‘ਦ ਕਸ਼ਮੀਰ ਫ਼ਾਈਲਜ਼’: ਕਸ਼ਮੀਰੀ ਪੰਡਿਤਾਂ ਦੀ ਤ੍ਰਾਸਦੀ ਦਿਖਾਉਣ ਦੇ ਪਰਦੇ ਹੇਠ ਮੁਸਲਮਾਨਾਂ ਅਤੇ ਖੱਬੇ-ਪੱਖੀਆਂ ਦੇ ਖ਼ਿਲਾਫ਼ ਨਫ਼ਰਤ ਨੂੰ ਸਿਖਰ ਉੱਤੇ ਲੈ ਜਾਣ ਦਾ ਹਿੰਦੂਤਵੀ ਹੱਥਕੰਡਾ

ਉੱਤਰ ਪ੍ਰਦੇਸ਼ ਸਮੇਤ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਉਪਰੰਤ ਸੰਘ ਪਰਿਵਾਰ ਦੀ ਸਮੁੱਚੀ ਫ਼ਾਸਿਸਟ ਮਸ਼ੀਨਰੀ ਹੁਣ ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦ ਕਸ਼ਮੀਰ ਫ਼ਾਈਲਜ਼’ ਦੇ ਪ੍ਰਚਾਰ ਵਿੱਚ ਜੁਟ ਗਈ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਅਗਲੇ ਹੀ ਦਿਨ ਪ੍ਰਧਾਨ-ਮੰਤਰੀ ਮੋਦੀ ਨੇ ਫ਼ਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਮੁੱਖ ਕਲਾਕਾਰਾਂ ਨਾਲ਼ ਮੁਲਾਕਾਤ ਕੀਤੀ। ਇੰਨਾ ਹੀ ਨਹੀਂ, ਫ਼ਿਲਮ ਚਰਚਾ ਵਿੱਚ ਬਣੀ ਰਹੇ ਇਸ ਲਈ ਮੋਦੀ ਨੇ ਭਾਜਪਾ ਦੀ ਇੱਕ ਬੈਠਕ ਵਿੱਚ ਫ਼ਿਲਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦਾ ਵੀ ਜ਼ਿਕਰ ਕੀਤਾ। ਗ੍ਰਹਿ-ਮੰਤਰੀ ਅਮਿਤ ਸ਼ਾਹ ਨੇ ਵੀ ਫ਼ਿਲਮ ਦੀ ਟੀਮ ਨਾਲ਼ ਮੁਲਾਕਾਤ ਕੀਤੀ। ਭਾਜਪਾ ਸ਼ਾਸਿਤ ਪ੍ਰਦੇਸ਼ਾਂ ਵਿੱਚ ਫ਼ਿਲਮ ਨੂੰ ਟੈਕਸ-ਮੁਕਤ ਕਰ ਦਿੱਤਾ ਗਿਆ ਹੈ ਤਾਂ ਕਿ ਫ਼ਿਲਮ ਨੂੰ ਵੱਧ ਤੋਂ ਵੱਧ ਲੋਕ ਦੇਖ ਸਕਣ। ਅਨੇਕਾਂ ਸ਼ਹਿਰਾਂ ਦੇ ਸਿਨੇਮਾ ਹਾਲਾਂ ਵਿੱਚ ਸੰਘ ਪਰਿਵਾਰ ਦੇ ਕਾਰਕੁੰਨ ਅਤੇ ਉਨ੍ਹਾਂ ਦੇ ਚੇਲੇ-ਚਪਾਟੇ ਫ਼ਿਲਮ ਪ੍ਰਦਰਸ਼ਨ ਨੂੰ ਹਿੰਦੂਤਵਵਾਦੀ ਜ਼ਹਿਰੀਲੇ ਨਫ਼ਰਤੀ ਸਿਆਸੀ ਪ੍ਰਾਪੇਗੰਡੇ ਵਿੱਚ ਤਬਦੀਲ ਕਰ ਰਹੇ ਹਨ। ਸਪੱਸ਼ਟ ਹੈ ਕਿ ਇਹ ਸਭ ਇੱਕ ਸੋਚੀ-ਸਮਝੀ ਰਣਨੀਤੀ ਦੇ ਤਹਿਤ ਕੀਤਾ ਜਾ ਰਿਹਾ ਹੈ ਜਿਸ ਦਾ ਸਮਾਜ ਉੱਤੇ ਕੁੱਝ ਉਸੇ ਤਰ੍ਹਾਂ ਦਾ ਹੀ ਅਸਰ ਹੋਣ ਵਾਲ਼ਾ ਹੈ ਜਿਹੋ ਜਿਹਾ ਨਾਜ਼ੀ ਜਰਮਨੀ ਵਿੱਚ ‘ਦ ਇਟਰਨਲ ਜਿਊ’ ਜਿਹੀਆਂ ਯਹੂਦੀ-ਵਿਰੋਧੀ ਪ੍ਰਾਪੇਗੰਡਾ ਫ਼ਿਲਮਾਂ ਦਾ ਹੋਇਆ ਸੀ।
ਕਸ਼ਮੀਰ ਮਸਲੇ ਦੇ ਇਤਿਹਾਸ ਦੇ ਤਮਾਮ ਪਹਿਲੂਆਂ ਤੋਂ ਜਾਣੂ ਕਿਸੇ ਵੀ ਵਿਅਕਤੀ ਨੂੰ ਇਹ ਆਸਾਨੀ ਨਾਲ਼ ਸਮਝ ਵਿੱਚ ਆ ਸਕਦਾ ਹੈ ਕਿ ਫ਼ਿਲਮ ਵਿੱਚ ਅੱਧੇ ਸੱਚ ਅਤੇ ਨੰਗੇ-ਚਿੱਟੇ ਝੂਠ ਦਾ ਸਾਜ਼ਿਸ਼ੀ ਢੰਗ ਨਾਲ਼ ਮਿਸ਼ਰਣ ਕਰਦੇ ਹੋਏ ਕਸ਼ਮੀਰੀ ਪੰਡਤਾਂ ਦੇ ਕਤਲਾਂ ਅਤੇ ਪਲਾਇਨ ਦੀ ਤ੍ਰਾਸਦੀ ਨੂੰ ਕਸ਼ਮੀਰ ਸਮੱਸਿਆ ਦੇ ਪੂਰੇ ਸੰਦਰਭ ਨਾਲ਼ੋਂ ਕੱਟ ਕੇ ਇੱਕ ਆਜ਼ਾਦ ਸਮੱਸਿਆ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਪਰ ਇਸ ਫ਼ਿਲਮ ਦਾ ਸਭ ਤੋਂ ਭਿਆਨਕ ਪੱਖ ਇਹ ਹੈ ਕਿ ਇਸ ਵਿੱਚ ਕਸ਼ਮੀਰੀ ਪੰਡਤਾਂ ਦੀ ਤ੍ਰਾਸਦੀ ਦਿਖਾਉਣ ਦੇ ਬਹਾਨੇ ਸੰਘੀ ਲਾਣੇ ਦੇ ਮੁਸਲਮਾਨ-ਵਿਰੋਧੀ ਅਤੇ ਕਮਿਊਨਿਜ਼ਮ-ਵਿਰੋਧੀ ਏਜੰਡੇ ਨੂੰ ਬੇਹੱਦ ਨੰਗੇ ਅਤੇ ਭੱਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਜੋ ਮਾਮੂਲੀ ਇਤਿਹਾਸਕ ਅਤੇ ਸਿਆਸੀ ਚੇਤਨਾ ਵਾਲ਼ੇ ਕਿਸੇ ਵੀ ਵਿਅਕਤੀ ਅੰਦਰ ਕਸ਼ਮੀਰ ਸਮੱਸਿਆ ਦੇ ਸੰਬੰਧ ਵਿੱਚ ਕੋਈ ਵਿਵੇਕ ਪੈਦਾ ਕਰਨ ਦੀ ਥਾਂ ਨਫ਼ਰਤ ਅਤੇ ਗੁੱਸਾ ਪੈਦਾ ਕਰਨ ਦਾ ਕੰਮ ਕਰਦਾ ਹੈ।
ਫ਼ਿਲਮ ਦੇਖਣ ਉਪਰੰਤ ਸਿਨੇਮਾ ਹਾਲ ਤੋਂ ਬਾਹਰ ਨਿਕਲਦੇ ਲੋਕਾਂ ਦੇ ਪ੍ਰਤੀਕਰਮ ਨੂੰ ਵੀ ਸੋਸ਼ਲ ਮੀਡੀਆ ਉੱਤੇ ਪ੍ਰਚਾਰਿਤ ਕਰਕੇ ਨਫ਼ਰਤ ਤੇ ਗੁੱਸੇ ਨੂੰ ਹੋਰ ਜ਼ਿਆਦਾ ਤੂਲ ਦਿੱਤੀ ਜਾ ਰਹੀ ਹੈ। ਅਜਿਹੇ ਜ਼ਿਆਦਾਤਰ ਪ੍ਰਤਿਕਰਮਾਂ ਵਿੱਚ ਲੋਕਾਂ ਨੂੰ ਫ਼ਿਲਮ ਦੇਖਣ ਤੋਂ ਬਾਅਦ ਰੋਂਦੇ ਹੋਏ ਅਤੇ ਭਾਵਨਾਤਮਕ ਟਿੱਪਣੀਆਂ ਕਰਦੇ ਹੋਏ ਦਿਖਾਇਆ ਜਾ ਰਿਹਾ ਹੈ। ਫ਼ਿਲਮ ਦਾ ਮਕਸਦ ਹੀ ਇਹੋ ਹੈ ਕਿ ਕਸ਼ਮੀਰੀ ਪੰਡਿਤਾਂ ਦੀ ਤ੍ਰਾਸਦੀ ਦਿਖਾ ਕੇ ਲੋਕਾਂ ਨੂੰ ਨਕਾਰਾਤਮਕ ਭਾਵਨਾ ਅਤੇ ਗੁੱਸੇ ਨਾਲ਼ ਭਰ ਦਿੱਤਾ ਜਾਵੇ। ਪਰ ਜੇਕਰ ਕੋਈ ਵਿਅਕਤੀ ਕਸ਼ਮੀਰੀ ਪੰਡਤਾਂ ਦੀ ਤ੍ਰਾਸਦੀ ਦੇ ਕਾਰਨਾਂ ਨੂੰ ਜਾਨਣ ਦੀ ਉਤਸੁਕਤਾ ਨਾਲ਼ ਫ਼ਿਲਮ ਦੇਖਣ ਜਾਵੇਗਾ ਤਾਂ ਉਸਦੇ ਹੱਥ ਨਿਰਾਸ਼ਾ ਹੀ ਲੱਗੇਗੀ। ਫ਼ਿਲਮ ਵਿੱਚ ਕਸ਼ਮੀਰੀ ਪੰਡਤਾਂ ਦੀ ਸਮੱਸਿਆ ਅਤੇ ਤ੍ਰਾਸਦੀ ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਪੈਦਾ ਹੋਈ ਕਸ਼ਮੀਰ ਸਮੱਸਿਆ ਅਤੇ ਤ੍ਰਾਸਦੀ ਦੇ ਇੱਕ ਅੰਗ ਵਜੋਂ ਦਿਖਾਉਣ ਦੀ ਬਜਾਇ ਉਸ ਨੂੰ ਇੱਕ ਆਜ਼ਾਦ ਸਮੱਸਿਆ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਫ਼ਿਲਮ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਤੱਕ ਨਹੀਂ ਮਿਲਦਾ ਕਿ ਕਿਸ ਤਰ੍ਹਾਂ ਆਜ਼ਾਦੀ ਤੋਂ ਬਾਅਦ ਕਸ਼ਮੀਰੀਆਂ ਨੇ ਇਸਲਾਮ ਦੇ ਆਧਾਰ ’ਤੇ ਬਣੇ ਪਾਕਿਸਤਾਨ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਸੀ। ਕਸ਼ਮੀਰ ਵਿੱਚ ਰਾਇਸ਼ੁਮਾਰੀ ਕਰਾਉਣ ਦੇ ਵਾਅਦੇ ਤੋਂ ਭਾਰਤੀ ਸਟੇਟ ਦੇ ਮੁੱਕਰ ਜਾਣ, ਉਸਦੇ ਤਾਨਾਸ਼ਾਹੀ ਭਰੇ ਅਤੇ ਗ਼ੈਰ-ਜਮਹੂਰੀ ਚਰਿੱਤਰ ਕਾਰਨ ਕਸ਼ਮੀਰ ਸਮੱਸਿਆ ਲਗਾਤਾਰ ਉਲਝਦੀ ਚਲੀ ਗਈ ਜਿਸਦਾ ਸਿੱਟਾ ਕਸ਼ਮੀਰ ਘਾਟੀ ਦੀ ਮੁਸਲਮਾਨ ਅਬਾਦੀ ਵਿੱਚ ਲਗਾਤਾਰ ਵੱਧਦੀ ਬੇਗਾਨਗੀ ਦੇ ਰੂਪ ਵਿੱਚ ਸਾਹਮਣੇ ਆਇਆ। ਫ਼ਿਲਮ ਵਿੱਚ ਇਸਦਾ ਕੋਈ ਵੀ ਹਵਾਲਾ ਨਹੀਂ ਮਿਲਦਾ ਕਿ ਕਸ਼ਮੀਰੀ ਮੁਸਲਮਾਨ ਅਬਾਦੀ ਵਿੱਚ ਭਾਰਤ ਦੀ ਰਾਜ-ਸੱਤਾ ਪ੍ਰਤੀ ਵਧਦੀ ਬੇਗਾਨਗੀ ਦੇ ਬਾਵਜੂਦ 1980 ਦੇ ਦਹਾਕੇ ਦੇ ਮਗਰਲੇ ਅੱਧ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਦੀ ਘੱਟ-ਗਿਣਤੀ ਅਬਾਦੀ ਦੇ ਖ਼ਿਲਾਫ਼ ਪੱਖਪਾਤੀ ਰੁਝਾਨ ਭਾਵੇਂ ਹੋਣ ਪਰ ਨਫ਼ਰਤ ਅਤੇ ਹਿੰਸਾ ਜਿਹੇ ਹਾਲਾਤ ਨਹੀਂ ਸਨ। ਅਜਿਹੇ ਹਾਲਾਤ ਪੈਦਾ ਕਰਨ ਵਿੱਚ 1980 ਦੇ ਦਹਾਕੇ ’ਚ ਘਟੀਆਂ ਕੁੱਝ ਅਹਿਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਦੀ ਭੂਮਿਕਾ ਸੀ।
11 ਫ਼ਰਵਰੀ 1984 ਨੂੰ ਭਾਰਤੀ ਅਤੇ ਪਾਕਿਸਤਾਨੀ ਕਬਜ਼ੇ ਵਾਲ਼ੇ ਸਮੁੱਚੇ ਕਸ਼ਮੀਰ ਦੀ ਆਜ਼ਾਦੀ ਦੀ ਮੰਗ ਨੂੰ ਲੈ ਕੇ ਹਥਿਆਰਬੰਦ ਸੰਘਰਸ਼ ਦੇ ਹਮਾਇਤੀ ਹਰਮਨ-ਪਿਆਰੇ ਨੇਤਾ ਮਕਬੂਲ ਭੱਟ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਜਿਸਨੇ ਕਸ਼ਮੀਰੀ ਨੌਜਵਾਨਾਂ ਵਿੱਚ ਬੇਚੈਨੀ ਵਧਾਉਣ ਦਾ ਕੰਮ ਕੀਤਾ। ਜੁਲਾਈ 1984 ਵਿੱਚ ਇੰਦਰਾ ਗਾਂਧੀ ਨੇ ਫ਼ਾਰੂਕ ਅਬਦੁੱਲਾ ਦੀ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਜਿਸ ਨਾਲ਼ ਘਾਟੀ ਵਿੱਚ ਇੱਕ ਵਾਰ ਫੇਰ ਬੇਚੈਨੀ ਵਧਣ ਲੱਗੀ। ਸ੍ਰੀਨਗਰ ਵਿੱਚ 72 ਦਿਨਾਂ ਤੱਕ ਕਰਫਿਊ ਲੱਗਿਆ ਰਿਹਾ ਪਰ 1986 ਵਿੱਚ ਫ਼ਾਰੂਕ ਅਬਦੁੱਲਾ ਨੇ ਭਾਰਤ ਦੇ ਤੱਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ਼ ਸਮਝੌਤਾ ਕੀਤਾ ਅਤੇ ਉਹ ਇੱਕ ਵਾਰ ਫਿਰ ਮੁੱਖ ਮੰਤਰੀ ਬਣੇ। ਮਾਰਚ 1987 ਵਿੱਚ ਜੰਮੂ ਤੇ ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਸੰਪੰਨ ਹੋਈਆਂ ਜਿਸ ਵਿੱਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੇ ਗੱਠਜੋੜ ਬਣਾਇਆ। ਇਨ੍ਹਾਂ ਚੋਣਾਂ ਵਿੱਚ ਵੱਡੇ ਪੱਧਰ ਉੱਤੇ ਧਾਂਦਲੀ ਹੋਈ। ਵਿਰੋਧੀ ਪਾਰਟੀ ਮੁਸਲਿਮ ਯੂਨਾਈਟਿਡ ਫਰੰਟ (ਐੱਮਯੂਐੱਫ਼) ਦੀ ਕਸ਼ਮੀਰ ਘਾਟੀ ਵਿੱਚ ਜ਼ਬਰਦਸਤ ਹਰਮਨ-ਪਿਆਰਤਾ ਦੇ ਬਾਵਜੂਦ ਚੋਣ ਧਾਂਦਲੀ ਦੇ ਕਾਰਨ ਇਸਨੂੰ ਵਿਧਾਨ ਸਭਾ ਵਿੱਚ ਸੀਟਾਂ ਨਹੀਂ ਮਿਲੀਆਂ। ਇਸ ਚੋਣ-ਧਾਂਦਲੀ ਉਪਰੰਤ ਕਸ਼ਮੀਰੀ ਨੌਜਵਾਨਾਂ ਦੀ ਵੱਡੀ ਅਬਾਦੀ ਦਾ ਚੋਣ ਪ੍ਰਕਿਰਿਆ ਤੋਂ ਭਰੋਸਾ ਉੱਠ ਗਿਆ ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਬੰਦੂਕਾਂ ਚੁੱਕ ਲਈਆਂ। ਇਸ ਤੋਂ ਬਾਅਦ ਹੀ ਕਸ਼ਮੀਰ ਵਿੱਚ ਹਥਿਆਰਬੰਦ ਸੰਘਰਸ਼ ਪ੍ਰਭਾਵੀ ਰੂਪ ਵਿੱਚ ਸਾਹਮਣੇ ਆਇਆ। ਧਿਆਨਦੇਣਯੋਗ ਹੈ ਕਿ ਜਿੰਨ੍ਹਾਂ ਲੀਡਰਾਂ ਨੇ ਬਾਅਦ ਵਿੱਚ ਅੱਤਵਾਦ ਦਾ ਰਾਹ ਫੜਿਆ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ 1987 ਦੀਆਂ ਚੋਣਾਂ ਵਿੱਚ ਹਿੱਸਾ ਲਿਆ ਸੀ ਅਤੇ ਚੋਣ-ਧਾਂਦਲੀ ਕਾਰਨ ਉਨ੍ਹਾਂ ਦਾ ਮੋਹ ਭੰਗ ਹੋਇਆ। 1986 ਵਿੱਚ ਹੋਂਦ ਵਿੱਚ ਆਈ ਇਸਲਾਮਿਕ ਸਟੂਡੈਂਟਸ ਲੀਗ ਦੇ ਚਾਰ ਪ੍ਰਮੁੱਖ ਮੈਂਬਰਾਂ- ਅਬਦੁਲ ਹਮੀਦ ਸ਼ੇਖ, ਅਸ਼ਫਾਕ ਮਾਜ਼ਿਦ ਵਾਨੀ, ਜਾਵੇਦ ਅਹਿਮਦ ਮੀਰ ਅਤੇ ਯਾਸੀਨ ਮਲਿਕ-ਜਿੰਨ੍ਹਾਂ ਨੂੰ ਹਾਜੀ ਗਰੁੱਪ ਕਿਹਾ ਜਾਂਦਾ ਸੀ, ਨੇ ਐਮਯੂਐਫ਼ ਦੇ ਸਮਰਥਨ ਵਿੱਚ ਚੋਣ-ਪ੍ਰਚਾਰ ਕੀਤਾ ਸੀ। ਇੱਥੋਂ ਤੱਕ ਕਿ ਹਿਜ਼ਬੁਲ ਮੁਜਾਹਿਦੀਨ ਦਾ ਮੁਖੀ ਸੱਯਦ ਸਲਾਹੁਦੀਨ ਜਿਸਦਾ ਅਸਲੀ ਨਾਂ ਮੁਹੰਮਦ ਯੂਸੁਫ਼ ਸ਼ਾਹ ਹੈ, ਨੇ ਵੀ ਐਮਯੂਐਫ਼ ਦੇ ਉਮੀਦਵਾਰ ਦੇ ਰੂਪ ਵਿੱਚ 1987 ਦੀਆਂ ਚੋਣਾਂ ਵਿੱਚ ਭਾਗੀਦਾਰੀ ਕੀਤੀ ਸੀ। 1987 ਦੀਆਂ ਚੋਣਾਂ ਵਿੱਚ ਹੋਈ ਵਿਆਪਕ ਧਾਂਦਲੀ ਦੌਰਾਨ ਕਸ਼ਮੀਰ ਵਿੱਚ ਜੋ ਲੋਕ-ਉਭਾਰ ਦੇਖਣ ਨੂੰ ਮਿਲਿਆ ਉਸ ਪਿੱਛੇ ਪਿਛਲੇ 40 ਸਾਲਾਂ ਦਾ ਕੁਸ਼ਾਸਨ, ਆਰਥਿਕ ਮੰਦਹਾਲੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵੀ ਪ੍ਰਮੁੱਖ ਕਾਰਨ ਸਨ। 1988 ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਦੇ ਖਿਲਾਫ਼ ਹੋਏ ਪ੍ਰਦਰਸ਼ਨ ਦੇ ਦਮਨ ਨਾਲ਼ ਕਸ਼ਮੀਰ ਘਾਟੀ ਦੇ ਲੋਕਾਂ ਵਿੱਚ ਜ਼ਬਰਦਸਤ ਗੁੱਸਾ ਦੇਖਣ ਨੂੰ ਮਿਲਿਆ। ਉਸੇ ਸਾਲ ਮਕਬੂਲ ਭੱਟ ਦੀ ਬਰਸੀ ’ਤੇ ਪੁਲਿਸ ਨੇ ਕਸ਼ਮੀਰੀ ਆਜ਼ਾਦੀ ਦੇ ਸਮੱਰਥਕਾਂ ਉੱਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਹੀ ਉਹ ਦੌਰ ਸੀ ਜਦੋਂ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਵਿੱਚ ਅਮਰੀਕਾ ਦੀ ਮੱਦਦ ਨਾਲ਼ ਸੋਵੀਅਤ ਸੰਘ ਦੇ ਖ਼ਿਲਾਫ਼ ਲੜਾਈ ਵਿੱਚ ਸਿਖਲਾਈ-ਪ੍ਰਾਪਤ ਮੁਜਾਹਿਦੀਨਾਂ ਨੂੰ ਕਸ਼ਮੀਰ ਵਿੱਚ ਜਿਹਾਦ ਲਈ ਭੇਜਣਾ ਸ਼ੁਰੂ ਕੀਤਾ ਅਤੇ ਕਸ਼ਮੀਰ ਦੀ ਆਜ਼ਾਦੀ ਦੇ ਸੰਘਰਸ਼ ਨੂੰ ਇਸਲਾਮਿਕ ਕੱਟੜਪੰਥੀ ਰੰਗ ਦੇਣ ਦੀ ਕੋਝੀ ਚਾਲ ਚੱਲੀ ਜਿਸ ਨੇ ਕਸ਼ਮੀਰ ਦੀ ਆਜ਼ਾਦੀ ਦੇ ਸੰਘਰਸ਼ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਘੱਟ-ਗਿਣਤੀ ਕਸ਼ਮੀਰੀ ਪੰਡਤਾਂ ਦੇ ਖ਼ਿਲਾਫ਼ ਨਫ਼ਰਤ ਫੈਲਾਉਣ ਵਿੱਚ ਪ੍ਰਮੁੱਖ ਭੂਮਿਕਾ ਅਦਾ ਕੀਤੀ।
ਇਸ ਸੰਦਰਭ ਤੋਂ ਬਿਨ੍ਹਾਂ 1989-90 ਵਿੱਚ ਹੋਏ ਕਸ਼ਮੀਰੀ ਪੰਡਤਾਂ ਦੇ ਕਤਲੇਆਮ ਅਤੇ ਉਸ ਉਪਰੰਤ ਉਨ੍ਹਾਂ ਦੇ ਪਲਾਇਨ ਨੂੰ ਸਮਝਿਆ ਹੀ ਨਹੀਂ ਜਾ ਸਕਦਾ। ਪਰ ‘ਦ ਕਸ਼ਮੀਰ ਫ਼ਾਈਲਜ਼’ ਦਾ ਉਦੇਸ਼ ਇਹ ਸਮਝਾਉਣਾ ਨਹੀਂ, ਸਗੋਂ ਲੋਕਾਂ ਦੀਆਂ ਨਾੜਾਂ ਵਿੱਚ ਨਫ਼ਰਤ ਦੇ ਟੀਕੇ ਲਾਉਣਾ ਹੈ। ਇਹੋ ਕਾਰਨ ਹੈ ਕਿ ਇਸ ਫ਼ਿਲਮ ਵਿੱਚੋਂ ਕਸ਼ਮੀਰ ਦੇ ਇਸ ਸਮਕਾਲੀ ਇਤਿਹਾਸ ਨੂੰ ਪੂਰੀ ਤਰ੍ਹਾਂ ਨਾਲ਼ ਗਾਇਬ ਕਰ ਦਿੱਤਾ ਗਿਆ ਹੈ ਅਤੇ ਇਤਿਹਾਸ ਦੇ ਨਾਂ ਉੱਤੇ ਚੋਣਵੇਂ ਢੰਗ ਨਾਲ਼ ਕਸ਼ਮੀਰ ਦੇ ਪ੍ਰਾਚੀਨ ਇਤਿਹਾਸ ਦੀ ਸ਼ਾਨ ਅਤੇ ਮੱਧਕਾਲੀ ਜਗੀਰੂ ਮੁਸਲਿਮ ਸ਼ਾਸਕਾਂ ਦੇ ਜ਼ੁਲਮਾਂ ਦੇ ਕਿੱਸੇ ਸੁਣਾਏ ਗਏ ਜਿੰਨ੍ਹਾਂ ਦਾ ਮੌਜੂਦਾ ਕਸ਼ਮੀਰ ਸਮੱਸਿਆ ਅਤੇ ਕਸ਼ਮੀਰੀ ਪੰਡਤਾਂ ਦੇ ਪਲਾਇਨ ਨਾਲ਼ ਕੋਈ ਵਾਹ-ਵਾਸਤਾ ਨਹੀਂ ਹੈ ਅਤੇ ਜੋ ਸੰਘ ਦੀਆਂ ਸ਼ਾਖਾਵਾਂ ਤੋਂ ਉਧਾਰੇ ਲਏ ਗਏ ਹਨ। ਇਹ ਪੂਰਾ ਬਿਉਰਾ ਸੰਘ ਦੇ ‘ਹਿੰਦੂ ਖ਼ਤਰੇ ਵਿੱਚ ਹੈ’ ਅਤੇ ‘ਇਸਲਾਮ ਹੈ ਹੀ ਕੱਟੜ’ ਦੇ ਪ੍ਰਾਪੇਗੰਡੇ ਦੇ ਅਨੁਸਾਰੀ ਹੈ। ਫ਼ਿਲਮ ਵਿੱਚ ਸਮੁੱਚੀ ਕਸ਼ਮੀਰੀ ਮੁਸਲਮਾਨ ਅਬਾਦੀ ਨੂੰ ਇੱਕੋ ਰੱਸੇ ਬੰਨ੍ਹਦੇ ਹੋਏ ਇੱਕੋ ਸਮੂਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਸਾਰੇ ਮੁਸਲਮਾਨ ਕਿਰਦਾਰ ਜਾਂ ਤਾਂ ਕਸ਼ਮੀਰੀ ਪੰਡਤਾਂ ਦੇ ਖ਼ੂਨ ਦੇ ਪਿਆਸੇ ਹਨ ਜਾਂ ਉਨ੍ਹਾਂ ਦੀ ਜਾਇਦਾਦ ਹੜੱਪਣ ਲਈ ਲਾਲਾਂ ਸੁੱਟ ਰਹੇ ਹਨ ਜਾਂ ਉਨ੍ਹਾਂ ਦੀਆਂ ਔਰਤਾਂ ਉੱਤੇ ਬੁਰੀ ਨਜ਼ਰ ਰੱਖਦੇ ਹਨ। ਮੁਸਲਿਮ ਬੱਚੇ ਪਾਕਿਸਤਾਨੀ ਕ੍ਰਿਕਟ ਟੀਮ ਦੇ ਸਮੱਰਥਕ ਹਨ, ਮੁਸਲਿਮ ਔਰਤਾਂ ਰਾਸ਼ਨ ਡਿੱਪੂ ਉੱਤੇ ਪੂਰੇ ਅਨਾਜ ਉੱਤੇ ਕਬਜ਼ਾ ਕਰ ਲੈਂਦੀਆਂ ਹਨ ਤਾਂ ਜੋ ਪੰਡਤਾਂ ਨੂੰ ਰਾਸ਼ਨ ਨਾ ਮਿਲੇ। ਮੁਸਲਿਮ ਗੁਆਂਢੀ ਪੰਡਤਾਂ ਦੇ ਭੱਜਣ ਦਾ ਇੰਤਜ਼ਾਰ ਕਰਦੇ ਹਨ ਤਾਂ ਜੋ ਉਨ੍ਹਾਂ ਦੀ ਸੰਪਤੀ ਉੱਤੇ ਕਬਜ਼ਾ ਕਰ ਲੈਣ। ਮੌਲਵੀ ਦੀ ਬੁਰੀ ਨਜ਼ਰ ਪੰਡਤ ਔਰਤਾਂ ਉੱਪਰ ਟਿਕੀ ਰਹਿੰਦੀ ਹੈ। ਹਾਲਾਂਕਿ 1990 ਵਿੱਚ ਜਦੋਂ ਪੰਡਤਾਂ ਦੇ ਖ਼ਿਲਾਫ਼ ਨਫ਼ਰਤ ਆਪਣੇ ਸਿਖਰ ’ਤੇ ਸੀ ਉਦੋਂ ਕਸ਼ਮੀਰੀ ਮੁਸਲਮਾਨ ਅਬਾਦੀ ਵਿੱਚ ਅਜਿਹੇ ਲੋਕਾਂ ਦੀ ਮੌਜੂਦਗੀ ਅਤੇ ਇਸ ਤਰ੍ਹਾਂ ਦੀਆਂ ਕੁੱਝ ਘਟਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜਿਹੀਆਂ ਘਟਨਾਵਾਂ ਦੇ ਕੁੱਝ ਹਵਾਲੇ ਮੌਜੂਦ ਹਨ ਪਰ ਉਸ ਸਮੇਂ ਦੇ ਜਿੰਨੇ ਵੀ ਹਵਾਲੇ, ਰਿਪੋਰਟਾਂ ਮੌਜੂਦ ਹਨ ਜਿੰਨ੍ਹਾਂ ਵਿੱਚ ਕਸ਼ਮੀਰੀ ਪੰਡਤਾਂ ਦੇ ਹਵਾਲੇ ਵੀ ਉਪਲੱਬਧ ਹਨ ਉਹ ਇਹ ਵੀ ਦੱਸਦੇ ਹਨ ਕਿ ਅਨੇਕਾਂ ਕਸ਼ਮੀਰੀ ਮੁਸਲਮਾਨਾਂ ਨੇ ਪੰਡਤਾਂ ਨੂੰ ਬਚਾਇਆ ਵੀ ਸੀ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਪੰਡਤ ਘਾਟੀ ਛੱਡ ਕੇ ਜਾਣ। ਪਰ ‘ਦ ਕਸ਼ਮੀਰ ਫ਼ਾਈਲਜ਼’ ਵਿੱਚ ਅਜਿਹਾ ਇੱਕ ਵੀ ਮੁਸਲਮਾਨ ਕਿਰਦਾਰ ਮੌਜੂਦ ਨਹੀਂ ਹੈ ਜੋ ਪੰਡਤਾਂ ਦੇ ਪਲਾਇਨ ਤੋਂ ਦੁਖੀ ਹੋਇਆ ਦਿਖਾਇਆ ਹੋਵੇ। ਕਾਰਨ ਸਾਫ਼ ਹੈ ਕਿ ਅਜਿਹੇ ਕਿਰਦਾਰ ਦੇ ਹੋਣ ਨਾਲ਼ ਨਫ਼ਰਤ ਦਾ ਅਸਰ ਥੋੜ੍ਹਾ ਘਟ ਜਾਂਦਾ।
ਫ਼ਿਲਮ ਵਿੱਚ ਬੜੀ ਹੀ ਚਲਾਕੀ ਨਾਲ਼ ਇਹ ਸੱਚਾਈ ਵੀ ਪੂਰੀ ਤਰ੍ਹਾਂ ਨਾਲ਼ ਗਾਇਬ ਕਰ ਦਿੱਤੀ ਗਈ ਹੈ ਕਿ ਜਿਸ ਦੌਰ ਵਿੱਚ ਕਸ਼ਮੀਰੀ ਪੰਡਤਾਂ ਉੱਪਰ ਹਮਲੇ ਹੋ ਰਹੇ ਸਨ ਉਸ ਸਮੇਂ ਅਨੇਕਾਂ ਕਸ਼ਮੀਰੀ ਮੁਸਲਮਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਜਿੰਨ੍ਹਾਂ ਵਿੱਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਲੀਡਰਾਂ ਤੋਂ ਇਲਾਵਾ ਮੀਰਵਾਈਜ਼ ਮੁਹੰਮਦ ਫ਼ਾਰੂਕ ਜਿਹੇ ਕਈ ਨਰਮਪੱਖੀ ਵੱਖਵਾਦੀ ਨੇਤਾ ਅਤੇ ਆਮ ਕਸ਼ਮੀਰੀ ਮੁਸਲਮਾਨ ਵੀ ਸ਼ਾਮਲ ਸਨ। ਪਾਕਿਸਤਾਨ-ਪ੍ਰਸਤ ਇਸਲਾਮਿਕ ਕੱਟੜਪੰਥੀਆਂ ਦੇ ਨਿਸ਼ਾਨੇ ਉੱਤੇ ਉਹ ਸਾਰੇ ਲੋਕ ਸਨ ਜੋ ਕਸ਼ਮੀਰ ਦੇ ਪਾਕਿਸਤਾਨ ਵਿੱਚ ਸ਼ਾਮਿਲ ਹੋਣ ਦਾ ਵਿਰੋਧ ਕਰ ਰਹੇ ਸਨ, ਭਾਵੇਂ ਉਹ ਭਾਰਤ ਦੇ ਨਜ਼ਰੀਏ ਤੋਂ ਵਿਰੋਧ ਕਰ ਰਹੇ ਹੋਣ ਜਾਂ ਕਸ਼ਮੀਰ ਦੀ ਆਜ਼ਾਦੀ ਦੇ ਨਜ਼ਰੀਏ ਤੋਂ। ਅੱਤਵਾਦ ਦੇ ਦੌਰ ਵਿੱਚ ਕਸ਼ਮੀਰੀ ਪੰਡਤਾਂ ਨਾਲ਼ੋਂ ਕਈ ਗੁਣਾ ਜ਼ਿਆਦਾ ਕਸ਼ਮੀਰੀ ਮੁਸਲਮਾਨਾਂ ਦੀਆਂ ਮੌਤਾਂ ਹੋਈਆਂ। ਪਰ ਜੇਕਰ ਵਿਵੇਕ ਅਗਨੀਹੋਤਰੀ ਇਸ ਸੱਚਾਈ ਨੂੰ ਦਿਖਾਉਣ ਲੱਗ ਜਾਂਦੇ ਤਾਂ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਭਲਾ ਕਿਵੇਂ ਫੈਲਾ ਪਾਉਂਦੇ ਅਤੇ ਕਸ਼ਮੀਰ ਸਮੱਸਿਆ ਨੂੰ ਹਿੰਦੂ ਬਨਾਮ ਮੁਸਲਮਾਨ ਦੀ ਲੜਾਈ ਦੇ ਰੂਪ ਵਿੱਚ ਕਿਵੇਂ ਦਿਖਾ ਪਾਉਂਦੇ!
ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਜੇਐਨਯੂ ਵਿੱਚ ਜਦੋਂ ਪ੍ਰੋ. ਰਾਧਿਕਾ ਮੈਨਨ ਕਸ਼ਮੀਰ ਵਿੱਚ ਭਾਰਤੀ ਸੈਨਾ ਦੁਆਰਾ ਕੀਤੇ ਗਏ ਜ਼ੁਲਮਾਂ ਦੀ ਚਰਚਾ ਕਰਦੇ ਹੋਏ ਕਸ਼ਮੀਰ ਵਿੱਚ ਲੱਭੀਆਂ ਗਈਆਂ 7000 ਤੋਂ ਵੀ ਜ਼ਿਆਦਾ ਗੁੰਮਨਾਮ ਖਬਰਾਂ ਦਾ ਹਵਾਲਾ ਦਿੰਦੀ ਹੈ ਤਾਂ ਫ਼ਿਲਮ ਦਾ ਮੁੱਖ ਕਿਰਦਾਰ ਕ੍ਰਿਸ਼ਨਾ ਫੌਰਨ ਬੋਲ ਪੈਂਦਾ ਹੈ ਕਿ ‘ਵ੍ਹਾਟ ਅਬਾਊਟ ਬਟ ਮਜ਼ਾਰ’? ਜਦੋਂ ਪ੍ਰੋਫੈਸਰ ਪੁੱਛਦੀ ਹੈ ਕਿ ਬਟ ਮਜ਼ਾਰ ਕੀ ਹੈ ਤਾਂ ਉਹ ਦੱਸਦਾ ਹੈ ਕਿ ਉੱਥੇ ਇੱਕ ਲੱਖ ਕਸ਼ਮੀਰੀ ਹਿੰਦੂਆਂ ਨੂੰ ਡੱਲ ਲੇਕ ਵਿੱਚ ਡੁਬੋ ਕੇ ਮਾਰ ਦਿੱਤਾ ਗਿਆ। ਇੰਨੇ ਜ਼ਿਆਦਾ ਲੋਕ ਮਰੇ ਕਿ ਸਿਰਫ਼ ਉਨ੍ਹਾਂ ਦੇ ਜੇਨਊਆਂ ਤੋਂ ਹੀ 7 ਵੱਡੇ ਟਿੱਲੇ ਬਣ ਗਏ ਸਨ। ਇਹ ਦ੍ਰਿਸ਼ ਵ੍ਹਾਟਅਬਾਊਟਰੀ ਦੀ ਟਿਪੀਕਲ ਸੰਘੀ ਸ਼ੈਲੀ ਦਾ ਨਮੂਨਾ ਹੈ। ਇਸ ਵਿੱਚ ਬੜੀ ਹੀ ਚਲਾਕੀ ਨਾਲ਼ ਅੱਜ ਦੇ ਕਸ਼ਮੀਰ ਵਿੱਚ ਹੋਏ ਜ਼ੁਲਮ ਦੇ ਮੁਕਾਬਲੇ ਮੱਧਕਾਲ ਦੀ ਕਿਸੇ ਘਟਨਾ ਨੂੰ ਰੱਖ ਦਿੱਤਾ ਜਾਂਦਾ ਹੈ ਅਤੇ ਉਸਦਾ ਸਮਾਂ ਜਾਣ-ਬੁੱਝ ਕੇ ਨਹੀਂ ਦੱਸਿਆ ਜਾਂਦਾ ਤਾਂ ਜੋ ਦਰਸ਼ਕਾਂ ਨੂੰ ਅਜਿਹਾ ਲੱਗੇ ਕਿ ਆਧੁਨਿਕ ਕਸ਼ਮੀਰ ਵਿੱਚ ਪੰਡਤਾਂ ਨਾਲ਼ ਅਜਿਹੀ ਘਟਨਾ ਘਟੀ ਹੈ ਅਤੇ ਉਨ੍ਹਾਂ ਦਾ ਦਿਲ ਕਸ਼ਮੀਰੀ ਮੁਸਲਮਾਨਾਂ ਪ੍ਰਤੀ ਨਫ਼ਰਤ ਨਾਲ਼ ਭਰ ਉੱਠੇ।
ਫ਼ਿਲਮ ਵਿੱਚ ਬੜੀ ਹੀ ਮੱਕਾਰੀ ਨਾਲ਼ ਇਹ ਸਚਾਈ ਵੀ ਲੁਕੋ ਲਈ ਗਈ ਹੈ ਕਿ ਜਿਸ ਦੌਰ ਵਿੱਚ ਕਸ਼ਮੀਰੀ ਪੰਡਤਾਂ ਨਾਲ਼ ਸਭ ਤੋਂ ਘਿਨਾਉਣੇ ਅਪਰਾਧ ਹੋਏ ਉਸ ਸਮੇਂ ਦਿੱਲੀ ਵਿੱਚ ਵੀ.ਪੀ. ਸਿੰਘ ਦੀ ਸਰਕਾਰ ਸੀ ਜਿਹੜੀ ਭਾਜਪਾ ਦੇ ਸਮਰਥਨ ਤੋਂ ਬਿਨਾਂ ਇੱਕ ਦਿਨ ਵੀ ਨਹੀਂ ਚੱਲ ਸਕਦੀ ਸੀ। ਪਰ ਭਾਜਪਾ ਨੇ ਕਸ਼ਮੀਰੀ ਪੰਡਤਾਂ ਉੱਪਰ ਹੋਣ ਵਾਲ਼ੇ ਜ਼ੁਲਮਾਂ ਦੇ ਮੁੱਦੇ ਉੱਤੇ ਸਰਕਾਰ ਤੋਂ ਸਮਰਥਨ ਵਾਪਸ ਨਹੀਂ ਲਿਆ। ਫ਼ਿਲਮ ਵਿੱਚ ਉਸ ਦੌਰ ਨੂੰ ਕੁੱਝ ਇਸ ਤਰ੍ਹਾਂ ਨਾਲ਼ ਪੇਸ਼ ਕੀਤਾ ਗਿਆ ਹੈ ਜਿਵੇਂ ਉਸ ਸਮੇਂ ਰਾਜੀਵ ਗਾਂਧੀ ਦੀ ਕਾਂਗਰਸੀ ਸਰਕਾਰ ਹੋਵੇ। ਇਹ ਸਭ ਦਿਖਾਉਂਦਾ ਹੈ ਕਿ ਫ਼ਿਲਮਕਾਰ ਦਾ ਉਦੇਸ਼ ਸੱਚ ਦਿਖਾਉਣਾ ਨਹੀਂ ਸਗੋਂ ਸੰਘ ਪਰਿਵਾਰ ਦਾ ਪ੍ਰਾਪੇਗੰਡਾ ਫੈਲਾਉਣਾ ਹੈ।
ਵੀ.ਪੀ. ਸਿੰਘ ਦੀ ਸਰਕਾਰ 2 ਦਸੰਬਰ 1989 ਵਿੱਚ ਸੱਤਾ ਵਿੱਚ ਆਈ ਸੀ ਅਤੇ 8 ਦਸੰਬਰ ਨੂੰ ਕਸ਼ਮੀਰੀ ਮਿਲੀਟੈਂਟਸ ਨੇ ਉਸ ਸਰਕਾਰ ਵਿਚ ਗ੍ਰਹਿ-ਮੰਤਰੀ ਮੁਫ਼ਤੀ ਮੁਹੰਮਦ ਸਈਅਦ ਦੀ ਧੀ ਰੂਬੀਆ ਸਈਦ ਨੂੰ ਅਗਵਾ ਕਰ ਲਿਆ ਸੀ। ਭਾਰਤ ਸਰਕਾਰ ਦੁਆਰਾ ਗ੍ਰਹਿ-ਮੰਤਰੀ ਦੀ ਧੀ ਦੀ ਰਿਹਾਈ ਦੇ ਬਦਲੇ ਪੰਜ ਮਿਲੀਟੈਂਟਾਂ ਨੂੰ ਰਿਹਾਅ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਮਿਲੀਟੈਂਸੀ ਦਾ ਬੋਲਬਾਲਾ ਹੋ ਗਿਆ ਸੀ ਅਤੇ ਕਸ਼ਮੀਰੀ ਪੰਡਤਾਂ ਦੇ ਕਤਲਾਂ ਵਿੱਚ ਤੇਜ਼ੀ ਨਾਲ਼ ਵਾਧਾ ਹੋਇਆ। 