
ਬੱਚਿਆਂ ਦੇ ਖਾਣ-ਪੀਣ ਦੀਆਂ ਵਿਗੜ ਰਹੀਆਂ ਆਦਤਾਂ ਅਤੇ ਸਿਹਤ ਦਾ ਨਿਘਾਰ ਪੂੰਜੀਵਾਦ ਦੇ ਖਪਤਵਾਦੀ ਸੱਭਿਆਚਾਰ ਨਾਲ਼ ਜੁੜਿਆ ਮਸਲਾ ਹੈ ਜੋ ਇਸ ਡਿਜ਼ੀਟਲ ਸੰਸਾਰ ਜ਼ਰੀਏ ਹੀ ਖ਼ੂਬ ਵੱਧਦਾ-ਫੁੱਲਦਾ ਹੈ। ਅੱਜਕੱਲ ਟੈਲੀਵਿਜ਼ਨ ਅਤੇ ਸਮਾਰਟ ਫ਼ੋਨ ਛੋਟੀ ਉਮਰ ਤੋਂ ਹੀ ਬੱਚਿਆਂ ਦੀ ਜ਼ਿੰਦਗੀ ਦਾ ਹਿੱਸਾ ਬਣਾ ਦਿੱਤੇ ਗਏ ਹਨ। ਦੇਸ਼ ਦੇ 50 ਪ੍ਰਤੀਸ਼ਤ ਬੱਚੇ ਖਾਣ-ਪੀਣ ਸਮੇਂ ਵੀ ਟੀ.ਵੀ. ਜਾਂ ਮੋਬਾਇਲ ਫ਼ੋਨ ਨਾਲ਼ ਚਿੰਬੜੇ ਰਹਿੰਦੇ ਹਨ। ਹਰ ਬੱਚਾ ਪੂਰੇ ਸਾਲ ਵਿੱਚ ਔਸਤਨ 20 ਹਜ਼ਾਰ ਵਿਿਗਆਪਨ ਤਰ੍ਹਾਂ-ਤਰ੍ਹਾਂ ਦੇ ਨਵੇਂ-ਨਵੇਂ ਖਾਣਿਆਂ ਅਤੇ ਡੱਬਾ ਬੰਦ ਭੋਜਨ (ਪੈਕੇਜਡ ਫੂਡ) ਦੇ ਦੇਖਦਾ ਹੈ। ਅੱਜਕੱਲ ਹਰ ਮਾਂ-ਬਾਪ ਦੀ ਇਹ ਇੱਕ ਸਾਂਝੀ ਸ਼ਿਕਾਇਤ ਬਣ ਚੁੱਕੀ ਹੈ ਕਿ ਬੱਚੇ ਘਰਾਂ ਦੀਆਂ ਰਸੋਈਆਂ ਵਿੱਚ ਤਿਆਰ ਖਾਣਿਆਂ ਦੀ ਥਾਂ ਮੈਗੀ, ਲੇਜ਼, ਕੁਰਕਰੇ, ਸੂਪ, ਪੀਜ਼ਾ, ਬਰਗਰ, ਕੋਲਡ-ਡਰਿੰਕ, ਹੋਟਡੌਗ, ਪੌਪਕੌਰਨ, ਬਿੱਸਕੁਟ ਅਤੇ ਆਈਸਕ੍ਰੀਮ ਆਦਿ ਖਾਣਾ ਪਸੰਦ ਕਰਦੇ ਹਨ। ਘਰਾਂ ਦੀਆਂ ਰਸੋਈਆਂ ਵਿੱਚ ਮੌਜੂਦ ਦੁੱਧ-ਲੱਸੀ, ਦਾਲਾਂ-ਸ਼ਬਜੀਆਂ ਆਦਿ ਉਨ੍ਹਾਂ ਦੇ ਪਸੰਦੀਦਾ ਖਾਣੇ ਨਹੀਂ ਰਹੇ। ਅਜਿਹੇ ਸੱਭਿਆਚਾਰ ਨੂੰ ਸਥਾਪਿਤ ਕਰਨ ’ਚ ਇਲੈਕਟ੍ਰਾਨਿਕ ਮੀਡੀਆ ਦੀ ਬਹੁਤ ਵੱਡੀ ਭੁਮਿਕਾ ਹੈ। ਭਾਰਤ ਵਿੱਚ ਅਜਿਹੇ ‘ਡੱਬਾ-ਬੰਦ ਭੋਜਨ’ ਸੱਅਨਤ ਦੀ ਵਾਧਾ ਦਰ 32 ਪ੍ਰਤੀਸ਼ਤ ਹੈ। ਦੁਨੀਆਂ ਭਰ ਵਿੱਚ ਇਹ ਕਾਰੋਬਾਰ ਅੱਜ 3.03 ਟ੍ਰਿਲੀਅਨ ਡਾਲਰ ਦਾ ਕਾਰੋਬਾਰ ਹੈ। ਇਸ ਕਾਰੋਬਾਰ ਦੀ ਵਿਆਪਕਤਾ ਇਸ ਤੱਥ ਤੋਂ ਵੀ ਦੇਖੀ ਜਾ ਸਕਦੀ ਹੈ ਕਿ ਭਾਰਤ ਵਿੱਚ ਜਿੰਨਾ ਪੇਪਰ ਬਣਦਾ ਹੈ, ਉਸਦਾ 50 ਪ੍ਰਤੀਸ਼ਤ ਸਿਰਫ਼ ਭੋਜਨ ਪੈਕ ਕਰਨ ਲਈ ਵਰਤਿਆ ਜਾ ਰਿਹਾ ਹੈ। ਇਸ ਰੁਝਾਨ ਨਾਲ਼ ਪਲਾਸਟਿਕ ਇੰਡਸਟਰੀ ਦਾ ਕਾਰੋਬਾਰ ਵੀ ਵਧਿਆ-ਫੱੁਲਿਆ ਹੈ, ਇਹ ਅੱਜ 53 ਹਜ਼ਾਰ ਕਰੋੜ ਦਾ ਕਾਰੋਬਾਰ ਹੈ।
ਬਠਿੰਡਾ ਦੇ ਇੱਕ ਕੈਂਸਰ ਮਾਹਿਰ ਡਾਕਟਰ ਦਾ ਕਹਿਣਾ ਹੈ ਕਿ ਇਹ ਪਲਾਸਟਿਕ ਹੀ ਕੈਂਸਰ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ, ਉਨ੍ਹਾਂ ਦੱਸਿਆ ਕਿ ਅਸੀਂ ਸਾਲ ਭਰ ’ਚ ਅਨੇਕ ਮਾਧਿਅਮਾਂ ਰਾਹੀਂ ਪੂਰੇ ਏ.ਟੀ.ਐਮ. ਕਾਰਡ ਜਿੰਨਾ ਪਲਾਸਟਿਕ ਆਪਣੇ ਅੰਦਰ ਲਿਜਾ ਰਹੇ ਹਾਂ ਕਿਉਂਕਿ ਕੁੱਝ ਸਾਲ ਪਹਿਲਾਂ ਇੱਕ ਵਿਅਕਤੀ ਸਾਲ ਭਰ ’ਚ ਲੱਗਭੱਗ 4.5 ਕਿਲੋ ‘ਡੱਬਾ ਬੰਦ ਭੋਜਨ’ ਲੈਂਦਾ ਸੀ ’ਤੇ ਹੁਣ ਵਧ ਕੇ 8.6 ਕਿਲੋ ਪ੍ਰਤੀ ਸਾਲ ਹੋ ਚੁੱਕਾ ਹੈ। ਅੱਜ-ਕੱਲ ਦੇ ਚਟਪਟੇ ਖਾਣਿਆਂ ’ਚ ਆਜੀਨੋਮੋਟੋ, ਕੋਨਜੈਕ ਗਮ, ਗਲੂਕੋਮੈਨਿਨ, ਪਟਾਸ਼ੀਅਮ ਬਰੋਮੇਟ, ਪਟਾਸ਼ੀਅਮ ਆਇਓਡਾਈਟ ਅਤੇ ਐਜੋਡਾਈਟਕਾਰਬਨਮਾਈਡ ਆਦਿ ਅਨੇਕਾਂ ਅਜਿਹੇ ਕੈਮੀਕਲ ਵੱਧ ਮਾਤਰਾ ਵਿੱਚ ਪਾਏ ਜਾਂਦੇ ਹਨ, ਜਿਨ੍ਹਾਂ ਦੇ ਲਗਾਤਾਰ ਸੇਵਨ ਨਾਲ਼ ਬੱਚਿਆਂ ਵਿੱਚ ਸਾਹ ਦੀਆਂ ਸਮੱਸਿਆਵਾਂ, ਪੇਟ ਤੇ ਆਂਤ ਦੀਆਂ ਸਮੱਸਿਆਵਾਂ ਤੋਂ ਇਲਾਵਾ ਕੈਂਸਰ ਤੱਕ ਹੋਣ ਦਾ ਖਤਰਾ ਹੈ।
ਬਾਲ ਮਨੋਵਿਿਗਆਨੀਆਂ ਦਾ ਕਹਿਣਾ ਹੈ ਕਿ 6 ਸਾਲ ਤੱਕ ਦੇ ਬੱਚੇ ਟੈਲੀਵਿਜ਼ਨ ਉੱਤੇ ਚੱਲ ਰਹੇ ਪ੍ਰੋਗਰਾਮ ਅਤੇ ਵਿਿਗਆਪਨ ਵਿੱਚ ਕੋਈ ਅੰਤਰ ਨਹੀਂ ਕਰ ਪਾਉਂਦੇ ਉਹ ਵਿਿਗਆਪਨ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਹੀ ਸਮਝਦੇ ਹਨ।ਉਹ ਟੈਲੀਵਿਜ਼ਨ ਦੀ ਬਨਾਉਟੀ ਦੁਨੀਆਂ ਅਤੇ ਅਸਲੀ ਸੰਸਾਰ ਵਿੱਚ ਅਜੇ ਅੰਤਰ ਨਹੀਂ ਕਰ ਪਾਉਂਦੇ ਅਤੇ ਵਿਿਗਆਪਨਾਂ ਪਿੱਛੇ ਕੰਮ ਕਰਦੇ ਅਸਲ ਮਕਸਦਾਂ ਨੂੰ ਵੀ ਨਹੀਂ ਸਮਝ ਪਾਉਂਦੇ। ਇਸ ਰੋਸ਼ਨੀ ਵਿੱਚ ਸਿਰਫ਼ ਆਪਣੇ ਮੁਨਾਫ਼ਿਆਂ ਖ਼ਾਤਰ ਤਰ੍ਹਾਂ-ਤਰ੍ਹਾਂ ਦੇ ਵਿਿਗਆਪਨਾਂ ਰਾਹੀਂ, ਬੱਚਿਆਂ ਦੇ ਏਜੰਡੇ ’ਤੇ ਸਾਡੇ ਘਰਾਂ ਦੇ ਖਾਣਿਆਂ ਦੀ ਪੌਸ਼ਟਿਕਤਾ ਅਤੇ ਸ਼ੁੱਧਤਾ ਨੂੰ ਖੋਹ ਕੇ ਚਟਪਟੇ, ਸੁਆਦੀ ਪਰ ਗ਼ੈਰ-ਸਿਹਤਮੰਦ ਖਾਣਿਆਂ ਨੂੰ ਪ੍ਰੋਸਣਾ ਗ਼ਲਤ ਵਰਤਾਰਾ ਹੈ। ਆਪਾਂ ਸਭ ਜਾਣਦੇ ਹਾਂ ਕਿ ‘ਡੱਬਾ ਬੰਦ ਭੋਜਨ’ ਵਿੱਚ ਲੂਣ ਅਤੇ ਮਿੱਠਾ ਵੱਧ ਮਾਤਰਾ ਵਿੱਚ ਹੁੰਦਾ ਹੈ, ਵੱਧ ਟ੍ਰਾਂਸਫੈਟ ਹੁੰਦਾ ਹੈ ਜੋ ਸੈਚੂਰੇਟਿਡ ਫੈਟ ਤੋਂ ਵੀ ਵੱਧ ਖਤਰਨਾਕ ਹੁੰਦਾ ਹੈ ਕਿਉਂਕਿ ਇਹ ਚੰਗਾ ਕੋਲੈਸਟ੍ਰੋਲ ਘਟਾਉਣ ਅਤੇ ਮਾੜਾ ਕੋਲੈਸਟ੍ਰੋਲ ਵਧਾਉਣ ਦਾ ਕੰਮ ਕਰਦਾ ਹੈ। ਸੰਸਾਰ ਸਿਹਤ ਸੰਸਥਾ (ਡਬਲਯੂ.ਐਚ.