ਸਿੱਖਿਆ-ਪੱਧਤੀ ਦਾ ਅਹਿਮ ਸਵਾਲ

  • ਅਵਤਾਰ ਸਿੰਘ

ਸਿੱਖਿਆ ਦੇ ਮਾਮਲੇ ਵਿੱਚ ਸਿੱਖਿਆ-ਪੱਧਤੀ ਦਾ ਸਵਾਲ ਇੱਕ ਅਹਿਮ ਸਵਾਲ ਹੈ। ਜੇਕਰ ਅਸੀਂ ਬੱਚਿਆਂ ਨੂੰ ਸਹੀ ਸਿੱਖਿਆ ਦੇਣੀ ਚਾਹੁੰਦੇ ਹਾਂ ਪਰ ਸਿੱਖਿਆ-ਪੱਧਤੀ ਨੂੰ ਨਜ਼ਰ-ਅੰਦਾਜ਼ ਕਰਦੇ ਹਾਂ ਤਾਂ ਸਾਡੀ ਚਾਹਤ ਨੂੰ ਬੂਰ ਨਹੀਂ ਪਵੇਗਾ। ਰੂਸੀ ਸਿੱਖਿਆ ਵਿਗਿਆਨੀ ਫ.ਅ. ਦਿਸਤਰਵੇਗ ਦਾ ਕਹਿਣਾ ਹੈ ਕਿ, “ਮਾੜਾ ਅਧਿਆਪਕ ਸੱਚਾਈਆਂ ਨੂੰ ਪੇਸ਼ ਕਰਦਾ ਹੈ; ਚੰਗਾ ਅਧਿਆਪਕ ਵਿਖਾਉਂਦਾ ਹੈ ਕਿ ਉਹਨਾਂ ਨੂੰ ਕਿਵੇਂ ਲੱਭਣਾ ਹੈ।” ਦਿਸਤਰਵੇਗ ਦੇ ਉਪਰੋਕਤ ਕਥਨ ਵਿੱਚ ਸਿੱਖਿਆ-ਪੱਧਤੀ ਦੇ ਵਿਗਿਆਨ ਦੀ ਗਿਰੀ ਪਈ ਹੈ। ਦਰਅਸਲ ਸਿੱਖਿਆ ਹਾਸਿਲ ਕਰਨ ਦੀ ਵਿਗਿਆਨਕ ਪੱਧਤੀ ਦਾ ਪਹਿਲਾ ਪੱਖ ਮੂਰਤ ਤੋਂ ਸ਼ੁਰੂ ਹੋ ਕੇ ਅਮੂਰਤ ਵੱਲ ਦਾ ਸਫ਼ਰ ਹੈ। ਭਾਵ ਬੱਚਿਆਂ ਨੂੰ ਪਹਿਲਾਂ ਜਾਣੀਆਂ ਜਾ ਰਹੀਆਂ ਚੀਜ਼ਾਂ ਦੇ ਸਿੱਧਾ ਸੰਪਰਕ ਵਿੱਚ ਲੈ ਕੇ ਆਓ। ਉਹਨਾਂ ਦੀਆਂ ਗਿਆਨ-ਇੰਦਰੀਆਂ ’ਤੇ ਮੁੱਢਲੇ ਪ੍ਰਭਾਵ ਪੈਣ ਦਿਓ। ਉਹਨਾਂ ਦੇ ਮਨਾਂ ਵਿੱਚ ਜਿੰਨੇ ਸਵਾਲ ਉੱਗਦੇ ਹਨ, ਉਹਨਾਂ ਦੇ ਬਾਹਰ ਆਉਣ ਦਾ ਮਾਹੌਲ ਤਿਆਰ ਕਰੋ। ਇਸ ਤਰ੍ਹਾਂ ਸਭ ਤੋਂ ਪਹਿਲਾਂ, ਚੀਜ਼ਾਂ-ਵਰਤਾਰਿਆਂ ਦੇ ਬਾਹਰੀ ਰੂਪ ਨਾਲ ਵਿਹਾਰਕ ਜਾਣ-ਪਛਾਣ ਕਰਾਓ। ਕਿਸੇ ਵਸਤੂ- ਵਰਤਾਰੇ ਦੇ ਸਿੱਧਾ ਸੰਪਰਕ ਵਿੱਚ ਆਉਣ ਦੀ ਪਦਾਰਥਕ ਸ਼ਰਤ ਪੂਰੀ ਕਰੇ ਬਿਨਾਂ ਕਿਸੇ ਵੀ ਤਰ੍ਹਾਂ ਦੀ ਗਿਆਨ ਪ੍ਰਾਪਤੀ ਦੀ ਸ਼ੁਰੂਆਤ ਹੋ ਹੀ ਨਹੀਂ ਸਕਦੀ। ਇਹ ਪੜਾਅ ਚੀਜ਼ਾਂ ਦੇ ਬਾਹਰੀ ਰੂਪ ਬਾਰੇ ਮਨੁੱਖੀ ਦਿਮਾਗ ਵਿੱਚ ਇੱਕ ਮੋਟਾ ਖਾਕਾ ਖਿੱਚਣ ਦਾ ਲਾਜ਼ਮੀ ਪੜਾਅ ਹੈ। ਪਰ ਫਿਲਹਾਲ ਸਾਡੇ ਦੇਸ਼ ਦੀ ਸਿੱਖਿਆ-ਪੱਧਤੀ ਇਹ ਹੈ ਕਿ ਅਸੀਂ ਬੱਚਿਆਂ ਨੂੰ ਪੱਥਰ ਦੀਆਂ ਕੰਧਾਂ ਨਾਲ ਬਾਹਰੀ ਪ੍ਰਕਿਰਤਕ ਸੰਸਾਰ ਨਾਲੋਂ ਕੱਟਕੇ, ਸਭ ਕੁੱਝ ਸ਼੍ਰੇਣੀ-ਕਮਰਿਆਂ ਵਿੱਚ ਦੱਸਣਾ ਚਾਹੁੰਦੇ ਹਾਂ। ਇਹ ਗੱਲ ਵਿਗਿਆਨਕ ਸਿੱਖਿਆ-ਪੱਧਤੀ ਦੇ ਮੂਲ ਸਿਧਾਂਤ ਦੇ ਐਨ ਉਲਟ ਹੈ। ਅਰਸਤੂ ਦਾ ਕਹਿਣਾ ਹੈ ਕਿ, “ਗਿਆਨ ਲਈ ਪਿਆਰ ਹੈਰਾਨੀ ਨਾਲ ਸ਼ੁਰੂ ਹੁੰਦਾ ਹੈ।” ਪਰ ਸਾਡੇ ਸ਼੍ਰੇਣੀ-ਕਮਰਿਆਂ ਵਿੱਚ ਹੈਰਾਨੀ ਅਤੇ ਅਚੰਭੇ ਜਿਹਾ ਕੁੱਝ ਵੀ ਨਹੀਂ ਹੁੰਦਾ। ਅਸੀਂ ਤਾਂ ਸਾਰੇ ਸਵਾਲਾਂ-ਜਵਾਬਾਂ ਨੂੰ ਖੁਦ ਹੀ ਬੱਚਿਆਂ ਦੇ ਮੂੰਹ ਵਿੱਚ ਪਾਉਂਦੇ ਹਾਂ, ਇਸ ਤਰ੍ਹਾਂ ਖੁਦ ਹੀ ਉਹਨਾਂ ਦੇ ਦਿਮਾਗਾਂ ਨੂੰ ਤਰਕਹੀਣ ਬਣਾ ਧਰਦੇ ਹਾਂ। ਇਹ ਅਭਿਆਸ ਜਿੱਥੇ ਬੱਚਿਆਂ ਦੇ ਦਿਮਾਗ ਨੂੰ ਸਿਥਲ ਕਰਦਾ ਹੈ; ਸਿੱਖਿਆ ਨੂੰ ਨੀਰਸ ਅਤੇ ਅਕਾਊ ਬਣਾਉਦਾ ਹੈ, ਉੱਥੇ ਉਨ੍ਹਾਂ ਦੀਆਂ ਕਲਪਨਾ ਉਡਾਰੀਆਂ ਨੂੰ ਵੀ ਬੰਨ੍ਹ ਮਾਰਦਾ ਹੈ। ਮਿਸਾਲ ਵਜੋਂ, ਅਸੀਂ ਤੀਸਰੀ ਕਲਾਸ ਦੇ ਬੱਚਿਆਂ ਨੂੰ ਪੌਦਿਆਂ ਬਾਰੇ ਜਾਣਕਾਰੀ ਦਿੰਦੇ ਹਾਂ। ਜੇਕਰ ਬੱਚਿਆਂ ਨੂੰ ਸ਼੍ਰੇਣੀ-ਕਮਰੇ ਤੋਂ ਬਾਹਰ ਪੌਦਿਆਂ ਦੀ ਅਸਲੀ ਦੁਨੀਆਂ ਵਿੱਚ ਲਿਜਾਇਆ ਜਾਵੇ, ਜਿੱਥੇ ਪੌਦੇ, ਆਪਣੀ ਬਹੁ-ਰੂਪਤਾ, ਬਹੁ-ਪੱਖਤਾ ਵਿੱਚ ਅਤੇ ਹੋਰਨਾਂ ਚੀਜ਼ਾਂ ਨਾਲ ਅੰਤਰ-ਸੰਬੰਧਿਤ ਵਜੂਦ ਰੱਖਦੇ ਹਨ ਤਾਂ ਬੱਚੇ ਕਿਤਾਬ ਅਤੇ ਅਧਿਆਪਕ ਦੇ ਸਵਾਲਾਂ ਤੋਂ ਇਲਾਵਾ ਹੋਰ ਵੀ ਸੈਂਕੜੇ ਸਵਾਲ ਕਰਨਗੇ। ਇਸ ਪ੍ਰਕਿਰਿਆ ਨੂੰ ਕਿਸੇ ਵੀ ਵਜ੍ਹਾ ਨਾਲ ਰੋਕਣਾ ਸਿੱਖਿਆ-ਨੈਤਿਕਤਾ ਦੇ ਪੱਖ ਤੋਂ ਇੱਕ ਅਪਰਾਧ ਜਿਹਾ ਕਾਰਜ ਹੈ; ਬੱਚਿਆਂ ਦੀਆਂ ਕਲਪਨਾ ਉਡਾਰੀਆਂ ਅਤੇ ਅਣਘੜ ਜਿਹੇ ਸਵਾਲਾਂ ਦੀਆਂ ਕਰੁੰਬਲਾਂ ਕੁਤਰਨਾ ਹੈ; ਉਨ੍ਹਾਂ ਦੀ ਗੱਲਬਾਤ ਦੇ ਹੁਨਰ ਅਤੇ ਪੁੱਛ-ਪੜਤਾਲ ਵਾਲੀ ਲਿਆਕਤ ਦੀ ਸੰਘੀ ਨੱਪ ਕੇ ਗੁੰਗੇ-ਬਹਿਰੇ ਬਣਾਉਣਾ ਹੈ। ਸੰਸਾਰ ਪ੍ਰਸਿੱਧ ਸਿੱਖਿਆ ਸ਼ਾਸਤਰੀ ਵਾਸਿਲੀ ਸੁਖੋਮਲਿੰਸਕੀ ਦਾ ਕਹਿਣਾ ਹੈ ਕਿ, “ਬੱਚੇ ਚਿੰਤਨ ਅਤੇ ਭਾਸ਼ਾ ਦੇ ਮੁੱਢਲੇ ਸੋਮਿਆਂ ਦੇ, ਆਪਣੇ ਆਲੇ-ਦੁਆਲੇ ਦੇ ਜਿੰਨਾ ਨੇੜੇ ਹੁੰਦੇ ਹਨ, ਉਨ੍ਹਾਂ ਦੀ ਬੋਲੀ ਉਹਨੀ ਹੀ ਵਧੇਰੇ ਭਰਪੂਰ ਅਤੇ ਪ੍ਰਗਟਾਊ ਹੁੰਦੀ ਹੈ।” ਇਸ ਕਰਕੇ ਕਿਸੇ ਵੀ ਭਾਸ਼ਾ ਵਿੱਚ ਬੱਚਿਆਂ ਦੇ ਗੱਲਬਾਤ ਹੁਨਰ, ਮਹਿਜ਼ ਸ਼੍ਰੇਣੀ-ਕਮਰਿਆਂ ਦੇ ਵਿਆਕਰਨਿਕ ਰੱਟਿਆਂ-ਘੋਟਿਆਂ ਦਾ ਮੁਥਾਜ ਨਹੀਂ ਹੁੰਦੇ ਸਗੋਂ ਚੀਜਾਂ-ਵਰਤਾਰਿਆਂ ਦੇ ਸਿੱਧਾ ਸੰਪਰਕ ’ਚ ਆਉਣ ਨਾਲ ਬੱਚਿਆਂ ਦੇ ਜਿਹਨ ਵਿਚਲੇ ਤਰ੍ਹਾਂ-ਤਰ੍ਹਾਂ ਦੇ ਸਵਾਲਾਂ-ਪ੍ਰਤੀਕਰਮਾਂ ਦੇ ਰੂਪ ਵਿੱਚ ਫੁੱਟਦੇ-ਨਿੱਖਰਦੇ ਹਨ।

ਸਿੱਖਿਆ-ਪੱਧਤੀ ਦਾ ਦੂਜਾ ਪੱਖ ਗਿਆਨ ਪ੍ਰਾਪਤੀ ਦੇ ਸਰਲ ਤੋਂ ਗੁੰਝਲਦਾਰ ਵੱਲ, ਸਤਹੀ ਤੋਂ ਡੂੰਘਾਈ ਵੱਲ ਅਤੇ ਇੱਕ ਪੱਖੀ ਤੋਂ ਬਹੁ-ਪੱਖੀ ਹੋਣ ਵੱਲ ਦਾ ਹੈ। ਪਰ ਸਾਡੇ ਸ਼੍ਰੇਣੀ-ਕਮਰਿਆਂ ਵਿੱਚ ਹਮੇਸ਼ਾ ਉਲਟੀ ਗੰਗਾ ਵਹਿੰਦੀ ਹੈ।

ਪੌਦਿਆਂ ਬਾਰੇ ਜਾਣਕਾਰੀ ਦਿੰਦਾ ਅਧਿਆਪਕ ਪਹਿਲਾਂ ਪੌਦਿਆਂ ਦੇ ਪ੍ਰਕਾਸ਼-ਸੰਸਲੇਸ਼ਨ ਦੀ ਜਟਿਲ ਅਤੇ ਅਮੂਰਤ ਰਸਾਇਣਿਕ ਪ੍ਰਕਿਰਿਆ ਬਾਰੇ ਦੱਸਦਾ ਹੈ ਕਿ ਕਿਵੇਂ ਇੱਕ ਪੌਦਾ ਸੂਰਜ ਦੀ ਰੌਸ਼ਨੀ ਅਤੇ ਕਲੋਰੋਫਿਲ ਦੀ ਮਦਦ ਨਾਲ ਪਾਣੀ ਅਤੇ ਕਾਰਬਨਡਾਈਆਕਸਾਈਡ ਨੂੰ ਖਾਣੇ ਵਿੱਚ ਬਦਲਦਾ ਹੈ। ਇੱਕ ਤੀਸਰੀ ਕਲਾਸ ਦੇ ਬੱਚੇ ਲਈ ਕਲੋਰੋਫਿਲ, ਮਿਨਰਲ, ਆਕਸੀਜਨ, ਕਾਰਬਨਡਾਈਆਕਸਾਈਡ, ਅਤੇ ਪ੍ਰਕਾਸ਼-ਸੰਸਲੇਸ਼ਨ, ਸਾਰੇ ਹੀ ਅਮੂਰਤ, ਅਕਾਊ ਅਤੇ ਬੋਝਲ ਸੰਕਲਪ ਹਨ। ਵਿਗਿਆਨਕ ਸਿੱਖਿਆ-ਪੱਧਤੀ ਦੀ ਮੂਲ ਭਾਵਨਾ ਦੇ ਉਲਟ, ਅਜਿਹੇ ਅਮੂਰਤ ਸੰਕਲਪਾਂ ਤੋਂ ਸ਼ੁਰੂ ਹੋਇਆ ਗਿਆਨ ਛੋਟੇ ਬੱਚਿਆਂ ਲਈ ਇੱਕ ਅਕਹਿ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਅਜਿਹੇ ਅਮੂਰਤ ਸੰਕਲਪ ਅਕਸਰ ਵੱਡਿਆਂ ਵੱਲੋਂ ਬੱਚਿਆਂ ’ਤੇ ਅੰਨ੍ਹੇਵਾਹ ਥੋਪੇ ਜਾਂਦੇ ਹਨ। ਬੱਚਿਆਂ ਨੇ ਤਾਂ ਬਸ ਰੱਟਾ-ਘੋਟਾ ਮਾਰਨਾ ਹੁੰਦਾ ਹੈ। ਪਰ ਇਸ ਦੇ ਉਲਟ, ਜੇਕਰ ਉਹਨਾਂ ਨੂੰ ਪੌਦਿਆਂ ਦੀ ਅਸਲੀ ਦੁਨੀਆਂ ਵਿੱਚ ਲੈ ਜਾਈਏ ਤਾਂ ਉਹ ਅਮੂਰਤ ਸਵਾਲਾਂ ਤੋਂ ਪਹਿਲਾਂ ਅਨੇਕ ਠੋਸ ਸਵਾਲਾਂ ਦੇ ਜਵਾਬ ਲੱਭਣਗੇ; ਕਿ ਕੁਝ ਪੌਦੇ ਨੀਵੇਂ ਅਤੇ ਕੁਝ ਉੱਚੇ ਕਿਉਂ ਨੇ? ਕੁਝ ਦੇ ਪੱਤੇ ਛੋਟੇ ਅਤੇ ਕੁਝ ਦੇ ਪੱਤੇ ਵੱਡੇ ਕਿਉਂ ਨੇ? ਪੌਦਿਆਂ ਨਾਲ ਉਹ ਕੀਟ-ਪਤੰਗਿਆਂ ਨੂੰ ਵੀ ਦੇਖਣਗੇ ਅਤੇ ਹੋਰ ਨਵੇਂ ਸਵਾਲ ਪੁੱਛਣਗੇ। ਪੌਦਿਆਂ ਦੇ ਬਾਹਰੀ ਰੂਪ ਬਾਰੇ ਇਹ ਤੱਥਾਤਮਕ ਗਿਆਨ ਜਿੱਥੇ ਅਗਲੇ ਸਾਲਾਂ ਵਿੱਚ ਪੌਦਿਆਂ ਦੇ ਅੰਦਰੂਨੀ ਸਾਰਤੱਤ ਨੂੰ ਸਮੁੱਚੇ-ਰੂਪ ਵਿੱਚ ਸਮਝਣ ਵਿੱਚ ਮਦਦ ਕਰੇਗਾ, ਉੱਥੇ ਪੌਦਿਆਂ, ਕੀਟਾਂ ਅਤੇ ਮਿੱਟੀ ਦੀ ਆਪਸੀ ਅੰਤਰ-ਨਿਰਭਰਤਾ ਨੂੰ ਸਮਝਣ ਲਈ ਆਧਾਰ ਤਿਆਰ ਕਰੇਗਾ। ਇਹੀ ਸਿੱਖਿਆ ਦਾ ਅਸਲ ਮਕਸਦ ਹੈ; ਚੀਜਾਂ ਦੇ ਖੋਲ ਨੂੰ ਚੀਰ ਕੇ ਸਾਰਤੱਤ ਨੂੰ ਫੜ੍ਹਨਾਂ, ਉਹਨਾਂ ਦੀ ਗਤੀ ਨੂੰ ਸਮਝ ਕੇ ਮਨੁੱਖਤਾ ਦੀ ਸੇਵਾ ਵਿੱਚ ਲਾਉਣਾ।