18 ਜਨਵਰੀ 1990 ਨੂੰ ਫ਼ਾਰੂਕ ਅਬਦੁੱਲਾ ਦੀ ਸਰਕਾਰ ਅਸਤੀਫ਼ਾ ਦਿੰਦੀ ਹੈ ਅਤੇ ਕਸ਼ਮੀਰ ਵਿੱਚ ਦੂਜੀ ਵਾਰ ਰਾਜਪਾਲ ਦੇ ਅਹੁਦੇ ਉੱਤੇ ਬਦਨਾਮ ਜਗਮੋਹਨ ਨੂੰ ਨਿਯੁਕਤ ਕੀਤਾ ਜਾਂਦਾ ਹੈ। ਕਈ ਕਸ਼ਮੀਰੀ ਪੰਡਤਾਂ ਸਮੇਤ ਅਨੇਕਾਂ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਦਾ ਇਹ ਮੰਨਣਾ ਹੈ ਕਿ ਜਗਮੋਹਨ ਨੇ ਖ਼ੁਦ ਕਸ਼ਮੀਰੀ ਪੰਡਤਾਂ ਨੂੰ ਘਾਟੀ ਛੱਡਣ ਲਈ ਕਿਹਾ ਸੀ ਅਤੇ ਉਨ੍ਹਾਂ ਦੇ ਪਲਾਇਨ ਲਈ ਗੱਡੀਆਂ ਤੱਕ ਉਪਲੱਬਧ ਕਰਾਈਆਂ ਤਾਂ ਜੋ ਉਨ੍ਹਾਂ ਨੂੰ ਘਾਟੀ ਵਿੱਚ ਜ਼ਾਲਿਮਾਨਾ ਤਰੀਕੇ ਨਾਲ਼ ਸੁਰੱਖਿਆ ਬਲਾਂ ਦਾ ਇਸਤੇਮਾਲ ਕਰਨ ਦਾ ਬਹਾਨਾ ਮਿਲ ਜਾਵੇ। ਹਾਲਾਂਕਿ ਇਹ ਵਿਆਖਿਆ ਵਿਵਾਦਪੂਰਨ ਹੈ ਪਰ ਇੰਨਾ ਤਾਂ ਤੈਅ ਹੈ ਕਿ ਜਗਮੋਹਨ ਦੇ ਕਾਰਜਕਾਲ ਵਿੱਚ ਕਸ਼ਮੀਰੀ ਪੰਡਤਾਂ ਨੂੰ ਸੁਰੱਖਿਅਤ ਮਾਹੌਲ ਨਹੀਂ ਮਿਲ ਸਕਿਆ ਜਿਸ ਕਾਰਨ ਪੰਡਤਾਂ ਨੂੰ ਪਲਾਇਨ ਕਰਨ ਲਈ ਮਜਬੂਰ ਹੋਣਾ ਪਿਆ। ਉਸ ਸਮੇਂ ਜੰਮੂ ਅਤੇ ਕਸ਼ਮੀਰ ਵਿੱਚ ਤੈਨਾਤ ਸੀਨੀਅਰ ਨੌਕਰਸ਼ਾਹ ਵਜਾਹਤ ਹਬੀਬੁੱਲਾ ਨੇ ਲਿਖਿਆ ਹੈ ਕਿ ਘਾਟੀ ਦੇ ਕਈ ਮੁਸਲਮਾਨਾਂ ਨੇ ਉਨ੍ਹਾਂ ਤੋਂ ਕਸ਼ਮੀਰੀ ਪੰਡਤਾਂ ਦੇ ਪਲਾਇਨ ਨੂੰ ਰੋਕਣ ਦੀ ਗੁਹਾਰ ਲਾਈ ਸੀ ਜਿਸ ਉਪਰੰਤ ਉਨ੍ਹਾਂ ਨੇ ਜਗਮੋਹਨ ਨੂੰ ਬੇਨਤੀ ਕੀਤੀ ਸੀ ਕਿ ਉਹ ਦੂਰਦਰਸ਼ਨ ਦੇ ਪ੍ਰਸਾਰਣ ਰਾਹੀਂ ਕਸ਼ਮੀਰੀ ਪੰਡਤਾਂ ਨੂੰ ਘਾਟੀ ਨਾ ਛੱਡਣ ਲਈ ਕਹਿਣ। ਪਰ ਜਗਮੋਹਨ ਨੇ ਅਜਿਹਾ ਕਰਨ ਦੀ ਥਾਂ ਇਹ ਘੋਸ਼ਣਾ ਕੀਤੀ ਕਿ ਜੇਕਰ ਕਸ਼ਮੀਰੀ ਪੰਡਿਤ ਘਾਟੀ ਛੱਡਦੇ ਹਨ ਤਾਂ ਉਨ੍ਹਾਂ ਦਾ ਇੰਤਜ਼ਾਮ ਸ਼ਰਨਾਰਥੀ ਕੈਂਪਾਂ ਵਿੱਚ ਕੀਤਾ ਜਾਵੇਗਾ ਅਤੇ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਤਨਖ਼ਾਹਾਂ ਮਿਲਦੀਆਂ ਰਹਿਣਗੀਆਂ। ਫ਼ਿਲਮ ਵਿੱਚ ਪੰਡਤਾਂ ਨੂੰ ਘਾਟੀ ਵਿੱਚ ਸੁਰੱਖਿਆ ਦਾ ਭਰੋਸਾ ਦੇਣ ਦੀ ਥਾਂ ਉਨ੍ਹਾਂ ਦੇ ਪਲਾਇਨ ਨੂੰ ਹਵਾ ਦੇਣ ਵਿੱਚ ਜਗਮੋਹਨ ਦੀ ਭੂਮਿਕਾ ਉੱਤੇ ਵੀ ਪੂਰੀ ਤਰ੍ਹਾਂ ਨਾਲ਼ ਪਰਦਾ ਪਾ ਦਿੱਤਾ ਗਿਆ ਹੈ। ਇਸ ਤਰ੍ਹਾਂ ਫ਼ਿਲਮ ਵਿੱਚ 19 ਜਨਵਰੀ 1990 ਨੂੰ ਸ੍ਰੀਨਗਰ ਵਿੱਚ ਕਸ਼ਮੀਰੀ ਪੰਡਤਾਂ ਉੱਪਰ ਹੋਏ ਹਮਲਿਆਂ ਅਤੇ ਉਨ੍ਹਾਂ ਖ਼ਿਲਾਫ਼ ਨਫ਼ਰਤ ਭਰੀ ਨਾਅਰੇਬਾਜ਼ੀ ਨੂੰ ਵਿਸਥਾਰ ਨਾਲ਼ ਦਿਖਾਇਆ ਗਿਆ ਹੈ ਪਰ ਇਸ ਸਚਾਈ ਨੂੰ ਲੁਕੋ ਦਿੱਤਾ ਗਿਆ ਹੈ ਕਿ ਉਸ ਤੋਂ ਦੋ ਦਿਨਾਂ ਬਾਅਦ ਹੀ ਸ੍ਰੀਨਗਰ ਦੇ ਗੌਕਦਲ ਪੁਲ ਕੋਲ ਸੀਆਰਪੀਐਫ਼ ਦੀ ਅੰਨ੍ਹੇਵਾਹ ਗੋਲੀਬਾਰੀ ਵਿੱਚ 50 ਤੋਂ ਜ਼ਿਆਦਾ ਕਸ਼ਮੀਰੀਆਂ ਦੀ ਜਾਨ ਚਲੀ ਗਈ ਸੀ ਜਿਸ ਤੋਂ ਬਾਅਦ ਘਾਟੀ ਦਾ ਮਾਹੌਲ ਹੋਰ ਖ਼ਰਾਬ ਹੋ ਗਿਆ ਸੀ।
ਮੁਸਲਮਾਨਾਂ ਤੋਂ ਬਿਨਾਂ ‘ਦ ਕਸ਼ਮੀਰ ਫ਼ਾਈਲਜ਼’ ਦੁਆਰਾ ਫੈਲਾਈ ਗਈ ਨਫ਼ਰਤ ਦਾ ਦੂਜਾ ਪ੍ਰਮੁੱਖ ਨਿਸ਼ਾਨਾ ਖੱਬੇ-ਪੱਖੀ ਹਨ। ਫ਼ਿਲਮ ਵਿੱਚ ਪੱਲਵੀ ਜੋਸ਼ੀ ਨੇ ਜੇਐੱਨਯੂ ਦੀ ਇੱਕ ਪ੍ਰੋਫ਼ੈਸਰ ਰਾਧਿਕਾ ਮੈਨਨ ਦਾ ਕਿਰਦਾਰ ਨਿਭਾਇਆ ਹੈ। ਪੱਲਵੀ ਜੋਸ਼ੀ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਇਸ ਕਿਰਦਾਰ ਨੂੰ ਉਨ੍ਹਾਂ ਨੇ ਇਸ ਤਰ੍ਹਾਂ ਨਿਭਾਇਆ ਹੈ ਕਿ ਲੋਕ ਉਸ ਨਾਲ਼ ਪੁੱਜ ਕੇ ਨਫ਼ਰਤ ਕਰਨ। ਇਸ ਪ੍ਰੋਫ਼ੈਸਰ ਨੂੰ ਦੇਸ਼ ਦੇ ਖ਼ਿਲਾਫ਼ ਕੰਮ ਕਰਨ ਵਾਲ਼ੇ ਇੱਕ ਧੋਖੇਬਾਜ਼ ਵਿਅਕਤੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਜਿਹੜਾ ਆਪਣੇ ਵਿਦਿਆਰਥੀਆਂ ਦਾ ‘ਬ੍ਰੇਨਵਾਸ਼’ ਕਰਕੇ ਉਨ੍ਹਾਂ ਨੂੰ ਭਾਰਤ ਖ਼ਿਲਾਫ਼ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਉਹ ਆਪਣੀ ਖੁੱਲ੍ਹੀ ਜਮਾਤ ਵਿੱਚ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦੀ ਹੈ ਅਤੇ ਉਸਦੇ ਵਿਦਿਆਰਥੀ ਭਾਰਤ ਦੇ ਟੋਟੇ ਕਰਨ ਦੇ ਨਾਅਰੇ ਲਾਉਂਦੇ ਹਨ। ਇਹ 2016 ਵਿੱਚ ਜੇਐਨਯੂ ਘਟਨਾਕ੍ਰਮ ਦਾ ਸੰਘੀ ਕੈਰੀਕੇਚਰ ਹੈ ਜਿਸ ਨੂੰ ਵਿਵੇਕ ਅਗਨੀਹੋਤਰੀ ਨੇ ਬੇਸ਼ਰਮੀ ਨਾਲ਼ ਦਿਖਾਇਆ ਹੈ।
ਇੰਨਾ ਹੀ ਨਹੀਂ ਫ਼ਿਲਮ ਵਿਚ ਸੰਘ ਪਰਿਵਾਰ ਦੁਆਰਾ ਫੈਲਾਏ ਜਾ ਰਹੇ ‘ਖੱਬੇਪੱਖੀ-ਜਿਹਾਦੀ ਗੱਠਜੋਡ਼’ ਦੇ ਫਰਜ਼ੀ ਨੈਰੇਟਿਵ ਨੂੰ ਵੀ ਹਾਸੋ-ਹੀਣੇ ਢੰਗ ਨਾਲ਼ ਪੇਸ਼ ਕੀਤਾ ਗਿਆ ਹੈ। ਪ੍ਰੋਫ਼ੈਸਰ ਰਾਧਿਕਾ ਆਪਣੇ ਵਿਦਿਆਰਥੀ ਕ੍ਰਿਸ਼ਨਾ ਨੂੰ ਕਸ਼ਮੀਰੀ ਅੱਤਵਾਦੀ ਬਿੱਟਾ ਕਰਾਟੇ ਨਾਲ਼ ਮੁਲਾਕਾਤ ਕਰਨ ਲਈ ਭੇਜਦੀ ਹੈ। ਬਿੱਟੇ ਦੇ ਘਰ ਵਿੱਚ ਇੱਕ ਤਸਵੀਰ ਦਿਖਾਈ ਗਈ ਹੈ ਜਿਸ ਵਿੱਚ ਬਿੱਟੇ ਨੇ ਰਾਧਿਕਾ ਦਾ ਹੱਥ ਫੜਿਆ ਹੋਇਆ ਹੈ। ਇਸ ਦ੍ਰਿਸ਼ ਦੀ ਪ੍ਰੇਰਨਾ ਕੁੱਝ ਸਾਲ ਪਹਿਲਾਂ ਅਰੁੰਧਤੀ ਰਾਏ ਅਤੇ ਯਾਸੀਨ ਮਲਿਕ ਦੀ ਇੱਕ ਤਸਵੀਰ ਤੋਂ ਲਈ ਗਈ ਹੈ ਜਿਸ ਨੂੰ ਸੰਘੀਆਂ ਵੱਲੋਂ ਬੇਸ਼ਰਮੀ ਨਾਲ਼ ਵਾਇਰਲ ਕੀਤਾ ਗਿਆ ਸੀ। ਇਹ ਦ੍ਰਿਸ਼ ਵਿਵੇਕ ਅਗਨੀਹੋਤਰੀ ਸਮੇਤ ਸਮੁੱਚੇ ਸੰਘ ਪਰਿਵਾਰ ਦੇ ਘੋਰ ਔਰਤ-ਵਿਰੋਧੀ ਕਿਰਦਾਰ ਨੂੰ ਵੀ ਸਾਹਮਣੇ ਲਿਆਉਂਦਾ ਹੈ। ਇਸ ਰਾਹੀਂ ਦੋਵਾਂ ਦੇ ਬੇਹੱਦ ਕਰੀਬੀ ਰਿਸ਼ਤੇ ਨੂੰ ਦਿਖਾਇਆ ਹੈ ਤਾਂਕਿ ਦਰਸ਼ਕ ਆਜ਼ਾਦੀ ਦੀ ਗੱਲ ਕਰਨ ਵਾਲ਼ੇ ਖੱਬੇ-ਪੱਖੀਆਂ ਨਾਲ਼ ਪੁੱਜ ਕੇ ਨਫ਼ਰਤ ਕਰਨ। ਬਿੱਟਾ ਕ੍ਰਿਸ਼ਨਾ ਨੂੰ ਜੇਐਨਯੂ ਦੇ ਪ੍ਰੈਜ਼ੀਡੈਂਟ ਦੀ ਚੋਣ ਲੜਨ ਲਈ ਵਧਾਈ ਦਿੰਦਾ ਹੈ ਅਤੇ ਜਾਂਦੇ ਸਮੇਂ ਉਸ ਨੂੰ ਪਸਤੌਲ ਫੜਾਉਂਦਾ ਹੈ। ਜੇਐੱਨਯੂ ਦੇ ਰਾਹੀਂ ਫ਼ਿਲਮਕਾਰ ਸਮੁੱਚੀ ਖੱਬੇ-ਪੱਖੀ ਵਿਚਾਰਧਾਰਾ ਪ੍ਰਤੀ ਲੋਕਾਂ ਵਿੱਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਦਰਸ਼ਕਾਂ ਦੇ ਦਿਮਾਗ ਵਿੱਚ ਇਹ ਕੁਨੈਕਸ਼ਨ ਬਣਿਆ ਰਹੇ ਇਸ ਲਈ ਜੇਐਨਯੂ ਦੇ ਦ੍ਰਿਸ਼ਾਂ ਦੀ ਪਿੱਠ-ਭੂਮੀ ਵਿੱਚ ਮਾਰਕਸ, ਲੈਨਿਨ ਅਤੇ ਮਾਓ ਆਦਿ ਦੀਆਂ ਤਸਵੀਰਾਂ ਨੂੰ ਪ੍ਰਮੁੱਖਤਾ ਨਾਲ਼ ਉਭਾਰਿਆ ਗਿਆ ਹੈ।
ਫ਼ਿਲਮ ਵਿੱਚ ਬੜੀ ਚਲਾਕੀ ਨਾਲ਼ ਮੁੱਖ ਕਿਰਦਾਰ ਵਿੱਚ ਬਿੱਟਾ ਕਰਾਟੇ ਅਤੇ ਯਾਸੀਨ ਮਲਿਕ ਦੇ ਕਿਰਦਾਰਾਂ ਨੂੰ ਇੱਕ-ਮਿੱਕ ਕਰ ਦਿੱਤਾ ਗਿਆ ਹੈ ਤਾਂਕਿ ਦਰਸ਼ਕ ਕਸ਼ਮੀਰੀ ਵੱਖਵਾਦੀਆਂ ਨੂੰ ਹੱਦ ਦਰਜੇ ਦੇ ਜ਼ਾਲਮ ਅਤੇ ਦੋਗਲੇ ਇਨਸਾਨ ਸਮਝਦੇ ਹੋਏ ਉਨ੍ਹਾਂ ਨੂੰ ਪੁੱਜ ਕੇ ਨਫ਼ਰਤ ਕਰਨ। ਇੱਕ ਪਾਸੇ ਬਿੱਟਾ 20 ਤੋਂ ਵੱਧ ਪੰਡਤਾਂ ਦੀ ਕਤਲ ਦੀ ਗੱਲ ਕਬੂਲਦਾ ਹੈ, ਉੱਥੇ ਹੀ ਦੂਜੇ ਪਾਸੇ ਗਾਂਧੀਵਾਦੀ ਢੰਗ ਨਾਲ਼ ਆਜ਼ਾਦੀ ਅੰਦੋਲਨ ਛੱਡਣ ਦੀ ਗੱਲ ਕਰਦਾ ਹੈ ਅਤੇ ਖੱਬੇ-ਪੱਖੀਆਂ ਨਾਲ਼ ਗੱਠਜੋੜ ਕਰਕੇ ਭਾਰਤ ਦੇ ਖ਼ਿਲਾਫ਼ ਚਾਲ ਚਲਦਾ ਹੈ। ਫ਼ਿਲਮ ਵਿੱਚ ਇਤਿਹਾਸ ਨਾਲ਼ ਖਿਲਵਾੜ ਕਰਦੇ ਹੋਏ 2003 ਵਿੱਚ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਨਦੀਮਾਰਗ ਵਿੱਚ ਹੋਏ ਕਸ਼ਮੀਰੀ ਪੰਡਤਾਂ ਦੇ ਕਤਲੇਆਮ ਨੂੰ 1990 ਦੇ ਦਹਾਕੇ ਵਿੱਚ ਕਸ਼ਮੀਰੀਆਂ ਦੇ ਪਲਾਇਨ ਦੀ ਲਗਾਤਾਰਤਾ ਵਿੱਚ ਦਿਖਾਇਆ ਗਿਆ ਹੈ ਅਤੇ ਇਸਨੂੰ ਵੀ ਜੇਕੇਐਲਐਫ਼ ਦੇ ਬਿੱਟਾ ਕਰਾਟੇ ਰਾਹੀਂ ਸਿਰੇ ਚੜ੍ਹਦਾ ਦਿਖਾਇਆ ਗਿਆ ਹੈ। ਸੱਚ ਤਾਂ ਇਹ ਹੈ ਕਿ ਨਦੀਮਾਰਗ ਦੀ ਕਤਲੋਗ਼ਾਰਤ ਜੇਕੇਐਲਐਫ਼ ਦੀ ਨਹੀਂ, ਸਗੋਂ ਲਸ਼ਕਰੇ-ਤੋਇਬਾ ਦੀ ਕਾਰਗੁਜ਼ਾਰੀ ਸੀ। ਇਤਿਹਾਸ ਨਾਲ਼ ਕੀਤੀ ਗਈ ਛੇੜ-ਛਾੜ ਦੇ ਪਿੱਛੇ ਵੀ ਫ਼ਿਲਮਕਾਰ ਦਾ ਅਸਲ ਉਦੇਸ਼ ਕਸ਼ਮੀਰ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਾਰੇ ਸੰਗਠਨਾਂ ਅਤੇ ਸਾਰੇ ਵਿਅਕਤੀਆਂ ਨੂੰ ਦਰਿੰਦੇ ਬਣਾ ਕੇ ਦਰਸ਼ਕਾਂ ਦੇ ਮਨ ਵਿੱਚ ਨਫ਼ਰਤ ਪੈਦਾ ਕਰਨਾ ਹੈ। ਫ਼ਿਲਮ ਦੇ ਅਖੀਰਲੇ ਦ੍ਰਿਸ਼ ਵਿੱਚ ਨਦੀਮਾਰਗ ਪਿੰਡ ਦੇ ਸਾਰੇ ਕਸ਼ਮੀਰੀ ਪੰਡਤਾਂ ਨੂੰ ਕਤਾਰ ਵਿੱਚ ਖੜ੍ਹਾ ਕਰਕੇ ਉਨ੍ਹਾਂ ਸਾਰਿਆਂ ਨੂੰ ਇੱਕ-ਇੱਕ ਕਰਕੇ ਗੋਲੀ ਮਾਰਨ ਦਾ ਭਿਆਨਕ ਦ੍ਰਿਸ਼ ਦਿਖਾਇਆ ਗਿਆ ਹੈ ਅਤੇ ਸਭ ਤੋਂ ਅਖ਼ੀਰ ਵਿੱਚ ਜ਼ਾਲਿਮਾਨਾ ਢੰਗ ਨਾਲ਼ ਬੱਚੇ ਨੂੰ ਮਾਰਦੇ ਹੋਏ ਦਿਖਾਇਆ ਗਿਆ ਹੈ ਤਾਂਕਿ ਦਰਸ਼ਕ ਫ਼ਿਲਮ ਨੂੰ ਦੇਖਕੇ ਸਮੁੱਚੀ ਕਸ਼ਮੀਰੀ ਮੁਸਲਮਾਨ ਅਬਾਦੀ ਖ਼ਿਲਾਫ਼ ਬੇਹਿਸਾਬੀ ਨਫ਼ਰਤ ਲੈਕੇ ਬਾਹਰ ਨਿੱਕਲੇ।
ਫ਼ਿਲਮ ਵਿੱਚ ਮੁੱਖ ਕਿਰਦਾਰ ਦੀ ਖ਼ਾਸੀ ਪ੍ਰਸੰਸਾ ਕੀਤੀ ਜਾ ਰਹੀ ਹੈ। ਪਰ ਇਸ ਕਿਰਦਾਰ ਦੇ ਰਾਹੀਂ ਵੀ ਨਰਿੰਦਰ ਮੋਦੀ ਨੂੰ ਕਸ਼ਮੀਰੀ ਪੰਡਤਾਂ ਦਾ ਮਸੀਹਾ ਦੱਸਣ ਦੇ ਸੰਘੀ ਝੂਠ ਦਾ ਇੱਕ ਨਮੂਨਾ ਪੇਸ਼ ਕੀਤਾ ਗਿਆ ਹੈ। ਪੁਸ਼ਕਰ ਨਾਥ ਨਾਮੀ ਇਹ ਕਿਰਦਾਰ ਘਾਟੀ ਤੋਂ ਪਲਾਇਨ ਉਪਰੰਤ ਕਸ਼ਮੀਰ ਤੋਂ ਧਾਰਾ 370 ਹਟਾਉਣ ਨੂੰ ਆਪਣੇ ਜੀਵਨ ਦਾ ਇੱਕ ਮਾਤਰ ਉਦੇਸ਼ ਬਣਾ ਲੈਂਦਾ ਹੈ। ਅਜਿਹਾ ਦਿਖਾਉਣ ਦਾ ਉਦੇਸ਼ ਦਰਸ਼ਕਾਂ ਦੇ ਮਨ ਵਿੱਚ ਇਹ ਭਰਮ ਪੈਦਾ ਕਰਨਾ ਹੈ ਕਿ ਮੋਦੀ ਸਰਕਾਰ ਦੁਆਰਾ ਕਸ਼ਮੀਰ ਤੋਂ ਧਾਰਾ 370 ਹਟਾਉਣ ਨਾਲ਼ ਕਸ਼ਮੀਰੀ ਪੰਡਤਾਂ ਨੂੰ ਨਿਆਂ ਮਿਲ ਗਿਆ ਹੈ। ਸੱਚ ਤਾਂ ਇਹ ਹੈ ਕਿ ਅਨੁਪਮ ਖੇਰ ਵਰਗੇ ਖਾਂਦੇ-ਪੀਂਦੇ ਕਸ਼ਮੀਰੀ ਪੰਡਤ ਭਾਵੇਂ ਹੀ ਧਾਰਾ 370 ਹਟਾਉਣ ’ਤੇ ਆਪਣਾ ਰਾਸ਼ਟਰਵਾਦੀ ਸੀਨਾ ਚੌੜਾ ਕਰ ਲੈਣ, ਪਰ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਗ਼ਰੀਬ ਕਸ਼ਮੀਰੀ ਪੰਡਤ ਹਾਲੇ ਵੀ ਕੈਂਪਾਂ ’ਚ ਰਹਿਣ ਨੂੰ ਮਜ਼ਬੂਰ ਹਨ, ਉਨ੍ਹਾਂ ਦੀ ਜ਼ਿੰਦਗੀ ਵਿੱਚ ਧਾਰਾ 370 ਦੇ ਹਟਣ ਨਾਲ਼ ਰੱਤੀ ਭਰ ਵੀ ਫ਼ਰਕ ਨਹੀਂ ਪਿਆ ਹੈ। ਪਲਾਇਨ ਦਾ ਅਸਲੀ ਦੁੱਖ ਝੱਲਣ ਵਾਲੇ ਪੰਡਤਾਂ ਨੂੰ ਸਹੀ ਅਰਥਾਂ ਵਿੱਚ ਨਿਆਂ ਤਾਂ ਹੀ ਮਿਲ ਸਕਦਾ ਹੈ ਜੇਕਰ ਕਸ਼ਮੀਰ ਵਿੱਚ ਅਜਿਹੇ ਹਾਲਾਤ ਬਣਨ ਕਿ ਕਸ਼ਮੀਰੀ ਪੰਡਿਤ ਵਾਪਸ ਘਾਟੀ ਵਿੱਚ ਆਪਣੇ ਘਰਾਂ ਨੂੰ ਜਾ ਸਕਣ। ਪਰ ਸੱਚ ਤਾਂ ਇਹ ਹੈ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਘਾਟੀ ਦੇ ਮਾਹੌਲ ਨੂੰ ਹੋਰ ਖ਼ਰਾਬ ਕਰਨ ਦਾ ਕੰਮ ਕਰਕੇ ਪੰਡਤਾਂ ਦੇ ਹਿੱਤਾਂ ਦੇ ਖ਼ਿਲਾਫ਼ ਵੀ ਕੰਮ ਕੀਤਾ ਹੈ। ਪਰ ਵਿਵੇਕ ਅਗਨੀਹੋਤਰੀ ਵਰਗੇ ਸੰਘੀ ਪ੍ਰਾਪੇਗੈਂਡਿਸਟ ਤੋਂ ਇਹ ਉਮੀਦ ਕਰਨਾ ਬੇਕਾਰ ਹੈ ਕਿ ਉਹ ਕਸ਼ਮੀਰੀ ਪੰਡਤਾਂ ਦੇ ਜੀਵਨ ਨਾਲ਼ ਜੁੜੀ ਇਸ ਕੌੜੀ ਸਚਾਈ ਨੂੰ ਪੇਸ਼ ਕਰੇਗਾ।