ਓ.) ਅਨੁਸਾਰ 69.2 ਮਿਲੀਅਨ ਭਾਰਤੀ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ ਜੋ ਪੂਰੀ ਦੁਨੀਆਂ ਦੇ 8.7 ਪ੍ਰਤੀਸ਼ਤ ਬਣਦੇ ਹਨ। ਭਾਰਤ ਵਿੱਚ ਬੱਚਿਆਂ ਦੇ ਜਿੰਨੇ ਵੀ ਫਿਟਨੈਸ ਟੈਸਟ ਹੋ ਰਹੇ ਹਨ ਉਨ੍ਹਾਂਂ ਦਾ 50 ਪ੍ਰਤੀਸ਼ਤ ਅਣਫਿਟ ਪਾਏ ਜਾ ਰਹੇ ਹਨ। ਪੂਰਾ ਭਾਰਤ ਹੀ ਇੱਕ ਬਿਮਾਰ ਦੇਸ਼ ਜਾਪਦਾ ਹੈ ਇੱਥੇ ਉੱਚ-ਮੱਧਵਰਗ ਅਤੇ ਉਨ੍ਹਾਂ ਦੀ ਔਲਾਦ ਤਾਂ ਸਿਹਤ ਪ੍ਰਤੀ ਅਗਿਆਨਤਾ ਅਤੇ ਵੱਧ ਖਾਣ ਤੋਂ ਪੀੜਤ ਹੈ ਅਤੇ ਮਿਹਨਤ – ਮੁਸ਼ੱਕਤ ਕਰਨ ਵਾਲੇ ਲੋਕ ਅਤੇ ਉਨ੍ਹਾਂਂ ਦੇ ਬੱਚੇ ਕੁਪੋਸ਼ਣ ਤੋਂ ਪੀੜਤ ਹਨ। ਭਾਰਤ ਵਿੱਚ ਖਾਣ-ਪੀਣ ਅਤੇ ਸਿਹਤ ਪ੍ਰਤੀ ਅਗਿਆਨਤਾ ਕਰਕੇ ਹੀ ਇੱਥੇ ਕਰੋੜਾਂ ਰੁਪਏ ਦਾ ਕਾਰੋਬਾਰ ਮੋਟਿਆਂ ਨੂੰ ਪਤਲੇ ਅਤੇ ਪਤਲਿਆਂ ਨੂੰ ਮੋਟੇ ਕਰਨ ਦਾ ਚੱਲ ਰਿਹਾ ਹੈ।
ਅਜੋਕੀ ਨਵੀਂ ਪੀੜ੍ਹੀ ਸਮੂਹ ਵਿੱਚ ਦਿਸਦੀ ਹੋਈ ਵੀ ਆਪਣੇ-ਆਪਣੇ ਸਮਾਰਟ ਫ਼ੋਨਾਂ, ਲੈਪਟਾਪਾਂ ਜ਼ਰੀਏ ਸਮੂਹਿਕ ਵਿਹਾਰਕ ਸਰਗਰਮੀਆਂ ਤੋਂ ਲੱਗਭਗ ਕੱਟੀ ਹੀ ਗਈ ਹੈ।ਇਸ ਇਲੈਕਟ੍ਰਾਨਿਕ ਕ੍ਰਾਂਤੀ ਨੇ ਇਸ ਪੀੜ੍ਹੀ ਦਾ ਹੋਰਨਾਂ ਨਾਲ਼ ਕੰਮ ਕਰਨ ਦਾ ਵਿਹਾਰਕ ਅਭਿਆਸ ਹੀ ਖੋਹ ਲਿਆ ਹੈ।ਇਸੇ ਵਜ੍ਹਾ ਕਾਰਨ ਇਹ ਸਮਾਜਿਕ ਹੁਨਰਾਂ ਤੋਂ ਸੱਖਣੀ ਅਤੇ ਸਰੀਰਕ-ਮਾਨਸਿਕ ਤੌਰ ’ਤੇ ਕਮਜ਼ੋਰ ਹੋ ਰਹੀ ਹੈ। ਸਮੂਹਿਕ ਖੇਡ ਸਰਗਰਮੀਆਂ ਦੌਰਾਨ ਖੇਡ ਮੈਦਾਨਾਂ ਵਿੱਚੋਂ ਜੋ ਟੀਮ ਭਾਵਨਾ, ਮਿਲਵਰਤਨ, ਸੰਵੇਦਨਸ਼ੀਲਤਾ ਜਿਹੇ ਸਹਿਜ ਮਨੁੱਖੀ ਗੁਣ ਮਿਲਦੇ ਸਨ, ਉਸਦਾ ਬਦਲ ਕੋਈ ਕੰਪਿਊਟਰ ਜਾਂ ਸਮਾਰਟ ਫ਼ੋਨ ਨਹੀਂ ਬਣ ਸਕਦਾ। ਦੂਸਰਿਆਂ ਨਾਲ਼ ਗੱਲ-ਬਾਤ ਕਰਨ ਦੀ ਲਿਆਕਤ, ਹਾਜ਼ਰ-ਜੁਆਬੀ ਅਤੇ ਆਤਮ-ਵਿਸ਼ਵਾਸ਼ ਜਿਹੇ ਗੁਣਾਂ ਦੀ ਘਾਟ, ਇਸ ਨਵੀਂ ਪੀੜ੍ਹੀ ਦੀ ਬਦਲੀ ਜੀਵਨ-ਸ਼ੈਲੀ ਦਾ ਹੀ ਪ੍ਰਮਾਣ ਹਨ। ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਨਾ ਕਰ ਸਕਣਾ ਅਤੇ ਗੱਲ ਦਾ ਜਲਦੀ ਹੀ ਆਤਮ-ਹੱਤਿਆ ਤੱਕ ਪਹੰੁਚ ਜਾਣ ਦਾ ਰੁਝਾਨ ਇਸੇ ਵਰਤਾਰੇ ਦੀ ਅਗਲੀ ਕੜੀ ਹੈ।
ਅੱਜ ਅਸੀਂ ਦੇਖਦੇ ਹਾਂ ਕਿ ਇਸ ‘ਡਿਜ਼ੀਟਲ ਸੰਸਾਰ’ ’ਤੇ ਪੰੂਜੀਪਤੀ ਘਰਾਣਿਆਂ ਦਾ ਕਬਜ਼ਾ ਹੈ। ਕਾਰਟੂਨ ਨੈੱਟਵਰਕ, ਪੋਗੋ, ਹੰਗਾਮਾ, ਡਿਜ਼ਨੀ ਚੈਨਲ, ਬੇਬੀ ਟੀ.ਵੀ. ਅਤੇ ਨਿੱਕ ਆਦਿ ਲਗਭਗ 30 ਚੈਨਲ ਅਜਿਹੇ ਹਨ ਜੋ ਬਹੁਤ ਕੁਸ਼ਲ ਅਤੇ ਮਹੀਨ ਤਰੀਕੇ ਨਾਲ਼ ਬੱਚਿਆਂ ਦੀ ਸਾਫ਼-ਸੁਥਰੀ ਫਿਜ਼ਾ ਵਿੱਚ ਜ਼ਹਿਰ ਘੋਲ ਰਹੇ ਹਨ।ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪੂੰਜੀਵਾਦੀ ਬਿਮਾਰ ਸੱਭਿਆਚਾਰ ਦੇ ਸਾਂਚਿਆਂ ਵਿੱਚ ਢਾਲਿਆ ਜਾ ਰਿਹਾ ਹੈ।ਉਨ੍ਹਾਂ ਦੀਆਂ ਸਹਿਜ ਰੁਚੀਆਂ-ਪ੍ਰਵਿਰਤੀਆਂ ਨੂੰ ਕੁਰਾਹੇ ਪਾ ਕੇ, ਸੰਵੇਦਨਹੀਣ ਅਤੇ ਅੰਧਵਿਸ਼ਵਾਸ਼ੀ ਬਣਾ ਕੇ ਮੁਕਾਬਲੇ ਦੀ ਅੰਨ੍ਹੀ ਦੌੜ ਵਿੱਚ ਘਸੀਟਿਆ ਜਾ ਰਿਹਾ ਹੈ ਤਾਂ ਕਿ ਉਹ ਗੂੰਗੇ-ਬਹਿਰੇ ਬਣਕੇ ਪ੍ਰਬੰਧ ਦੇ ਆਗਿਆਕਾਰ ਜੀਵਤ-ਪੁਰਜ਼ੇ ਬਣੇ ਰਹਿਣ। ਭਾਰਤ ਦੀਆਂ ਜ਼ਿਆਦਾਤਰ ਪੱਬੇ-ਪੱਖੀ ਤਾਕਤਾਂ ਬੱਚਿਆਂ ਦੇ ਇਸ ਵਿਚਾਰਧਾਰਕ-ਸੱਭਿਆਚਾਰਕ ਮੋਰਚੇ ਤੋਂ ਲਗਭਗ ਗੈਰ-ਹਾਜ਼ਰ ਹਨ। ਇਨ੍ਹਾਂ ਤਾਕਤਾਂ ਨੂੰ ਬੱਚਿਆਂ ਦੇ ਇਸ ਮੋਰਚੇ ’ਤੇ ਕੰਮ ਕਰਨ ਦੀ ਗੰਭੀਰਤਾ ਦਾ ਅਹਿਸਾਸ ਨਾ ਹੋਣਾ ਸੱਚਮੁੱਚ ਚਿੰਤਾਜਨਕ ਗੱਲ ਹੈ। ਅੱਜ ਪੰਜਾਬੀ ਦਾ ਕੋਈ ਇੱਕ ਵੀ ਮੈਗਜ਼ੀਨ ਅਜਿਹਾ ਨਹੀਂ ਹੈ ਜੋ ਬਦਲਵੇਂ ਮੀਡੀਏ ਦੇ ਤੌਰ ’ਤੇ ਸਿਰਫ਼ ਬੱਚਿਆਂ ਦੀ ਸੋਚ ਅਤੇ ਸੱਭਿਆਚਾਰ ਨੂੰ ਸਿਹਤਮੰਦ ਅਤੇ ਤਾਰਕਿਕ ਬਣਾਉਣ ਲਈ ਜੱਦੋਜਹਿਦ ਕਰ ਰਿਹਾ ਹੋਵੇ। ਇਨਕਲਾਬੀ ਤਾਕਤਾਂ ਅੱਗੇ ਅੱਜ ਇਹ ਬਹੁਤ ਵੱਡੀ ਚੁਣੌਤੀ ਹੈ ਕਿ ਉਨ੍ਹਾਂ ਨੂੰ ਜਿੱਥੇ ਅਤੀਤ ਦੀਆਂ ਚੰਗੀਆਂ ਫ਼ਿਲਮਾਂ, ਨਾਟਕਾਂ, ਕਹਾਣੀਆਂ, ਸਾਇੰਸ ਫਿਕਸ਼ਨ ਦੇ ਕੰਮ ਨੂੰ ਮੁੜ ਤੋਂ ਪੰਜਾਬੀ ਬੱਚਿਆਂ ਸਾਹਮਣੇ ਪੇਸ਼ ਕਰਨਾ ਹੋਵੇਗਾ, ਅਗਾਂਹ-ਵਧੂ ਤੱਤ ਵਾਲ਼ਾ ਨਵਾਂ ਸਾਹਿਤ ਲਿਖਣਾ ਹੋਵੇਗਾ, ਹਰ ਗਲੀ-ਮੁਹੱਲੇ ’ਚ ਲਾਇਬ੍ਰੇਰੀਆਂ ਦਾ ਇੱਕ ਵਿਆਪਕ ਤਾਣਾ-ਬਾਣਾ ਖੜ੍ਹਾ ਕਰਨਾ ਹੋਵੇਗਾ ਉੱਥੇ ‘ਡਿਜ਼ੀਟਲ ਸੰਸਾਰ’ ਦੇ ਸਭ ਗੁੰਮਰਾਹਕੁਨ ਵਿਗਆਪਨਾਂ ਅਤੇ ਪ੍ਰੋਗਰਾਮਾਂ ਦੇ ਅਸਲ ਇਰਾਦਿਆਂ ਨੂੰ ਨੰਗਾ ਵੀ ਕਰਨਾ ਹੋਵੇਗਾ। ਅਜਿਹੇ ਅਣਥੱਕ ਯਤਨਾਂ ਨਾਲ਼ ਹੀ ਭਾਰਤ ਵਿੱਚ ਕਿਸੇ ਭਵਿੱਖੀ ਤਬਦੀਲੀ ਦੀ ਕੋਈ ਆਸ ਬੱਝ ਸਕਦੀ ਹੈ।
ਲੜੀ ਜੋੜਣ ਲਈ ਦੇਖੋ – ‘ਤਰਕਸ਼’ ਬੁਲੇਟਿਨ-2
(ਲਿੰਕ – https://www.facebook.com/ 108748904414636/posts/328469415775916/)