ਕਰੋਨਾ ਕਾਰਨ ਹੋਈਆਂ ਮੌਤਾਂ ਉੱਤੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਨੇ ਖੋਲ੍ਹੀ ਪੋਲ ਮੋਦੀ ਸਰਕਾਰ ਦੇ ਨਿਕੰਮੇਪਣ ਅਤੇ ਲਾਪਰਵਾਹੀ ਨੇ ਭਾਰਤ ਵਿੱਚ 47 ਲੱਖ ਲੋਕਾਂ ਦੀ ਜਾਨ ਲਈ

ਸੁਜੈ ਪ੍ਰਕਾਸ਼

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਕੋਵਿਡ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਕਰੀਬ ਡੇਢ ਕਰੋੜ ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿੱਚੋਂ ਇੱਕ ਤਿਹਾਈ, ਭਾਵ 47.4 ਲੱਖ ਲੋਕਾਂ ਦੀ ਮੌਤ ਇਕੱਲੇ ਭਾਰਤ ਵਿੱਚ ਹੋਈ। ਭਾਰਤ ਦੇ ਆਮ ਲੋਕ ਦਿਲ ਤੋੜ ਦੇਣ ਵਾਲ਼ੇ ਉਹ ਦ੍ਰਿਸ਼ ਭੁੱਲੇ ਨਹੀਂ ਹਨ ਜਿਸ ਵਿੱਚ ਨਦੀਆਂ ਵਿੱਚ ਵਹਿੰਦੀਆਂ ਗੁੰਮਨਾਮ ਲਾਸ਼ਾਂ ਵਹਿ ਰਹੀਆਂ ਸਨ, ਕੁੱਤੇ ਅਤੇ ਭੇੜੀਏ ਇਨ੍ਹਾਂ ਲਾਸ਼ਾਂ ਨੂੰ ਚੂੰਡ ਰਹੇ ਸਨ ਅਤੇ ਸ਼ਮਸ਼ਾਨਘਾਟਾਂ ਅਤੇ ਬਿਜਲ-ਦਾਹ-ਸੰਸਕਾਰ ਘਰਾਂ ਦੇ ਬਾਹਰ ਲੋਕ ਮਰਨ ਵਾਲ਼ੇ ਆਪਣੇ ਨਜ਼ਦੀਕੀਆਂ ਦੀਆਂ ਲਾਸ਼ਾਂ ਲੈ ਕੇ ਕਤਾਰਾਂ ਵਿੱਚ ਖੜ੍ਹੇ ਹੋਏ ਸਨ। ਖ਼ਾਸ ਕਰਕੇ, ਕੇਂਦਰ ਦੀ ਮੋਦੀ ਸਰਕਾਰ ਅਤੇ ਯੂਪੀ ਦੀ ਯੋਗੀ ਸਰਕਾਰ ਨੇ ਕੋਵਿਡ ਮਹਾਂਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਦੇ ਦੌਰਾਨ ਮਰੀਜ਼ਾਂ ਦੀ ਪਛਾਣ ਕਰਨ, ਏਕਾਂਤਵਾਸ ਕਰਨ ਅਤੇ ਇਲਾਜ ਕਰਨ ਦੀ ਥਾਂ ਤਾੜੀਆਂ ਵਜਾਉਣ ਅਤੇ ਥਾਲੀਆਂ ਖੜਕਾਉਣ ਅਤੇ ਆਪਣੇ ਝੂਠੇ ਪ੍ਰਚਾਰ ਉੱਤੇ ਕਰੋੜਾਂ ਰੁਪਏ ਵਹਾ ਦਿੱਤੇ। ਦੂਜੀਆਂ ਸੂਬਾ ਸਰਕਾਰਾਂ ਨੇ ਵੀ ਇਨ੍ਹਾਂ ਅਰਥਾਂ ਵਿੱਚ ਭਿਅੰਕਰ ਲਾਪਰਵਾਹੀ ਦਾ ਸਬੂਤ ਦਿੱਤਾ। ਇਸ ਤੋਂ ਇਲਾਵਾ, ਮੋਦੀ-ਯੋਗੀ ਦੀ ਫ਼ਾਸੀਵਾਦੀ ਜੋਡ਼ੀ ਨੇ ਮਰਨ ਵਾਲ਼ਿਆਂ ਦੀ ਅਸਲ ਸੰਖਿਆ ਨੂੰ ਛੁਪਾਉਣ ਲਈ ਹਰ ਢੰਗ ਅਪਣਾਇਆ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਤਾਂ ਹਸਪਤਾਲਾਂ ਦੇ ਪ੍ਰਸ਼ਾਸਨ ਨੂੰ ਨਿਰਦੇਸ਼ ਦੇ ਦਿੱਤੇ ਸਨ ਕਿ ਮੌਤ ਦੇ ਪ੍ਰਮਾਣ-ਪੱਤਰ ਉੱਤੇ ਮੌਤ ਦਾ ਕਾਰਨ ਕੋਵਿਡ ਨਾ ਲਿਖਿਆ ਜਾਵੇ, ਕੋਈ ਹੋਰ ਕਾਰਨ ਲਿਖ ਦਿੱਤਾ ਜਾਵੇ। ਜਿਹੜੇ ਨਿੱਜੀ ਹਸਪਤਾਲ ਮੌਤਾਂ ਦਾ ਕਾਰਨ ਕੋਵਿਡ ਦੱਸ ਰਹੇ ਸਨ, ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਸਨ ਅਤੇ ਉਨ੍ਹਾਂ ਦੇ ਡਾਕਟਰਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਸੀ। ਪਰ ਮੌਤ ਦੀ ਸੱਚਾਈ ਨੂੰ ਭਲਾਂ ਕਿਵੇਂ ਲੁਕੋ ਕੇ ਰੱਖਿਆ ਜਾ ਸਕਦਾ ਸੀ? ਅੰਤ ਲਾਸ਼ਾਂ ਨਦੀਆਂ ਅਤੇ ਨਾਲ਼ਿਆਂ ਵਿੱਚ ਵਹਿੰਦੀਆਂ ਹੋਈਆਂ ਮਿਲ ਰਹੀਆਂ ਸਨ ਅਤੇ ਸਮਸ਼ਾਨਘਾਟਾਂ ਵਿੱਚ ਦਾਹ-ਸੰਸਕਾਰ ਲਈ ਲੱਕੜ ਥੁੜ ਰਹੀ ਸੀ। ਆਕਸੀਜਨ ਲਈ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਸੀ ਅਤੇ ਆਕਸੀਜਨ ਅਤੇ ਦਵਾਈਆਂ ਦੀ ਲਾਲਚੀ ਸਰਮਾਏਦਾਰਾਂ ਅਤੇ ਉਨ੍ਹਾਂ ਦੇ ਦਲਾਲਾਂ ਦੁਆਰਾ ਕਾਲਾਬਾਜ਼ਾਰੀ ਚੱਲ ਰਹੀ ਸੀ।
ਇਨ੍ਹਾਂ ਸਭ ਢੰਗ-ਤਰੀਕਿਆਂ ਰਾਹੀਂ ਭਾਰਤ ਸਰਕਾਰ ਨੇ ਭਾਰਤ ਵਿੱਚ ਕੁੱਲ ਕੋਵਿਡ ਮੌਤਾਂ ਦਾ ਅੰਕੜਾ 4.81 ਲੱਖ ਦੱਸਿਆ ਸੀ। ਦੁਨੀਆਂ ਭਰ ਦੀਆਂ ਸਾਰੀਆਂ ਸਰਮਾਏਦਾਰਾ ਸਰਕਾਰਾਂ ਦੁਆਰਾ ਕੁੱਲ ਕੋਵਿਡ ਮੌਤਾਂ ਦਾ ਅੰਕੜਾ ਵੀ 54 ਲੱਖ ਦੱਸਿਆ ਗਿਆ ਸੀ। ਪਰ ਇਹ ਸਾਰੇ ਅੰਕੜੇ ਫਰਜ਼ੀ ਹਨ। ਅੱਜ ਵਿਸ਼ਵ ਸਿਹਤ ਸੰਗਠਨ ਨੂੰ ਵੀ ਸਚਾਈ ਮੰਨਣੀ ਪਈ ਹੈ। ਉਸਦੇ ਅਨੁਸਾਰ ਦੁਨੀਆਂ ਵਿੱਚ 1.5 ਕਰੋੜ ਲੋਕਾਂ ਦੀਆਂ ਕਰੋਨਾ ਨਾਲ਼ ਮੌਤਾਂ ਹੋਈਆਂ ਹਨ ਅਤੇ ਉਨ੍ਹਾਂ ਵਿੱਚੋਂ 47.4 ਲੱਖ ਮੌਤਾਂ (ਭਾਵ ਕੁੱਲ ਮੌਤਾਂ ਦਾ ਲੱਗਪਗ ਇੱਕ-ਤਿਹਾਈ) ਇਕੱਲੇ ਭਾਰਤ ਵਿੱਚ ਹੋਇਆਂ ਹਨ। ਦੂਜੇ ਸ਼ਬਦਾਂ ਵਿੱਚ ਕੋਵਿਡ ਮਹਾਂਮਾਰੀ ਦੇ ਮਾੜੇ ਪ੍ਰਬੰਧਾਂ ਵਿੱਚ ਤਾਂ ਮੋਦੀ ਸਰਕਾਰ ਨੇ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾ ਹੀ ਦਿੱਤਾ, ਰੁਜ਼ਗਾਰ ਦੇ ਮਾਮਲੇ ਵਿੱਚ ਭਾਵੇਂ ਕਿਤੇ ਨੇੜੇ-ਤੇੜੇ ਵੀ ਨਾ ਖੜ੍ਹਦਾ ਹੋਵੇ! ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਭਾਰਤ ਵਿਚ 8.3 ਲੱਖ ਕੋਵਿਡ ਮੌਤਾਂ ਤਾਂ ਇਕੱਲੇ 2020 ਵਿੱਚ ਹੋ ਚੁੱਕੀਆਂ ਸਨ ਜਦੋਂ ਕਿ ਕੁੱਲ ਮਿਲਾ ਕੇ ਤਕਰੀਬਨ 47.4 ਲੱਖ ਮੌਤਾਂ ਹੋਈਆਂ।
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਆਉਣ ਤੋਂ ਦੋ ਦਿਨ ਪਹਿਲਾਂ ਹੀ ਭਾਰਤ ਸਰਕਾਰ ਨੇ 2020 ਲਈ ਜਨਮ ਅਤੇ ਮੌਤ ਦੇ ਪੰਜੀਕਰਨ ਦਾ ਅੰਕਡ਼ਾ ਉਪਲਬਧ ਕਰਵਾਇਆ ਜਿਸ ਵਿੱਚ ਪਿਛਲੇ ਸਾਲ ਤੋਂ 4.75 ਲੱਖ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਸਨ। ਵਿਸ਼ਵ ਸਿਹਤ ਸੰਗਠਨ ਦਾ ਢੰਗ ਇਹ ਹੈ ਕਿ ਇਹ ਵਾਧੂ ਮੌਤਾਂ ਨੂੰ ਗਿਣਦਾ ਹੈ, ਭਾਵ ਔਸਤ ਮੌਤ ਦਰ ਤੋਂ ਉੱਪਰ ਹੋਣ ਵਾਲ਼ੀਆਂ ਵਾਧੂ ਮੌਤਾਂ ਨੂੰ। ਔਸਤ ਮੌਤ ਦਰ ਆਮ ਤੌਰ ਉੱਤੇ ਹੋਰ ਸਾਰੇ ਨਿਸ਼ਚਿਤ ਕਾਰਕਾਂ ਤੋਂ ਹੋਣ ਵਾਲ਼ੀਆਂ ਮੌਤਾਂ ਦੀ ਗਣਨਾ ਕਰਦੀ ਹੈ। ਕਿਸੇ ਮਹਾਂਮਾਰੀ ਦੇ ਦੌਰਾਨ ਮਹਾਂਮਾਰੀ ਕਾਰਨ ਹੋਣ ਵਾਲ਼ੀਆਂ ਮੌਤਾਂ ਦੀ ਸੰਖਿਆ ਦਾ ਸਹੀ ਅੰਕੜਾ ਨਾ ਹੋਣ ਉੱਤੇ ਅਕਸਰ ਹੀ ਵਾਧੂ ਮੌਤਾਂ ਦੀ ਸੰਖਿਆ ਦਾ ਅੰਦਾਜ਼ਾ ਲਾਇਆ ਜਾਂਦਾ ਹੈ ਜੋ ਕਿ ਔਸਤ ਮੌਤ ਦਰ ਤੋਂ ਉੱਪਰ ਹੁੰਦੀਆਂ ਹਨ। ਨਿਸ਼ਚਿਤ ਹੀ ਇਹ ਸਾਨੂੰ ਬਿਲਕੁਲ ਸਟੀਕ ਅੰਕੜੇ ਨਹੀਂ ਦੇ ਸਕਦਾ ਪਰ ਫਿਰ ਵੀ ਇਹ ਇੱਕ ਠੀਕ-ਠਾਕ ਅਨੁਮਾਨ ਦੇ ਦਿੰਦਾ ਹੈ। ਕੋਵਿਡ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਲੈਕੇ ਜੇਕਰ ਵਾਧੂ ਮੌਤਾਂ ਦੀ ਗਿਣਤੀ 47.4 ਲੱਖ ਬੈਠਦੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਦਾ ਮੁੱਖ ਕਾਰਨ ਕੋਵਿਡ ਮਹਾਂਮਾਰੀ ਹੀ ਸੀ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਦੌਰ ਵਿੱਚ ਟ੍ਰੈਫਿਕ ਦੁਰਘਟਨਾਵਾਂ ਅਤੇ ਹੋਰ ਦੂਜੀਆਂ ਬਿਮਾਰੀਆਂ ਕਾਰਨ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਵਿੱਚ ਲਾੱਕਡਾਊਨ ਦੇ ਕਾਰਨ ਕਮੀ ਵੀ ਆਈ ਸੀ। ਇਸ ਦੇ ਬਾਵਜੂਦ ਜੇਕਰ ਵਾਧੂ ਮੌਤਾਂ ਦੀ ਸੰਖਿਆ ਇਸ ਹੱਦ ਤੱਕ ਵੱਧ ਹੈ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਅਸਲ ਵਿੱਚ ਸਰਕਾਰੀ ਅਣਦੇਖੀ ਅਤੇ ਲਾਪਰਵਾਹੀ ਦੇ ਚੱਲਦਿਆਂ ਲੱਖਾਂ ਦੀ ਗਿਣਤੀ ਵਿੱਚ ਆਮ ਲੋਕਾਂ ਨੇ ਕੋਵਿਡ ਦੇ ਦੌਰਾਨ ਆਪਣੀ ਜਾਨ ਗੁਆਈ ਹੈ।
ਮੌਤ ਦਾ ਜਿਹੜਾ ਨੰਗਾ ਨਾਚ ਕੋਵਿਡ ਦੇ ਦੌਰਾਨ ਹੋਇਆ, ਉਸ ਨੂੰ ਤਾਂ ਆਮ ਮਿਹਨਤਕਸ਼ ਲੋਕਾਂ ਨੇ ਆਪਣੀਆਂ ਅੱਖਾਂ ਨਾਲ਼ ਵੀ ਦੇਖਿਆ। ਕਿੰਨੇ ਹੀ ਲੋਕ ਬਿਨਾਂ ਬਿਮਾਰੀ ਦੀ ਪਛਾਣ ਦੇ ਹੀ ਪਿੰਡਾਂ ਅਤੇ ਕਸਬਿਆਂ ਵਿੱਚ ਮੌਤ ਦੀ ਭੇਟ ਚੜ੍ਹ ਗਏ। ਇਸ ਦਾ ਅੰਦਾਜ਼ਾ ਤਾਂ ਅਜੇ ਲਾਉਣਾ ਬਾਕੀ ਹੈ। ਸ਼ਹਿਰਾਂ ਤੱਕ ਵਿੱਚ ਹਸਪਤਾਲਾਂ ਵਿੱਚ ਥਾਂ ਨਾ ਮਿਲ ਪਾਉਣ ਦੇ ਕਾਰਨ ਹਜ਼ਾਰਾਂ-ਲੱਖਾਂ ਲੋਕ ਘਰਾਂ ਵਿੱਚ ਹੀ ਬਿਮਾਰ ਰਹੇ ਅਤੇ ਫਿਰ ਮਰ ਗਏ। ਇਸ ਦਾ ਅੰਦਾਜ਼ਾ ਵੀ ਨਾ ਲੱਗ ਸਕਿਆ। ਅਜਿਹੇ ਵਿੱਚ ਵਾਧੂ ਮੌਤਾਂ ਦਾ ਅੰਕੜਾ ਮਹਾਂਮਾਰੀ ਵਿੱਚ ਮਾਰੇ ਜਾਣ ਵਾਲੇ ਲੋਕਾਂ ਦੀ ਸੰਖਿਆ ਦਾ ਇੱਕ ਲੱਗਪਗ ਸਹੀ ਅੰਕੜਾ ਉਪਲਬਧ ਕਰਵਾਉਂਦਾ ਹੈ। ਅਜਿਹਾ, ਵਿਗਿਆਨਕ ਸੰਸਥਾਵਾਂ ਨੇ ਸਿਰਫ਼ ਕੋਵਿਡ ਮਹਾਮਾਰੀ ਦੇ ਦੌਰਾਨ ਹੀ ਨਹੀਂ ਕੀਤਾ ਹੈ, ਸਗੋਂ ਕਈ ਦੇਸ਼ਾਂ ਵਿੱਚ ਅਨੇਕਾਂ ਮਹਾਂਮਾਰੀਆਂ ਦੇ ਦੌਰਾਨ ਅਸਲ ਮੌਤ ਦਰ ਦੇ ਅਨੁਮਾਨ ਲਈ ਵੀ ਇਸੇ ਤਰੀਕੇ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਮੋਦੀ ਸਰਕਾਰ ਆਪਣੀ ਇੱਜ਼ਤ ਬਚਾਉਣ ਲਈ ਵਿਸ਼ਵ ਸਿਹਤ ਸੰਗਠਨ ਦੀ ਪੱਧਤੀ ਉੱਤੇ ਸਵਾਲ ਚੁੱਕ ਰਹੀ ਹੈ ਪਰ ਜੋ ਸੱਚ ਹੈ, ਉਸ ਨੂੰ ਲੋਕਾਂ ਨੇ ਵੀ ਪਿਛਲੇ ਲੱਗਪਗ ਤਿੰਨ ਸਾਲਾਂ ਵਿੱਚ ਅੱਖੀਂ ਦੇਖਿਆ ਹੈ। ਜੇਕਰ ਵਿਸ਼ਵ ਸਿਹਤ ਸੰਗਠਨ ਨੇ ਇਹ ਅੰਕੜੇ ਜਾਰੀ ਨਾ ਵੀ ਕੀਤੇ ਹੁੰਦੇ ਤਾਂ ਵੀ ਲੋਕ ਜਾਣਦੇ ਹਨ ਕਿ ਕਿਸੇ ਵੀ ਮਾਪਦੰਡ ਤੋਂ ਦੇਖਿਆ ਜਾਵੇ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਮੋਦੀ ਸਰਕਾਰ ਅਤੇ ਸਾਰੀਆਂ ਸੂਬਾ ਸਰਕਾਰਾਂ ਨੇ ਕੋਵਿਡ ਕਾਰਨ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਨੂੰ ਬੇਹੱਦ ਘਟਾ ਕੇ ਪੇਸ਼ ਕੀਤਾ ਹੈ।
ਇਹੀ ਕਾਰਨ ਹੈ ਕਿ ਸਾਰੇ ਸੂਬਿਆਂ ਦੀਆਂ ਸਰਕਾਰਾਂ ਇੱਥੋਂ ਤੱਕ ਕਿ ਉਨ੍ਹਾਂ ਸੂਬਿਆਂ ਦੀਆਂ ਵੀ ਜਿੱਥੇ ਭਾਜਪਾ ਸ਼ਾਸਨ ਵਿੱਚ ਨਹੀਂ ਹੈ, ਮੋਦੀ ਸਰਕਾਰ ਦੀ ਹਾਂ ਵਿੱਚ ਹਾਂ ਮਿਲਾ ਰਹੀਆਂ ਹਨ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਇਹ ਅੰਕੜੇ ਜਾਰੀ ਕਰਨ ਲਈ ਲਾਹਨਤਾਂ ਪਾ ਰਹੀਆਂ ਹਨ। ਜਿੱਥੇ ਲੋਕਾਂ ਨਾਲ਼ ਹੋਈ ਬੇਇਨਸਾਫ਼ੀ ਉੱਤੇ ਪਰਦਾ ਪਾਉਣ ਦਾ ਸਵਾਲ ਹੈ, ਉੱਥੇ ਸਾਰੀਆਂ ਪੂੰਜੀਵਾਦੀ ਪਾਰਟੀਆਂ ਇਕਜੁੱਟ ਹੋ ਗਈਆਂ ਹਨ।
ਵਿਸ਼ਵ ਸਿਹਤ ਸੰਗਠਨ ਨੂੰ ਇਹ ਅੰਕੜੇ ਪੇਸ਼ ਕਰਨ ਦੀ ਕੀ ਲੋੜ ਹੈ? ਲੋੜ ਇਸ ਲਈ ਹੈ ਕਿਉਂਕਿ ਹੁਕਮਰਾਨਾਂ ਨੂੰ ਆਪਣੀ ਹਕੂਮਤ ਨੂੰ ਚਲਾਉਣ ਦੇ ਲਈ ਵੀ ਸਹੀ ਸੂਚਨਾਵਾਂ ਅਤੇ ਅੰਕੜਿਆਂ ਦੀ ਲੋੜ ਹੁੰਦੀ ਹੈ। ਇਹ ਹੋਰ ਗੱਲ ਹੈ ਕਿ ਅੰਕੜਿਆਂ ਉੱਤੇ ਖ਼ੁਦ ਹੀ ਸਾਰੀਆਂ ਪੂੰਜੀਵਾਦੀ ਪਾਰਟੀਆਂ ਅਤੇ ਪੂੰਜੀਵਾਦੀ ਸਰਕਾਰਾਂ ਦੁਨੀਆਂ ਭਰ ਦੀ ਸਿਆਸਤ ਕਰਦੀਆਂ ਹਨ। ਪਰ ਪੂੰਜੀਪਤੀ ਜਮਾਤ ਅਤੇ ਉਸ ਦੇ ਨੁਮਾਇੰਦਿਆਂ ਅਤੇ ਵਿਸ਼ੇਸ਼ ਤੌਰ ’ਤੇ ਉਸ ਦੀ ਰਾਜਸੱਤਾ ਨੂੰ ਵੀ ਹਰ ਮੁੱਦੇ ਉੱਤੇ ਸਹੀ ਸੂਚਨਾਵਾਂ ਅਤੇ ਅੰਕੜਿਆਂ ਦੀ ਲੋੜ ਹੁੰਦੀ ਹੈ। ਜਿਹੜਾ ਸ਼ਾਸਕ ਵਰਗ ਸੂਚਨਾਵਾਂ ਦੇ ਪ੍ਰਤੀ ਲਾਪਰਵਾਹੀ ਭਰਿਆ ਨਜ਼ਰੀਆ ਰੱਖਦਾ ਹੈ, ਉਹ ਕਦੇ ਵੀ ਲੋਕਾਂ ਉੱਤੇ ਆਪਣੇ ਸ਼ਾਸਨ ਨੂੰ ਲੰਮੇ ਸਮੇਂ ਤੱਕ ਨਹੀਂ ਚਲਾ ਸਕਦਾ ਹੈ। ਇਸ ਲਈ ਜਿੱਥੇ ਸ਼ਾਸ਼ਕ ਵਰਗ, ਲੋਕਾਂ ਤੋਂ ਠੋਸ ਅੰਕਡ਼ਿਆਂ ਨੂੰ ਕਈ ਵਾਰੀ ਛੁਪਾ ਕੇ ਰਖਦਾ ਹੈ, ਉੱਥੇ ਹੀ ਉਸਦੇ ਆਪਸੀ ਅੰਤਰ-ਵਿਰੋਧਾਂ ਦੇ ਚਲਦਿਆਂ ਕਈ ਵਾਰ ਇਹ ਸੂਚਨਾਵਾਂ ਅਤੇ ਅੰਕੜੇ ਲੋਕਾਂ ਦੇ ਸਾਹਮਣੇ ਵੀ ਆ ਜਾਂਦੇ ਹਨ। ਕੁੱਝ ਅੰਕੜੇ ਤਾਂ ਪੂੰਜੀਵਾਦੀ ਸਰਕਾਰਾਂ ਇਕੱਠੇ ਕਰਦੀਆਂ ਹਨ, ਪਰ ਉਨ੍ਹਾਂ ਨੂੰ ਕਦੇ ਲੋਕਾਂ ਨਾਲ਼ ਸਾਂਝਾ ਨਹੀਂ ਕੀਤਾ ਜਾਂਦਾ। ਇੰਨਾ ਸਾਫ਼ ਹੈ ਕਿ ਦੁਨੀਆਂ ਦੀਆਂ ਸਾਰੀਆਂ ਪੂੰਜੀਵਾਦੀ ਸਰਕਾਰਾਂ ਨੇ ਅਤੇ ਵਿਸ਼ੇਸ਼ ਤੌਰ ’ਤੇ ਸੱਜੇ ਪੱਖੀ ਅਤੇ ਫ਼ਾਸੀਵਾਦੀ ਸਰਕਾਰਾਂ ਨੇ, ਜਿਵੇਂ ਕਿ ਮੋਦੀ ਸਰਕਾਰ, ਕੋਵਿਡ ਮਹਾਂਮਾਰੀ ਦਾ ਸਭ ਤੋਂ ਵੱਧ ਲੋਕ-ਵਿਰੋਧੀ ਅਤੇ ਲੋਕਦੋਖੀ ਮਾੜਾ ਪ੍ਰਬੰਧਨ ਕੀਤਾ, ਜਿਸ ਦੀ ਕੀਮਤ ਲੱਖਾਂ ਆਮ ਲੋਕਾਂ ਨੂੰ ਆਪਣੀਆਂ ਜਾਨਾਂ ਦੇ ਕੇ ਚੁਕਾਉਣੀ ਪਈ। ਇਸ ਗੱਲ ਨੂੰ ਸਾਨੂੰ, ਮਿਹਨਤਕਸ਼ਾਂ ਲੋਕਾਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਕਿ ਕੋਵਿਡ ਮਹਾਂਮਾਰੀ ਦੇ ਸਮੇਂ ਸਾਡੇ ਸਾਹਮਣੇ ਮੌਜੂਦਾ ਫ਼ਾਸੀਵਾਦੀ ਪ੍ਰਬੰਧ ਨੇ ਦੋ ਵਿਕਲਪ ਰੱਖ ਦਿੱਤੇ ਸਨ-ਕੋਵਿਡ ਨਾਲ਼ ਮਰੋ ਜਾਂ ਭੁੱਖ ਨਾਲ਼ ਮਰੋ। ਨਾ ਤਾਂ ਸਾਡੇ ਰੁਜ਼ਗਾਰ, ਜੀਵਿਕਾ, ਭੋਜਨ ਆਦਿ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ ਅਤੇ ਨਾ ਹੀ ਸਾਡੀ ਸਿਹਤ ਤੇ ਇਲਾਜ ਦਾ। ਇਸ ਦਾ ਕੀ ਨਤੀਜਾ ਹੋਇਆ, ਉਹ ਅੱਜ ਸਾਹਮਣੇ ਆ ਚੁੱਕਿਆ ਹੈ। ਹੁਣ ਤੱਕ ਕਰੋਨਾ ਨਾਲ਼ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੇ ਪੱਧਰ ’ਤੇ ਮਿਹਨਤਕਸ਼ ਲੋਕਾਈ ਭੁੱਖਮਰੀ ਤੇ ਬੇਰੁਜ਼ਗਾਰੀ ਨਾਲ਼ ਜੂਝ ਰਹੀ ਹੈ।