ਭਗਤ ਸਿੰਘ ਦੀ ਵਿਰਾਸਤ ਨੂੰ ਵਿਗਾੜ ਕੇ ਹੜੱਪਣ ਦੀ ਘਟੀਆ ਕੋਸ਼ਿਸ਼ ਵਿੱਚ ਲੱਗੀ ‘ਆਪ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਬਾਅਦ ਤੋਂ ਹੀ ਭਗਤ ਸਿੰਘ ਦੀ ਅਨੁਯਾਈ ਹੋਣ ਦਾ ਤਮਗਾ ਹਾਸਲ ਕਰਨ ਵਿੱਚ ਲੱਗੀ ਹੋਈ ਹੈ। ਇਸ ਰਾਹੀਂ ‘ਆਪ’ ਖ਼ੁਦ ਨੂੰ ‘ਸੱਚਾ ਰਾਸ਼ਟਰਵਾਦੀ’ ਸਿੱਧ ਕਰਨਾ ਚਾਹੁੰਦੀ ਹੈ। ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਜਾ ਕੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਅਤੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ, ਜਿੰਨ੍ਹਾਂ ਦਾ ਹਕੀਕਤ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੈ। ਭਗਵੰਤ ਮਾਨ ਜੋ ਖ਼ੁਦ ਤਾਂ ਪੀਲੀ ਪੱਗ ਵਿੱਚ ਹੀ ਪਾਏ ਜਾਂਦੇ ਹਨ, ਉਹਨਾਂ ਨੇ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ ਲੋਕਾਂ ਨੂੰ ਵੀ ਪੀਲੀ ਪੱਗ ਬੰਨ੍ਹ ਕੇ ਆਉਣ ਲਈ ਕਿਹਾ ਤਾਂ ਕਿ ਸਾਰਿਆਂ ਨੂੰ ਲੱਗੇ ਕਿ ਇਸ ਨਾਲ਼ ਭਗਤ ਸਿੰਘ ਦਾ ਸੁਪਨਾ ਪੂਰਾ ਹੋ ਜਾਵੇਗਾ! ਸੱਚ ਤਾਂ ਇਹ ਹੈ ਕਿ ਭਗਤ ਸਿੰਘ ਇੱਕ ਨਾਸਤਿਕ ਸਨ ਅਤੇ ਉਹਨਾਂ ਨੇ ਕਦੇ ਪੀਲੀ ਪੱਗ ਬੰਨ੍ਹੀ ਹੀ ਨਹੀਂ। ਪਰ ਆਮ ਆਦਮੀ ਪਾਰਟੀ ਭਗਤ ਸਿੰਘ ਦੀ ਇਨਕਲਾਬੀ ਵਿਰਾਸਤ ਨੂੰ ਵਿਗਾੜ ਕੇ ਸਿੱਖ ਭਾਵਨਾਵਾਂ ਨੂੰ ਭੁਨਾਉਣ ਦਾ ਯਤਨ ਕਰ ਰਹੀ ਹੈ।ਇਸ ਤੋਂ ਇਲਾਵਾ ਉਹਨਾਂ ਨੇ 23 ਮਾਰਚ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਵੀ ਇਸੇ ਤਰਜ਼ ਉੱਤੇ ਭਗਤ ਸਿੰਘ ਦਾ ਇਸਤੇਮਾਲ ਕਰ ਰਹੀ ਹੈ। 23 ਮਾਰਚ ਤੋਂ ਪਹਿਲਾਂ ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ ਦੇ ਇੱਕ ਸੈਨਿਕ ਸਕੂਲ ਦਾ ਨਾਂ ਭਗਤ ਸਿੰਘ ਦੇ ਨਾਂ ਉੱਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਦਿੱਲੀ ਸਰਕਾਰ ਦੇ ਦਫ਼ਤਰਾਂ ਵਿੱਚ ਭਗਤ ਸਿੰਘ ਦੀ ਤਸਵੀਰ ਵੀ ਲਾਈ ਜਾਵੇਗੀ।
ਸਭ ਤੋਂ ਪਹਿਲਾਂ ਤਾਂ ਇਹ ਦੱਸ ਦੇਈਏ ਕਿ ਭਗਤ ਸਿੰਘ ਦਾ ਇਸਤੇਮਾਲ ਕਰਕੇ ਆਮ ਆਦਮੀ ਪਾਰਟੀ ਜਿਹੜਾ ‘ਸੱਚਾ ਰਾਸ਼ਟਰਵਾਦ’ ਪੇਸ਼ ਕਰ ਰਹੀ ਹੈ ਅਤੇ ਭਾਜਪਾ ਜਿਸ ਰਾਸ਼ਟਰਵਾਦ ਦੀ ਗੱਲ ਕਰਦੀ ਹੈ, ਦੋਵਾਂ ਵਿੱਚ ਕੋਈ ਫ਼ਰਕ ਨਹੀਂ ਹੈ। ਅਸਲ ਵਿੱਚ ਰਾਸ਼ਟਰਵਾਦ ਇੱਕ ਪੂੰਜੀਵਾਦੀ ਵਿਚਾਰਧਾਰਾ ਹੈ ਅਤੇ ਮਿਹਨਤਕਸ਼ ਵਰਗ ਦੇ ਦਮਨ-ਚੱਕਰ ਨੂੰ ਹੀ ਜਾਰੀ ਰੱਖਣ ਦਾ ਵਿਚਾਰਧਾਰਾਤਮਕ ਹਥਿਆਰ ਹੈ, ਜਿਸ ਦੇ ਰਾਹੀਂ ਪੂੰਜੀਪਤੀ ਜਮਾਤ ਆਪਣਾ ਦਬਦਬਾ ਬਣਾ ਕੇ ਰੱਖਦਾ ਹੈ। ਮਜ਼ਦੂਰ ਜਮਾਤ ਅੰਤਰ-ਰਾਸ਼ਟਰਵਾਦੀ ਹੁੰਦਾ ਹੈ। ਉਹ ਆਪਣੇ ਦੇਸ਼ ਨਾਲ਼ ਜ਼ਰੂਰ ਪਿਆਰ ਕਰਦਾ ਹੈ ਅਤੇ ਉਸਦੀ ਗ਼ੁਲਾਮੀ ਦੇ ਵਿਰੁੱਧ ਲੜਦਾ ਹੈ ਪਰ ਉਹ ਕਿਸੇ ਦੇਸ਼ ਨਾਲ਼ ਨਫ਼ਰਤ ਨਹੀਂ ਕਰਦਾ ਕਿਉਂਕਿ ਸਾਰੇ ਦੇਸ਼ਾਂ ਨੂੰ ਬਣਾਉਣ ਅਤੇ ਚਲਾਉਣ ਵਾਲ਼ੇ ਮਜ਼ਦੂਰ ਹੀ ਹੁੰਦੇ ਹਨ। ਰਾਸ਼ਟਰਵਾਦ ਦਾ ਵਿਚਾਰ ਅਸਲ ਵਿੱਚ ਰਾਸ਼ਟਰ ਦੇ ਤੌਰ ਉੱਤੇ ਪੂੰਜੀਪਤੀ ਜਮਾਤ ਦੇ ਹਿੱਤਾਂ ਨੂੰ ਪੇਸ਼ ਕਰਦਾ ਹੈ। ਪੂੰਜੀਪਤੀਆਂ ਦੇ ਰਾਸ਼ਟਰ ਵਿੱਚ ਮਜ਼ਦੂਰਾਂ ਅਤੇ ਗ਼ਰੀਬਾਂ ਦੀ ਇਹੋ ਥਾਂ ਹੁੰਦੀ ਹੈ ਕਿ ਉਹ ਉਨ੍ਹਾਂ ਲਈ 12-12 ਘੰਟੇ ਕਾਰਖਾਨਿਆਂ ਅਤੇ ਖੇਤਾਂ ’ਚ ਖਪਣ ਅਤੇ ਜੇਕਰ ਉਹ ਇਸ ਸ਼ੋਸ਼ਣ ਦੇ ਵਿਰੁੱਧ ਆਵਾਜ਼ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਰਾਸ਼ਟਰ-ਵਿਰੋਧੀ ਅਤੇ ਰਾਸ਼ਟਰ-ਧ੍ਰੋਹੀ ਐਲਾਨ ਦਿੱਤਾ ਜਾਂਦਾ ਹੈ। ਜੇਕਰ ਅਸੀਂ ਮਜ਼ਦੂਰ ਆਪਣੀ ਜ਼ਿੰਦਗੀ ਉੱਤੇ ਇੱਕ ਨਜ਼ਰ ਮਾਰੀਏ ਤਾਂ ਪਲ ਭਰ ਵਿੱਚ ਇਸ ਸਚਾਈ ਨੂੰ ਸਮਝ ਜਾਂਦੇ ਹਾਂ। ਭਾਜਪਾ ਅਤੇ ਆਮ ਆਦਮੀ ਪਾਰਟੀ ਵਿੱਚ ਰਾਸ਼ਟਰਵਾਦੀ ਬਣਨ ਦੀ ਹੋੜ ਲੱਗੀ ਹੋਈ ਹੈ। ਆਓ, ਜ਼ਰਾ ਨਿਗ੍ਹਾ ਮਾਰੀਏ ਕਿ ਇਹ ਕਿੰਨ੍ਹਾਂ ਤੋਂ ਚੰਦਾ ਲੈਂਦੇ ਹਨ ਅਤੇ ਬਦਲੇ ਵਿੱਚ ਕਿੰਨ੍ਹਾਂ ਦੀ ਸੇਵਾ ਕਰਦੇ ਹਨ। ਇਹ ਸਾਨੂੰ-ਤੁਹਾਨੂੰ ਲੁੱਟਣ ਵਾਲੇ ਪੂੰਜੀਪਤੀ ਅਤੇ ਧੰਨਾ-ਸੇਠ ਹੀ ਤਾਂ ਹਨ! ਇਹ ਧੰਨਾ-ਸੇਠ ਅਤੇ ਖਾਂਦੇ-ਪੀਂਦੇ ਉੱਚ ਮੱਧਵਰਗੀ ਲੋਕ ਹੀ ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ‘ਰਾਸ਼ਟਰ’ ਹਨ ਅਤੇ ਇਨ੍ਹਾਂ ਦੇ ਰਾਸ਼ਟਰਵਾਦ ਅਤੇ ਫੋਕੇ ਮਾਣ-ਸਨਮਾਨ ਦੇ ਚੱਕਰਾਂ ਵਿੱਚ ਸਾਨੂੰ ਮਜ਼ਦੂਰਾਂ-ਮਿਹਨਤਕਸ਼ਾਂ ਨੂੰ ਨਹੀਂ ਪੈਣਾ ਚਾਹੀਦਾ। ਭਗਤ ਸਿੰਘ ਦਾ ਇਹੋ ਮੰਨਣਾ ਸੀ ਕਿ ਦੇਸ਼ ਨੂੰ ਬਣਾਉਣ ਅਤੇ ਚਲਾਉਣ ਦਾ ਕੰਮ ਦੇਸ਼ ਦੇ ਮਜ਼ਦੂਰ ਅਤੇ ਗ਼ਰੀਬ ਕਿਸਾਨ ਕਰਦੇ ਹਨ ਅਤੇ ਜਦੋਂ ਤਕ ਸਾਰਾ ਰਾਜ-ਪ੍ਰਬੰਧ ਉਨ੍ਹਾਂ ਦੇ ਹੱਥਾਂ ਵਿੱਚ ਨਹੀਂ ਆਉਂਦਾ, ਜਦੋਂ ਤੱਕ ਸਾਰੇ ਕਾਰਖਾਨੇ, ਖੇਤ ਅਤੇ ਖਾਣਾਂ ਉਨ੍ਹਾਂ ਦੀ ਸਮੂਹਿਕ ਸੰਪਤੀ ਨਹੀਂ ਬਣ ਜਾਂਦੀਆਂ, ਉਦੋਂ ਤੱਕ ਸਾਡੇ ਕੋਲ ਖ਼ੁਸ਼ ਹੋਣ ਅਤੇ ਮਾਣ ਕਰਨ ਦਾ ਕੋਈ ਕਾਰਨ ਨਹੀਂ ਹੈ।
ਆਮ ਆਦਮੀ ਪਾਰਟੀ, ਭਗਤ ਸਿੰਘ ਦੇ ਵਿਚਾਰਾਂ ਨੂੰ ਲੁਕੋ ਕੇ ਉਨ੍ਹਾਂ ਦੀ ਵਿਰਾਸਤ ਨੂੰ ਦਾਗ਼ਦਾਰ ਕਰ ਰਹੀ ਹੈ। ਭਗਵੰਤ ਮਾਨ ਭਗਤ ਸਿੰਘ ਦੀ ਪੀਲੀ ਪੱਗ ਦਾ ਖ਼ੂਬ ਪ੍ਰਚਾਰ ਕਰ ਰਹੇ ਹਨ। ਪਰ ਇਸ ਦਾ ਹਕੀਕਤ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੈ। ਭਗਤ ਸਿੰਘ ਦੀ ਪੀਲੀ ਪੱਗ ਵਿੱਚ ਕੋਈ ਤਸਵੀਰ ਨਹੀਂ ਹੈ। ਉਨ੍ਹਾਂ ਨੂੰ ਪੀਲੀ ਪੱਗ ਬੰਨ੍ਹਾਉਣ ਦਾ ਕੰਮ ਲੰਮੇ ਸਮੇਂ ਤੋਂ ਭਾਜਪਾ ਅਤੇ ਸਾਰੇ ਸਿੱਖ ਧਾਰਮਿਕ ਕੱਟੜਪੰਥੀ ਕਰ ਰਹੇ ਹਨ ਤਾਂ ਜੋ ਇਨਕਲਾਬੀ ਨਾਸਤਿਕ ਭਗਤ ਸਿੰਘ ਦੇ ਵਿਚਾਰਾਂ ਨੂੰ ਲੁਕੋ ਕੇ ਉਹਨਾਂ ਨੂੰ ਸਿੱਖ ਨਾਇਕ, ਵੀਰ ਯੋਧੇ ਤੱਕ ਸੀਮਤ ਕਰ ਦਿੱਤਾ ਜਾਵੇ, ਜੋ ਸੱਤਾਧਾਰੀ ਪੱਖ ਲਈ ਫ਼ਾਇਦੇਮੰਦ ਹੈ। ਦੇਖਿਆ ਜਾਵੇ ਤਾਂ 1970 ਦੇ ਦਹਾਕੇ ਤੱਕ ਹਰ ਥਾਂ ਭਗਤ ਸਿੰਘ ਦੀ ਹੈਟ ਵਾਲ਼ੀ ਤਸਵੀਰ ਹੀ ਪ੍ਰਚੱਲਤ ਸੀ। ਉਸ ਤੋਂ ਬਾਅਦ ਹੀ ਉਹਨਾਂ ਨੂੰ ਪੀਲੀ ਪੱਗ ਬੰਨ੍ਹਾਉਣ ਦਾ ਸਿਲਸਿਲਾ ਸ਼ੁਰੂ ਹੋਇਆ, ਜਿਸ ਨੂੰ ਅੱਜ ‘ਆਪ’ ਪੰਜਾਬ ਵਿੱਚ ਪ੍ਰਚੱਲਤ ਕਰ ਰਹੀ ਹੈ। ਆਮ ਆਦਮੀ ਪਾਰਟੀ, ਭਗਤ ਸਿੰਘ ਦੇ ਨਾਂ ਦਾ ਇਸਤੇਮਾਲ ਕਰ ਰਹੀ ਹੈ। ਇਸਦੇ ਪਿੱਛੇ ਮੁੱਖ ਉਦੇਸ਼ ਚੋਣ ਮੰਨਸੂਬਿਆਂ ਨੂੰ ਪੂਰਾ ਕਰਨਾ ਹੀ ਹੈ। ਕਿਉਂਕਿ ਕੇਜਰੀਵਾਲ ਵੀ ਜਾਣਦਾ ਹੈ ਕਿ ਭਗਤ ਸਿੰਘ ਭਾਰਤ ਵਿੱਚ ਜਨ-ਜਨ ਦੇ ਆਦਰਸ਼ ਹਨ। ਇਸ ਦਾ ਫ਼ਾਇਦਾ ਚੁੱਕ ਕੇ ‘ਆਪ’ ਭਗਤ ਸਿੰਘ ਦੇ ਵਿਚਾਰਾਂ ਨੂੰ ਗਾਇਬ ਕਰਕੇ, ਉਹਨਾਂ ਦੇ ਨਾਂ ਦਾ ਇਸਤੇਮਾਲ ਕਰਕੇ ਜ਼ਹਿਰੀਲੇ ਰਾਸ਼ਟਰਵਾਦ ਦਾ ਪ੍ਰਚਾਰ ਕਰ ਰਹੀ ਹੈ ਅਤੇ ਵੋਟਾਂ ਦੀਆਂ ਰਾਸ਼ਟਰਵਾਦੀ ਰੋਟੀਆਂ ਸੇਕ ਰਹੀ ਹੈ।
ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਅੱਜ ਜਿਸ ਤਰੀਕੇ ਨਾਲ਼ ਭਗਤ ਸਿੰਘ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਉਹ ਹਮੇਸ਼ਾ ਹੀ ਇਸ ਦੇ ਖ਼ਿਲਾਫ਼ ਸਨ। ਇਸੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਧਾਰ ਉੱਤੇ ਤੇਜ਼ ਹੁੰਦੀ ਹੈ ਅਤੇ ਅੱਜ ਦੀਆਂ ਸਰਕਾਰਾਂ ਇਨਕਲਾਬ ਤੋਂ ਡਰਦੀਆਂ ਹਨ ਅਤੇ ਭਗਤ ਸਿੰਘ ਦੇ ਵਿਚਾਰਾਂ ਤੋਂ ਵੀ। ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ‘ਸੱਚਾ ਰਾਸ਼ਟਰਵਾਦ’ ਤਾਂ ਇਨ੍ਹਾਂ ਦੇ ਸੱਤਾ ਵਿੱਚ ਆਉਂਦਿਆਂ ਹੀ ਦਿਖਾਈ ਦੇਣ ਲੱਗ ਪਿਆ ਸੀ। ਆਪਣੇ ਸ਼ਾਸਨ ਦੀ ਸ਼ੁਰੂਆਤ ਹੀ ਮਾਰਚ, 2015 ਵਿੱਚ ਇਨ੍ਹਾਂ ਨੇ ਮਜ਼ਦੂਰਾਂ ਉੱਤੇ ਲਾਠੀਚਾਰਜ ਕਰਕੇ ਕੀਤੀ ਸੀ, ਜਿਹੜੇ ਬੱਸ ਇਨ੍ਹਾਂ ਨੂੰ ਮਜ਼ਦੂਰਾਂ ਨਾਲ਼ ਕੀਤੇ ਗਏ ਵਾਅਦੇ ਯਾਦ ਦਿਵਾ ਰਹੇ ਸਨ। ਦਿੱਲੀ ਦੇ ਅੰਦਰ ਜਿਹੜੀ ਮਜ਼ਦੂਰਾਂ ਦੀ ਮਿਹਨਤ ਦੀ ਲੁੱਟ ਮਾਲਕਾਂ ਦੁਆਰਾ ਕੀਤੀ ਜਾ ਰਹੀ ਹੈ, ਉਹ ਸਭ ਆਪ ਦੀ ਦੇਖ-ਰੇਖ ਵਿੱਚ ਹੀ ਹੋ ਰਿਹਾ ਹੈ। ਯਾਦ ਕਰੋ ਸੀਏਏ-ਐੱਨਆਰਸੀ ਦੇ ਸਮੇਂ ਜਦੋਂ ਪੂਰੀ ਦਿੱਲੀ ਵਿੱਚ ਅੰਦੋਲਨ ਚੱਲ ਰਹੇ ਸਨ, ਉਦੋਂ ਕੇਜਰੀਵਾਲ ਨੇ ਕਿਹਾ ਸੀ ਕਿ ਇੱਕ ਘੰਟੇ ਦੇ ਲਈ ਪੁਲਸ ਦੇ ਦਿਓ, ਪੂਰਾ ਸ਼ਾਹੀਨ ਬਾਗ਼ ਖ਼ਾਲੀ ਕਰਵਾ ਦਿਆਂਗੇ। ਜਦੋਂ ਦਿੱਲੀ ਦੰਗਿਆਂ ਵਿੱਚ ਵੀ ਸ਼ਹਿਰ ਧੁਖ਼ ਰਿਹਾ ਸੀ ਤਾਂ ਇਹ ਜਨਾਬ ਅਤੇ ਇਨ੍ਹਾਂ ਦੀ ਪਾਰਟੀ ਚੁੱਪ ਵੱਟੀ ਬੈਠੇ ਸਨ। ਅਸਲ ਵਿੱਚ ਇਹੋ ਇਨ੍ਹਾਂ ਦੀ ਦੇਸ਼-ਭਗਤੀ ਅਤੇ ਰਾਸ਼ਟਰਵਾਦ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਵੀ ਭਾਜਪਾ ਦੀ ਬੀ ਟੀਮ ਬਣ ਕੇ ਵਪਾਰੀਆਂ-ਧੰਨਾਸੇਠਾਂ ਦੀ ਸੇਵਾ ਵਿੱਚ ਜੁਟੀ ਪਈ ਹੈ। ਇਹ ਹੁਣੇ ਹਾਲ ਹੀ ਵਿੱਚ ਸਿੱਧ ਹੋ ਗਿਆ ਜਦੋਂ ਆਂਗਨਵਾੜੀਕਰਮੀਆਂ ਦੀ ਹਡ਼ਤਾਲ ਨੂੰ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਮਿਲ ਕੇ ‘ਹੈਸਮਾ’ (HESMA) ਲਾ ਕੇ ਗ਼ੈਰ-ਕਾਨੂੰਨੀ ਐਲਾਨ ਦਿੱਤਾ। ਇਸ ਸਭ ਦੇ ਬਾਵਜੂਦ ਜੇਕਰ ਕਿਸੇ ਨੂੰ ਲਗਦਾ ਹੈ ਕਿ ‘ਆਪ’ ਭਗਤ ਸਿੰਘ ਦਾ ਪ੍ਰਚਾਰ ਕਰ ਰਹੀ ਹੈ ਤਾਂ ਉਸ ਉੱਤੇ ਸਿਰਫ਼ ਹੱਸਿਆ ਹੀ ਜਾ ਸਕਦਾ ਹੈ।
ਭਗਤ ਸਿੰਘ ਨੇ ਕਿਹਾ ਸੀ ਕਿ ਜੇਕਰ ਪੂੰਜੀਪਤੀਆਂ- ਧੰਨਾਸੇਠਾਂ ਅਤੇ ਜ਼ਿਮੀਂਦਾਰਾਂ ਦੀ ਕਿਸੇ ਵੀ ਪਾਰਟੀ ਰਾਹੀਂ ਅੰਗਰੇਜ਼ਾਂ ਤੋਂ ਕਿਸੇ ਸਮਝੌਤੇ ਤਹਿਤ ਆਜ਼ਾਦੀ ਮਿਲਦੀ ਹੈ ਤਾਂ ਬੇਸ਼ੱਕ ਗੋਰੇ ਅੰਗਰੇਜ਼ ਚਲੇ ਜਾਣਗੇ, ਪਰ ਉਨ੍ਹਾਂ ਦੀ ਥਾਂ ਭੂਰੇ ਅੰਗਰੇਜ਼ ਰਾਜ ਕਰਨਗੇ ਅਤੇ ਅਸਲ ਆਜ਼ਾਦੀ ਉਦੋਂ ਤੱਕ ਨਹੀਂ ਆਵੇਗੀ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦਾ ਸ਼ੋਸ਼ਣ ਖ਼ਤਮ ਨਹੀਂ ਹੋ ਜਾਂਦਾ। ਅੱਜ ਦੇ ਸਮੇਂ ਵਿੱਚ ਜਾਤ-ਧਰਮ ਦੇ ਨਾਂ ਉੱਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ, ਸਰਕਾਰ ਲੋਕਾਂ ਦੇ ਬੁਨਿਆਦੀ ਹੱਕਾਂ ਨੂੰ ਖੋਹ ਰਹੀ ਹੈ। ਜੇਕਰ ਅੱਜ ਭਗਤ ਸਿੰਘ ਜਿਉਂਦੇ ਹੁੰਦੇ ਤਾਂ ਇਨ੍ਹਾਂ ਸਭ ਬੇਇਨਸਾਫ਼ੀਆਂ ਦੇ ਖ਼ਿਲਾਫ਼ ਬੋਲਦੇ ਅਤੇ ਆਜ਼ਾਦੀ ਦੀ ਅਧੂਰੀ ਲੜਾਈ ਨੂੰ ਪੂਰਾ ਕਰਨ ਵਿੱਚ ਜੁਟ ਜਾਂਦੇ। ਅੱਜ ਦੀਆਂ ਸਰਕਾਰਾਂ ਉਹਨਾਂ ਨੂੰ ਵੀ ਦੇਸ਼-ਧ੍ਰੋਹੀ ਕਹਿੰਦੀਆਂ ਕਿਉਂਕਿ ਉਨ੍ਹਾਂ ਦੇ ਵਿਚਾਰ ਅੱਜ ਵੀ ਸ਼ੋਸ਼ਣ ਕਰਨ ਵਾਲ਼ਿਆਂ ਦੇ ਖ਼ਿਲਾਫ਼ ਹਨ ਅਤੇ ਇਸ ਲਈ ਉਹ ਉਹਨਾਂ ਦੇ ਵਿਚਾਰਾਂ ਤੋਂ ਖੌਫ਼ ਖਾਂਦੇ ਹਨ।
ਇਹੀ ਤਾਂ ਕਾਰਨ ਹੈ ਕਿ ਅੱਜ ਉਹਨਾਂ ਦੇ ਵਿਚਾਰਾਂ ਨੂੰ ਦੱਬ ਕੇ ਉਹਨਾਂ ਨੂੰ ਸਿਰਫ਼ ਵੀਰ ਯੋਧੇ, ਸਿੱਖ ਨਾਇਕ ਦੇ ਤੌਰ ’ਤੇ ਸਥਾਪਿਤ ਕੀਤਾ ਜਾ ਰਿਹਾ ਹੈ ਜਾਂ ਫਿਰ ਉਹਨਾਂ ਦੀਆਂ ਕੁੱਝ ਮੂਰਤੀਆਂ-ਤਸਵੀਰਾਂ ਲਾਈਆਂ ਜਾ ਰਹੀਆਂ ਹਨ। ਸਰਕਾਰਾਂ ਵੀ ਜਾਣਦੀਆਂ ਹਨ ਕਿ ਜੇਕਰ ਲੋਕ ਭਗਤ ਸਿੰਘ ਦੇ ਵਿਚਾਰਾਂ ਨੂੰ ਜਾਣ ਲੈਣਗੇ ਤਾਂ ਉਹਨਾਂ ਦੇ ਸਵਰਗ ਦਾ ਸਿੰਘਾਸਨ ਖ਼ਤਰੇ ਵਿੱਚ ਪੈ ਜਾਵੇਗਾ, ਇਸ ਲਈ ਉਨ੍ਹਾਂ ਲਈ ਭਗਤ ਸਿੰਘ ਦੇ ਵਿਚਾਰਾਂ ਨੂੰ ਲਗਾਤਾਰ ਝੂਠੇ ਪ੍ਰਚਾਰ, ਝੂਠ-ਫ਼ਰੇਬ ਦੇ ਰਾਹੀਂ ਛੁਪਾਇਆ ਜਾ ਰਿਹਾ ਹੈ। ਅਜਿਹੇ ਵਿੱਚ ਭਗਤ ਸਿੰਘ ਦੀ ਵਿਰਾਸਤ ਨੂੰ ਉਹੀ ਲੋਕ ਅੱਗੇ ਲਿਜਾ ਸਕਦੇ ਹਨ, ਜਿੰਨ੍ਹਾਂ ਨੂੰ ਲਗਦਾ ਹੈ ਕਿ ਅਨਿਆਂ ਦੇ ਖ਼ਿਲਾਫ਼ ਵਿਦਰੋਹ ਨਿਆਂਸੰਗਤ ਹੈ। ਜਿਹੜੇ ਤਿਆਰ ਹਨ ਇਨਕਲਾਬ ਦਾ ਸੁਨੇਹਾ ਦੇਸ਼ ਦੀਆਂ ਝੁੱਗੀ-ਬਸਤੀਆਂ, ਕਾਰਖ਼ਾਨਿਆਂ ਤੋਂ ਲੈ ਕੇ ਖੇਤਾਂ ਤੱਕ ਲੈ ਜਾਣ ਦੇ ਲਈ, ਉਹੀ ਅੱਜ ਭਗਤ ਸਿੰਘ ਦੇ ਅਸਲੀ ਵਾਰਸ ਹੋ ਸਕਦੇ ਹਨ, ਨਾ ਕਿ ਇਹ ਡਰਾਮੇਬਾਜ਼ ‘ਆਪ’ ਜਿਹੜੀ ਉਹਨਾਂ ਦੀ ਵਿਰਾਸਤ ਨੂੰ ਵਿਗਾੜ ਰਹੀ ਹੈ।