਪੱਛਮੀ ਸਾਮਰਾਜਵਾਦੀ ਮੀਡੀਆ ਵੀ ਇਹੀ ਰਾਗ ਅਲਾਪਦੀ ਰਹਿੰਦੀ ਹੈ ਕਿ ਪੂਤਿਨ ਯੂਕਰੇਨ ਸਮੇਤ ਪੂਰੇ ਪੂਰਬੀ ਯੂਰਪ ਉੱਤੇ ਕਬਜ਼ਾ ਕਰਕੇ ਇੱਕ ਵਾਰ ਫਿਰ “ਅਖੰਡ ਸੋਵੀਅਤ ਯੂਨੀਅਨ” ਨੂੰ ਪੁਨਰ-ਜੀਵਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਵੀਅਤ ਸੰਘ, ਜਿਹਾ ਕਿ ਅਸੀਂ ਜਾਣਦੇ ਹਾਂ, ਮਜ਼ਦੂਰ ਜਮਾਤ ਦੀ ਪਹਿਲੀ ਵਿਵਸਥਿਤ ਰਾਜ ਸੱਤਾ ਸੀ ਜਿਸਦੀ ਸਥਾਪਨਾ ਦੇ ਕੇਂਦਰ ਵਿੱਚ ਜਮਹੂਰੀਅਤ ਸੀ। ਇੱਕ ਧੁਰ ਸੱਜੇ-ਪੱਖੀ ਨੇਤਾ ਆਪਣੇ ਵਿਸਥਾਰਵਾਦੀ ਅਤੇ ਸਾਮਰਾਜਵਾਦੀ ਮੰਨਸੂਬਿਆਂ ਨੂੰ ਸਹੀ ਠਹਿਰਾਉਣ ਦੀ ਕੋਸ਼ਸ਼ ਵਿੱਚ ਜੇਕਰ ਸੋਵੀਅਤ ਯੂਨੀਅਨ ਦਾ ਨਾਂ ਲੈ ਰਿਹਾ ਹੈ ਤਾਂ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਇਸ ਤੋਂ ਵੱਡਾ ਅਪਮਾਨ ਹੋਰ ਕੁੱਝ ਹੋ ਹੀ ਨਹੀਂ ਸਕਦਾ ਹੈ। ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦੀ ਇਹ ਇਤਿਹਾਸਕ ਜ਼ਿੰਮੇਵਾਰੀ ਹੈ ਕਿ ਦੋ ਸਾਮਰਾਜਵਾਦੀ ਕੈਂਪਾਂ ਵਿਚਕਾਰ ਹੋ ਰਹੀ ਖਿੱਚੋਤਾਣ ਵਿੱਚ ਸੋਵੀਅਤ ਯੂਨੀਅਨ ਦਾ ਨਾਂ ਘੜੀਸੇ ਜਾਣ ਦਾ ਵਿਰੋਧ ਕਰੇ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਨਾ ਪੂਤਿਨ ਕਮਿਊਨਿਸਟ ਹੈ ਅਤੇ ਨਾ ਹੀ ਪੂਤਿਨ ਦੀ ਪਾਰਟੀ ਕਮਿਊਨਿਸਟ ਹੈ। ਇਸ ਦੀ ਯੋਜਨਾ ਕਿਸੇ ਵੀ ਤਰ੍ਹਾਂ ਨਾਲ਼ ਮਜ਼ਦੂਰ ਜਮਾਤ ਦੀ ਸੱਤਾ ਸਥਾਪਤ ਕਰਨ ਦੀ ਨਹੀਂ ਹੈ। ਇਸ ਦੀ ਇੱਕਮਾਤਰ ਯੋਜਨਾ ਦੁਨੀਆਂ ਵਿੱਚ ਆਪਣੀ ਸਾਮਰਾਜਵਾਦੀ ਚੌਧਰ ਸਥਾਪਤ ਕਰਨ ਦੀ ਹੈ। ਇਸ ਤੋਂ ਇਲਾਵਾ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਇਨਕਲਾਬੀ ਦੌਰ ਵਿੱਚ (1917 ਤੋਂ 1953 ਤੱਕ) ਸੋਵੀਅਤ ਯੂਨੀਅਨ ਦੀ ਸਥਾਪਨਾ ਰਾਸ਼ਟਰਾਂ ਦੇ ਆਤਮ-ਨਿਰਣੇ ਦੇ ਅਧਿਕਾਰ ਅਤੇ ਅਲੱਗ ਹੋਣ ਦੇ ਅਧਿਕਾਰ ਨਾਲ਼ ਹੋਈ ਸੀ। ਇਸ ਤਰ੍ਹਾਂ ਇਹ ਜਮਹੂਰੀ ਅਧਿਕਾਰਾਂ ਉੱਤੇ ਟਿਕੀ ਹੋਈ ਕਈ ਰਾਸ਼ਟਰੀ ਗਣਰਾਜਾਂ ਦੀ ਯੂਨੀਅਨ ਸੀ। ਇਸ ਸੰਘ ਵਿੱਚ ਵੱਖ-ਵੱਖ ਰਾਸ਼ਟਰੀ ਗਣਰਾਜਾਂ ਦਾ ਸਵੈ-ਇੱਛਾ ਨਾਲ਼ ਰਲੇਵਾਂ ਹੋਇਆ ਸੀ। ਇਸ ਰਲੇਵੇਂ ਵਿੱਚ ਜ਼ੋਰ-ਜ਼ਬਰਦਸਤੀ ਜਾਂ ਸੈਨਿਕ ਦਮਨ ਦਾ ਅੰਸ਼-ਮਾਤਰ ਵੀ ਨਹੀਂ ਸੀ। ਸਵਿਟਜ਼ਰਲੈਂਡ ਜਿਹੇ ਕੁੱਝ ਕੁ ਅਪਵਾਦਾਂ ਨੂੰ ਛੱਡ ਕੇ, ਸੋਵੀਅਤ ਯੂਨੀਅਨ ਦੁਨੀਆ ਦਾ ਪਹਿਲਾ ਬਹੁਰਾਸ਼ਟਰੀ ਰਾਜ ਬਣਿਆ ਜਿਸ ਨੇ ਸਾਰੇ ਦਮਿਤ ਰਾਸ਼ਟਰਾਂ ਨੂੰ ਆਤਮ-ਨਿਰਣੇ ਦਾ ਅਧਿਕਾਰ ਦਿੱਤਾ ਸੀ। ਕੀ ਪੂਤਿਨ ਨੇ ਰੂਸ ਵਿੱਚ ਚੇਚੇਨ ਜਿਹੀਆਂ ਦਮਿਤ ਕੌਮਾਂ ਨੂੰ ਆਤਮ-ਨਿਰਣੇ ਦਾ ਅਧਿਕਾਰ ਦਿੱਤਾ ਹੈ? ਕੀ ਯੂਕਰੇਨ ਉੱਤੇ ਕਬਜ਼ਾ ਕਰਨ ਤੋਂ ਬਾਅਦ ਉਸ ਨੂੰ ਅਲੱਗ ਹੋਣ ਦੇ ਅਧਿਕਾਰ ਦੇ ਨਾਲ਼ ਆਤਮ-ਨਿਰਣੇ ਦਾ ਅਧਿਕਾਰ ਮਿਲੇਗਾ? ਕੀ ਯੂਕਰੇਨ ਸਵੈ-ਇੱਛਾ ਨਾਲ਼ ਰੂਸ ਦੇ ਨਾਲ਼ ਰਲੇਵਾਂ ਚਾਹੁੰਦਾ ਹੈ ਜਾਂ ਰੂਸ ਦੇ ਪ੍ਰਭਾਵ ਖੇਤਰ ਦਾ ਹਿੱਸਾ ਬਣਨਾ ਚਾਹੁੰਦਾ ਹੈ? ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਇੱਕ ਹੀ ਉੱਤਰ ਹੈ – ਨਹੀਂ। ਤਸਵੀਰ ਬਿਲਕੁਲ ਸਪੱਸ਼ਟ ਹੈ – ਪੁਤਿਨ ਦਾ ਵਿਸਥਾਰਵਾਦ ਇਨਕਲਾਬੀ ਸੋਵੀਅਤ ਅਸੂਲਾਂ ਉੱਤੇ ਨਹੀਂ, ਬਲਕਿ ਸਾਮਰਾਜਵਾਦ ਉੱਤੇ ਆਧਾਰਿਤ ਹੈ ਅਤੇ ਇਸ ਲਈ ਉਹ ਜ਼ਾਰਸ਼ਾਹੀ ਰੂਸ ਦੇ ਇਤਿਹਾਸ ਦਾ ਹਵਾਲਾ ਦੇ ਰਿਹਾ ਹੈ। ਪੂਤਿਨ “ਅਖੰਡ ਸੋਵੀਅਤ ਸੰਘ” ਨੂੰ ਨਹੀਂ ਸਗੋਂ “ਅਖੰਡ ਜ਼ਾਰਸ਼ਾਹੀ ਰੂਸੀ ਸਾਮਰਾਜ” ਨੂੰ ਪੁਨਰ-ਜੀਵਤ ਕਰਨਾ ਚਾਹੁੰਦਾ ਹੈ। ਇਸੇ ਜ਼ਾਰਸ਼ਾਹੀ ਰੂਸੀ ਸਾਮਰਾਜ ਨੂੰ “ਦਮਿਤ ਰਾਸ਼ਟਰਾਂ ਅਤੇ ਕੌਮੀਅਤਾਂ ਦਾ ਕੈਦਖ਼ਾਨਾ” ਕਿਹਾ ਜਾਂਦਾ ਸੀ।
ਲੇਖ ਦੇ ਆਰੰਭ ਵਿਚ ਪ੍ਰਸਿੱਧ ਜਰਮਨ ਨਾਟਕਕਾਰ ਅਤੇ ਕਵੀ ਬ੍ਰਤੋਲਤ ਬ੍ਰੈਖ਼ਤ ਦੀ ਦਿੱਤੀ ਗਈ ਕਵਿਤਾ ਸਾਮਰਾਜਵਾਦੀ ਯੁੱਧ ਦੀ ਕਠੋਰ ਸਚਾਈ ਬਿਆਨ ਕਰਦੀ ਹੈ। ਜਦੋਂ ਕਦੇ ਦੇਸ਼ਾਂ ਵਿੱਚ ਆਪਣੇ ਦਬਦਬੇ ਅਤੇ ਲੁੱਟ ਨੂੰ ਕਾਇਮ ਰੱਖਣ ਜਾਂ ਉਸ ਦਾ ਵਿਸਥਾਰ ਕਰਨ ਦੇ ਲਈ ਯੁੱਧ ਛੇੜਿਆ ਜਾਂਦਾ ਹੈ ਤਾਂ ਇਸ ਯੁੱਧ ਦੀ ਵੇਦੀ ਉੱਤੇ ਸਭ ਤੋਂ ਪਹਿਲੀ ਬਲੀ ਉਨ੍ਹਾਂ ਦੇਸ਼ਾਂ ਦੇ ਮਜ਼ਦੂਰ ਜਮਾਤ ਅਤੇ ਆਮ ਮਿਹਨਤਕਸ਼ ਲੋਕਾਈ ਦੀ ਚੜ੍ਹਦੀ ਹੈ। ਫਿਰ ਜਲ਼ਦ ਹੀ ਪੂਰੀ ਦੁਨੀਆਂ ਦੇ ਮਜ਼ਦੂਰ-ਮਿਹਨਤਕਸ਼ ਲੋਕਾਂ ਨੂੰ ਇਸ ਦੀ ਕੀਮਤ ਆਪਣੇ ਖ਼ੂਨ ਅਤੇ ਪਸੀਨੇ ਨਾਲ਼ ਚੁਕਾਉਣੀ ਪੈਂਦੀ ਹੈ। ਹਰੇਕ ਸਾਮਰਾਜਵਾਦੀ ਯੁੱਧ ਦੀ ਤਰ੍ਹਾਂ ਇਸ ਯੁੱਧ ਵਿੱਚ ਹੋਣ ਵਾਲੇ ਖ਼ਰਚ ਦੀ ਭਰਪਾਈ ਆਮ ਲੋਕਾਂ ਦੇ ਸ਼ੋਸ਼ਣ ਨੂੰ ਵਧਾ ਕੇ ਹੀ ਕੀਤੀ ਜਾਵੇਗੀ। ਯੂਕਰੇਨ ਉੱਤੇ ਰੂਸੀ ਹਮਲੇ ਤੋਂ ਬਾਅਦ ਜਰਮਨੀ ਨੇ ਇਹ ਘੋਸ਼ਣਾ ਕਰ ਦਿੱਤੀ ਹੈ ਕਿ ਉਹ ਰੱਖਿਆ ਦੇ ਖੇਤਰ ਵਿਚ ਆਪਣਾ ਖ਼ਰਚ ਵਧਾਏਗਾ। ਸਕਲ ਘਰੇਲੂ ਉਤਪਾਦ ਦਾ ਦੋ ਫ਼ੀਸਦੀ ਹੁਣ ਰੱਖਿਆ ਖੇਤਰ ਉੱਤੇ ਖ਼ਰਚ ਕੀਤਾ ਜਾਵੇਗਾ। ਸਪੱਸ਼ਟ ਹੈ ਕਿ ਰੱਖਿਆ ਦੇ ਖੇਤਰ ਵਿੱਚ ਇਸ ਖ਼ਰਚ ਦੇ ਵਾਧੇ ਦੀ ਭਰਪਾਈ ਦੇ ਲਈ ਜਰਮਨ ਸਰਕਾਰ ਸਿੱਖਿਆ, ਸਿਹਤ ਆਦਿ ਉੱਤੇ ਹੋਣ ਵਾਲ਼ਾ ਖ਼ਰਚ ਘਟਾਏਗੀ। ਸਰਕਾਰ ਜਰਮਨ ਮਿਹਨਤਕਸ਼ ਲੋਕਾਂ ਨੂੰ ਅਪ੍ਰਤੱਖ ਕਰਾਂ ਰਾਹੀਂ ਜ਼ਿਆਦਾ ਲੁੱਟੇਗੀ। ਵਧੀਆਂ ਕੀਮਤਾਂ ਅਤੇ ਆਰਥਿਕ ਬੇਭਰੋਸਗੀ ਦਾ ਅਸਰ ਵੀ ਆਮ ਮਿਹਨਤਕਸ਼ ਲੋਕਾਂ ਨੂੰ ਹੀ ਭੁਗਤਣਾ ਪਵੇਗਾ। ਯੂਕਰੇਨ ਵਿੱਚ ਯੁੱਧ ਦੇ ਸ਼ੁਰੂ ਹੋਣ ਨਾਲ਼ ਹੀ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵੀ ਤੇਜ਼ੀ ਨਾਲ਼ ਵਧ ਰਹੀਆਂ ਹਨ ਅਤੇ ਆਉਣ ਵਾਲ਼ੇ ਦਿਨਾਂ ਵਿੱਚ ਇਨ੍ਹਾਂ ਵਿੱਚ ਵੱਡਾ ਉਛਾਲ ਆਉਣ ਦੀ ਸੰਭਾਵਨਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ਼ ਪੈਟਰੋਲ, ਡੀਜ਼ਲ ਅਤੇ ਕਈ ਉਪਭੋਗਤਾ ਵਸਤੂਆਂ ਦੀਆਂ ਕੀਮਤਾਂ ਵੀ ਵਧਣਗੀਆਂ। ਇਸਦੀ ਮਾਰ ਯੂਕਰੇਨ ਅਤੇ ਰੂਸ ਦੇ ਮਿਹਨਤਕਸ਼ ਲੋਕਾਂ ਤੋਂ ਇਲਾਵਾ ਦੁਨੀਆ ਭਰ ਦੇ ਮਿਹਨਤਕਸ਼ ਲੋਕਾਂ ਉੱਤੇ ਪਏਗੀ। ਆਰਥਿਕ ਬੋਝ ਪਾਉਣ ਦੇ ਨਾਲ਼-ਨਾਲ਼ ਤਮਾਮ ਦੇਸ਼ਾਂ ਦੀਆਂ ਸਰਕਾਰਾਂ ਯੁੱਧ ਦੇ ਹਾਲਾਤਾਂ ਦਾ ਫ਼ਾਇਦਾ ਚੁੱਕ ਕੇ ਕਮਜ਼ੋਰ ਹੁੰਦੇ ਜਾ ਰਹੇ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਕਰਨ ਦੀ ਮੁਹਿੰਮ ਹੋਰ ਤੇਜ਼ ਕਰ ਦੇਣਗੀਆਂ। ਉਦਾਹਰਨ ਲਈ ਲਿਥੂਆਨੀਆ ਦੀ ਸਰਕਾਰ ਨੇ ਯੂਕਰੇਨ ਅਤੇ ਰੂਸ ਦੇ ਹਮਲੇ ਤੋਂ ਬਾਅਦ ਆਪਣੇ ਦੇਸ਼ ਵਿੱਚ ਆਪਾਤਕਾਲ ਦੀ ਘੋਸ਼ਣਾ ਕਰ ਦਿੱਤੀ ਹੈ। ਰੂਸ ਦੀਆਂ ਸੜਕਾਂ ਉੱਤੇ ਇਨਸਾਫ਼ਪਸੰਦ ਲੋਕ ਯੂਕਰੇਨ ਉੱਤੇ ਹਮਲੇ ਦਾ ਵਿਰੋਧ ਕਰ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਯੁੱਧ ਸ਼ੁਰੂ ਹੋਣ ਦੇ ਇੱਕ ਹਫ਼ਤੇ ਦੇ ਅੰਦਰ ਪੁਤਿਨ ਸਰਕਾਰ ਨੇ ਯੁੱਧ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ 8000 ਤੋਂ ਜ਼ਿਆਦਾ ਰੂਸੀ ਨਾਗਰਿਕਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟ ਦਿੱਤਾ ਹੈ। 4 ਮਾਰਚ ਨੂੰ ਰੂਸ ਦੀ ਸੰਸਦ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ ਜਿਸ ਅਨੁਸਾਰ ਰੂਸੀ ਸੈਨਾ ਜਾਂ ਯੂਕਰੇਨ ਯੁੱਧ ਉੱਤੇ “ਇਤਰਾਜ਼ਯੋਗ” ਟਿੱਪਣੀ ਕਰਨ ਵਾਲ਼ਿਆਂ ਉੱਤੇ ਪੰਦਰਾਂ ਸਾਲ ਜੇਲ੍ਹ ਅਤੇ ਪੰਦਰਾਂ ਹਜ਼ਾਰ ਡਾਲਰ ਜ਼ੁਰਮਾਨਾ ਹੋ ਸਕਦਾ ਹੈ। “ਰਾਸ਼ਟਰੀ ਸੁਰੱਖਿਆ” ਅਤੇ “ਰਾਸ਼ਟਰੀ ਹਿੱਤ” ਦੇ ਪਰਦੇ ਹੇਠ ਪ੍ਰਤੀਰੋਧ ਦੀ ਆਵਾਜ਼ ਨੂੰ ਦਬਾਉਣ ਲਈ ਸਾਰੀਆਂ ਸਰਕਾਰਾਂ ਤਿਆਰ ਬੈਠੀਆਂ ਹਨ।
ਇਸ ਸਾਮਰਾਜਵਾਦੀ ਯੁੱਧ ਵਿੱਚ ਮਜ਼ਦੂਰ ਜਮਾਤ ਅਤੇ ਇਨਕਲਾਬੀ ਕਮਿਊਨਿਸਟ ਤਾਕਤਾਂ ਦੀ ਕੀ ਜ਼ਿੰਮੇਵਾਰੀ ਹੈ?
ਚਾਹੇ ਸਾਮਰਾਜਵਾਦੀ ਯੁੱਧ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਚੱਲ ਰਿਹਾ ਹੋਵੇ, ਦੁਨੀਆਂ ਦੀ ਮਜ਼ਦੂਰ ਜਮਾਤ ਅਤੇ ਇਨਕਲਾਬੀ ਕਮਿਊਨਿਸਟ ਤਾਕਤਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸਦਾ ਪੂਰਨ ਵਿਰੋਧ ਕਰਨ। ਮਜ਼ਦੂਰ ਜਮਾਤ ਅਤੇ ਇਨਕਲਾਬੀ ਕਮਿਊਨਿਸਟ ਦੋ ਸਾਮਰਾਜਵਾਦੀ ਧੜਿਆਂ ਵਿੱਚੋਂ ਇੱਕ ਦਾ ਪੱਖ ਚੁਣਨ ਲਈ ਮਜਬੂਰ ਨਹੀਂ ਹਨ। ਮਜ਼ਦੂਰ ਜਮਾਤ ਦਾ ਆਪਣਾ ਸੁਤੰਤਰ ਪੱਖ ਹੈ, ਜੋ ਕਿ ਕਿਸੇ ਵੀ ਸਾਮਰਾਜਵਾਦੀ ਯੁੱਧ ਦਾ ਵਿਰੋਧ ਕਰਦਾ ਹੈ। ਮੁਨਾਫ਼ੇ ਦੇ ਮੌਕੇ, ਬਾਜ਼ਾਰ ਉੱਤੇ ਕਬਜ਼ਾ, ਸ੍ਰੋਤਾਂ ਦੀ ਲੁੱਟ ਅਤੇ ਪੂੰਜੀਪਤੀਆਂ ਦੇ ਖ਼ਜ਼ਾਨੇ ਭਰਨ ਲਈ ਛੇੜੇ ਗਏ ਯੁੱਧ ਵਿੱਚ ਜੇਕਰ ਕੋਈ ਇਸ ਜਾਂ ਉਸ ਸਾਮਰਾਜਵਾਦੀ ਕੈਂਪ ਦਾ ਸਮਰਥਨ ਕਰਦਾ ਹੈ ਤਾਂ ਉਹ ਨਾ ਸਿਰਫ਼ ਦੁਨੀਆਂ ਦੇ ਮਜ਼ਦੂਰ ਜਮਾਤ ਅਤੇ ਖ਼ਾਸ ਤੌਰ ਉੱਤੇ ਯੁੱਧ ਵਿੱਚ ਲੜ ਰਹੇ ਦੇਸ਼ਾਂ ਦੇ ਮਜ਼ਦੂਰ ਜਮਾਤ ਨਾਲ਼ ਇਤਿਹਾਸਕ ਬੇਈਮਾਨੀ ਕਰਦਾ ਹੈ, ਸਗੋਂ ਸਾਮਰਾਜਵਾਦ ਦੀ ਤਬਾਹੀ ਦਾ ਵੀ ਭਾਗੀਦਾਰ ਬਣਦਾ ਹੈ।
ਕਿਸੇ ਵੀ ਸਾਮਰਾਜਵਾਦੀ ਯੁੱਧ ਦੀ ਫ਼ੌਰੀ ਸਮਾਪਤੀ ਤੋਂ ਬਿਨ੍ਹਾਂ ਹਮਲਾਵਰ ਸਾਮਰਾਜਵਾਦੀ ਦੇਸ਼ ਦੇ ਮਜ਼ਦੂਰ ਜਮਾਤ ਅਤੇ ਇਨਕਲਾਬੀ ਕਮਿਊਨਿਸਟ ਤਾਕਤਾਂ ਦੀ ਵਿਸ਼ੇਸ਼ ਜ਼ਿੰਮੇਵਾਰੀ ਇਹ ਬਣਦੀ ਹੈ ਕਿ “ਵਿਰੋਧੀ” ਸਾਮਰਾਜਵਾਦੀ ਦੇਸ਼ਾਂ ਦੀ ਹਾਕਮ ਜਮਾਤ ਦਾ ਵਿਰੋਧ ਕਰਨ ਦੇ ਨਾਲ਼ ਹੀ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਉਹ ਆਪਣੇ ਦੇਸ਼ ਦੇ ਸਾਮਰਾਜਵਾਦ ਅਤੇ ਉਸਦੀ ਹਾਕਮ ਜਮਾਤ ਦਾ ਸਖ਼ਤੀ ਨਾਲ਼ ਵਿਰੋਧ ਕਰਨ। ਸਪੱਸ਼ਟ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਰੂਸ ਦੀਆਂ ਕਮਿਊਨਿਸਟ ਤਾਕਤਾਂ ਅਤੇ ਮਜ਼ਦੂਰ ਜਮਾਤ ਦੀ ਇਹ ਜ਼ਿੰਮੇਵਾਰੀ ਹੈ ਕਿ ਸਭ ਤੋਂ ਪਹਿਲਾਂ ਉਹ ਪੂਤਿਨ ਦੇ ਸਾਮਰਾਜਵਾਦ ਅਤੇ ਵਿਸਥਾਰਵਾਦ ਦਾ ਸੜਕਾਂ ਉੱਤੇ ਆ ਕੇ ਵਿਰੋਧ ਕਰਨ। ਉੱਥੋਂ ਦੇ ਲੋਕ ਅਜਿਹਾ ਕਰ ਰਹੇ ਹਨ, ਪਰ ਮਜ਼ਦੂਰ ਜਮਾਤ ਦੇ ਵਿੱਚ ਜਾ ਕੇ ਇਸ ਪ੍ਰਤੀਰੋਧ ਨੂੰ ਵਿਅਾਪਕ ਅਤੇ ਕਾਰਗਰ ਬਣਾਉਣ ਦੀ ਲੋੜ ਹੈ। ਇਸੇ ਤਰ੍ਹਾਂ ਅਮਰੀਕੀ, ਪੱਛਮੀ ਯੂਰਪੀ ਅਤੇ ਨਾਟੋ ਦੇਸ਼ਾਂ ਦਾ ਮਜ਼ਦੂਰ ਜਮਾਤ ਅਤੇ ਇਨਕਲਾਬੀ ਕਮਿਊਨਿਸਟ ਤਾਕਤਾਂ ਸਭ ਤੋਂ ਪਹਿਲਾਂ ਅਮਰੀਕਾ ਅਤੇ ਨਾਟੋ ਦੀਆਂ ਸਾਮਰਾਜਵਾਦੀ ਨੀਤੀਆਂ ਦਾ ਸਪੱਸ਼ਟ ਸ਼ਬਦਾਂ ਵਿੱਚ ਵਿਰੋਧ ਕਰਨ, ਆਮ ਮਿਹਨਤਕਸ਼ ਲੋਕਾਈ ਵਿੱਚ ਅਮਰੀਕੀ ਸਾਮਰਾਜਵਾਦੀ ਪ੍ਰਚਾਰਤੰਤਰ ਦੇ ਝੂਠਾਂ ਦੀ ਪੋਲ੍ਹ ਖੋਲ੍ਹਣ। ਸਭ ਤੋਂ ਪ੍ਰਮੁੱਖ ਰੂਪ ਵਿੱਚ ਆਪਣੀ ਹਾਕਮ ਜਮਾਤ ਦੇ ਸਾਮਰਾਜਵਾਦ ਦਾ ਵਿਰੋਧ ਕਰਨਾ ਸਭ ਤੋਂ ਇਨਕਲਾਬੀ ਨੀਤੀ ਹੈ ਅਤੇ ਮਜ਼ਦੂਰ ਜਮਾਤ ਨੂੰ ਇਸ ਉੱਤੇ ਅਮਲ ਕਰਨਾ ਚਾਹੀਦਾ ਹੈ। ਉਸਦਾ ਕੋਈ ਦੇਸ਼ ਨਹੀਂ ਹੁੰਦਾ ਅਤੇ ਹਰੇਕ ਦੇਸ਼ ਦੀ ਮਜ਼ਦੂਰ ਜਮਾਤ ਨਾਲ਼ ਉਸਦੀ ਅੰਤਰ-ਰਾਸ਼ਟਰਵਾਦੀ ਏਕਤਾ ਹੁੰਦੀ ਹੈ। ਹਰੇਕ ਦੇਸ਼ ਦੀ ਪੂੰਜੀਪਤੀ ਜਮਾਤ ਨਾਲ਼ ਉਸਦੀ ਦੁਸ਼ਮਣੀ ਹੁੰਦੀ ਹੈ, ਪਰ ਸਭ ਤੋਂ ਪਹਿਲਾਂ ਅਤੇ ਸਭ ਤੋਂ ਪ੍ਰਮੁੱਖ ਰੂਪ ਵਿੱਚ ਉਸਦੇ ਸਾਹਮਣੇ ਉਸਦੇ ਆਪਣੇ ਦੇਸ਼ ਦੀ ਪੂੰਜੀਪਤੀ ਜਮਾਤ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਉਹ ਉਸਨੂੰ ਨਿਸ਼ਾਨੇ ਉੱਤੇ ਰੱਖਦਾ ਹੈ, ਹਾਲਾਂਕਿ ਉਹ ਆਮ ਤੌਰ ਉੱਤੇ ਸਮੁੱਚੇ ਸਾਮਰਾਜਵਾਦ ਦਾ ਹੀ ਵਿਰੋਧ ਕਰਦਾ ਹੈ। ਕੇਵਲ ਇਸੇ ਨੀਤੀ ਉੱਤੇ ਚੱਲ ਕੇ ਹੀ ਮਜ਼ਦੂਰ ਜਮਾਤ ਆਪਣੇ ਅੰਤਰ-ਰਾਸ਼ਟਰਵਾਦੀ ਫਰਜ਼ ਨਿਭਾ ਸਕਦਾ ਹੈ ਅਤੇ ਸਮਾਂ ਆਉਣ ਉੱਤੇ ਸਾਮਰਾਜਵਾਦੀ ਯੁੱਧ ਨੂੰ ਇਨਕਲਾਬੀ ਘਰੇਲੂ ਜੰਗ ਵਿੱਚ ਤਬਦੀਲ ਕਰ ਸਕਦਾ ਹੈ। ਸਾਮਰਾਜਵਾਦੀ ਯੁੱਧ ਦਾ ਸੁਚੇਤ ਵਿਰੋਧ ਕਰਨ ਤੋਂ ਇਲਾਵਾ ਸਾਰੇ ਦੇਸ਼ਾਂ ਦੇ ਇਨਕਲਾਬੀ ਕਮਿਊਨਿਸਟਾਂ ਅਤੇ ਮਜ਼ਦੂਰ ਜਮਾਤ ਦੀ ਇੱਕ ਹੋਰ ਜ਼ਰੂਰੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਉਹ ਆਪਣੇ ਦੇਸ਼ਾਂ ਦੇ ਹੁਕਮਰਾਨਾਂ ਤੋਂ ਇਹ ਮੰਗ ਕਰੇ ਕਿ ਉਹ ਇਸ ਸਾਮਰਾਜਵਾਦੀ ਯੁੱਧ ਦਾ ਖੁੱਲ੍ਹ ਕੇ ਵਿਰੋਧ ਕਰਨ। ਇਸ ਨਾਲ਼ ਫ਼ਰਕ ਨਹੀਂ ਪੈਂਦਾ ਕਿ ਇਨ੍ਹਾਂ ਦੇਸ਼ਾਂ ਦੀ ਇਸ ਯੁੱਧ ਵਿੱਚ ਸਿੱਧੀ ਭਾਗੀਦਾਰੀ ਨਹੀਂ ਵੀ ਹੋਵੇ। ਅਜਿਹਾ ਕਰਨ ਨਾਲ਼ ਦੋਵੇਂ ਸਾਮਰਾਜਵਾਦੀ ਕੈਂਪਾਂ ਉੱਤੇ ਅੰਤਰਰਾਸ਼ਟਰੀ ਦਬਾਅ ਬਣੇਗਾ। ਇਸੇ ਆਮ ਪੈਂਤੜੇ ਦੇ ਤਹਿਤ ਅਸੀਂ ਭਾਰਤ ਦੇ ਮਜ਼ਦੂਰ ਜਮਾਤ ਅਤੇ ਇਨਕਲਾਬੀ ਕਮਿਊਨਿਸਟ ਤਾਕਤਾਂ ਨੂੰ ਸੱਦਾ ਦਿੰਦੇ ਹਾਂ ਕਿ ਰੂਸੀ ਅਤੇ ਅਮਰੀਕੀ ਸਾਮਰਾਜਵਾਦ ਦਾ ਵਿਰੋਧ ਕਰਨ। ਯੂਕਰੇਨ ਤੋਂ ਰੂਸੀ ਸੈਨਾ ਦੀ ਫ਼ੌਰੀ ਤੌਰ ’ਤੇ ਵਾਪਸੀ ਦੀ ਮੰਗ ਕਰਨ ਅਤੇ ਯੂਕਰੇਨ ਦੀ ਸੱਜੇ-ਪੱਖੀ ਜ਼ੇਲੇਂਸਕੀ ਦੀ ਸੱਤਾ ਦਾ ਵਿਰੋਧ ਕਰਦੇ ਹੋਏ ਸੰਘਰਸ਼ ਕਰ ਰਹੇ ਮਿਹਨਤਕਸ਼ ਲੋਕਾਂ ਦੇ ਨਾਲ਼ ਇਕਜੁੱਟਤਾ ਦਾ ਪ੍ਰਦਰਸ਼ਨ ਕਰਨ। ਸੜਕਾਂ ’ਤੇ ਉੱਤਰ ਕੇ ਇਸ ਸਾਮਰਾਜਵਾਦੀ ਯੁੱਧ ਦਾ ਵਿਰੋਧ ਕਰਨ ਅਤੇ ਨਾਲ਼ ਹੀ ਮੋਦੀ ਸਰਕਾਰ ਤੋਂ ਮੰਗ ਕਰਨ ਕਿ ਭਾਰਤ ਸਰਕਾਰ ਦੋਵੇਂ ਸਾਮਰਾਜਵਾਦੀ ਧੜਿਆਂ ਦੇ ਜੰਗੀ ਪਾਗਲਪਣ ਦੀ ਆਲੋਚਨਾ ਅੰਤਰਰਾਸ਼ਟਰੀ ਮੰਚਾਂ ਉੱਤੇ ਕਰੇ। ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਯੁੱਧ ਦੇ ਖ਼ਿਲਾਫ਼ ਹੋਏ ਮਤਦਾਨ ਵਿੱਚ ਭਾਰਤ ਸਰਕਾਰ ਨੇ ਆਪਣੀ ਵੋਟ ਦੇਣ ਤੋਂ ਮਨ੍ਹਾਂ ਕਰ ਦਿੱਤਾ। ਭਾਰਤ ਦੇ ਯੂਕਰੇਨ ਉੱਤੇ ਰੂਸੀ ਹਮਲੇ ਦੇ ਵਿਰੋਧ ਵਿੱਚ ਮਤਦਾਨ ਨਾ ਕਰਨਾ ਅਤੇ ਇਕ ਮੌਕਾਪ੍ਰਸਤੀ ਭਰੀ ਚੁੱਪ ਧਾਰ ਲੈਣਾ ਇਹ ਦਿਖਾਉਂਦਾ ਹੈ ਕਿ ਭਾਰਤ ਦੀ ਫ਼ਾਸਿਸਟ ਸਰਕਾਰ ਰੂਸੀ ਸਾਮਰਾਜਵਾਦ ਨਾਲ਼ ਅਾਪਣੇ ਰਿਸ਼ਤੇ ਖ਼ਰਾਬ ਨਹੀਂ ਕਰਨਾ ਚਾਹੁੰਦੀ ਹੈ ਅਤੇ ਆਪਣੀ ਸਿਆਸੀ ਆਜ਼ਾਦੀ ਨੂੰ ਕਾਇਮ ਰੱਖਦੇ ਹੋਏ ਆਪਣੇ ਦੇਸ਼ ਦੀ ਪੂੰਜੀਪਤੀ ਜਮਾਤ ਦੇ ਹਿੱਤਾਂ ਨੂੰ ਪਹਿਲ ਦਿੰਦੀ ਹੈ। ਭਾਰਤ ਦੀ ਪੂੰਜੀਪਤੀ ਜਮਾਤ ਆਪਣੇ ਹਿੱਤਾਂ ਲਈ ਨਾਟੋ ਦੇਸ਼ਾਂ ਦੀ ਪੂੰਜੀਪਤੀ ਜਮਾਤ ਅਤੇ ਰੂਸੀ ਪੂੰਜੀਪਤੀ ਜਮਾਤ ਦੋਵਾਂ ਨਾਲ਼ ਹੀ ਚੰਗੇ ਸੰਬੰਧ ਬਣਾ ਕੇ ਰੱਖਣਾ ਚਾਹੁੰਦਾ ਹੈ। ਫ਼ਾਸਿਸਟ ਮੋਦੀ ਸਰਕਾਰ ਦੇ ਨਾਲ਼-ਨਾਲ਼ ਜਿਹੜੀਆਂ ਵੀ ਬੁਰਜੂਆ ਅਤੇ ਸੋਧਵਾਦੀ ਵੋਟ-ਬਟੋਰੂ ਪਾਰਟੀਆਂ ਯੂਕਰੇਨ ਵਿੱਚ ਚੱਲ ਰਹੇ ਇਸ ਯੁੱਧ ਉੱਤੇ ਚੁੱਪ ਧਾਰੀ ਬੈਠੀਆਂ ਹਨ, ਇਹ ਸਾਰੀਆਂ ਪਾਰਟੀਆਂ ਵੀ ਯੂਕਰੇਨੀ ਲੋਕਾਂ ਦੀ ਕਤਲੇਆਮ ਵਿੱਚ ਬਰਾਬਰ ਦੀਆਂ ਹਿੱਸੇਦਾਰ ਹਨ। ਇਹ ਸਭ ਬੁਰਜੂਆ ਅਤੇ ਸੋਧਵਾਦੀ ਰਾਜਨੀਤੀ ਦੇ ਮਨੁੱਖ-ਦੋਖੀ ਚਰਿੱਤਰ ਨੂੰ ਬੇਨਕਾਬ ਕਰਦਾ ਹੈ।
ਸਾਮਰਾਜਵਾਦੀ ਯੁੱਧ ਆਪਣੇ ਨਾਲ਼ ਦੋਹਰੀ ਸੰਭਾਵਨਾ ਲੈ ਕੇ ਆਉਂਦਾ ਹੈ। ਇੱਕ ਪਾਸੇ ਇਹ ਯੁੱਧ ਮਹਿੰਗਾਈ, ਭੁੱਖਮਰੀ ਅਤੇ ਮੌਤ ਦੀ ਅਣਕਿਆਸੀ ਤਬਾਹੀ ਨੂੰ ਜਨਮ ਦਿੰਦਾ ਹੈ, ਉੱਥੇ ਹੀ ਦੂਜੇ ਪਾਸੇ ਇਹ ਯੁੱਧ ਇਨਕਲਾਬੀ ਤਬਦੀਲੀ ਦੀ ਜ਼ਮੀਨ ਵੀ ਤਿਆਰ ਕਰਦਾ ਹੈ। ਇਹ ਮਜ਼ਦੂਰ ਜਮਾਤ, ਆਮ ਮਿਹਨਤਕਸ਼ ਲੋਕਾਂ ਅਤੇ ਸੈਨਾ ਵਿੱਚ ਫੈਲੇ ਦੁੱਖ-ਤਕਲੀਫ਼ਾਂ, ਅਸੰਤੋਖ ਅਤੇ ਪ੍ਰੇਸ਼ਾਨੀਆਂ ਨੂੰ ਇਨਕਲਾਬੀ ਬਦਲਾਅ ਦੀ ਦਿਸ਼ਾ ਵਿੱਚ ਮੋੜਨ ਲਈ ਮੌਕੇ ਵੀ ਦਿੰਦੀ ਹੈ। ਜੇਕਰ ਯੂਕਰੇਨ ਅਤੇ ਰੂਸ ਵਿੱਚ ਪ੍ਰੋਲੇਤਾਰੀ ਜਮਾਤ ਦੀ ਅਗਵਾਈ ਕਰਨ ਵਾਲ਼ੀਆਂ ਇਨਕਲਾਬੀ ਤਾਕਤਾਂ ਮਜ਼ਬੂਤ ਹੁੰਦੀਆਂ ਤਾਂ ਇਸ ਯੁੱਧ ਨੂੰ ਇਨਕਲਾਬ ਵੱਲ ਮੋੜ ਸਕਦੀਆਂ ਸਨ। ਪਰ ਇਹ ਅੱਜ ਦੇ ਦੌਰ ਦੀ ਕੌੜੀ ਸੱਚਾਈ ਹੈ ਕਿ ਅੱਜ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਇਨਕਲਾਬ ਦੀਆਂ ਅੰਦਰੂਨੀ (ਆਤਮਗਤ) ਤਾਕਤਾਂ ਮਜ਼ਬੂਤ ਸਥਿਤੀ ਵਿੱਚ ਨਹੀਂ ਹਨ। ਇਨਕਲਾਬੀ ਤਾਕਤਾਂ ਦੀ ਅਣਹੋਂਦ ਵਿੱਚ ਧੁਰ ਸੱਜੇ-ਪੱਖੀ ਤਾਕਤਾਂ ਇਸ ਕਰੋਪੀ ਨੂੰ ਮੌਕੇ ਵਿੱਚ ਬਦਲਦੇ ਹੋਏ ਅੰਨ੍ਹੇ ਰਾਸ਼ਟਰਵਾਦ ਨੂੰ ਹੋਰ ਤੇਜ਼ ਹਵਾ ਦੇ ਰਹੀਆਂ ਹਨ।
ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਅਤੇ ਆਗੂ ਲੈਨਿਨ ਨੇ ਕਿਹਾ ਸੀ ਕਿ ਸਾਮਰਾਜਵਾਦ ਦਾ ਮਤਲਬ ਹੀ ਹੈ – ਯੁੱਧ। ਅੱਜ ਅਸੀਂ ਆਪਣੀਆਂ ਅੱਖਾਂ ਸਾਹਮਣੇ ਲੈਨਿਨ ਦੇ ਇਸ ਕਥਨ ਨੂੰ ਹਰ ਰੋਜ਼ ਸੱਚ ਹੁੰਦੇ ਹੋਏ ਦੇਖ ਰਹੇ ਹਾਂ। ਯੂਕਰੇਨ ਤੋਂ ਇਲਾਵਾ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਇਸ ਵੇਲੇ ਸਾਮਰਾਜਵਾਦੀ ਭੇੜਾਂ ਚੱਲ ਰਹੀਆਂ ਹਨ ਜਿੰਨ੍ਹਾਂ ਵਿੱਚ ਲੱਖਾਂ ਲੋਕਾਂ ਦੀ ਜਾਨ ਜਾ ਰਹੀ ਹੈ। ਜਦੋਂ ਯੂਕਰੇਨ ਦੇ ਪੂਰਬੀ ਅਤੇ ਦੱਖਣੀ ਸ਼ਹਿਰਾਂ ਵਿੱਚ ਰੂਸੀ ਲੜਾਕੂ ਜਹਾਜ਼ ਆਪਣੇ ਪਹਿਲੇ ਰਾਊਂਡ ਦੀ ਬੰਬਾਰੀ ਕਰ ਰਹੇ ਸਨ, ਠੀਕ ਉਸੇ ਵੇਲੇ ਸੀਰੀਆ ਵਿੱਚ ਇਜ਼ਰਾਈਲੀ ਲੜਾਕੂ ਜਹਾਜ਼, ਸੋਮਾਲੀਆ ਵਿੱਚ ਅਮਰੀਕੀ ਲੜਾਕੂ ਜਹਾਜ਼ ਅਤੇ ਯਮਨ ਵਿੱਚ ਸਾਊਦੀ ਲੜਾਕੂ ਜਹਾਜ਼ ਬੰਬਾਰੀ ਕਰ ਰਹੇ ਸਨ। ਪਝੱਤਰ ਸਾਲਾਂ ਤੋਂ ਫ਼ਲਸਤੀਨੀ ਅਤੇ ਕਸ਼ਮੀਰੀ ਅਬਾਦੀ ਵੀ ਆਪਣੇ ਆਤਮ-ਨਿਰਣੇ ਦੇ ਜਮਹੂਰੀ ਹੱਕ ਲਈ ਇੱਕ ਲੰਮੀ ਜੰਗ ਲੜ ਰਹੀ ਹੈ। ਪਰ ਉਸ ਉੱਤੇ ਪੱਛਮੀ ਸਾਮਰਾਜਵਾਦ ਚੁੱਪ ਧਾਰੀ ਰੱਖਦਾ ਹੈ। ਕਿਉਂਕਿ ਫ਼ਲਸਤੀਨ ਦਾ ਇਜ਼ਰਾੲੀਲ ਦੁਆਰਾ ਭਿਆਨਕ ਕੌਮੀ ਦਮਨ ਉਸ ਦੇ ਫ਼ਾਇਦੇ ਵਿੱਚ ਹੈ। ਸਾਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਹੋਵੇਗੀ ਕਿ ਜਦੋਂ ਤੱਕ ਸਾਮਰਾਜਵਾਦ ਅਤੇ ਇਹ ਸਰਮਾਏਦਾਰਾ ਪ੍ਰਬੰਧ ਕਾਇਮ ਹੈ ਉਦੋਂ ਤੱਕ ਦੁਨੀਆਂ ਵਿੱਚ ਇਸੇ ਤਰ੍ਹਾਂ ਯੁੱਧ ਹੁੰਦੇ ਰਹਿਣਗੇ ਅਤੇ ੳੁਨ੍ਹਾਂ ਯੁੱਧਾਂ ਵਿੱਚ ਸਾਡੇ ਹੀ ਮਜ਼ਦੂਰ ਸਾਥੀ ਮਰਦੇ ਰਹਿਣਗੇ। ਜੇਕਰ ਅਸੀਂ ਹਮੇਸ਼ਾ ਲਈ ਯੁੱਧ ਦਾ ਅੰਤ ਚਾਹੁੰਦੇ ਹਾਂ, ਜੇਕਰ ਅਸੀਂ ਇੱਕ ਦੀਰਘਕਾਲੀ ਸ਼ਾਂਤੀ ਅਤੇ ਭਾਈਚਾਰਾ ਚਾਹੁੰਦੇ ਹਾਂ ਤਾਂ ਸਾਨੂੰ ਮੁਨਾਫ਼ੇ ਉੱਤੇ ਟਿਕੇ ਇਸ ਸਰਮਾਏਦਾਰਾ ਅਤੇ ਸਾਮਰਾਜਵਾਦੀ ਪ੍ਰਬੰਧ ਨੂੰ ਜੜ੍ਹ ਤੋਂ ਉਖਾੜ ਕੇ ਸੁੱਟਣਾ ਹੋਵੇਗਾ। ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਕਿਸੇ ਵੀ ਦੇਸ਼ ਦੀ ਮਜ਼ਦੂਰ ਜਮਾਤ ਦਾ ਪਹਿਲਾ ਦੁਸ਼ਮਣ ਉਸਦੇ ਦੇਸ਼ ਦੀ ਪੂੰਜੀਪਤੀ ਜਮਾਤ ਹੁੰਦੀ ਹੈ। ਇਹ ਪੂੰਜੀਪਤੀ ਜਮਾਤ ਵਿਦੇਸ਼ੀ ਪੂੰਜੀ ਨਾਲ਼ ਮਿਲ ਕੇ ਸ਼ੋਸ਼ਣ ਕਰਦੀ ਹੈ। ਜੇਕਰ ਅਸੀਂ ਇੱਕ ਸਥਾਈ ਸ਼ਾਂਤੀ ਚਾਹੁੰਦੇ ਹਾਂ ਤਾਂ ਇੱਕ ਅਜਿਹੀ ਵਿਵਸਥਾ ਸਥਾਪਤ ਕਰਨੀ ਹੋਵੇਗੀ ਜੋ ਮਨੁੱਖ-ਕੇਂਦਰਿਤ ਹੋਵੇ, ਮੁਨਾਫ਼ਾ-ਕੇਂਦਰਿਤ ਨਹੀਂ। ਦੁਨੀਆਂ ਭਰ ਦੇ ਮਜ਼ਦੂਰਾਂ ਨੂੰ ਆਪਣੀ ਜਮਾਤੀ ਇਕਜੁੱਟਤਾ ਦੇ ਆਧਾਰ ਉੱਤੇ ਅਤੇ ਪ੍ਰੋਲੇਤਾਰੀ ਅੰਤਰਰਾਸ਼ਟਰਵਾਦ ਦੇ ਰਾਹ ਉੱਤੇ ਚੱਲਦਿਆਂ ਹੋਇਆਂ ਪ੍ਰੋਲੇਤਾਰੀ ਇਨਕਲਾਬਾਂ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਵੱਲ ਵਧਣਾ ਹੋਵੇਗਾ। ਰਾਹ ਲੰਮਾ ਹੈ ਪਰ ਇਹੋ ਅਮਨ-ਚੈਨ ਦੀ ਸਦੀਵੀ ਸਥਾਪਨਾ ਦਾ ਰਾਹ ਹੈ।
ਜਰਮਨ ਅਤੇ ਸੰਸਾਰ ਪ੍ਰੋਲੇਤਾਰੀ ਦੀ ਮਹਾਨ ਆਗੂ ਰੋਜ਼ਾ ਲਕਜ਼ਮਬਰਗ ਨੇ ਪਹਿਲੇ ਸਾਮਰਾਜਵਾਦੀ ਵਿਸ਼ਵ ਯੁੱਧ ਦੇ ਖ਼ਿਲਾਫ਼ ਦੁਨੀਆ ਭਰ ਦੇ ਕਿਰਤੀਆਂ ਨੂੰ ਸੱਦਾ ਦਿੰਦੇ ਹੋਏ ਜੋ ਲਿਖਿਆ ਸੀ ਉਹ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ ਜਿੰਨਾ ਕਿ ਉਹ ਸੌ ਸਾਲ ਪਹਿਲਾਂ ਸੀ। ਰੋਜ਼ਾ ਲਕਜ਼ਮਬਰਗ ਨੇ ਆਪਣੇ ਪ੍ਰਸਿੱਧ ‘ਜੂਨੀਅਸ ਪੈਂਫ਼ਲੇਟ’ ਵਿੱਚ ਲਿਖਿਆ ਸੀ, “ਇਹ ਪਾਗਲਪਣ ਰੁਕ ਜਾਵੇਗਾ ਅਤੇ ਨਰਕ ਦਾ ਖ਼ੂਨੀ ਦੈਂਤ ਗਾਇਬ ਹੋ ਜਾਵੇਗਾ ਜਦੋਂ ਜਰਮਨੀ ਅਤੇ ਫਰਾਂਸ, ਇੰਗਲੈਂਡ ਅਤੇ ਰੂਸ ਦੇ ਮਜ਼ਦੂਰ ਆਪਣੀ ਜੜਤਾ ਨੂੰ ਪੂਰੀ ਤਰ੍ਹਾਂ ਤੋੜਦੇ ਹੋਏ ਇੱਕ-ਦੂਜੇ ਵੱਲ ਭਾਈਚਾਰੇ ਦਾ ਹੱਥ ਵਧਾਉਣਗੇ ਅਤੇ ਮਜ਼ਦੂਰਾਂ ਦੇ ਪ੍ਰਾਚੀਨ ਅਤੇ ਸ਼ਕਤੀਸ਼ਾਲੀ ਯੁੱਧ ਨਾਦ ਵਿੱਚ ਸਾਮਰਾਜਵਾਦੀ ਯੁੱਧਾਂ ਨੂੰ ਭੜਕਾਉਣ ਵਾਲ਼ਿਆਂ ਅਤੇ ਪੂੰਜੀਵਾਦੀ ਬਘਿਆੜਾਂ ਦੀ ਕੰਨ-ਪਾੜਵੀਂ ਚੀਕ-ਪੁਕਾਰ ਡੁੱਬ ਕੇ ਰਹਿ ਜਾਵੇਗੀ : ਦੁਨੀਆਂ ਦੇ ਮਜ਼ਦੂਰੋ ਇੱਕ ਹੋ ਜਾਓ!”